ਕਦੇ ਪੰਜਾਬ ਖੇਡਾਂ ਦਾ ਸਿਰਤਾਜ ਹੁੰਦਾ ਸੀ ਅਤੇ ਹਰ ਪਾਸੇ ਪੰਜਾਬੀਆਂ ਦੀ ਸੋਹਣੀ ਸਿਹਤ ਅਤੇ ਖੇਡਾਂ ਦੇ ਮੈਦਾਨ ਵਿੱਚ ਵੀ ਪੰਜਾਬੀਆਂ ਦੀ ਬੱਲੇ ਬੱਲੇ ਸੀ ਪਰ ਅੱਜ ਜਿਵੇਂ ਪੰਜਾਬ ਨੂੰ ਕਿਸੇ ਦੀ ਨਜਰ ਹੀ ਲੱਗ ਗਈ ਹੋਵੇ ਅਤੇ ਨਸ਼ਿਆਂ ਦੀ ਚਪੇਟ ਵਿਚ ਆਉਣ ਕਾਰਨ ਪੰਜਾਬੀਆਂ ਤੇ ਜਿਵੇਂ ਇਕ ਦਾਗ ਜਿਹਾ ਹੀ ਲੱਗ ਗਿਆ ਹੋਵੇ ਅਤੇ ਮਨੋਵਿਗਿਆਨਕ ਤੋਰ ਤੇ ਹਰ ਪੰਜਾਬੀ ਨੂੰ ਜਿਵੇਂ ਰੋਜ ਰੋਜ ਅਹਾਲਨਤਾ ਨੇ ਕਮਜੋਰ ਹੀ ਕਰ ਦਿੱਤਾ ਹੈ , ਰਾਸ਼ਟਰੀ ਸਕੂਲ ਖੇਡਾਂ ਵਿਚ ਕਦੇ ਅੱਵਲ ਰਹਿਣ ਵਾਲਾ ਸਾਡਾ ਪੰਜਾਬ ਇਸੇ ਸਾਲ ਖੇਲੋ ਇੰਡੀਆ ਸਕੂਲ ਖੇਡਾਂ ਵਿਚ ਸੱਤਵੇਂ ਨੰਬਰ ਤੇ ਆਇਆ ਅਤੇ ਕਾਮਨਵੈਲਥ ਖੇਡਾਂ ਦੀ ਕਾਰਗੁਜ਼ਾਰੀ ਵੀ ਸਭ ਦੇ ਸਾਹਮਣੇ ਹੈ ਪਰ ਇਸ ਸੰਬੰਧੀ ਸਰਕਾਰ ਦਾ ਅਤੇ ਅਧਿਕਾਰੀਆਂ ਨੇ ਕੋਈ ਬਹੁਤਾ ਚਿੰਤਨ ਨਹੀਂ ਕੀਤਾ ਅਤੇ ਪਰਨਾਲਾ ਉਥੇ ਦਾ ਉਥੇ ਹੀ ਰਿਹਾ, ਆਉ ਪਹਿਲਾਂ ਨਸ਼ਿਆਂ ਦੇ ਵਧ ਰਹੇ ਇਹਨਾਂ ਕਾਰਨਾਂ ਨੂੰ ਵਾਚੀਏ
ਸਭ ਤੋਂ ਪਹਿਲਾ ਕਾਰਨ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਗੁਆਂਢੀ ਦੇਸ਼ਾਂ ਵਿਚ ਨਸ਼ਾ ਸਮੱਗਲ ਹੋ ਕੇ ਸਾਡੇ ਪੰਜਾਬ ਦੇ ਨੌਜਵਾਨਾਂ ਦੀ ਨਸ ਨਸ ਵਿਚ ਘਰ ਕਰਦਾ ਜਾ ਰਿਹਾ ਹੈ, ਦੂਜਾ ਸਾਡੇ ਪੰਜਾਬ ਦਾ ਸੱਭਿਆਚਾਰ ਜਿਸਦਾ ਸ਼ਰਾਬ ਇਕ ਅਹਿਮ ਅੰਗ ਹੈ ਨੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਮੋੜਿਆ , ਤੀਸਰਾ ਜਦੋਂ ਨੌਜਵਾਨਾਂ ਨੂੰ ਬਹੁਤਾ ਪੜ੍ਹ ਲਿਖ ਜਾਣ ਤੋਂ ਬਾਅਦ ਵੀ ਕੋਈ ਰੁਜਗਾਰ ਨਹੀਂ ਮਿਲਦਾ ਤਾਂ ਉਹ ਮਾਨਸਿਕ ਤੋਰ ਤੇ ਕਮਜੋਰ ਹੋ ਕੇ ਗਲਤ ਰਸਤੇ ਚੁਣ ਲੈਂਂਦੇ ਹਨ । ਪਰ ਕੀ ਇਸ ਤਰ੍ਹਾਂ ਜਿੰਦਗੀ ਤੋਂ ਹਾਰ ਮੰਨ ਲੈਣਾ ਸਹੀ ਹੈ ਜਦੋਂ ਕਿ ਹਰ ਇਨਸਾਨ ਦੀ ਜਿੰਦਗੀ ਇਕ ਸੰਘਰਸ਼ ਹੈ ਅਤੇ ਇਤਿਹਾਸ ਗਵਾਹ ਹੈ ਕਿ ਆਪਣੇ ਆਪ ਨੂੰ ਸਾਬਿਤ ਕਰਨ ਲਈ ਮਿਹਨਤ ਦੀ ਭੱਠੀ ਵਿਚ ਤਪਾਉਣਾਂ ਹੀ ਪੈਂਦਾ ਹੈ ਆਪਾ ਕਿਸੇ ਵੀ ਸਫਲ ਖਿਡਾਰੀ ਦੀ ਜਿੰਦਗੀ ਵੱਲ ਨਜ਼ਰ ਮਾਰਿਏ ਤਾਂ ਉਸ ਦੀ ਜਿੰਦਗੀ ਸਖਤ ਮਿਹਨਤ ਦੇ ਦੋਰ ਵਿਚੋਂ ਹੀ ਲੰਘੀ ਨਜ਼ਰ ਆਵੇਗੀ, ਫੇਰ ਕਿਉਂ ਸਾਡੇ ਪੰਜਾਬੀ ਨੌਜਵਾਨ ਜਲਦੀ ਹੀ ਜਿੰਦਗੀ ਤੋਂ ਹਾਰ ਮੰਨ ਕੇ ਆਪਣੇ ਆਪ ਨੂੰ ਖੇਡ ਦੇ ਮੈਦਾਨ ਵਿਚ ਤਪਾਉਣ ਦੀ ਥਾਂ ਨਿੱਕੀਆਂ ਨਿੱਕੀਆਂ ਨਸ਼ੇ ਦੀਆਂ ਸਰਿੰਜਾ ਦੇ ਬਸ ਪੈ ਜਾਂਦੇ ਹਨ ? ਆਉ ਜਰਾ ਵਿਚਾਰ ਕਰੀਏ ਕਿ ਕਿਵੇਂ ਅਸੀ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਵਿਚੋਂ ਕੱਢ ਕੇ ਖੇਡ ਮੈਦਾਨ ਵਿਚ ਲਿਆ ਖੜਾ ਕਰ ਸਕਦੇ ਹਾਂ
ਜੇਕਰ ਪੰਜਾਬੀ ਨੌਜਵਾਨਾਂ ਦੀ ਸਿਹਤ ਅਤੇ ਡੀਲ ਡੋਲ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਵਿਚ ਇਹਨਾਂ ਦੀ ਕੋਈ ਰੀਸ ਨਹੀਂ ਅਤੇ ਜੇਕਰ ਇਹਨਾਂ ਨੂੰ ਸਹੀ ਰਸਤੇ ਤੇ ਤੋਰਿਆ ਜਾਵੇ ਤਾਂ ਇਹ ਦੂਨੀਆ ਜਿੱਤਣ ਦਾ ਮਾਦਾ ਰੱਖਦੇ ਹਨ ਪੰਜਾਬ ਵਿਚੋਂ ਹੀ ਕਟ ਕੇ ਬਣਿਆ ਸੂਬਾ ਹਰਿਆਣਾ ਅੱਜ ਖੇਡਾਂ ਦਾ ਸਿਰਤਾਜ ਹੈ ਕਿਉਂਕਿ ਉਥੇ ਖੇਡਾਂ ਨੂੰ ਇਕ ਲੋਕ ਲਹਿਰ ਬਣਾ ਦਿੱਤਾ ਗਿਆ ਹੈ ਹਰ ਨੋਜਵਾਨ ਉਥੇ ਤੁਹਾਨੂੰ ਕੁਸ਼ਤੀ ਜਾਂ ਮੁੱਕੇਬਾਜ਼ੀ ਕਰਦਾ ਨਜ਼ਰ ਆਵੇਗਾ , ਫੇਰ ਕਿਉਂ ਅਸੀ ਪੰਜਾਬ ਦੇ ਨੌਜਵਾਨਾਂ ਨੂੰ ਇਹ ਰਾਹ ਨਹੀਂ ਦੱਸ ਪਾ ਰਹੇ ? ਸਭ ਤੋਂ ਪਹਿਲਾਂ ਲੋੜ ਹੈ ਪਾ੍ਇਮਰੀ ਪੱਧਰ ਤੇ ਹੀ ਬੱਚਿਆਂ ਨੂੰ ਖੇਡ ਮੈਦਾਨਾਂ ਵਿੱਚ ਧੱਕਣ ਦੀ ਤਾਂ ਜੋ ਉਹ ਖੇਡ ਨੂੰ ਹੀ ਆਪਣਾ ਮਕਸਦ ਬਣਾ ਲੈਣ ਪਾ੍ਇਮਰੀ ਸਕੂਲਾਂ ਵਿਚ ਵੀ ਖੇਡ ਅਧਿਆਪਕ ਲਾਜਮੀ ਤੌਰ ਤੇ ਤੈਨਾਤ ਹੋਣੇ ਲਾਜਮੀ ਹਨ ਕਿਉਂਕਿ ਪਾ੍ਇਮਰੀ ਸਕੂਲਾਂ ਦੇ ਬੱਚਿਆਂ ਨੂੰ ਅਸੀਂ ਜਿਸ ਤਰ੍ਹਾਂ ਢਾਲ ਲੈਂਦੇ ਹਾਂ ਉਹ ਢਲ ਜਾਂਦੇ ਹਨ ਉਹ ਕੱਚੀ ਮਿੱਟੀ ਦੇ ਭਾਂਡਿਆਂ ਦੀ ਤਰ੍ਹਾਂ ਹੁੰਦੇ ਹਨ ਇਹ ਦੇਖਣ , ਪੜ੍ਹਨ ਅਤੇ ਸੁਣਨ ਵਿਚ ਆਂਉਦਾ ਹੈ ਕਿ ਪੱਛਮੀ ਦੇਸ਼ਾਂ ਦੇ ਪਾ੍ਇਮਰੀ ਸਕੂਲਾਂ ਦੇ ਬੱਚਿਆਂ ਵੱਲ ਸਰਕਾਰ ਸਭ ਤੋਂ ਜਿਆਦਾ ਧਿਆਨ ਦਿੰਦਿਆਂ ਹਨ ਅਤੇ ਉਹਨਾਂ ਦਾ ਜਿਆਦਾ ਸਮਾਂ ਖੇਡਾਂ ਵਿਚ ਹੀ ਗੁਜਰਦਾ ਹੈ ਕਿਉਂਕਿ ਇਹ ਬੱਚੇ ਹੀ ਭਵਿੱਖ ਦੇ ਚੈਂਪੀਅਨ ਹੁੰਦੇ ਹਨ ਪਰ ਜੇਕਰ ਅਸੀਂ ਸਾਡੇ ਪੰਜਾਬ ਦੇ ਪਾ੍ਇਮਰੀ ਸਕੂਲਾਂ ਵੱਲ ਨਜ਼ਰ ਮਾਰੀਏ ਤਾਂ ਇਹਨਾਂ ਸਕੂਲਾਂ ਦੀ ਦਸ਼ਾ ਬਹੁਤ ਤਰਸਯੋਗ ਹੈ ਅਤੇ ਖੇਡਾਂ ਲਈ ਕੋਈ ਵਿਸ਼ੇਸ਼ ਅਧਿਆਪਕ ਦੀ ਤੈਨਾਤੀ ਦਾ ਵਿਚਾਰ ਤਾਂ ਕਿਸੇ ਦੇ ਮਨ ਵਿਚ ਆਇਆ ਹੀ ਨਹੀਂ ਇਸ ਲਈ ਨੀਹ ਮਜਬੂਤ ਹੋਣੀ ਬਹੁਤ ਜਰੂਰੀ ਹੈ ।
ਇਸ ਤੋਂ ਬਾਅਦ ਅਸੀ ਗੱਲ ਕਰੀਏ ਹਾਈ ਅਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪੇ੍ਰਿਤ ਕਰਨ ਦੀ ਅੱਜ ਖੇਡਾਂ ਵਿਚ ਜਾਣ ਵਾਲੇ ਵਿਦਿਆਰਥੀ ਪਹਿਲਾਂ ਇਉ ਸੋਚਦੇ ਹਨ ਕਿ ਸਾਨੂੰ ਇਸ ਨਾਲ ਕੀ ਫਾਇਦਾ ਹੋਵੇਗਾ ਅਤੇ ਕੀ ਮਿਲੇਗਾ ? ਕਿਉਂਕਿ ਅੱਜ ਸਾਡੇ ਸਿਸਟਮ ਨੇ ਹਰ ਇਨਸਾਨ ਨੂੰ ਪਦਾਰਥਵਾਦੀ ਬਣਾ ਦਿੱਤਾ ਹੈ ਅਤੇ ਵਿਦਿਆਰਥੀਆਂ ਨੂੰ ਦੇਸ਼ ਕੋਮ ਲਈ ਕੁਝ ਕਰ ਗੁਜਰਨ ਲਈ ਮਨੋਵਿਗਿਆਨਕ ਤੋਰ ਤੇ ਮਜਬੂਤ ਹੀ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਸਿਰਫ ਇਸ ਕਦਰ ਮਜਬੂਤ ਕੀਤਾ ਜਾਂਦਾ ਹੈ ਕਿ ਤੁਹਾਨੂੰ ਖੇਡਾਂ ਨਾਲ ਸਰਟੀਫਿਕੇਟ ਮਿਲੇਗਾ ਅਤੇ ਜਿਸ ਨਾਲ ਤੁਹਾਨੂੰ ਤੁਹਾਡੀ ਪੜ੍ਹਾਈ ਵਿੱਚ ਇਸਦਾ ਫਾਇਦਾ ਹੋਵੇਗਾ ਜਦੋਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੇ ਬਾਵਜੂਦ ਕੋਈ ਫਾਇਦਾ ਹੁੰਦਾ ਦਿਖਾਈ ਨਹੀਂ ਦਿੰਦਾ ਤਾਂ ਉਹ ਮਨੋਵਿਗਿਆਨਕ ਤੋਰ ਤੇ ਟੁੱਟ ਕੇ ਭੈੜੀਆਂ ਸੋਬਤਾਂ ਵਿਚ ਪੈ ਜਾਂਦੇ ਹਨ ਅਤੇ ਨਸ਼ੇ , ਚੋਰੀ ਵਰਗੀਆਂ ਅਹਲਾਮਤਾਂ ਨੂੰ ਅਪਣਾ ਲੈਂਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਸਕੂਲੀ ਪੱਧਰ ਤੇ ਹੀ ਦੇਸ਼ ਅਤੇ ਆਪਣੇ ਪੰਜਾਬ ਲਈ ਸਖਤ ਮਿਹਨਤ ਕਰਨ ਲਈ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਪੂਰੀ ਤਾਕਤ ਦਾ ਉਪਯੋਗ ਵਿਦਿਆਰਥੀ ਖੇਡ ਮੈਦਾਨ ਵਿਚ ਕਰ ਸਕਣ । ਪਰ ਜੇਕਰ ਦੇਖੀਏ ਤਾਂ ਸਰਕਾਰਾਂ ਨੂੰ ਵੀ ਇਸ ਵੱਲ ਪੂਰਾ ਧਿਆਨ ਦੇ ਕੇ ਸਕੂਲੀ ਪੱਧਰ ਦੇ ਖੇਡ ਢਾਂਚੇ ਨੂੰ ਮਜਬੂਤ ਕਰਨ ਦੇ ਨਾਲ ਨਾਲ ਯੋਗ ਖੇਡ ਅਧਿਆਪਕ ਭਰਤੀ ਕਰਨੇ ਪੈਣਗੇ ਤਾਂ ਜੋ ਨਸ਼ਿਆਂ ਦੇ ਪ੍ਕੋਪ ਤੋਂ ਬਚਿਆ ਜਾ ਸਕੇ ਦੇਖਣ ਵਿਚ ਆਂਉਦਾ ਹੈ ਕਿ ਘਰ ਬੈਠ ਕੇ ਡਿਗਰੀਆਂ ਲੈਣ ਵਾਲੇ ਖੇਡ ਅਧਿਆਪਕ ਪੰਜਾਬ ਵਿਚ ਜਿਆਦਾ ਭਰਤੀ ਹਨ ਜਦੋਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹੱਥਾਂ ਵਿਚ ਡਿਗਰੀਆਂ ਚੁੱਕੀ ਵਿਹਲੇ ਤੁਰੀ ਫਿਰ ਰਹੇ ਹਨ ਹਜਾਰਾਂ ਡਿਗਰੀ ਹੋਲਡਰਾਂ ਦੀ ਤਾਂ ਉਮਰ ਵੀ ਲੰਘ ਚੁੱਕੀ ਹੈ ਅਤੇ ਉਹ ਵੀ ਮਾਯੂਸੀ ਦੇ ਘੇਰੇ ਵਿਚ ਚਲੇ ਗਏ ਹਨ ਇਸ ਲਈ ਲੋੜ ਹੈ ਯੋਗ ਅਤੇ ਤਜਰਬੇਕਾਰ ਅਧਿਆਪਕਾਂ ਨੂੰ ਭਰਤੀ ਕਰਨ ਦੀ ਤਾਂ ਜੋ ਵਿਦਿਆਰਥੀਆਂ ਨੂੰ ਸਹੀ ਸੇਧ ਮਿਲ ਸਕੇ । ਸਕੂਲਾਂ ਵਿਚ ਅੰਤਰਰਾਸ਼ਟਰੀ ਉਲੰਪਿਕ ਦਿਵਸ ਅਤੇ ਰਾਸ਼ਟਰੀ ਖੇਡ ਦਿਵਸ ਵਰਗੇ ਅਹਿਮ ਦਿਹਾੜਿਆਂ ਨੂੰ ਵਿਸ਼ੇਸ਼ ਤੋਰ ਤੇ ਮਨਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਖੇਡਾਂ ਦੀ ਮਹਾਨਤਾ ਅਤੇ ਮਹਾਨ ਖਿਡਾਰੀਆਂ ਤੋਂ ਸੇਧ ਲੈ ਕੇ ਖੇਡਾਂ ਦੀ ਚੇਟਕ ਲੱਗ ਸਕੇ , ਆਮ ਦੇਖਣ ਵਿਚ ਆਂਉਦਾ ਹੈ ਕਿ ਵਿਦਿਆਰਥੀਆਂ ਨੂੰ ਉਲੰਪਿਕ ਦਿਵਸ ਅਤੇ ਖੇਡ ਦਿਵਸ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਹੈਰਾਨੀ ਭਰੀ ਗੱਲ ਇਹ ਵੀ ਹੈ ਕਿ ਬਹੁਤੇ ਤਾਂ ਖੇਡ ਅਧਿਆਪਕਾਂ ਅਤੇ ਕੋਚਾਂ ਨੂੰ ਇਹਨਾਂ ਦਿਹਾੜਿਆਂ ਬਾਰੇ ਚੰਗੀ ਤਰ੍ਹਾਂ ਨਹੀਂ ਪਤਾ ਹੁੰਦਾ ਫੇਰ ਕਿਵੇਂ ਸਾਡੇ ਪੰਜਾਬ ਵਿਚ ਅਸੀ ਵਧੀਆ ਖੇਡ ਮਾਹੌਲ ਦੀ ਕਲਪਨਾ ਕਰ ਸਕਦੇ ਹਾਂ ਜੇਕਰ ਸਾਨੂੰ ਸਾਡੇ ਦੇਸ਼ ਦੇ ਇਹਨਾਂ ਖਾਸ ਦਿਹਾੜਿਆਂ ਪ੍ਰਤੀ ਜਾਗਰੂਕਤਾ ਨਹੀਂ ਹੈ ਤਾਂ ਕਿਵੇਂ ਅਸੀ ਖਿਡਾਰੀਆਂ ਵਿਚ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਨਣ ਦੀ ਭਾਵਨਾ ਪੈਦਾ ਕਰ ਸਕਦੇ ਹਾਂ ? ਇਸ ਲਈ ਜਰੂਰਤ ਹੈ ਇਹੋ ਜਿਹਾ ਸਾਰਥਕ ਮਾਹੌਲ ਪੈਦਾ ਕਰਨ ਦੀ ਕਿ ਖਿਡਾਰੀਆਂ ਨੂੰ ਹਰ ਪਾਸੇ ਸਾਕਾਰਾਤਮਿਕ ਵਾਤਾਵਰਨ ਮਿਲ ਸਕੇ ,,
ਇਕ ਹੋਰ ਬਹੁਤ ਵੱਡਾ ਸਵਾਲੀਆ ਚਿੰਨ੍ਹ ਜੋ ਖੇਡਾਂ ਅਤੇ ਖਿਡਾਰੀਆਂ ਤੇ ਲੱਗਦਾ ਹੈ ਉਹ ਹੈ ਡੋਪ ਦਾ ਅਕਸਰ ਇਹ ਅਹਾਲਮਤ ਖੇਡਾਂ ਨੂੰ ਦਾਗਦਾਰ ਕਰਦੀ ਹੈ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ਹਾਲਾਂਕਿ NADA ਬਹੁਤ ਹੱਦ ਤੱਕ ਦੇਸ਼ ਵਿਚ ਇਸ ਬੁਰਾਈ ਨੂੰ ਦੂਰ ਕਰਨ ਲਈ ਸੈਮੀਨਾਰ ਅਤੇ ਜਾਗਰੂਕਤਾ ਪੈਦਾ ਕਰ ਰਹੀ ਹੈ ਪਰ ਨਿੱਜੀ ਤੋਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਬੁਰਾਈ ਨੂੰ ਪੈਦਾ ਕਰਨ ਵਿਚ ਬਹੁਤ ਹੱਦ ਤੱਕ ਖਿਡਾਰੀ ਦੀ ਟੇ੍ਨਿੰੰਗ ਪ੍ਣਾਲੀ ਜਿੰਮੇਵਾਰ ਹੈ ਕਿਉਂਕਿ ਖਿਡਾਰੀ ਨੂੰ ਜਿਸ ਤਰ੍ਹਾਂ ਪੇ੍ਰਿਤ ਕੀਤਾ ਜਾਂਦਾ ਹੈ ਉਸ ਤਰ੍ਹਾਂ ਹੀ ਉਹ ਚੀਜ਼ ਨੂੰ ਅਪਣਾ ਲੈਂਦਾ ਹੈ ਅਕਸਰ ਖੇਡਾਂ ਵਿਚ ਡੋਪ ਦੇ ਮਾਮਲੇ ਆਂਉਦੇ ਰਹਿੰਦੇ ਹਨ ਜਿਸ ਨਾਲ ਸਾਡੇ ਦੇਸ਼ ਦਾ ਨਾਮ ਮਿੱਟੀ ਵਿਚ ਮਿਲਣ ਵਾਲੀ ਗੱਲ ਹੋ ਜਾਂਦੀ ਹੈ ਸੋ ਜਰੂਰਤ ਹੈ ਖਿਡਾਰੀਆਂ ਨੂੰ ਸਰੀਰਕ ਅਤੇ ਮਾਨਸਿਕ ਤੋਰ ਤੇ ਇਸ ਕਦਰ ਪਰਿਪੱਕ ਕਰਨ ਦੀ ਕਿ ਉਹ ਆਪਣੀ ਕਾਬਲੀਅਤ ਦੇ ਆਧਾਰ ਤੇ ਹੀ ਆਪਣੀ ਖੇਡ ਵਿਚ ਮੋਹਰੀ ਬਣ ਸਕਣ ਅਤੇ ਨਸ਼ਿਆਂ ਦੀ ਬੁਰਾਈ ਤੋਂ ਬਚ ਸਕਣ ।
ਸੋ ਵਿਦਿਆਰਥੀਆਂ ਨੂੰ ਜਿੱਥੇ ਖੇਡਾਂ ਵੱਲ ਪੇ੍ਰਿਤ ਕਰਨ ਦਾ ਜਿੰਮਾ ਜਿੱਥੇ ਖੇਡ ਅਧਿਆਪਕਾਂ , ਖੇਡ ਟੇ੍ਨਰਾਂ , ਸਕੂਲਾਂ ਅਤੇ ਸਰਕਾਰਾਂ ਦਾ ਹੈ ਉਥੇ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਵਾਤਾਵਰਨ ਦੇਣਾ ਮਾਂਪਿਆਂ ਦਾ ਵੀ ਫਰਜ਼ ਹੈ ਅੱਜ ਸਾਡੇ ਪੰਜਾਬ ਵਿਚ ਇਸ ਚੀਜ਼ ਦੀ ਖਾਸ ਲੋੜ ਹੈ ਸਾਡੇ ਪੰਜਾਬੀ ਮਾਂਪਿਆਂ ਨੂੰ ਸਾਡੇ ਬੱਚਿਆਂ ਨੂੰ ਸਹੀ ਘਰੇਲੂ ਵਾਤਾਵਰਨ ਦੇਣ ਦੀ ਤਾਂ ਜੋ ਬੱਚੇ ਆਪਣੇ ਸੱਭਿਆਚਾਰ ਨਾਲ ਜੁੜ ਕੇ ਨਸ਼ੇ ਵਰਗੀਆਂ ਬੁਰੀਆਂ ਅਹਲਾਮਤਾਂ ਤੋਂ ਦੂਰ ਰਹਿ ਸਕਣ ਅਤੇ ਪੰਜਾਬੀਅਤ ਦੀ ਜੋ ਦਿੱਖ ਦੂਨੀਆਂਂ ਵਿਚ ਹੈ ਉਸ ਨੂੰ ਮੁੜ ਉਸ ਥਾਂ ਤੇ ਲਿਆਂਦਾ ਜਾ ਸਕੇ ਕਿਉਂਕਿ ਖੇਡ ਮੈਦਾਨ ਅਤੇ ਖੇਡ ਮਾਹੌਲ ਇਹੋ ਜਿਹੇ ਵਰਦਾਨ ਹਨ ਜੋ ਨਸ਼ਿਆਂ ਨੂੰ ਜੜ ਤੋਂ ਉਖਾੜ ਕੇ ਸੁੱਟ ਸਕਦੇ ਹਨ ਅਤੇ ਪੰਜਾਬ ਦੇ ਮੱਥੇ ਤੋਂ ਇਹ ਕਲੰਕ ਲਹਿ ਸਕਦਾ ਹੈ ।
-
ਮਨਦੀਪ ਸੁਨਾਮ, ਖੇਡ ਲੇਖਕ
mandeepkamboj1982@gmail.com
9417479449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.