ਉਸ ਸੂਰਮੇ ਨੇ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਸਥਾਨ ਤੇ 1844 ਵਿੱਚ ਕਮਾਨ ਸੰਭਾਲੀ। ਸਿੱਖ ਰਾਜ ਦੇ ਆਖਰੀ ਪ੍ਰਭੂ ਸੱਤਾ ਸੰਪੰਨ ਬਾਦਸ਼ਾਹ ਮਹਾਰਾਜਾ ਦਲੀਪ ਸਿੰਘ ਨੂੰ ਫਰੰਗੀਆਂ ਦੇ ਚੁੰਗਲ ਤੋਂ ਬਚਾਉਣ ਲਈ ਉਨ੍ਹਾਂ ਦੇ ਘੋੜ ਸਵਾਰ ਸਾਥੀਆਂ ਦੀ ਹੀ ਦਹਿਸ਼ਤ ਸੀ ਕਿ ਬੱਸੀਆਂ ਕੋਠੀ(ਰਾਏਕੋਟ) ਵਿਖੇ 31 ਦਸੰਬਰ 1849 ਦਾ ਸਮਾਗਮ ਵਿੱਚੇ ਛੱਡ ਕੇ ਅੰਗਰੇਜ਼ਾਂ ਨੂੰ ਰਾਤੋ ਰਾਤ ਭੱਜਣਾ ਪਿਆ। ਲਾਹੌਰ ਦਰਬਾਰ ਚ ਥਾਪੇ ਰੈਜੀਡੈਂਟ ਨੂੰ ਮਾਰਨ ਦੀ ਸਾਜ਼ਿਸ਼ ਕਾਰਨ ਭਾਈ ਮਹਾਰਾਜ ਸਿੰਘ ਜੀ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।
ਰਾੜਾ ਸਾਹਿਬ ਵਾਲੇ ਸੰਤ ਈਸ਼ਰ ਸਿੰਘ ਜੀ ਨੇ ਭਾਈ ਮਹਾਰਾਜ ਸਿੰਘ ਜੀ ਦੀ ਜੀਵਨੀ ਇਤਿਹਾਸਕਾਰ ਭਾਈ ਨਾਹਰ ਸਿੰਘ ਪਾਸੋਂ ਲਿਖਵਾ ਕੇ 1973-74 ਚ ਪ੍ਰਕਾਸ਼ਿਤ ਕਰਵਾਈ ਸੀ। ਹੁਣ ਪੰਜਾਬ ਸਰਕਾਰ ਹਰ ਸਾਲ ਰੱਹੋਂ ਚ ਸਮਾਗਮ ਰੱਖਦੀ ਹੈ ਪਰ ਸ਼ਹਾਦਤ ਕਿਉਂ ਤੇ ਕਿਵੇਂ ਹੋਈ? ਇਸ ਬਾਰੇ ਕੋਈ ਅੱਖਰ ਕਿਤੇ ਨਹੀਂ ਛਪਦਾ। ਸਰਕਾਰ ਨੂੰ ਇਸ ਮੌਕੇ ਦੋਵਰਕਾ ਚੋਵਰਕਾ ਛਾਪ ਕੇ ਵੰਡਣ ਦੀ ਪੁਰਾਣੀ ਪਰੰਪਰਾ ਪੁਨਰ ਸੁਰਜੀਤ ਕਰਨੀ ਚਾਹੀਦੀ ਹੈ। ਸਿਰਫ਼ ਸਰਕਾਰ ਹੀ ਕਿਉਂ ਮਨਾਵੇ, ਕੀ ਵਿਰੋਧੀ ਧਿਰ ਦਾ ਨਾਇਕ ਜਾਂ ਸੂਰਮਾ ਕੋਈ ਹੋਰ ਹੈ?
ਇਸ ਪਾਸੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ ਪਿਆਰਿਓ! ਸਾਰੇ ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਮਿਉਨਿਸਟ ਪਾਰਟੀਆਂ ਦੇ ਨਾਲ ਨਾਲ ਬੀ ਜੇ ਪੀ ਤੇ ਬਹੁਜਨ ਸਮਾਜ ਪਾਰਟੀ ਵਾਲੇ ਸੱਜਣ ਲੋਕ ਇਤਿਹਾਸ ਦੀ ਕੀਰਤੀ ਰਾਹੀਂ ਵੀ ਜਵਾਨੀ ਨੂੰ ਸੁਚੇਤਨਾ ਦੇ ਰਾਹ ਤੋਰ ਸਕਦੇ ਹਨ।
ਟੈਲੀਵੀਯਨ ਚੈਨਲ, ਰੇਡੀਉ ਤੇ ਵੱਡੇ ਅਖ਼ਬਾਰ ਸੁੱਚੇ ਮੂੰਹ ਹਨ। ਕਿਤੋਂ ਵੀ ਭਾਈ ਮਹਾਰਾਜ ਸਿੰਘ ਜੀ ਦਾ ਨਾਮ ਨਹੀਂ ਸੁਣਿਆ। ਚਗਲ ਜਹੀਆਂ ਖ਼ਬਰਾਂ ਨਾਲ ਮੇਰੇ ਮਨ ਦਾ ਵਿਹੜਾ ਸਵੇਰੇ ਸਵੇਰੇ ਹੀ ਭਰ ਦਿੱਤਾ ਹੈ।
ਸ਼੍ਰੋਮਣੀ ਕਮੇਟੀ ਨੂੰ ਵੀ ਇਤਿਹਾਸ ਦਾ ਇਹ ਅਮਰ ਵਰਕਾ ਸੰਗਤਾਂ ਨੂੰ ਚੇਤੇ ਕਰਵਾਉਣਾ ਚਾਹੀਦੈ।
ਯੂਨੀਵਰਸਿਟੀਆਂ ਦੇ ਇਤਿਹਾਸ ਵਿਭਾਗ ਕਿਸ ਮਰਜ਼ ਦੀ ਦਵਾਈ ਨੇ।
ਜੇ ਪੁਰਾਤਨ ਨਾਇਕਾਂ ਤੋਂ ਪ੍ਰੇਰਨਾ ਵਾਲਾ ਵਕਤ ਖੰੁਝਾਵਾਂਗੇ ਤਾਂ ਹਰ ਭੈੜ ਦੇ ਹੜ੍ਹ ਵਿੱਚ ਹੀ ਰੁੜ੍ਹਾਂਗੇ।
ਸਰਕਾਰ ਵੱਲੋਂ ਅੱਜ ਕਰਵਾਏ ਜਾਣ ਵਾਲੇ ਸਮਾਗਮ ਚ ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਪਹੁੰਚ ਰਹੇ ਹਨ। ਖੇਤਰੀ ਵਿਕਾਸ ਲਈ ਕੋਈ ਉੱਚ ਵਿਦਿਅਕ ਅਦਾਰਾ ਰੱਬੋਂ ਨੇੜੇ ਮਲੌਦ ਵਿੱਚ ਸ: ਚਰਨਜੀਤ ਸਿੰਘ ਅਟਵਾਲ ਜੀ ਨੇ ਸ਼ੁਰੂ ਕਰਵਾਇਆ ਸੀ, ਇਸਨੂੰ ਅਪ ਗਰੇਡ ਕਰਕੇ ਤਕਨੀਕੀ ਕਾਲਿਜ ਪੱਧਰ ਤੀਕ ਚੁੱਕਣ ਦੀ ਲੋੜ ਹੈ ਸਕਿੱਲ ਵਿਕਾਸ ਕੇਂਦਰ ਵੀ ਨਾਲ ਜੁੜ ਸਕਦੈ।
ਸਥਾਨਕ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ ਇਸ ਕੰਮ ਦੀ ਪੈਰਵੀ ਕਰੇ।
ਭਾਈ ਮਹਾਰਾਜ ਸਿੰਘ ਜੀ ਦੀ ਜ਼ਿੰਦਗੀ ਬਾਰੇ ਅੰਗਰੇਜ਼ੀ ਚ ਕੁਝ ਸੂਚਨਾ ਲੱਭ ਕੇ ਤੁਹਾਡੇ ਸਨਮੁਖ ਹਾਜ਼ਰ ਹੈ, ਇਸ ਨੂੰ ਅੱਗੇ ਵੰਡਣਾ, ਇਹ ਵੀ ਧਰਮ ਕਰਮ ਹੈ ਪਿਆਰਿਓ।
ਹੋਰ ਵੇਰਵਾ ਜਾਣਨ ਲਈ ਨਾਲ ਨੱਥੀ ਪੀ.ਡੀ.ਐੱਫ ਦੇਖੋ
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.