ਜਨਵਰੀ, 2017 ਨੂੰ ਅਮਰੀਕੀ ਪ੍ਰਧਾਨ ਵਜੋਂ ਪਦ ਸੰਭਾਲਣ ਬਾਅਦ ਪ੍ਰਧਾਨ ਟਰੰਪ ਦੇ ‘ਅਮਰੀਕਾ ਸਰਵਉੱਚ’, ‘ਅਮਰੀਕੀ ਰਾਸ਼ਟਰਵਾਦ’, ‘ਅਮਰੀਕਾ ਫਸਟ’ ਨੀਤੀ ਤਹਿਤ ਦੇਸ਼ ਦੇ ਅੰਦਰ ਅਤੇ ਬਾਹਰ ਸਬੰਧੀ ਜੋ ਵੀ ਨੀਤੀਆਂ ਘੜੀਆਂ, ਉੰਨਾਂ ਤੇ ਅਮਲ ਕੀਤਾ, ਇੰਨਾਂ ਕਰਕੇ ਵਿਸ਼ਵ ਬਿਰਾਦਰੀ ਉਸ ਤੋਂ ਕਿਨਾਰਾ ਕਰ ਰਹੀ ਹੈ ਤੇ ਦੇਸ਼ ਅੰਦਰ ਵੱਡੀ ਬਹੁਗਿਣਤੀ ਆਪਣੇ ਹੀ ਮਾਸ ਨੂੰ ਦੰਦੀਆਂ ਵੱਢਦੀ ਨਿਰਾਸ਼ਤਾ ਦੇ ਆਲਮ ਵਿਚ ਪਛਤਾਅ ਰਹੀ ਹੈ ਕਿ ਉੰਨਾਂ ਇਹ ਕਿਹੋ ਜਿਹਾ ਵਿਅਕਤੀ ਆਪਣੇ ਮਹਾਨ ਦੇਸ਼ ਦਾ ਪ੍ਰਧਾਨ ਚੁਣ ਲਿਆ ਹੈ ਜਿਸ ਦਾ ਇਹ ਪਤਾ ਨਹੀਂ ਕਿ ਇਸ ਨੇ ਕਿਸੇ ਵੇਲੇ ਕੀ ਬੋਲ ਦੇਣਾ ਹੈ ਜਾਂ ਕੀ ਕਰ ਸੁੱਟਣਾ ਹੈ?
ਆਪਣੇ ਦੇਸ਼ਾਂ ਅੰਦਰ ਹਿੰਸਾ, ਜ਼ਬਰ, ਕੱਤਲੋ-ਗਾਰਤ, ਬੇਰੋਜ਼ਗਾਰੀ, ਬਦਅਮਨੀ, ਰਾਜਨੀਤਕ ਬਦਲਾਖੋਰੀ ਦੇ ਡਰਾਉਣੇ ਅਲਮ ਵਿਚੋਂ ਭੱਜ ਕੇ ਮੈਕਸੀਕੋ, ਗੁਆਟੇਮਾਲਾ, ਹਾਂਡਰਸ, ਅਲ-ਸਲਵਾਡੋਰ ਕੋਸਟਾਰੀਕਾ ਆਦਿ ਲਾਤੀਨੀ ਅਮਰੀਕੀ ਦੇਸ਼ਾਂ ਦੇ ਕਰੀਬ 1995 ਬੱਚੇ, 1940 ਮਾਪਿਆਂ ਤੋਂ ਮੈਕਸੀਕੋ ਸਰਹੱਦ ਤੋਂ ਅਮਰੀਕਾ ਅੰਦਰ ਘੁੱਸਣ ਦਾ ਯਤਨ ਕਰਦੇ 19 ਅਪਰੈਲ ਤੋਂ 31 ਮਈ, 2018 ਤੱਕ ਅਮਰੀਕੀ ਸਰਹੱਦੀ ਪਟਰੋਲ ਏਜੰਸੀ ਨੇ ਵੱਖ ਕਰਕੇ ਨੰਨੇ ਬੱਚਿਆਂ ਲਈ ਬਣਾਏ ਪਿੰਜਰਾਬੰਦ ਕੈਂਪਾਂ ਵਿਚ ਨਜ਼ਰਬੰਦ ਕਰ ਦਿਤੇ ਹਨ। ਇੰਨਾ ਵਿਚੋਂ 100 ਦੇ ਕਰੀਬ ਬੱਚੇ 4 ਸਾਲ ਤੋਂ ਘੱਟ ਉਮਰ ਦੇ ਹਨ। ਇੱਕ ਦੁੱਧ ਚੁੰਘਦਾ ਬੱਚਾ ਅਤਿ ਬਰਬਰਤਾਪੂਰਵਕ ਅਣਮੁਨੱਖੀ ਕਾਰਵਾਈ ਅਧੀਨ ਮਾਂ ਨਾਲੋਂ ਵੱਖ ਕਰਕੇ ਐਸੇ ਕੈਂਪ ਵਿਚ ਭੇਜ ਦਿਤਾ।
ਅਮਰੀਕੀ ਪ੍ਰਧਾਨ ਦੀ ਐਸੀ ਨੀਤੀ ਨੂੰ ਜਬਰ-ਜ਼ੁਲਮ, ਅਣਮਨੁੱਖੀ ਅਪਰਾਧ, ਅਗਵਾਕਾਰੀ ਆਦਿ ਗਰਦਾਨਦਿਆਂ ਪੂਰੇ ਵਿਸ਼ਵ ਅਦਰ ਵਸਦਾ ਸੱਭਯ ਭਾਈਚਾਰਾ ਨਿੰਦ ਰਿਹਾ ਹੈ।ਦੂਸਰੇ ਪਾਸੇ ਅਮਰੀਕੀ ਅਟਾਰਨੀ ਜਨਰਲ ਜੈੱਫ ਸੈਸ਼ਨਜ਼ ਅਤੇ ਹੋਰ ਪਿੱਠੂ ਇਸ ਕਾਰਵਾਈ ਨੂੰ ਸਹੀ, ਜ਼ੀਰੋ ਟਾਲਰੈਂਸ ਅਧੀਨ ਗੈਰਕਾਨੂੰਨੀ ਪ੍ਰਵਾਸ ਰੋਕਣ, ਪ੍ਰਵਾਸ ਕਾਨੂੰਨ ਤੋੜ ਕੇ ਅਮਰੀਕਾ ਅੰਦਰ ਘੁੱਸਣ ਨੂੰ ਰੋਕਣ ਅਧੀਨ ਸਹੀ ਮੰਨਦੇ ਹਨ। ਖੁਦ ਅਮਰੀਕੀ ਪ੍ਰਧਾਨ ਟਰੰਪ ਨੇ ਇਸ ਨੀਤੀ ਅਤੇ ਅਮਲ ਨੂੰ ਸਹੀ ਠਹਿਰਾਉਂਦੇ ਕਿਹਾ ਕਿ ਅਮਰੀਕਾ ਕੋਈ ਪ੍ਰਵਾਸੀ ਕੈਂਪ ਨਹੀਂ ਹੈ। ਉਸ ਨੇ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਅੰਦਰ ਬੱਚਿਆਂ ਸਮੇਤ ਘੁੱਸਣ ਵਾਲਿਆਂ ਤੋਂ ਬੱਚੇ ਅਲੱਗ ਕਰਕੇ ਗੈਰ-ਕਾਨੂੰਨੀ ਪ੍ਰਵਾਸ ਰੋਕਿਆ ਹੈ। ਇਸ ਕਾਨੂੰਨ ਉਹ ਡੈਮੋਕਰੈਟ ਸਰਕਾਰਾਂ ਵਲੋਂ ਬਣਾਇਆ ਦਰਸਾਉਦਾਂ ਹੈ। ਉਹ ਕਾਂਗਰਸ ਅਤੇ ਸੈਨੇਟ ਨੂੰ ਕਹਿ ਰਿਹਾ ਹੈ ਕਿ ਇਸ ਕਾਨੂੰਨ ਦੀ ਥਾਂ ਨਵਾਂ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਇਸ ਨਾਲ ਹੀ ਉਸ ਦੇ ਪ੍ਰਸ਼ਾਸ਼ਨ ਵਲੋਂ ਤਜਵੀਜ਼ 25 ਬਿਲੀਅਨ ਡਾਲਰ ਨਾਲ ਬਣਾਈ ਜਾਣ ਵਾਲੀ ਮੈਕਸੀਕੋ ਸਰਹੱਦ ਤੋ ਦੀਵਾਰ ਲਈ ਧੰਨ ਦੀ ਮਨਜ਼ੂਰੀ ਦਿਤੀ ਜਾਣੀ ਚਾਹੀਦੀ ਹੈ।
ਇਹ ਤਾਂ ਮਾਣਯੋਗ ਅਮਰੀਕੀ ਅਦਾਲਤ ਦੇ ਸੰਨ 1997 ਵਿਚ ਆਏ ਫੈਸਲੇ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸ ਅਨੁਸਾਰ ਪ੍ਰਸ਼ਾਸ਼ਨ ਨੂੰ ਗੈਰ-ਕਾਨੂੰਨੀ ਤੌਰ ਤੇ ਅਮਰੀਕਾ ਅੰਦਰ ਘੁਸੇ ਵਿਅਕਤੀਆਂ ਜਾਂ ਮਾਪਿਆਂ ਨਾਲ ਆਏ ਬੱਚਿਆਂ ਨੂੰ ਉੰਨਾਂ ਨਾਲ ਜੇਲ੍ਹ ਭੇਜਣ ਤੇ ਰੋਕ ਲਗਾ ਕੇ ਸਹੀ ਸਥਾਨਾਂ ਤੇ ਰਖਣ ਦਾ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ। ਨਹੀਂ ਤੇ ਹੁਣ ਇਹ ਬੱਚੇ ਵੀ ਮਾਪਿਆ ਸਮੇਤ ਜੇਲ੍ਹ ਭੇਜਣ ਬਗੈਰ ਹੋਰ ਕੋਈ ਚਾਰਾ ਨਹੀਂ ਸੀ। ਲੇਕਿਨ ਬੱਚਿਆਂ ਲਈ ਗਠਤ ਪਿੰਜਰਾਬੰਦ ਕੈਂਪਾਂ ਵਿਚ ਰਫਿਊਜੀਆੰ ਵਰਗੀਆਂ ਸਹੂਲਤਾਂ ਨਹੀਂ ਹਨ।
ਅਣਮਨੁੱਖੀ ਕੈਪਾਂ ਵਿਚ ਬੱਚਿਆਂ ਦੇ ਖਾਣ-ਪੀਣ, ਸੌਣ ਲਈ ਕੰਬਲਾਂ, ਡਾਇਪਰ ਬਦਲਣ ਦਾ ਪ੍ਰਬੰਧ ਕੀਤਾ ਹੈ ਪਰ ਕਿਸੇ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ। ਮਾਂ-ਬਾਪ, ਭੈਣ-ਭਰਾਵਾਂ ਬਗੈਰ ਐਸੇ ਪ੍ਰਬੰਧਾਂ ਦੀ ਕੋਈ ਵੁਕੱਤ ਨਹੀਂ। ਸਿਆਣੇ ਬੱਚੇ ਆਪਣੇ ਮਾਪਿਆਂ ਦਾ ਨਾਮ ਲੈ ਕੇ ਦੁਹਾਈ ਪਾ ਰਹੇ ਹਨ ਜਦ ਕਿ ਨੰਨ੍ਹੇ ਬੱਚੇ ਜਿੰਨਾਂ ਨੂੰ ਬੋਲਣਾ ਨਹੀਂ ਆਉਂਦਾ ਬਸ! ਵਿਲਕੀ ਅਤੇ ਰੋਈ ਜਾ ਰਹੇ ਹਨ।
ਇਹ ਨੀਤੀ ਮਾਨਵ ਘਾਤੀ ਹੈ। ਅਮਰੀਕੀ ਭ੍ਰਿਸ਼ਾਟਾਚਾਰ ਦੀ ਦੈਣ ਹੈ ਗੈਰ-ਕਾਨੂੰਨੀ ਪ੍ਰਵਾਸੀ ਘੁੱਸਪੈਠ। ਅਮਰੀਕੀ ਏਜੰਟ ਅਤੇ ਸਰਹੱਦੀ ਏਜੰਸੀਆਂ ਹਜ਼ਾਰਾਂ ਡਾਲਰ ਲੈ ਕੇ ਪ੍ਰਵਾਸੀਆਂ ਦੀ ਹਰ ਰੋਜ਼ ਘੁਸਪੈਠ ਕਰਾਉਂਦੇ ਹਨ। ਐਸੇ ਲੋਕਾਂ ਨੂੰ ਪਕੜਨਾ ਤਾਂ ਸਹੀ ਕਿਹਾ ਜਾ ਸਕਦਾ ਹੈ ਪਰ ਉੰਨਾਂ ਦੇ ਨੰਨੇ ਬੱਚਿਆਂ ਨੂੰ ਉੰਨਾਂ ਤੋਂ ਅਲਗ ਕਰਨਾ ਅਣਮਨੁੱਖੀ ਅਪਰਾਧਿਕ ਕਾਰਵਾਈ ਹੈ।
ਅਮਰੀਕਾ ਅਜੋਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਕੜਨ ਅਤੇ ਅਪਰਾਧਿਕ ਧਾਰਾਵਾਂ ਹੇਠ ਉਨਾਂ ਤੇ ਕੇਸ ਚਲਾਉਣ ਦਾ ਨਿਰਣਾ 6 ਅਪਰੈਲ ਦੇ ਹੁੱਕਮਾ ਰਾਹੀਂ ਲਿਆ ਹੈ। ਪਹਿਲਾਂ ਜੋ ਲੋਕ ਅਪਰਾਧਿਕ ਰਿਕਾਰਡ ਨਹੀਂ ਸਨ ਰਖਦੇ ਅਤੇ ਸਿਰਫ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਆਉਣ ਦੇ ਦੋਸ਼ੀ ਹੁੰਦੇ ਸਨ, ਉਨਾਂ ਨੂੰ ਵਾਪਸ ਉੰਨਾਂ ਦੇ ਦੇਸ਼ਾਂ ਵਿਚ ਭੇਜਣ ਲਈ ਸਿਵਲ ਅਧਿਕਾਰੀਆਂ ਨੂੰ ਲਿੱਖ ਦਿਤਾ ਜਾਂਦਾ ਸੀ ਅਤੇ ਬਾਲ-ਬੱਚੇ ਵੱਖ ਨਹੀਂ ਸਨ ਕੀਤੇ ਜਾਂਦੇ।
ਲੇਕਿਨ ਹੁਣ ਜਿਵੇਂ ਬੱਚੇ ਵੱਖ ਕਰਕੇ ਵੇਅਰ-ਹਾਊਸਾਂ ਵਿਚ ਬਣਾਏ ਪਿੰਜਰਾਬੰਦ ਕੈਂਪਾ ਵਿਚ ਰਖੇ ਹਨ ਤੋਂ ਖਦਸ਼ਾ ਹੈ ਕਿ ਇਹ ਬੱਚੇ ਕਿੱਤੇ ਲੇਬਰ ਜਾਂ ਮਾਨਵ ਤਸਕਰੀ ਦੇ ਸ਼ਿਕਾਰ ਨਾ ਬਣਾਏ ਜਾਣ। ਅਪਰੈਲ ਮਹੀਲੇ ਵਿਚ ਹੀ ਸਿਹਤ ਅਤੇ ਮਾਨਵ ਸੇਵਾਵਾਂ ਸਬੰਧੀ ਇੱਕ ਅਧਿਕਾਰੀ ਨੇ ਅਮਰੀਕੀ ਸੈਨੇਟ ਸਬ-ਕਮੇਟੀ ਨੂੰ ਦਸਿਆ ਹੈ ਕਿ 1500 ਅਜਿਹੇ ਬੱਚੇ ਹਨ ਜਿੰਨਾਂ ਦਾ ਥਹੁ-ਪਤਾ ਨਹੀਂ ਚਲ ਰਿਹਾ ਕਿ ਕਿੱਧਰ ਗਾਇਬ ਹੋ ਗਏ ਹਨ। ਇਹ ਬੱਚੇ ਅਜੋਕੀ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ‘ਜ਼ੀਰੋ ਟਾਲਰੈਂਸ’ ਹੁਕੱਮਾਂ ਤੋਂ ਪਹਿਲਾਂ ਇਕੱਲੇ ਮਾਪਿਆਂ ਬਗੈਰ ਅਮਰੀਕਾ ਵਿਚ ਘੁੱਸੇ ਸਨ ਅਤੇ ਸਰਹੱਦੀ ਸੁਰਖਿਆ ਏਜੰਸੀ ਵਲੋਂ ਪਕੜੇ ਗਏ ਸਨ।
ਮਾਈਕਲ ਬਰਾਨੇ, ਡਾਇਰੈਕਟਰ, ਪ੍ਰਵਾਸੀ ਅਧਿਕਾਰ ਜੋ ਵੁਮੈਨ ਰਫਿਊਜ਼ੀ ਕਮਿਸ਼ਨ ਵਿਚ ਤਾਇਨਾਤ ਹਨ, ਕਈ ਘੰਟੇ ਮਾਪਿਆਂ ਤੋਂ ਵੱਖ ਕੀਤੇ ਬੱਚੇ ਜੋ 20-20 ਇੱਕ ਪਿੰਜਰੇ ਵਿਚ ਰਖੇ ਹਨ, ਨਾਲ ਬਿਤਾਉਣ ਬਾਅਦ ਬਹੁਤ ਹੀ ਪ੍ਰੇਸ਼ਾਨ ਨਜ਼ਰ ਆਈ। “ਹਕੀਕਤ ਵਿਚ ਸਰਕਾਰ ਨੇ ਬੱਚੇ ਮਾਂ-ਬਾਪ ਦੂਸਰੇ 5 ਸਾਲਾਂ ਦੀ ਉਮਰ ਵਾਲੇ ਬੱਚਿਆਂ ਕੋਲ ਦੇਖ-ਰੇਖ ਲਈ ਛੋਟੇ ਨੰਨ੍ਹੇ ਬੱਚੇ ਨੂੰ ਛੱਡਦੇ ਹਨ ਤਾਂ ਉਹ ਕਾਨੂੰਨ ਇਸ ਲਈ ਜਵਾਬਦੇਹ ਠਹਿਰਾਏ ਜਾਂਦੇ ਹਨ। ਪਰ ਅਜੋਕੇ ਕੇਸ ਵਿਚ ਤਾਂ ਅਮਰੀਕੀ ਰਾਜ ਅਤੇ ਪ੍ਰਸ਼ਾਸ਼ਨ ਅਜਿਹਾ ਅਪਰਾਧ ਕਰ ਰਿਹਾ ਹੈ।
ਪ੍ਰਧਾਨ ਟਰੰਪ ਦੇ ਇਸ ਅਣਮਨੁੱਖੀ ਅਪਰਾਧਿਕ ਕਾਰਵਾਈ ਦੀ ਤਿੱਖੇ ਸ਼ਬਦਾਂ ਵਿਚ ਸਭ ਜੀਵਤ ਸਾਬਕਾ ਅਮਰੀਕੀ ਪ੍ਰਧਾਨਾਂ ਦੀਆਂ ਪਤਨੀਆਂ ਨੇ ਨਿੰਦਾ ਕੀਤੀ ਹੈ। ਖੁਦ ਪ੍ਰਧਾਨ ਟਰੰਪ ਦੀ ਪਤਨੀ ਮੇਲੀਨਾ ਨੇ ਐਸੇ ਜਬਰ ਤੋਂ ਕਿਨਾਰਾ ਕਰਦੇ ਕਿਹਾ ਹੈ ਕਿ ਨੰਨ੍ਹੇ ਬੱਚੇ ਮਾਪਿਆਂ ਤੋਂ ਵੱਖ ਨਹੀਂ ਕਰਨੇ ਚਾਹੀਦੇ। ਲਾਉਰਾ ਬੁਸ਼, ਸਾਬਕਾ ਪ੍ਰਧਾਨ ਬੁਸ਼ ਦੀ ਪਤਨੀ ਨੇ ਇਸ ਵਿਰੁੱਧ ‘ਵਾਸ਼ਿੰਗਟਨ ਪੋਸਟ’ ਵਿਚ ਲੇਖ ਲਿਖ ਕੇ ਇਸ ਨਿਰਦਈ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਗੈਰ ਇਖਲਾਕੀ ਕਾਰਵਾਈ ਦਰਸਾਇਆ ਹੈ। ਕਾਂਗਰਸ ਹਾਊਸ ਵਿਚ ਡੈਮੋਕਰੈਟਿਕ ਆਗੂ ਨੈਂਸੀ ਪੇਲੋਸੀ ਨੇ ਕਿਹਾ ਹੈ, “ਮਾਪਿਆਂ ਨਾਲੋਂ ਬੱਚਿਆਂ ਨੂੰ ਵੱਖ ਕਰਨਾ ਬਰਬਰਤਾ ਪੂਰਵਕ ਕਾਰਜ ਹੈ।“ ਅਮਰੀਕਾ ਵਿਚੋਂ ਪਹਿਲੀਆਂ ਸਰਕਾਰਾ ਵੱਲੋਂ ਵੀ ਕਰੀਬ 10 ਲੱਖ ਗੈਰਕਾਨੂੰਨੀ ਘੁਸਪੈਠ ਕਰਨ ਵਾਲੇ ਪ੍ਰਵਾਸੀ ਬਾਹਰ ਕੱਢੇ ਗਏ ਹਨ ਪਰ ਅਜਿਹੀ ਅਣਮਨੁੱਖੀ ਕਾਰਵਾਈ ਕਿੱਧਰੇ ਵੇਖਣ ਨੂੰ ਨਹੀਂ ਮਿਲੀ।
ਬਿਊਡਰ ਰੂਜ਼ਵੈਲਟ ਨੇ ਸੰਨ 1908 ਵਿਚ ਇੱਕ ਸਰਬ ਅਮਰੀਕੀਆਂ ਨੂੰ ਇੱਕ ਲੜੀ ਵਿਚ ਜੋੜਨ ਦੀ ਇਤਿਹਾਸਿਕ ਨੀਤੀ ਅਪਣਾਈ ਸੀ। ਉਸ ਤਹਿਤ ਸੈਲਟ, ਲੈਟਿਨ, ਸਲਾਵ, ਟਿਊਟਨ, ਗਰੀਕ, ਸੀਰੀਅਨ, ਕਾਲੇ, ਪੀਲੇ, ਯਹੂਦੀ, ਜੰਟਾਈਲ ਨੂੰ ‘ਸਿੰਗਲ ਪੀਪਲ’ ਵਜੋਂ ਜੋੜਨ ਦਾ ਅਭਿਯਾਨ ਚਲਾਇਆ ਗਿਆ। ਹੋਰ ਅਨੇਕ ਪ੍ਰਧਾਨਾਂ ਨੇ ਅਮਰੀਕੀਆਂ ਨੂੰ ਨਸਲਵਾਦ ਤੋਂ ਬਚਾਅ ਕੇ ਇੱਕ ਸੁਪਰ ਸ਼ਕਤੀ ਬਣਾਉਣ ਦਾ ਕੰਮ ਕੀਤਾ। ‘ਇੱਕ ਅਮਰੀਕਾ’ ਬਗੈਰ ਅਮਰੀਕਾ ਸੁਪਰ ਸ਼ਕਤੀ ਬਣ ਹੀ ਨਹੀਂ ਸੀ ਸਕਦਾ।
ਟਰੰਪ ਦੀ ਅਜੋਕੀ ਕਾਰਵਾਈ ਨੂੰ ਅਮਰੀਕੀ ਲੋਕਤੰਤਰਵਾਦ, ਮਾਨਵਾਦ, ਕਾਨੂੰਨਵਾਦ ਨੂੰ ਵੱਡੀ ਸੱਟ ਸਮਝਦੇ ਹਨ। ਅਮਰੀਕੀ ਸੈਨੇਟਰ, ਕਾਂਗਰਸਮੈਨ, ਪ੍ਰਬੰਧਕ ਲੋਕ ‘ਅਮਰੀਕੀਵਾਦ’ ਨਹੀਂ ‘ਜੈਲੋਫੋਬੀਆ’ ਮੰਨਦੇ ਹਨ।
ਅਮਰੀਕਾ ਵਿਚ ਪਹਿਲਾਂ ਵੀ ਐਸੀਆਂ ਬਰਬਰਤਾਪੂਰਨ ਮਿਸਾਲਾਂ ਮਿਲਦੀਆਂ ਹਨ। ਜਦੋਂ ਇਥੋਂ ਦੇ ਮੂਲ ਨਿਵਾਸੀਆਂ ਦੇ ਬੱਚੇ ਜਬਰੀ ਬੋਰਡਿੰਗ ਸਕੂਲਾਂ ਵਿਚ ਭੇਜੇ ਜਾਂਦੇ ਰਹੇ ਹਨ। ਕਾਲੇ ਲੋਕਾਂ ਦੇ ਬੱਚੇ ਬੋਲੀ ਰਾਹੀਂ ਗੁਲਾਮਾਂ ਵਜੋਂ ਵੇਚੇ ਜਾਂਦੇ ਸਨ। ਔਰਤਾਂ ਨੂੰ ਬਰਾਬਰ ਅਧਿਕਾਰਾਂ ਤੋਂ ਵਾਝਿਆ ਰਖਿਆ ਜਾਂਦਾ ਸੀ। ਅੱਜ ਵੀ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਅਮਰੀਕਾ ਅੰਦਰ ਨਸਲਵਾਦ ਜਾਰੀ ਹੈ। ਕਾਲੇ-ਪੀਲੇ ਲੋਕਾਂ ਨਾਲ ਨਫਰਤ, ਜ਼ਿਆਦਤੀਆਂ, ਬੇਇਨਸਾਫੀ ਜਾਰੀ ਹਨ। ਅਮਰੀਕਾ ਅੰਦਰ ਐਸੇ ਕਾਨੂੰਨਾਂ ਨੂੰ ਖਤਮ ਕਰਨ ਦਾ ਸਿਲਸਿਲਾ ਜਾਰੀ ਹੈ ਜਿੰਨਾਂ ਰਾਹੀਂ ਕਾਨੂੰਨ ਦੀ ਅਵਗਿਆ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾਵਾਂ ਦੇਣ ਦੀ ਸੰਵਿਧਾਨਿਕ ਅਤੇ ਕਾਨੂਨੀ ਵਿਵਸਥਾ ਕਾਇਮ ਸੀ।
ਐਸੀ ਵਿਵਸਥਾ ਅਮਰੀਕਾ ਹੀ ਨਹੀਂ ਹੋਰ ਦੇਸ਼ਾਂ ਵਿਚ ਖਤਮ ਕੀਤੀ ਗਈ ਹੈ ਜਾਂ ਖਤਮ ਕਰਨ ਦੇ ਮਨਸੂਬੇ ਤਾਕਤਵਰ ਰਾਜਨੀਤੀਵਾਦ ਦੁਆਰਾ ਜਾਰੀ ਹਨ। ਰੂਸ ਅੰਦਰ ਪ੍ਰਧਾਨ ਵਲਾਦੀਮੀਰ ਪੂਤਿਨ ਦੇ ਆਪਹੁੱਦਰੇਪਣ ਵਿਰੁੱਧ ਬੋਲਣ ਅਤੇ ਲਿਖਣ ਵਾਲੀ ਵੀਰਾਂਗਣਾ ਅੰਨਾ ਪੋਲਿਟ ਕੋਟ ਸਕਾਇਆ ਨੂੰ ਸੰਨ 2006 ‘ਚ ਕਤਲ ਕਰਾ ਦਿਤਾ ਗਿਆ। ਚੀਨ, ਭਾਰਤ, ਯੂਰਪ, ਲਾਤੀਨੀ ਅਮਰੀਕਾ ਵਿਚ ਐਸੀਆਂ ਮਿਸਾਲਾਂ ਮਿਲਦੀਆਂ ਹਨ। ਯੂਰਪੀਨ ਦੇਸ਼ਾਂ ਨੇ ਪ੍ਰਵਾਸੀਆਂ ਦੀ ਆਵਦ ਤੋਂ ਕਿਨਾਰਾ ਕਰ ਲਿਆ ਹੈ। ਇਟਲੀ ਦੇ ਅੰਦਰੂਨੀ ਮੰਤਰੀ ਮੈਟੀਓ ਸਾਲਵਿਨੀ ਨੇ 629 ਲਿਥੀਅਨਾਂ ਦੀ ਕਿਸ਼ਤੀ ਵਾਪਸ ਮੋੜ ਦਿਤੀ ਜੋ ਗੈਰ ਕਾਨੂੰਨੀ ਤੌਰ ਤੇ ਘੁੱਸਣ ਦਾ ਯਤਨ ਕਰ ਰਹੇ ਸਨ।
ਸੰਨ 2016 ਵਿਚ ਯੂਰਪੀਨ 28 ਦੇਸ਼ਾ ਵਿਚ 2.4 ਮਿਲੀਅਨ ਪ੍ਰਵਾਸੀ ਆਏ। ਹੁਣ ਪ੍ਰਵਾਸੀਆਂ ਅਤੇ ਉੰਨਾਂ ਦੇ ਬੱਚਿਆਂ ਦੀ ਗਿਣਤੀ 36.9 ਮਿਲੀਅਨ ਭਾਵ 7 ਪ੍ਰਤੀਸ਼ਤ ਹੋ ਗਈ ਹੈ। ਯੂਰਪੀਨ ਲੋਕ ਬੁੱਢੇ ਹੋ ਰਹੇ ਹਨ ਅਤੇ ਉੰਨਾਂ ਦੀ ਅਬਾਦੀ ਸੁੰਘੜ ਰਹੀ ਹੈ। ਪ੍ਰਵਾਸੀਆਂ ਵਿਚ ਬਹੁਤ ਮੁਸਲਿਮ ਹਨ। ਜੇਕਰ ਸੈਕੂਲਰਵਾਦ ਹੇਠ ਸਭ ਧਰਮਾਂ , ਰੰਗਾਂ, ਇਲਾਕਿਆਂ, ਲਿੰਗਾਂ ਦੇ ਲੋਕ ਇਕਜੁੱਟ ਨਾ ਹੋਏ ਤਾਂ ਉੱਥੇ ਅਸ਼ਾਂਤੀ ਫੈਲ ਸਕਦੀ ਹੈ।
ਅਮਰੀਕਾ ਅੰਦਰ ਪ੍ਰਵਾਸੀ ਪਨਾਹਗੀਰਾਂ, ਉੰਨਾਂ ਦੇ ਨੰਨ੍ਹੇ ਬੱਚਿਆਂ ਨੂੰ ਮੁੜ੍ਹ ਤੋਂ ਇੱਕ ਕਰਨਾ ਅਤਿ ਜ਼ਰੂਰੀ ਹੈ। ਉੰਨਾਂ ਦੇ ਹੱਕਾਂ ਤੇ ਅਜਾਦੀਆਂ ਦੀ ਬਹਾਲੀ ਜ਼ਰੂਰੀ ਹੈ। ਅਮਰੀਕੀ ਅਜੋਕਾ ਵਰਤਾਰਾ ਇਸ ਲਈ ਘਾਤਿਕ ਸਿੱਧ ਹੋ ਸਕਦਾ ਹੈ। ਰੇਹਾਨਸਲੀਮ ਆਪਣੀ ਛੱਪਣ ਵਾਲੀ ਕਿਤਾਬ ਵਿਚ ਲਿਖਦਾ ਹੈ ਜੋ ਖੁਦ ਬੰਗਲਾਦੇਸ਼ੀ ਪ੍ਰਵਾਸੀ ਦਾ ਪੁੱਤਰ ਹੈ, “ਅਮਰੀਕਾ ਜਾਂ ਤਾਂ ਪ੍ਰਵਾਸ ਘੱਟ ਕਰ ਦੇਵੇ ਨਹੀਂ ਤਾਂ ਦੇਸ਼ ਵਿਚ ਨਸਲਵਾਦ ਅਤੇ ਨਾ ਬਰਾਬਰੀ ਫੈਲਣ ਕਰਕੇ ਸਿਵਲਵਾਰ ਦਾ ਡਰ ਪੈਦਾ ਹੋ ਜਾਵੇਗਾ। ਮਰੀਕਾ ਇਕ ਰਿੱਝਦਾ ਕੁੱਜਾ ਹੈ ਪਤਾ ਨਹੀਂ ਕਿਹੜੇ ਵੇਲੇ ਫੁੱਟ ਜਾਏ” ਅਮਰੀਕਾ ਨੂੰ ਲੋਕਤੰਤਰੀ, ਮਾਨਵਵਾਦੀ, ਉੱਚ ਕਦਰਾਂ-ਕੀਮਤਾਂ, ਸਮਾਜਿਕ ਇਨਸਾਫ਼, ਸੰਵਿਧਾਨਿਕ ਸੰਸਥਾਂਵਾਂ ਅੰਦਰ ‘ਅਟਕਾਅ ਅਤੇ ਸਤੁੰਲਨ’ ਦੀ ਨੀਤੀ ਰਾਹੀਂ ਪ੍ਰਧਾਨ ਟਰੰਪ ਦੀਆਂ ਅਮਰੀਕੀ ਘਾਤਿਕ ਨੀਤੀਆਂ ਤੇ ਕਾਬੂ ਪਾਉਣਾ ਜ਼ਰੂਰੀ ਹੈ। ਜਿਵੇ ਕਿ ਚਾਰਚੁਫੇਰਿਓ ਗੈਰਕਾਨੂੰਨੀ ਘੁੱਸਣ ਵਾਲੇ ਮਾਪਿਆਂ ਤੋਂ ਜਬਰੀ ਬੱਚੇ ਅਲਗ ਕਰਨ ਅਤੇ ਪਿੰਜਰਾਬੰਦ ਕੈਪਾਂ ‘ਚ ਰਖਣ ਦੇ ਹੁੱਕਮਾ ਨੂੰ ਆਖਰ ਪ੍ਰਧਾਨ ਨੂੰ 20 ਜੂਨ, 2018 ਨੂੰ ਵਾਪਸ ਲੈਣਾ ਪਿਆ। ਪਰ ਨਵੇਂ ਹੁੱਕਮਾਂ ਨੂੰ ਆਖਰ ਪ੍ਰਧਾਨ ਨੂੰ 20 ਜੂਨ, 2018 ਨੂੰ ਵਾਪਸ ਲੈਣਾ ਪਿਆ। ਪਰ ਨਵੇਂ ਹੁੱਕਮਾ ਰਾਹੀਂ ਬੱਚੇ, ਮਾਪਿਆਂ ਨਾਲ ਹਿਰਾਸਤ ਵਿਚ ਰਖੇ ਜਾਇਆ ਕਰਨਗੇ। ਇਹ ਵੀ ਬੱਚਿਆਂ ਪ੍ਰਤੀ ਜ਼ਾਲਮਾਨਾ ਅਤੇ ਦਯਾਹੀਨ ਕਾਰਵਾਈ ਹੈ।
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
416 887 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.