ਰਾਤੀਂ ਸੌਣ ਲੱਗਿਆਂ ਬੜੇ ਪੁਰਖ਼ੇ ਚੇਤੇ ਆਏ। ਬਾਪੂ ਸੋਹਣ ਸਿੰਘ ਸੀਤਲ, ਸ ਸ ਨਰੂਲਾ,ਕੁਲਵੰਤ ਸਿੰਘ ਵਿਰਕ, ਮ ਸ ਰੰਧਾਵਾ ਮੋਹਨ ਸਿੰਘ ਵਰਗੇ। ਲਾਲ ਚੰਦ ਯਮਲਾ ਜੱਟ, ਜਸਵੰਤ ਭੰਵਰਾ ਤੇ ਕਈ ਹੋਰ।
ਸਵੇਰੇ ਦਿਨ ਚੜ੍ਹਦਿਆਂ ਕਿਸੇ ਮਿੱਤਰ ਨੇ ਸੀਤਲ ਜੀ ਦੀ ਇੱਕ ਤਰਕਸ਼ੀਲ ਲਿਖਤ ਭੇਜੀ। ਮੈਨੂੰ ਮੁਹੰਮਦ ਸਦੀਕ ਕੀਮਾ ਮਲਕੀ ਗਾਉਂਦਾ ਦਿਸਿਆ, ਜਿਸ ਨੂੰ ਬਾਪੂ ਸੋਹਣ ਸਿੰਘ ਸੀਤਲ ਜੀ ਨੇ ਲਿਖਿਆ ਹੈ।
ਸੀਤਲ ਜੀ 7ਅਗਸਤ 1909 ਚ ਪੈਦਾ ਹੋਏ ਤੇ 29 ਸਤੰਬਰ 1998 ਨੂੰ ਸਦੀਵੀ ਅਲਵਿਦਾ ਵੀ ਕਹਿ ਗਏ। ਇਹ ਟੱਬਰ ਪਿੰਡ ਮਾੜੀ ਪੰਨੂਆਂ ਜ਼ਿਲ੍ਹਾ ਗੁਰਦਾਸਪੁਰ ਦਾ ਮੂਲਵਾਸੀ ਸੀ ਪਰ ਮਗਰੋਂ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਚ ਜਾ ਵੱਸੇ। ਉਥੇ ਹੀ ਸੀਤਲ ਜੀ ਦਾ ਜਨਮ ਹੋਇਆ। ਮਾਂ ਦਯਾਲ ਕੌਰ ਤੇ ਬਾਬਲ ਖ਼ੁਸ਼ਹਾਲ ਸਿੰਘ ਨੇ ਬਚਪਨ ਚ ਵਿਰਸੇ ਨਾਲ ਜੋੜਿਆ। ਪਹਿਲਾਂ ਖੇਤੀ ਕਰਦੇ ਰਹੇ ਪਰ ਮਗਰੋਂ ਢਾਡੀ ਰਾਗ ਨੇ ਖਿੱਚ ਲਿਆ। ਸਿਰਜਕ ਸੀਤਲ ਪਿਘਲ ਗਿਆ ਪੂਰੇ ਦਾ ਪੂਰਾ। ਢਾਡੀ ਰਾਗ, ਨਾਵਲਕਾਰੀ ਤੇ ਇਤਿਹਾਸ ਲਿਖਣ ਚ ਉਮਰ ਬਿਤਾਈ।
ਦੇਸ਼ ਉਜਾੜੇ ਮਗਰੋਂ ਲੁਧਿਆਣੇ ਆ ਵੱਸੇ ਪਨਾਹੀ ਬਣ ਕੇ। ਪਹਿਲਾਂ ਰੜੀ ਮੁਹੱਲੇ ਚ ਤੇ ਮਗਰੋਂ 18,ਸੀਤਲ ਭਵਨ,ਮਾਡਲ ਗਰਾਮ ਲੁਧਿਆਣਾ ਚ ਆ ਗਏ। ਉਨ੍ਹਾਂ ਦੇ ਜਾਣ ਮਗਰੋਂ ਟੱਬਰ ਨੇ ਮਹੀਨੇ ਚ ਹੀ ਵੇਚ ਵੱਟਿਆ।
ਸ਼ਮਸ਼ੇਰ ਸਿੰਘ ਸੰਧੂ ਤੇ ਮੈਂ ਇਥੇ ਹੀ ਉਨ੍ਹਾਂ ਦੇ ਚਰਨ ਪਰਸਣ ਜਾਂਦੇ ਸਾਂ ਸਾਈਕਲ ਤੇ ਚੜ੍ਹ ਕੇ।
ਉਨ੍ਹਾਂ ਨੂੰ ਜੁਗ ਬਦਲ ਗਿਆ ਨਾਵਲ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ ਤਾਂ ਡਾ: ਐੱਸ ਪੀ ਸਿੰਘ ਜੀ ਨੇ ਸਭ ਤੋਂ ਪਹਿਲਾ ਸਨਮਾਨ ਸਮਾਗਮ ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਚ ਕੀਤਾ। ਡਾ: ਰਘਬੀਰ ਸਿੰਘ ਸਿਰਜਣਾ ਨੇ ਖੋਜ ਪੱਤਰ ਪੜ੍ਹਿਆ ਸੀ ਸੀਤਲ ਜੀ ਬਾਰੇ। ਸਾਰਾ ਲਿਖਾਰੀ ਟੱਬਰ ਸ਼ਹਿਰ ਚੋਂ ਮੁਬਾਰਕਾਂ ਦੇਣ ਪੁੱਜਾ।
ਸੀਤਲ ਜੀ ਨੇ ਵਹਿੰਦੇ ਹੰਝੂ,ਸੀਤਲ ਕਿਰਨਾਂ,ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ, ਸੱਜਰੇ ਹੰਝੂ, ਸੀਤਲ ਤਰੰਗਾਂ, ਦਿਲ ਦਰਿਆ, ਸੀਤਲ ਪ੍ਰਸੰਗ, ਸੀਤਲ ਪ੍ਰਕਾਸ਼,ਸੀਤਲ ਤਰਾਨੇ, ਸੀਤਲ ਵਾਰਾਂ ਸੀਤਲ ਤਾਂਘਾਂ, ਸੀਤਲ ਵਲਵਲੇ, ਸੀਤਲ ਚੰਗਿਆੜੇ, ਸੀਤਲ ਚਮਕਾਂ, ਸੀਤਲ ਰਮਜ਼ਾਂ, ਕੇਸਰੀ ਦੁਪੱਟਾ, ਸੀਤਲ ਉਮੰਗਾਂ, ਸੀਤਲ ਅੰਗਿਆਰੇ, ਸੀਤਲ ਮੁਨਾਰੇ, ਸੀਤਲ ਸੁਗਾਤਾਂ,ਜਦੋਂ ਮੈਂ ਗੀਤ ਲਿਖਦਾ ਹਾਂ,ਮੇਰੀਆਂ ਢਾਡੀ ਵਾਰਾਂ ਤੇ ਮੇਰੇ ਗੀਤ ਮੁੱਲਵਾਨ ਕਿਰਤਾਂ ਹਨ।
ਉਨ੍ਹਾਂ ਦੇ ਨਾਵਲ ਮੁੱਲ ਦਾ ਮਾਸ, ਵਿਯੋਗਣ,ਅੰਨ੍ਹੀ ਸੁੰਦਰਤਾ,ਦੀਵੇ ਦੀ ਲੋਅ,ਪਤਵੰਤੇ ਕਾਤਲ, ਜੰਗ ਜਾਂ ਅਮਨ, ਬਦਲਾ, ਧਰਤੀ ਦੇ ਦੇਵਤੇ, ਪ੍ਰੀਤ ਕਿ ਰੂਪ, ਮਹਾਂਰਾਣੀ ਜ਼ਿੰਦਾਂ, ਧਰਤੀ ਦੀ ਬੇਟੀ, ਮਹਾਰਾਜਾ ਦਲੀਪ ਸਿੰਘ, ਕਾਲੇ ਪਰਛਾਵੇਂ, ਪ੍ਰੀਤ ਤੇ ਪੈਸਾ, ਤੂਤਾਂ ਵਾਲਾ ਖੂਹ,ਸੁਰਗ ਸਵੇਰਾ, ਹਿਮਾਲੀਆ ਦੇ ਰਾਖੇ, ਸਭੈ ਸਾਂਝੀਵਾਲ ਸਦਾਇਣ, ਈਚੋਗਿਲ ਨਹਿਰ ਤੀਕ, ਜੁਗ ਬਦਲ ਗਿਆ,ਜਵਾਲਾਮੁਖੀ ਤੇ ਸੁੰਝਾ ਆਲ੍ਹਣਾ ਨੇ ਗਲਪ ਸਾਹਿੱਤ ਚ ਨਿਵੇਕਲੀਆਂ ਪੈੜਾਂ ਕੀਤੀਆਂ।
ਤੂਤਾਂ ਵਾਲਾ ਖੂਹ , ਈਚੋਗਿਲ ਨਹਿਰ ਤੀਕ ਤੇ ਜੁਗ ਬਦਲ ਗਿਆ ਲੰਮਾ ਸਮਾਂ ਸਿਲੇਬਸ ਦਾ ਹਿੱਸਾ ਰਹੇ ਹਨ। ਪਹਿਲਾਂ ਪਹਿਲ ਉਹ ਆਪਣੀ ਕਿਤਾਬ ਆਪਣੇ ਸੀਤਲ ਪੁਸਤਕ ਭੰਡਾਰ ਵੱਲੋਂ ਪ੍ਰਕਾਸ਼ਿਤ ਕਰਦੇ ਸਨ ਪਰ ਮਗਰੋਂ ਕੁਝ ਕਿਤਾਬਾਂ ਲਾਹੌਰ ਬੁੱਕ ਸ਼ਾਪ ਨੇ ਪ੍ਰਕਾਸ਼ਿਤ ਕੀਤੀਆਂ। ਗੁਰੂ ਇਤਿਹਾਸ ਤੇ ਸਿੱਖ ਰਾਜ ਦੇ ਆਖਰੀ ਪਹਿਰ ਤੀਕ ਨੂੰ ਉਨ੍ਹਾਂ ਕਲਮਬੰਦ ਕੀਤਾ। ਸਵੈ ਜੀਵਨੀ ਵੀ ਲਿਖੀ, ਕੁਝ ਨਾਟਕ ਵੀ।
ਡਾ: ਵਰਿਆਮ ਸਿੰਘ ਸੰਧੂ ਨੇ ਉਨ੍ਹਾਂ ਦੇ ਨਾਵਲਾਂ ਤੇ ਖੋਜ ਕਾਰਜ ਕੀਤਾ।
ਸ਼੍ਰੋਮਣੀ ਲੇਖਕ, ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ
ਇਤਿਹਾਸਕਾਰ ਬਾਪੂ ਸੀਤਲ ਦੀ ਉਹ ਰਚਨਾ ਤੁਸੀਂ ਵੀ ਪੜੋ ਜਿਸ ਨੇ ਮੈਨੂੰ ਗੱਲ ਕਰਨ ਲਈ ਪ੍ਰੇਰਨਾ ਦਿੱਤੀ।
ਢਾਡੀ ਵਾਰ
ਆਹ ਲੈ ਸਾਧਾ ਆਪਣੀ ਅਗਲੀ
ਦੁਨੀਆਂ ਸਾਂਭ ਲੈ"
ਸ਼੍ਰੋਮਣੀ ਢਾਡੀ ਗਿਆਨੀ ਸੋਹਨ ਸਿੰਘ
ਸੀਤਲ ਦੀ ਅਮੋਲ ਰਚਨਾ ਜਿਸ ਰਾਹੀਂ ਉਸ ਨੇ ਕਰਮ ਕਾਡਾਂ ਅਤੇ ਭਰਮਾਂ ਵਿਚੋਂ ਕੱਢਣ ਲਈ ਸਾਨੂੰ ਪ੍ਰੇਰਤ ਕੀਤਾ
ਆਹ ਲੈ ਸਾਧਾ ਆਪਣੀ ਅਗਲੀ ਦੁਨੀਆਂ ਸਾਂਭ ਲੈ ,
ਮੇਰੀ ਦੁਨੀਆਂ ਮੈਨੂੰ ਮਰਜ਼ੀ ਨਾਲ ਸਜਾਣ ਦੇ ।
ਤਪੀਆ ਹੋਵਣ ਤੈਨੂੰ ਤੇਰੇ ਸੁਰਗ ਸੁਹੰਢਣੇ,
ਇਸੇ ਧਰਤੀ ਉਤੇ ਮੈਨੂੰ ਸਵਰਗ ਬਨਾਣ ਦੇ ।
ਤੇਰੇ ਕਲਪ ਬ੍ਰਿਛ ਦੀ ਛਾਂ ਵੱਲ ਮੈਂ ਨਹੀਂ ਝਾਕਦਾ,
ਬੰਜਰ ਪੁੱਟ ਪੁੱਟ ਮੈਨੂੰ ਏਥੇ ਬਾਗ ਲਵਾਣ ਦੇ ।
ਧ੍ਰਿਗ ਉਸ ਬੰਦੇ ਨੂੰ ਜੋ ਖਾਹਸ਼ ਕਰੇ ਉਸ ਜੱਨਤ ਦੀ ,
ਜਿਥੋਂ ਕੱਢਿਆ ਬਾਬਾ ਆਦਮ ਨਾਲ ਅਪਮਾਨ ਦੇ ।
ਮਾਲਾ ਫੇਰੇ ,ਉਚੀ ਕੂਕੇਂ, ਨਜ਼ਰਾਂ ਹੂਰਾਂ 'ਤੇ ,
ਤੈਨੂੰ ਆਉਂਦੇ ਨੇ ਢੰਗ ਅੱਲ੍ਹਾ ਨੂੰ ਭਰਮਾਣ ਦੇ ।
ਤੇਰੇ ਠਾਕਰ ਨੂੰ ਭੀ ਭੋਗ ਲਵਾ ਲਊਂ ਪੰਡਤ ਜੀ ,
ਰੋਂਦੇ ਦੁਖੀਏ ਦਾ ਤਾਂ ਪਹਿਲਾਂ ਮੂੰਹ ਜੁਠਲਾਣ ਦੇ ।
ਵਿਹਲਾ ਹੋ ਕੇ ਬਾਬਾ ਮਾਲਾ ਵੀ ਮੈਂ ਫੇਰ ਲੂੰ ,
ਸਭ ਨੇ ਖਾਣਾ ਜਿੱਥੋਂ ਪੈਲੀ ਨੂੰ ਸੀਂਅ ਲਾਣਦੇ ।
ਕਰ ਲਊਂ ਪੂਜਾ ਤੇਰੇ ਅਰਸ਼ੀਂ ਵੱਸਣ ਵਾਲੇ ਦੀ ,
ਪਹਿਲਾਂ ਬੰਦੇ ਦੀ ਤਾਂ ਮੈਨੂੰ ਟਹਿਲ ਕਮਾਣ ਦੇ ।
ਸੀਤਲ ਚੰਗਾ ਬਣ ਇਨਸਾਨ ਜੋ ਤੇਰਾ ਧਰਮ ਹੈ ,
ਕਾਹਨੂੰ ਫਿਰਦਾਂ ਪਿੱਛੇ ਪੰਡਤਾਂ ਦੇ ਭਗਵਾਨ ਦੇ ।
-
ਗੁਰਭਜਨ ਗਿੱਲ , ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.