ਚਲੋ ਪਿਛਲੀਆਂ ਗੱਲਾਂ ਛੱਡ ਵੀ ਲੈਂਦੇ ਹਾਂ, ਬੋਲੀ ਦੇ ਅਧਾਰ ਉਤੇ ਪੰਜਾਬੀ ਸੂਬਾ ਬਣਾਇਆ ਗਿਆ ਲੰਮੇ ਸੰਘਰਸ਼ ਤੋਂ ਬਾਅਦ। ਪੰਜਾਬੀ ਬੋਲਦੇ ਇਲਾਕੇ ਸਮੇਤ ਚੰਡੀਗੜ੍ਹ ਪੰਜਾਬੋਂ ਬਾਹਰ ਰਹਿਣ ਦਿੱਤੇ ਗਏ। ਸੂਬੇ ਨੂੰ ਰਾਜਧਾਨੀ ਕੋਈ ਨਾ ਮਿਲੀ। ਪੰਜਾਬੀਆਂ ਹੌਲੀ-ਸਹਿਜੇ ਇਸਨੂੰ ਪ੍ਰਵਾਨ ਕਰ ਲਿਆ। ਇਸ ਸਬੰਧੀ ਸਿਆਸੀ ਪਾਰਟੀਆਂ ਨੇ ਰੰਗ-ਬਰੰਗੇ ਖੇਲ ਖੇਡੇ। ਸਿਆਸੀ ਰੋਟੀਆਂ ਸੇਕੀਆਂ। ਕੁਰਸੀਆਂ ਹਥਿਆਈਆਂ। ਰਾਜ ਭਾਗ ਕੀਤਾ। ਪਰ ਪੰਜਾਬ ਅੱਜ ਵੀ ਰਾਜਧਾਨੀ ਤੋਂ ਸੱਖਣਾ ਹੈ। ਉਹ ਸਿਆਸਤਦਾਨ ਜਿਹਨਾ "ਵਿਰੋਧੀ ਧਿਰ" 'ਚ ਬੈਠਕੇ ਤਾਂ ਪੰਜਾਬ ਦੀ ਇਸ ਮੰਗ ਨੂੰ ਵੱਡੇ ਪੱਧਰ 'ਤੇ ਉਛਲਿਆ, ਪਰ ਜਦੋਂ ਆਪ ਕੁਰਸੀ ਤੇ ਬੈਠ ਗਏ, ਇਸ ਸਾਰੇ ਮਸਲੇ ਨੂੰ ਵਿਸਾਰ ਦਿੱਤਾ! ਅੱਜ ਵੀ ਨਾ ਹੁਣ ਵਾਲੇ ਹਾਕਮ, ਨਾ ਵਿਰੋਧੀ ਧਿਰ ਜਾਂ ਹਾਰੇ ਹੋਏ ਹਾਕਮ ਇਸ ਮਸਲੇ ਬਾਰੇ ਗੰਭੀਰ ਹਨ।
ਪੰਜਾਬ ਦੇ ਪਾਣੀਆਂ ਨੂੰ ਪੰਜਾਬ ਤੋਂ ਖੋਹਿਆ ਗਿਆ। ਬਣਦਾ ਹੱਕ ਪੰਜਾਬ ਨੂੰ ਦਿੱਤਾ ਨਾ ਗਿਆ। ਪਾਣੀ ਨੂੰ ਤਰਸ ਰਹੇ ਪੰਜਾਬ ਨੇ , ਆਪਣੀ ਕੁੱਖ ਦਾ ਪਾਣੀ ਕੱਢ, ਦੇਸ਼ ਦੀਆਂ ਅੰਨ ਲੋੜਾਂ ਪੂਰੀਆਂ ਕੀਤੀਆਂ ਅਤੇ ਅੱਜ ਸਥਿਤੀ ਇਹ ਹੈ ਕਿ ਪੰਜਾਬ ਦੇ ਕੁੱਲ 135 ਬਲਾਕਾਂ ਵਿਚੋਂ 110 ਬਲਾਕ ਡਾਰਕ ਜ਼ੋਨ 'ਚ ਆਏ ਹੋਏ ਹਨ। ਪੰਜਾਬ ਰੇਗਸਤਾਨ ਬਨਣ ਵੱਲ ਜਾ ਰਿਹਾ ਹੈ। ਪੰਜਾਬੀਆਂ ਇਸ ਭਿਅੰਕਰ ਭਵਿੱਖ ਨੂੰ ਵੀ, ਢਿੱਡ ਨੂੰ ਝੁਲਕਾ ਦੇਣ ਲਈ, ਪ੍ਰਵਾਨ ਕਰ ਲਿਆ। ਰੇਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਦੇ ਦਰਿਆਈ ਪਾਣੀ ਉਤੇ ਹੱਕ ਪੰਜਾਬ ਦਾ ਬਣਦਾ ਹੈ। ਪਰ ਪੰਜਾਬੀ ਸੂਬਾ ਬਨਾਉਣ ਵੇਲੇ ਇਸ ਦਾ ਪਾਣੀ ਰਾਜਸਥਾਨ, ਹਰਿਆਣਾ ਨੂੰ ਵੀ ਦੀ ਦਿੱਤਾ ਗਿਆ, ਜੋ ਰੇਪੇਰੀਅਨ ਕਾਨੂੰਨ ਦੀ ਉਲੰਘਣਾ ਸੀ। ਪਰ ਉਪਰਲੇ ਹਾਕਮਾਂ ਪੰਜਾਬੀਆਂ ਦਾ ਹੱਕ ਸਾਜ਼ਿਸ਼ੀ ਢੰਗ ਨਾਲ ਖੋਹਿਆ ਅਤੇ ਇਸ ਸਾਜ਼ਿਸ਼ ਦਾ ਸ਼ਿਕਾਰ ਪੰਜਾਬ ਦੇ ਹੱਕਾਂ ਦੇ ਗੱਲੀਂ ਬਾਤੀਂ ਅਲੰਬਰਦਾਰ ਬਣੇ 'ਅਕਾਲੀ' ਵੀ ਹੋਏ ਅਤੇ ਪੰਜਾਬ ਦੇ ਹੋਰ ਸਿਆਸਤਦਾਨ ਵੀ, ਜਿਹੜੇ ਹੱਥ ਤੇ ਹੱਥ ਧਰਕੇ ਬੈਠੇ ਪਤਾ ਨਹੀਂ ਕਿਹੜੇ ਵੇਲਿਆਂ ਦੀ ਉਡੀਕ ਕਰ ਰਹੇ ਹਨ, ਜਦੋਂ ਕੋਈ ਉਹਨਾ ਦੇ ਹੱਥ "ਆਪੇ" ਆਕੇ ਰੋਟੀ ਧਰ ਦੇਵੇਗਾ?
ਪੰਜਾਬ 'ਚ ਗਰਮ-ਤੱਤੀਆਂ ਹਵਾਵਾਂ ਵਗੀਆਂ। ਪੰਜਾਬ 'ਚ ਖਾੜਕੂਵਾਦ ਨੇ ਪੈਰ ਪਸਾਰੇ। ਹਜ਼ਾਰਾਂ ਨੌਜਵਾਨ ਪੰਜਾਬ 'ਚ ਲੱਗੀ ਇਸ ਅੱਗ 'ਚ ਝੁਲਸ ਗਏ। ਪੰਜਾਬ ਨੇ ਆਪਣੇ ਪਵਿੱਤਰ ਸਥਾਨ ਉਤੇ ਹਮਲਾ ਹੰਢਾਇਆ। ਹਜ਼ਾਰਾਂ ਨੌਜਵਾਨ ਅਤੇ ਮਸੂਮ ਲੋਕ, ਜਾਨਾਂ ਗੰਵਾ ਬੈਠੇ। ਕੋਈ ਇੱਕ ਧਰਮ ਦਾ ਮਰਿਆ ਜਾਂ ਮਾਰਿਆ ਗਿਆ ਜਾਂ ਦੂਜੇ ਧਰਮ ਦਾ ਮਰਿਆ ਜਾਂ ਮਾਰਿਆ ਗਿਆ। ਖ਼ੂਨ ਤਾਂ ਪੰਜਾਬੀਆਂ ਦਾ ਡੁਲ੍ਹਿਆ। ਪੰਜਾਬੀਆਂ ਇਸ ਨੂੰ ਵੀ ਪ੍ਰਵਾਨ ਕੀਤਾ। ਅਤਿਵਾਦ ਦੀ ਹਨ੍ਹੇਰੀ ਨੇ ਪੰਜਾਬ ਦੇ ਇੰਨੇ ਘਰ ਝੁਲਸੇ ਕਿ ਪੰਜਾਬ ਦੇ ਲੋਕ ਅੱਜ ਤੱਕ ਵੀ ਤਾਬੇ ਨਹੀਂ ਆ ਸਕੇ। ਉਹ ਨੌਜਵਾਨ ਜਿਹਨਾ ਪੰਜਾਬ ਦਾ ਭਵਿੱਖ ਸੁਆਰਨਾ ਸੀ, ਉਹ ਮਾਰੇ ਗਏ। ਹਜ਼ਾਰਾਂ ਘਰ ਸੁੰਨੇ ਹੋਏ। ਜ਼ਮੀਨਾਂ, ਜਾਇਦਾਦਾਂ ਤਬਾਹ ਹੋਈਆਂ। ਇਸ ਸੰਤਾਪ ਵਿਚੋਂ ਅੱਜ ਤੱਕ ਵੀ ਪੰਜਾਬ ਬਾਹਰ ਨਹੀਂ ਆ ਸਕਿਆ। ਕਿੰਨੇ ਸਾਰੇ ਲੋਕ ਅੱਜ ਵੀ ਜੇਲ੍ਹਾਂ ਕੱਟ ਰਹੇ ਹਨ, ਸਜ਼ਾਵਾਂ ਭੁਗਤ ਰਹੇ ਹਨ। ਪੰਜਾਬੋਂ ਬਾਹਰ ਰਹਿੰਦੇ ਸਿੱਖਾਂ, ਇਸ ਠੰਡੀ-ਤੱਤੀ ਹਨ੍ਹੇਰੀ ਦਾ ਖ਼ਾਮਿਆਜ਼ਾ ਭੁਗਤਿਆ। ਬੇਕਸੂਰੇ ਮਾਰੇ ਗਏ। ਉਹਨਾ ਦੇ ਘਰ-ਬਾਰ, ਜ਼ਮੀਨਾਂ, ਜਾਇਦਾਦਾਂ ਤਬਾਹ ਹੋਈਆਂ। ਕੀ ਇਸ ਸਾਰੇ ਕੁਝ ਲਈ ਜ਼ੁੰਮੇਵਾਰ ਲੋਕ ਰਾਜ-ਭਾਗ ਕਰਨ ਵਾਲੇ ਉਹ ਸੋਦਾਗਰ ਨਹੀਂ ਹਨ, ਜਿਹਨਾ ਸੰਤਾਪ ਹੰਢਾਉਣ ਵਾਲੇ ਪੰਜਾਬੀਆਂ ਦੀ ਕਦੇ ਸਾਰ ਹੀ ਨਹੀਂ ਲਈ?
ਪੰਜਾਬ ਦੀ ਜ਼ਮੀਨ ਨੂੰ ਕੀਟਨਾਸ਼ਕਾਂ ਅਤੇ ਖਾਦਾਂ ਨੇ ਖਾਧਾ। ਪੰਜਾਬ ਦੇ ਕਿਸਾਨ ਨੂੰ ਖੁਦਕੁਸ਼ੀਆਾਂ ਦੇ ਰਾਹ ਪਾਇਆ ਗਿਆ। ਪੰਜਾਬ ਦੇ ਲੋਕਾਂ ਨੂੰ ਕੈਂਸਰ ਨੇ ਅੱਧਮੋਇਆ ਜਾਂ ਮੋਇਆ ਕਰ ਦਿੱਤਾ। ਇੱਕ ਨਹੀਂ ਦਸ, ਦਸ ਨਹੀਂ ਸੈਂਕੜੇ, ਸੈਂਕੜੇ ਨਹੀਂ ਹਜ਼ਾਰਾਂ ਜਾਨਾਂ ਕੈਂਸਰ ਦੇ 'ਸੱਪ' ਨੇ ਡੱਸ ਲਈਆ। ਪੰਜਾਬੀਆਂ ਇਸ ਨੂੰ ਵੀ ਪ੍ਰਵਾਨ ਕੀਤਾ। ਹਰਿਆ-ਭਰਿਆ ਪੰਜਾਬ, ਉਪਰੋਂ ਹੱਸ-ਮੁੱਖ ਜਾਪਦਾ ਹੈ, ਪਰ ਅੰਦਰੋਂ ਝੁਲਸਿਆ ਪਿਆ ਹੈ। ਪੰਜਾਬ ਦਾ ਸਰੀਰ ਕੀਟਨਾਸ਼ਕਾਂ ਖਾ ਲਿਆ ਹੈ ਜੋ ਹੁਣ ਸਿਰਫ ਇੱਕ ਪਿੰਜਰ ਵਾਂਗਰ ਦਿਖਾਈ ਦੇ ਰਿਹਾ ਹੈ। ਪੰਜਾਬ 'ਚ ਕੈਂਸਰ ਹਰ ਪਾਸੇ ਪਸਰਿਆ ਪਿਆ। ਜਿਹਨਾ ਬਿਮਾਰੀਆਂ ਦਾ ਪੰਜਾਬ 'ਚ ਨਾਮੋ-ਨਿਸ਼ਾਨ ਨਹੀ ਸੀ, ਉਹਨਾ ਬਿਮਾਰੀਆਂ ਨਾਲ ਪੰਜਾਬ ਗ੍ਰਸਿਆ ਪਿਆ ਹੈ। ਦਮਾ, ਸ਼ੂਗਰ, ਟਾਈਫਾਈਡ, ਤਾਂ ਘਰ ਘਰ ਦੀ ਕਹਾਣੀ ਬਣਕੇ ਰਹਿ ਗਈ ਹੈ। ਹਾਲਤ ਤਾਂ ਇਹ ਹੈ ਕਿ ਮਾਂ ਦੇ ਦੁੱਧ ਵਿੱਚ ਵੀ ਕੀਟਨਾਸ਼ਕ, ਖਾਦਾਂ ਦਿੱਸਣ ਲੱਗੀਆਂ ਹਨ।
ਪੰਜਾਬ 'ਚ ਨਾ ਕੋਈ ਵੱਡਾ ਉਦਯੋਗ ਲੱਗਾ। ਪੰਜਾਬ 'ਚ ਨਾ ਵੱਡਾ ਕਾਰੋਬਾਰ ਖੁਲ੍ਹਿਆ। ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ ਦੀਆਂ ਨਿੱਤ ਤੰਦਾਂ ਪਾਉਂਦਾ ਗਿਆ। ਜੀਉਂਦਾ ਮਰਦਾ ਗਿਆ। ਮਜ਼ਬੂਰੀ 'ਚ ਦੇਸ਼ ਛੱਡ ਕਾਨੂੰਨੀ, ਗੈਰ-ਕਾਨੂੰਨੀ ਵਿਦੇਸ਼ਾਂ ਨੂੰ ਭੱਜਦਾ ਗਿਆ। ਘਰ ਵੇਚੇ, ਬਾਰ ਵੇਚੇ, ਮਾਪੇ ਗੁਆਏ, ਜ਼ਮੀਨ ਗੁਆਈਆਂ, ਰਿਸ਼ਤੇ-ਨਾਤੇ ਛੱਡੇ। ਪੰਜਾਬੀਆਂ ਇਸਨੂੰ ਵੀ ਪ੍ਰਵਾਨ ਕੀਤਾ। ਪੰਜਾਬ ਖੇਤੀ ਪ੍ਰਧਾਨ ਖੇਤਰ ਹੈ। ਇਥੇ ਤਾਂ ਫਸਲਾਂ ਦੀਆਂ ਲਹਿਰਾਂ-ਬਹਿਰਾਂ ਹਨ। ਖੇਤੀ ਅਧਾਰਤ ਉਦਯੋਗ ਤਾਂ ਪੰਜਾਬ 'ਚ ਪਹਿਲ ਹੋਣਾ ਚਾਹੀਦਾ ਸੀ। ਅਨਾਜ਼ ਤੇ ਹੋਰ ਪੈਦਾ ਹੋਣ ਵਾਲੇ ਖਾਦ ਪਦਾਰਥਾਂ ਦੇ ਤਾਂ ਥਾਂ-ਥਾਂ ਸਟੋਰੇਜ ਹੋਣੇ ਚਾਹੀਦੇ ਸਨ। ਸਰਕਾਰ ਵੱਲੋਂ ਖੇਤੀ ਮਸ਼ੀਨਰੀ ਦੇ ਤਾਂ ਪੰਜਾਬ 'ਚ ਥਾਂ-ਥਾਂ ਤੇ ਅੰਬਾਰ ਲੱਗਾ ਦਿੱਤੇ ਗਏ । ਕਿਸਾਨਾਂ ਨੇ ਹੁੱਬ-ਹੁੱਬ ਕੇ ਕਰਜ਼ਾ ਲੈ ਲੈ ਕੇ ਮਸ਼ੀਨਰੀ ਖਰੀਦੀ,ਜਿਸਦੀ ਉਸਨੂੰ ਲੋੜ ਹੀ ਨਹੀਂ ਸੀ। ਕਿਸਾਨ ਕਰਜ਼ਾਈ ਬਣ ਗਏ। ਖੇਤੀ ਘਾਟੇ ਦੀ ਖੇਤੀ ਬਣ ਗਈ। ਹੌਸਲੇ ਨਾਲ ਇਸ ਸਥਿਤੀ ਨੂੰ ਝੱਲਣ ਦੀ ਬਜਾਏ ਉਹਨਾ ਖ਼ੁਦਕੁਸ਼ੀਆਂ ਦਾ ਰਾਹ ਫੜ ਲਿਆ। ਅੱਜ ਹਰ ਰੋਜ਼ 3 ਜਾਂ 4 ਕਿਸਾਨ ਜਾਂ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ।ਪਿਛਲੇ ਦਸ ਸਾਲਾਂ 'ਚ ਲਗਭਗ 17000 ਕਿਸਾਨਾਂ, ਖੇਤ ਮਜ਼ਦੂਰਾਂ ਫਾਹੇ ਲੈ ਲਏ, ਜਾਨ ਗੁਆ ਲਈ।
ਪੰਜਾਬੀਆਂ ਦੀ ਮਾਂ-ਬੋਲੀ ਨੂੰ ਉਸ ਤੋਂ ਖੋਹਣ ਦਾ ਯਤਨ ਹੋਇਆ। ਸੂਬੇ ਨੂੰ ਤਿੰਨ ਭਾਸ਼ਾਈ ਸੂਬਾ ਗਰਦਾਨਿਆ ਗਿਆ। ਪੰਜਾਬੀਆਂ ਇਸ ਤੇ ਵੀ ਸੀਅ ਨਾ ਕੀਤੀ। ਲਗਭਗ ਇਸਨੂੰ ਪ੍ਰਵਾਨ ਕਰ ਹੀ ਲਿਆ। ਮਾਂ ਬੋਲੀ ਉਤੇ ਅਧਾਰਤ ਦੇਸ਼ ਭਰ ਵਿੱਚ ਸੂਬੇ ਬਣਾਏ ਗਏ। ਪਰ ਜਦ ਪੰਜਾਬੀਆਂ ਬੋਲੀ ਅਧਾਰਤ ਸੂਬਾ ਮੰਗਿਆ। ਫਿਰਕੂ ਅਧਾਰ ਉਤੇ ਇਸ ਮੰਗ ਨੂੰ ਕਿਸੇ ਤੱਣ-ਪੱਤਣ ਨਾ ਲੱਗਣ ਦਿੱਤਾ ਗਿਆ। ਫਿਰ ਜਦ ਪੰਜਾਬੀ ਸੂਬਾ ਬਣਾਇਆ ਗਿਆ ਤਾਂ ਉਹ ਵੀ ਲੰਗੜਾ। ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਹੀ ਛੱਡ ਦਿੱਤੇ ਗਏ। ਸੂਬਾ ਬਨਣ 'ਤੇ ਵੀ ਪੰਜਾਬੀ ਬੋਲੀ ਕਹਿਣ ਨੂੰ ਤਾਂ ਸਰਕਾਰੀ ਬੋਲੀ ਮੰਨੀ ਗਈ, ਪਰ ਦਫ਼ਤਰੀ ਕੰਮ ਹੁਣ ਵੀ ਅੰਗਰੇਜ਼ੀ 'ਚ ਚਲਦਾ ਹੈ। ਅਦਾਲਤਾਂ 'ਚ ਅੰਗਰੇਜ਼ੀ ਦਾ ਬੋਲ ਬਾਲਾ ਹੈ। ਸੂਬੇ 'ਚ ਕੰਮਕਾਜੀ ਭਾਸ਼ਾ ਪੰਜਾਬੀ ਨਹੀਂ, ਅੰਗਰੇਜ਼ੀ ਹੈ। ਸਰਕਾਰਾਂ ਨੇ ਤਾਂ ਪੰਜਾਬੀ ਬੋਲੀ ਨੂੰ ਪ੍ਰਵਾਨਿਆ ਹੀ ਨਾ, ਫਿਰਕੂ ਸੋਚ ਵਾਲਿਆਂ ਆਪਣੀ ਮਾਂ ਨੂੰ ਮਾਂ ਸਵੀਕਾਰ ਨਾ ਕੀਤਾ। ਅੱਜ ਵੀ ਪਬਲਿਕ ਸਕੂਲਾਂ 'ਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ। ਪੰਜਾਬੀ ਬੋਲਣ 'ਤੇ ਬੱਚਿਆਂ ਨੂੰ ਜ਼ੁਰਮਾਨੇ ਤੱਕ ਲਗਾਏ ਜਾਂਦੇ ਹਨ।
ਪੰਜਾਬ ਨਸ਼ੇ ਨੇ ਖਾ ਲਿਆ। ਪੰਜਾਬੀ ਚਿੱਟੇ ਨੇ ਕਾਲੇ ਕਰ ਦਿੱਤੇ। ਪੰਜਾਬੀ ਨੌਜਵਾਨਾਂ ਦੇ ਮੂੰਹ ਚਿੱਟੇ ਨੇ ਕਾਲਖ ਮਲ ਦਿੱਤੀ। ਪੰਜਾਬੀ ਨੌਜਵਾਨ ਆਪਾ ਖੋ ਬੈਠਾ। ਘਰ ਘਰ ਵੈਣ ਹਨ। ਘਰ-ਘਰ ਕੁਰਲਾਹਟ ਹੈ। ਘਰ-ਘਰ ਡਰ ਹੈ। ਮਾਂ ਰੋਂਦੀਆਂ ਹਨ। ਬਾਪੂ ਡੁਸਕਦੇ ਹਨ। ਬੱਚੇ ਵਿਰਲਾਪ ਕਰਦੇ ਹਨ। ਕੌਣ ਸੁਣੇ ਉਹਨਾ ਦੀਆਂ ਚੀਕਾਂ? ਕੌਣ ਸੁਣੇ ਉਹਨਾ ਦੀ ਪੁਕਾਰ! ਕੌਣ ਦੇਵੇ ਜ਼ਿੰਦਗੀ ਭਰ" ਦੇ ਦਿਲਾਸੇ ਉਹਨਾ ਨੂੰ। ਕੌਣ ਧੋਵੇ ਉਹਨਾ ਦੇ ਦਿਲ ਦੇ ਦਾਗ। ਆਖ਼ਰ ਪੰਜਾਬ ਨੂੰ ਕਾਲੋਂ ਕਿਸਨੇ ਮਲੀ ਹੈ? ਕੌਣ ਹੈ ਪੰਜਾਬ ਦੀ ਹੱਸਦੀ ਵੱਸਦੀ ਜੁਆਨੀ ਨੂੰ ਮਲੀਆਮੇਟ ਕਰਨ ਵਾਲਾ। ਕੌਣ ਹੈ ਇਹ ਜਰਵਾਣਾ? ਕੌਣ ਹੈ ਇਹ ਜ਼ਾਲਮ? ਇਹ ਜਰਵਾਣਾ ਕੀ ਔਰੰਗਜੇਬ ਤੋਂ ਵੀ ਭੈੜਾ ਨਹੀਂ? ਇਹ ਜ਼ਾਲਮ ਕੀ ਨਾਦਰ ਸ਼ਾਹ ਦੇ ਪੂਰਨਿਆਂ ਤੇ ਚੱਲਣ ਵਾਲਾ, ਪੰਜਾਬੀਆਂ ਦੀ ਨਸਲਕੁਸ਼ੀ ਕਰਨ ਵਾਲਾ ਦਿਰੰਦਾ ਨਹੀਂ। ਪੰਜਾਬ ਵਿੱਚ ਨਸ਼ਾ ਤਸਕਰਾਂ, ਕੁਝ ਸਿਆਸੀ ਲੋਕਾਂ ਅਤੇ ਕੁਝ ਅਫ਼ਸਰਸ਼ਾਹੀ ਦੀ ਤਿਕੜੀ ਮਾਫੀਏ ਵਜੋਂ ਕੰਮ ਕਰ ਰਹੀ ਹੈ। ਪੰਜਾਬ ਲੁੱਟਿਆ ਜਾ ਰਿਹਾ ਹੈ। ਪੰਜਾਬ ਕੁੱਟਿਆ ਜਾ ਰਿਹਾ ਹੈ। ਪੰਜਾਬ ਝੰਬਿਆ ਜਾ ਰਿਹਾ ਹੈ। ਪੰਜਾਬੀਆਂ ਦੀ ਨਸਲਕੁਸ਼ੀ ਕਰਨ ਵਾਲੇ ਕੁਕਰਮ ਕਰਨ ਵਾਲੇ ਮਾਫੀਏ ਦੀ ਡੋਰ ਕਿਸ ਕੋਲ ਹੈ? ਕਿਹੜੀ ਸਾਜ਼ਿਸ਼ ਹੈ, ਜੋ ਬਹਾਦਰ, ਸੁਡੋਲ, ਜਾਬਾਂਜ ਪੰਜਾਬੀਆਂ ਦਾ ਖੁਰਾ ਖੋਜ਼ ਮਿਟਾਉਣ ਤੇ ਤੁਲੀ ਹੋਈ ਹੈ? ਪਹਿਲਾਂ ਹੱਲਾ, ਇਸਦੇ ਹੱਕਾਂ 'ਤੇ ਵੱਜਿਆ। ਦੂਜਾ ਹੱਲਾ, ਠੰਡੀਆਂ-ਤੱਤੀਆਂ ਹਵਾਵਾਂ ਦਾ ਵੱਜਿਆ। ਤੀਜਾ ਹੱਲਾ, ਪੰਜਾਬ ਦੀ ਧਰਤੀ ਦਾ ਨਾਸ ਮਾਰਨ ਦਾ ਵੱਜਿਆ ਅਤੇ ਚੌਥਾ ਹੱਲਾ ਨਸ਼ਿਆਂ ਨਾਲ ਪੰਜਾਬ ਨੂੰ ਬਰਬਾਦ ਕਰਨ ਦਾ ਵੱਜਿਆ ਹੈ।
ਆਓ ਪਹਿਚਾਣੀਏ ਇਹ ਕੌਣ ਹਨ ਜੋ ਪੰਜਾਬ ਦਾ ਖਾਤਮਾ ਚਾਹੁੰਦੇ ਹਨ, ਪੰਜਾਬੀਆਂ ਦੀ ਨਸਲਕੁਸ਼ੀ ਕਰਨਾ ਚਾਹੁੰਦੇ ਹਨ। ਪੰਜਾਬੀਓ ਬਾਕੀ ਸਭ ਕੁਝ ਤਾਂ ਤੁਸੀਂ ਪ੍ਰਵਾਨ ਕਰ ਲਿਆ ਹੈ, ਪਰ ਕਿ ਇਸ ਨਸਲਮਾਰੂ ਜੰਗ ਨੂੰ ਪ੍ਰਵਾਨ ਕਰ ਲਵੋਗੇ? ਜਾਗੋ ਪੰਜਾਬੀਓ ਜਾਗੋ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.