ਖ਼ਬਰ ਹੈ ਕਿ ਸਵਿੱਸ ਬੈਂਕਾਂ 'ਚ ਭਾਰਤੀਆਂ ਵਲੋਂ ਰੱਖਿਆ ਗਿਆ ਪੈਸਾ 2017 'ਚ 50 ਫੀਸਦੀ ਵਧਕੇ 7000 ਕਰੋੜ ਜਾਣੀ ਡੇਢ ਗੁਣਾ ਹੋ ਗਿਆ ਹੈ।ਸਾਲਾਨਾ ਅੰਕੜਿਆਂ ਮੁਤਾਬਕ 2017 ਵਿੱਚ ਭਾਰਤੀ ਨਾਗਰਿਕਾਂ ਦੇ ਮੁਕਾਬਲੇ ਸਵਿੱਸ ਬੈਕਾਂ ਦੇ ਵਿਸ਼ਵ ਭਰ ਦੇ ਗਾਹਕਾਂ ਦਾ ਕੁਲ ਪੈਸਾ ਤਿੰਨ ਫੀਸਦੀ ਵਾਧੇ ਨਾਲ 100 ਲੱਖ ਕਰੋੜ ਹੋ ਗਿਆ। ਭਾਰਤ ਵਲੋਂ ਉਥੇ ਜਮ੍ਹਾਂ ਸ਼ੱਕੀ ਕਾਲੇ ਧੰਨ ਤੇ ਸ਼ਿਕੰਜਾ ਕੱਸਣ ਦਰਮਿਆਨ ਤਿੰਨ ਸਾਲ ਲਗਾਤਾਰ ਪੈਸਾ ਘਟਣ ਪਿੱਛੋਂ ਪਹਿਲੀ ਵੇਰ ਇਹ ਡੇਢ ਗੁਣਾ ਵਾਧਾ ਵੇਖਣ ਨੂੰ ਮਿਲਿਆ।
ਹੈ ਤਾਂ ਮਾਇਆ ਹੱਥਾਂ ਦੀ ਮੈਲ, ਪਰ ਹੈ ਨਿਰੀ ਨਾਗਣੀ। ਇਹ ਤਾਂ ਸਾਂਭਣੀ ਹੀ ਪੈਂਦੀ ਹੈ। ਗੁਸਲਖਾਨਿਆਂ 'ਚ, ਤਹਿਖਾਨਿਆਂ 'ਚ, ਅੰਦਰਲੀਆਂ ਜੇਬਾਂ 'ਚ ਅਤੇ ਨਾ ਸਰਦੇ ਨੂੰ ਬੈਂਕਾਂ 'ਚ। ਉਂਜ ਭਾਈ ਮਾਇਆ ਚਾਹੀਦੀ ਕੀਹਨੂੰ ਨਹੀਂ? ਮੋਦੀ ਨੇ ਮਾਇਆ ਮੰਗੀ,ਉਹਦੇ ਵਿਹੜੇ ਧੜਾ-ਧੜ ਡਿੱਗੀ। "ਸ਼ਾਹ" ਨੇ ਮਾਇਆ ਚਾਹੀ, ਉਹਦੇ ਦੁਆਲੇ ਧੰਨ ਦੇ ਅੰਬਾਰ ਲੱਗ ਗਏ। ਅੰਬਾਰ ਐਨੇ ਲੱਗ ਗਏ ਕਿ ਸਾਂਭੀ ਨਾ ਜਾਵੇ। ਨੋਟਬੰਦੀ ਤੋਂ ਮਿਲੇ ਕਾਲੇ ਧੰਨ ਨਾਲ ਦੇਸ਼ ਦੀਆਂ ਬੈਂਕਾਂ ਭਰ ਗਈਆਂ ਤਾਂ ਫਿਰ ਰੱਖਣ ਨੂੰ ਥਾਂ ਚਾਹੀਦੀ ਸੀ! ਦੁਨੀਆਂ ਦੀਆਂ ਬੈਂਕਾਂ, ਆਹ ਆਪਣੇ ਹਿੰਦੋਸਤਾਨੀਆਂ ਦੇ "ਕਾਲੇ ਧੰਨ" ਨਾਲ ਧੜਾ-ਧੜ ਭਰ ਗਈਆਂ। ਘਰ ਭਰ ਗਿਆ, ਬਾਰ ਭਰ ਗਿਆ, ਤਾਂ ਪੈਸਾ ਤਾਂ ਭਾਈ ਕਿਧਰੇ ਰੱਖਣਾ ਹੀ ਸੀ। ਗੁਆਢੀਆਂ ਦਾ ਘਰ ਭਰ ਲਿਆ। ਅਤੇ ਸਵਿੱਸ ਬੈਂਕ ਤਾਂ ਭਾਈ ਸੁਰੱਖਿਅਤ ਥਾਂ ਹੈ, ਕਾਲੇ-ਚਿੱਟੇ ਧੰਨ ਲਈ।
ਸੁਣਿਆ ਸੀ ਕਾਲਾ ਧੰਨ ਚਿੱਟਾ ਹੋਊ। ਸੁਣਿਆ ਸੀ ਗਰੀਬ ਦੀ ਹਰ ਗੋਲਕ 'ਚ 15 ਲੱਖ ਪਊ। ਸੁਣਿਆ ਸੀ ਹਰ ਸਿਰ 'ਤੇ ਛੱਤ ਹੋਊ। ਸੁਣਿਆ ਸੀ ਠੱਗੀ, ਚੋਰੀ, ਭ੍ਰਿਸ਼ਟਾਚਾਰ, ਧੌਂਸ ਬੰਦ ਹੋਊ। ਸੁਣਿਆ ਸੀ ਰਾਮ ਦਾ ਰਾਜ ਆਊ, ਜਿਥੇ ਸਭ ਦਾ ਵਿਕਾਸ ਹੋਊ। ਸੁਣਿਆ ਸੀ,ਦੇਸ਼ 'ਚ ਕੋਈ ਵੀ ਨਿਰਾਸ਼ ਨਾ ਹੋਊ। ਪਰ ਕਵੀ ਭਜਨ ਵਿਰਕ ਦੇ ਕਹਿਣ ਵਾਂਗਰ ਲੱਗਦਾ ਤਾਂ ਇਵੇਂ ਆ, "ਠੱਗਾਂ ਦਾ ਹੀ ਸਾਥ ਨਿਭਾਉਂਦੇ ਠੱਗਾਂ ਦੇ ਸਿਰਨਾਵੇਂ, ਖ਼ੁਦ ਨੂੰ ਉਹ ਦਰਸਾਉਂਦੇ ਭਾਵੇਂ ਨਬੀਆਂ ਦੇ ਸਿਰਨਾਵੇਂ"।
ਪੌਣੀ ਸਦੀ ਆਜ਼ਾਦੀ ਦੀ ਲੰਘ ਗਈ ਏ, ਮਰਨ ਲਈ ਸਹੂਲਤਾਂ ਸਾਰੀਆਂ ਜੀ!
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਸਮਝੇ ਜਾਂਦੇ ਰਾਣਾ ਗੁਰਜੀਤ ਸਿੰਘ(ਸਾਬਕਾ ਮੰਤਰੀ) ਨੇ ਇੱਕ ਨਿੱਜੀ ਟੀ ਵੀ ਚੈਨਲ ਨੂੰ ਬਿਆਨ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਕਿੰਤੂ ਪ੍ਰੰਤੂ ਕੀਤਾ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਇਥੇ ਕੋਈ ਸੁਣਨ ਵਾਲਾ ਹੋਈ ਨਹੀਂ ਹੈ ਤੇ ਸੁਣਾਈਏ ਕਿਸਨੂੰ? ਰਾਣਾ ਗੁਰਜੀਤ ਸਿੰਘ ਨੇ ਅਫ਼ਸਰਸ਼ਾਹੀ 'ਤੇ ਕੋਈ ਸੁਣਵਾਈ ਨਾ ਹੋਣ ਦੀ ਗੱਲ ਆਖੀ ਹੈ। ਰਾਣਾ ਨੇ ਮੰਨਿਆ ਕਿ ਪੰਜਾਬ 'ਚੋਂ ਨਸ਼ੇ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਤੇ 36 ਮਹੀਨਿਆਂ ਬਾਅਦ ਸਰਕਾਰ ਚਲੇ ਜਾਣੀ ਹੈ।
ਪਹਿਲਾਂ ਤਾਂ ਕਹਿੰਦੇ ਸੀ ਕਿ ਹਾਲਾਤ ਦੇਸ਼ ਦੀ ਹੋਈ ਏ ਬੜੀ ਪਤਲੀ, ਕੀਹਦੀ ਨਜ਼ਰ ਚੰਦਰੀ ਯਾਰੋ ਵਾਰ ਕਰ ਗਈ। ਸਾਡੀ ਮਹਿਕਦੀ ਟਹਿਕਦੀ ਜ਼ਿੰਦਗੀ ਨੂੰ ਭੁੱਖ, ਨੰਗ, ਗਰੀਬੀ ਲੰਗਾਰ ਕਰ ਗਈ! ਪਰ ਹੁਣ ਤਾਂ ਯਾਰੋ ਆਹ ਪੰਜਾਬ ਜਿਥੇ ਦੇ ਲੋਕ ਖੁਸ਼ ਵਸਦੇ ਸਨ , ਉਥੇ ਤਾਂ ਹੁਣ ਖੁਸ਼ੀਆਂ ਦੀ ਨਹੀਂ, ਨਸ਼ਿਆਂ ਦੀ ਬਹਾਰ ਆਈ ਹੋਈ ਆ। ਹੁਣ ਤਾਂ ਯਾਰੋ ਆਹ ਪੰਜਾਬ ਦੇ, ਹਰ ਪਿੰਡ, ਹਰ ਸ਼ਹਿਰ ਦੇ, ਹਰ ਮੁਹੱਲੇ ਨੌਜਵਾਨਾਂ ਦੇ ਸੱਥਰ ਵਿਛਦੇ ਜਾ ਰਹੇ ਹਨ। ਨਾ ਪੰਜਾਬ ਨੂੰ ਚਿੱਟੇ ਛੱਡਿਆ, ਨਾ ਕਾਲੀ ਨਾਗਣੀ ਨੇ। ਨਾ ਪੰਜਾਬ ਨੂੰ ਟੀਕਿਆਂ ਛੱਡਿਆ, ਨਾ ਕਿਰਲੀਆਂ ਸੱਪਾਂ ਦੇ ਡੰਗਾਂ ਨੇ। ਨਾ ਪੰਜਾਬ ਨੂੰ ਭਾਈ ਤਸਕਰਾਂ ਛੱਡਿਆ, ਨਾ ਮਾਫ਼ੀਏ ਨੇ। ਨਾ ਪੰਜਾਬ ਨੂੰ ਮੋਟੇ ਢਿੱਡਾਂ ਵਾਲੇ ਭ੍ਰਿਸ਼ਟਾਚਾਰੀਆਂ ਕਾਸੇ ਯੋਗਾ ਛੱਡਿਆ, ਨਾ ਪੰਜਾਬ ਦੇ "ਵੋਟਾਂ ਕੁੱਟ" ਸਵਾਰਥੀ ਨੇਤਾਵਾਂ ਨੇ।
ਕਿੰਨਾ ਅਹਿਸਾਨ ਕੀਤਾ ਇਹਨਾ ਲੋਕਾਂ ਸਾਡੇ ਪਿਆਰੇ ਪੰਜਾਬ ਤੇ ਕੀਟਨਾਸ਼ਕਾਂ ਖਾਦਾਂ ਦੀ ਭਰਮਾਰ ਕਰ ਦਿੱਤੀ। ਲਾਲ ਦੇ ਥਾਂ ਲਹੂ ਚਿੱਟਾ ਕਰ ਦਿਤਾ। ਤੇ ਫਿਰ ਚਿੱਟਾ ਚਾਰੇ ਪਾਸੇ ਵਰਤਾ ਦਿੱਤਾ। ਖੁਸ਼ੀਆਂ ਖੇੜੇ, ਚਾਅ ਮਲਾਰਾਂ ਦੀ ਥਾਂ ਮੌਤ ਦਾ ਛਿੱਟਾ ਚਾਰੇ ਬੰਨੇ ਦੇ ਦਿੱਤਾ। ਤੇ ਹੁਣ ਸੋਹਣੇ ਦੇਸ਼ ਪੰਜਾਬ ਦੀ ਹਾਲਤ ਇਹ ਆ "ਪੌਣੀ ਸਦੀ ਆਜ਼ਾਦੀ ਦੀ ਲੰਘ ਗਈ ਏ, ਮਰਨ ਲਈ ਸਹੂਲਤਾਂ ਸਾਰੀਆਂ ਜੀ"।
ਨਾ ਆਇਓ ਪ੍ਰਦੇਸ, ਇਥੇ ਨਹੀਂਓ ਕੁੱਝ ਲੱਭਣਾ
ਖ਼ਬਰ ਹੈ ਕਿ ਅਮਰੀਕਾ ਦੀਆਂ ਜੇਲ੍ਹਾਂ 'ਚ ਬੰਦ ਸੁਲਤਾਨਪੁਰ ਲੋਧੀ ਦੇ ਕਰੀਬ 30 ਨੌਜਵਾਨਾਂ ਦੇ ਮਾਮਲੇ 'ਚ ਪੁਲਿਸ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ 20 ਦੇ ਕਰੀਬ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਅਮਰੀਕਾ 'ਚ ਉਰੀਗਨ ਸਟੇਟ ਵਿੱਚ ਲਗਭਗ 100 ਦੇ ਕਰੀਬ ਨੌਜਵਾਨ ਹਿਰਾਸਤੀ ਜੇਲ੍ਹ ਵਿੱਚ ਹਨ, ਜਿਹਨਾਂ ਵਿਚੋਂ ਬਹੁਤੇ ਭਾਰਤੀ ਹਨ ਤੇ ਉਹਨਾ ਭਾਰਤੀਆਂ ਵਿੱਚ 52 ਪੰਜਾਬੀ ਹਨ। ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ । ਸਰਹੱਦ ਟੱਪ ਕੇ ਦਾਖਲ ਹੋਣ ਵਾਲੇ ਪੰਜਾਬੀਆਂ ਨੂੰ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਵਲੋਂ ਅਪੀਲ ਕੀਤੀ ਗਈ ਹੈ ਕਿ ਉਹ ਗੈਰ-ਕਾਨੂੰਨੀ ਤਰੀਕੇ ਨਾਲ ਮੋਟੀਆਂ ਰਕਮ ਖਰਚਕੇ ਅਮਰੀਕਾ ਨਾ ਆਉਣ, ਸਗੋਂ ਕਾਨੂੰਨੀ ਤਰੀਕੇ ਨਾਲ ਆਉਣ।
ਚੌਥਾ ਹਿੱਸਾ ਪੰਜਾਬ ਤਾਂ ਹੱਥ 'ਚ ਫੜ ਚਾਰ ਕੁ ਲੀੜੇ, ਝੋਲੇ 'ਚ ਪਾਕੇ 'ਹਿੰਦੋਸਤਾਨੀ ਪਾਸਪੋਰਟ', ਵਤਨਾਂ ਨੂੰ ਅਲਵਿਦਾ ਆਖ ਚੁੱਕਾ। ਕਾਨੂੰਨ, ਗੈਰ-ਕਾਨੂੰਨ ਨਹੀਂ ਜਾਣਦੇ ਪੰਜਾਬੀ। ਹਵਾਈ ਜਹਾਜ਼ ਦੇ ਝੂਟੇ ਲੈਣੇ ਜਾਣਦੇ ਆ। ਜੇ ਜਹਾਜ਼ ਦੇ ਅੰਦਰ ਥਾਂ ਨਾ ਮਿਲੇ, ਹਵਾਈ ਜਹਾਜ਼ਾਂ ਦੇ ਖੰਭਾਂ ਨੂੰ ਫੜ ਆਪਣੀ ਬੇੜੀ ਬੰਨੇ ਲਾ ਲੈਂਦੇ ਆ। ਜਾਂ ਫਿਰ ਸਮੁੰਦਰੀ ਜਹਾਜ਼ ਜਾਂ ਬੇੜੀਆਂ 'ਚ ਵੜ ਕਿਧਰੇ ਵੀ ਬੰਨੇ-ਕੰਢੇ ਲੱਗਣ ਨੂੰ ਤਰਜ਼ੀਹ ਦਿੰਦੇ ਆ। ਇਹ ਆਖਕੇ ਕਿ ਕੁਝ ਨਹੀਂ ਰੱਖਿਆ ਭਾਈ ਹੁਣ ਪੰਜਾਬ 'ਚ! ਤਦੇ ਰੀਸੋ-ਰੀਸੀ ਵੱਡਿਆਂ ਘਰਾਂ ਦੇ ਬੀਬੇ ਵੀ ਅਟੈਚੀਆਂ ਫੜ ਬੱਸ ਤੁਰੇ ਜਾਂਦੇ ਆ, ਅਮਰੀਕਾ, ਕੈਨੇਡਾ, ਬਰਤਾਨੀਆਂ, ਫਰਾਂਸ, ਜਰਮਨੀ, ਅਸਟਰੇਲੀਆ, ਨਿਊਜੀਲੈਂਡ। ਤੇ ਚੌਥਾ ਕੁ ਹਿੱਸਾ ਹੋਰ ਪੰਜਾਬੀ ਜੇਬਾਂ 'ਚ ਪਾਸਪੋਰਟ ਪਾਕੇ ਏਜੰਟਾਂ ਦੇ ਡੇਰਿਆਂ 'ਚ ਘੁੰਮ ਰਹੇ ਆ। ਨਹੀਂਓ ਰਹੀ ਪਿਆਰੀ ਜਾਨ ਪੰਜਾਬੀਆਂ ਨੂੰ! ਤਦੇ ਐਡਾ ਜੋਖ਼ਮ ਉਠਾ ਰਹੇ ਆ। ਉਧਰਲੇ ਪੰਜਾਬੀ ਆਖ ਰਹੇ ਆ, "ਭਾਈ ਨਾ ਆਇਓ ਪ੍ਰਦੇਸ, ਇਥੇ ਨਹੀਂ ਕੁਝ ਲੱਭਣਾ", ਪਰ ਕੰਨ 'ਚ ਵੱਜਦੀਆਂ ਡਾਲਰਾਂ, ਪੌਂਡਾਂ ਦੀਆਂ ਆਵਾਜ਼ਾਂ ਇਹ ਅਵਾਜ਼ ਪੰਜਾਬੀਆਂ ਨੂੰ ਨਹੀਂਓ ਸੁਨਣ ਦਿੰਦੀਆਂ ।ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੋ ਲੱਖ ਕਰੋੜ ਤੋਂ ਵੀ ਜਿਆਦਾ ਰਾਸ਼ੀ 14ਵੇਂ ਵਿੱਤ ਕਮਿਸ਼ਨ ਰਾਹੀਂ ਪਿਛਲੇ ਪੰਜ ਸਾਲਾਂ ਤੋਂ ਭਾਰਤ ਦੇ ਪਿੰਡਾਂ ਦੇ ਵਿਕਾਸ ਲਈ ਵੰਡੀ ਗਈ ਹੈ। ਪੈਸਾ ਤਾਂ ਪਿੰਡਾਂ ਨੂੰ ਆ ਰਿਹਾ ਹੈ, ਪਰ ਜਾ ਕਿਥੇ ਰਿਹਾ ਹੈ ਜਾਂ ਲੱਗ ਕਿਥੇ ਰਿਹਾ ਹੈ, ਇਹ ਸਵਾਲ ਲਗਾਤਾਰ ਸਰਕਾਰ ਤੋਂ ਪੁੱਛਿਆ ਜਾ ਰਿਹਾ ਹੈ।
ਇੱਕ ਵਿਚਾਰ
ਮੇਰਾ ਮੰਨਣਾ ਹੈ ਕਿ ਹਰ ਇਨਸਾਨ ਨੂੰ ਕਿਸੇ ਦੂਸਰੇ ਦੇ ਲਈ ਅੱਛਾ ਕਰਨ ਵਿੱਚ ਖੁਸ਼ੀ ਮਿਲਦੀ ਹੈ।........ ਥਾਮਸ ਜੈਕਸਨ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.