ਮੈਂ ਉਦਾਸ ਹਾਂ, ਮੇਰਾ ਪੰਜਾਬ ਖੁਦਕੁਸ਼ੀਆਂ ਕਰ ਰਿਹਾ ਹੈ, ਮੈਂ ਰੋਕ ਦੇਵਾਂ ਜੇ ਮੈਨੂੰ ਪਤਾ ਹੋਵੇ ਕਿ ਇਹ ਕਿਉਂ ਸਵੈਘਾਤੀ ਰਾਹ ਤੇ ਤੁਰਿਆ ਹੈ। ਤੁਹਾਡੇ ਨਾਲ ਇਸ ਮੁੱਦੇ ਬਾਰੇ ਵਿਚਾਰ ਸਾਂਝੇ ਕਰਨੇ ਹਨ, ਸ਼ਾਇਦ ਤੁਹਾਨੂੰ ਪਤਾ ਹੋਵੇ, ਜੇ ਨਹੀਂ ਪਤਾ ਤਾਂ ਘੱਟੋ ਘੱਟ ਆਪਾਂ ਇਸ ਮੁੱਦੇ ਤੇ ਗੱਲ ਤਾਂ ਕਰੀਏ ਕਿ ਆਖਰ ਸ਼ੇਰਾਂ ਦੀ ਕੌਮ ਕਿਉਂ ਗਿੱਦੜਾਂ ਦੀ ਮੌਤ ਮਰਨ ਲੱਗੀ ਹੈ। ਹਰ ਯੁੱਗ ਵਿੱਚ ਕਦੇ ਕਦਾਈਂ ਕੁਝ ਲੋਕ ਕਿਸੇ ਅੱਤ ਨਿੱਜੀ ਕਾਰਨ, ਕਿਸੇ ਗਲਤੀ ਕਰਨ ਦੀ ਆਤਮ ਗਿਲਾਨੀ ਜਾਂ ਹਾਰ ਸਮੇਂ ਸਵੈ ਮਾਣ ਬਚਾਉਣ ਲਈ ਖ਼ੁਦਕੁਸ਼ੀ ਕਰ ਲੈਂਦੇ ਹਨ ਪਰ ਇਹ ਕੋਈ ਆਮ ਵਰਤਾਰਾ ਨਹੀਂ ਅਤੇ ਕਦੇ ਇਸ ਨੂੰ ਕਿਸੇ ਨੇ ਚੰਗਾ ਨਹੀਂ ਸਮਝਿਆ। ਪਿਛਲੀ ਸਦੀ ਦੇ ਅੰਤਲੇ ਦਹਾਕੇ ਵਿੱਚ ਕਿਸਾਨ ਖ਼ੁਦਕੁਸ਼ੀਆਂ ਦੀਆਂ ਟਾਵੀਆਂ ਟਾਵੀਆਂ ਖ਼ਬਰਾਂ ਆਉਣ ਲੱਗੀਆਂ ਪਰ ਇਨ੍ਹਾਂ ਤੋਂ ਪਹਿਲਾਂ ਇਨਕਾਰ ਕੀਤਾ ਗਿਆ ਅਤੇ ਫਿਰ ਇਨ੍ਹਾਂ ਨੂੰ ਵਿਅਕਤੀਗਤ ਕਮਜ਼ੋਰੀ ਜਾਂ ਸਮੱਸਿਆ ਸਮਝਿਆ ਗਿਆ ਸੀ।ਹੌਲੀ ਹੌਲੀ ਬੁੱਧੀਜੀਵੀਆਂ ਅਤੇ ਸਰਕਾਰਾਂ ਨੇ ਮੰਨ ਲਿਆ ਗਿਆ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਪੰਜਾਬ ਦੇ ਖੇਤੀਬਾੜੀ ਅਰਥਚਾਰੇ ਦੇ ਕਮਜ਼ੋਰ ਪੈ ਜਾਣ ਦੀ ਅਲਾਮਤ ਹਨ। ਕਿਸਾਨਾਂ ਅਨੁਸਾਰ ਖੇਤੀ ਉਤਪਾਦਨ ਦੇ ਖਰਚੇ ਵੱਧ ਗਏ ਪਰ ਉਸ ਅਨੁਪਾਤ ਵਿੱਚ ਭਾਅ ਨਹੀਂ ਵਧੇ, ਫਲਸਰੂਪ ਕਿਸਾਨਾਂ ਸਿਰ ਕਰਜ਼ੇ ਵੱਧ ਗਏ ਜੋ ਉਹ ਮੋੜਨ ਤੋਂ ਅਸਮਰਥ ਹੋਣ ਦੇ ਸਿੱਟੇ ਵਜੋਂ ਨਮੋਸ਼ੀ ਕਾਰਨ ਖ਼ੁਦਕੁਸ਼ੀ ਕਰ ਰਹੇ ਹਨ ।ਦੂਜੇ ਪਾਸੇ ਸਰਕਾਰਾਂ ਅਤੇ ਸਰਕਾਰ ਪੱਖੀ ਬੁੱਧੀਜੀਵੀਆਂ ਨੇ ਕਿਸਾਨਾਂ ਨੂੰ ਗ਼ੈਰ ਉਤਪਾਦਕ ਖ਼ਰਚੇ ਘਟਾਉਣ ਦੀ ਸਲਾਹ ਦਿੱਤੀ ਅਤੇ ਸੰਜਮ ਵਰਤਣ ਲਈ ਆਖਿਆ ਪਰ ਅੰਸ਼ਕ ਤੌਰ ਤੇ ਮੰਨ ਲਿਆ ਕਿ ਕਿਸਾਨੀ ਸੰਕਟ ਵਿੱਚ ਹੈ।
ਪਾਰਟੀਆਂ ਨੇ ਆਪਣੀਆਂ ਰਾਜਸੀ ਗਿਣਤੀਆਂ ਮਿਣਤੀਆਂ ਅਧੀਨ ਕਰਜ਼ਾ ਮੁਆਫੀ ਅਤੇ ਭਾਅ ਵਧਾਉਣ ਦੇ ਵਾਅਦੇ ਕੀਤੇ ਗਏ ਜਿਹੜੇ ਵਾਅਦੇ ਵਫ਼ਾ ਨਹੀਂ ਹੋਏ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਾਰੀ ਹਨ ।ਕਈ ਸਰਵਿਆਂ ਬਾਅਦ ਪਤਾ ਚੱਲਿਆ ਕਿ ਕੇਵਲ ਕਿਸਾਨ ਹੀ ਨਹੀਂ ਸਗੋਂ ਖੇਤ ਮਜ਼ਦੂਰ ਵੀ ਵੱਡੀ ਪੱਧਰ ਤੇ ਖ਼ੁਦਕੁਸ਼ੀਆਂ ਕਰ ਰਹੇ ਹਨ ਭਾਵੇਂ ਅੱਜ ਸੀਰੀ ਪ੍ਰਬੰਧ ਖ਼ਤਮ ਹੋ ਚੁੱਕਿਆ ਅਤੇ ਖੇਤ ਮਜ਼ਦੂਰ ਦਿਹਾੜੀ ਜਾਂਦੇ ਹਨ ਪਰ ਜਦੋਂ ਖੇਤ ਮਾਲਕਾਂ ਕੋਲ ਹੀ ਪੈਸਾ ਨਹੀਂ ਤਾਂ ਮਜ਼ਦੂਰਾਂ ਕੋਲ ਵੀ ਕਿੱਥੇ ਹੋਣਾ ਸੀ ।ਪਹਿਲਾਂ ਪਹਿਲ ਕੁਝ ਲੋਕਾਂ ਨੇ ਭੁਲੇਖਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਦੇਖੋ ਕਿਸਾਨ ਜ਼ਮੀਨਾਂ ਦਾ ਮਾਲਕ ਹੋਕੇ ਵੀ ਮਰ ਰਿਹਾ ਹੈ, ਜਦੋਂ ਕਿ ਖੇਤ ਮਜ਼ਦੂਰ ਬੇਜ਼ਮੀਨਾ ਹੋ ਕੇ ਵੀ ਮਿਹਨਤ ਕਰਕੇ ਜੀਅ ਰਿਹਾ ਹੈ। ਇਹ ਜੱਟ ਤੇ ਸੀਰੀ, ਦਲਿਤ ਅਤੇ ਗੈਰ ਦਲਿਤ ਵਿਚਕਾਰ ਭਰਾਮਾਰੂ ਪਾੜਾ ਪਾਉਣ ਦੀ ਸੋਚ ਸੀ ਪਰ ਜਲਦੀ ਹੀ ਪਤਾ ਲੱਗ ਗਿਆ ਕਿ ਖੇਤ ਮਜ਼ਦੂਰ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਬਾਅਦ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਕਿ ਛੋਟੇ ਦਸਤਕਾਰ, ਦੁਕਾਨਦਾਰ ਅਤੇ ਆੜ੍ਹਤੀਏ ਵੀ ਖੁਦਕੁਸ਼ੀਆਂ ਕਰ ਰਹੇ ਹਨ। ਸਿੱਧੀ ਗੱਲ ਕਿ ਆੜ੍ਹਤੀਆਂ ਦੇ ਜਦ ਕਰਜ਼ੇ ਮਰ ਗਏ ਤਾਂ ਆੜ੍ਹਤੀਏ ਵੀ ਮਰਨ ਲੱਗੇ ਹਨ। ਦੁਕਾਨਦਾਰਾਂ ਨੇ ਚੰਗਾ ਮੁਨਾਫ਼ਾ ਦੇਣ ਵਾਲੀ ਗਾਹਕੀ ਘੱਟਣ ਦੀ ਗੱਲ ਕੀਤੀ ਅਤੇ ਕੁਝ ਨੇ ਇਸ ਨੂੰ ਨੋਟਬੰਦੀ ਅਤੇ ਜੀ ਐੱਸ ਟੀ ਨਾਲ ਵੀ ਜੋੜਿਆ। ਪਿਛਲੇ ਕੁਝ ਸਮੇਂ ਤੋਂ ਸਭ ਤੋਂ ਵੱਧ ਸੌਖੀ ਸਮਝੇ ਜਾਂਦੇ ਕਰਮਚਾਰੀ ਵਰਗ ਨੇ ਵੀ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ,ਹੈਰਾਨੀ ਦੀ ਗੱਲ ਕਿ ਪੁਲੀਸ ਵਰਗੀ ਅਨੁਸ਼ਾਸਨਬੱਧ ਧਿਰ ਨੇ ਅਜਿਹਾ ਕੁਝ ਕਰਨਾ ਸੁਰੂ ਕਰ ਦਿੱਤਾ।
ਪਹਿਲਾ ਕਿਹਾ ਗਿਆ ਕਿ ਅਜੇ ਪੁਲੀਸ ਮਰਦਾਵੀਂ ਸੋਚ ਤੋਂ ਮੁਕਤ ਨਹੀਂ ਉਹ ਔਰਤਾਂ ਨੂੰ ਕਿਤੇ ਦਬਾਅ ਕੇ ਰੱਖਦੀ ਹੈ ਇਸ ਕਾਰਨ ਔਰਤ ਕਾਂਸਟੇਬਲ ਖੁਦਕੁਸ਼ੀ ਕਰਦੀਆਂ ਹਨ ਪਰ ਜਦੋਂ ਇੱਕ ਡੀਐੱਸਪੀ ਨੇ ਡਿਊਟੀ ਸਮੇਂ ਝੁੰਜਲਾ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤਾਂ ਪਤਾ ਚੱਲਦਾ ਹੈ ਕਿ ਸਮਾਜ ਇੱਕ ਸਮੁੱਚੇ ਸਰੀਰ ਵਰਗਾ ਹੁੰਦਾ ਹੈ ਇਸ ਦੇ ਵੱਖ ਵੱਖ ਵਰਗ ਸਰੀਰ ਦੇ ਅੰਗਾਂ ਵਰਗੇ ਹੁੰਦੇ ਹਨ ਜੇ ਇੱਕ ਅੰਗ ਵਿੱਚ ਨੁਕਸ ਪੈ ਜਾਵੇ ਤਾਂ ਬਾਕੀ ਅੰਗ ਵੀ ਜਵਾਬ ਦੇ ਜਾਂਦੇ ਹਨ। ਜੇ ਦਿਲ ਧੜਕਣਾ ਬੰਦ ਕਰ ਦੇਵੇ ਸਰੀਰ ਆਪਣੇ ਆਪ ਮਰ ਜਾਂਦਾ ਹੈ, ਜੇ ਕਿਡਨੀ ਵਿੱਚ ਨੁਕਸ ਪੈ ਜਾਵੇ ਤਾਂ ਵੀ ਸਰੀਰ ਖ਼ਤਮ ਹੋ ਜਾਂਦਾ ਹੈ। ਇੱਕ ਧਾਰਮਿਕ ਸੰਸਥਾ ਦੇ ਮੁਖੀ ਦੀ ਅਨੈਤਿਕ ਕੰਮ ਦੀ ਵੀਡੀਓ ਜਨਤਕ ਹੋ ਗਈ ਤਾਂ ਪੁੱਤਰ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਮਸਲੇ ਨੇ ਲੇਖ ਲਿਖਣ ਲਈ ਮਜਬੂਰ ਕੀਤਾ ਉਹ ਪ੍ਰਸਿੱਧ ਲੋਕ ਪੱਖੀ ਨਾਟਕਕਾਰ ਅਜਮੇਰ ਔਲਖ ਦੀ ਬੇਟੀ ਵੱਲੋਂ ਕੀਤੀ ਆਤਮ ਹੱਤਿਆ ਹੈ। ਇਨ੍ਹਾਂ ਬਹੁਤੇ ਕੇਸਾਂ ਵਿੱਚ ਗ਼ਰੀਬੀ ਕਾਰਨ ਨਹੀਂ ਹੈ। ਇੱਕ ਤਰ੍ਹਾਂ ਨਾਲ ਲੱਗਦੈ ਜਿਵੇਂ ਪੰਜਾਬ ਖੁਦਕਸੀਆਂ ਦੀ ਧਰਤੀ ਬਣ ਗਿਆ ਹੈ। ਬਿਨਾਂ ਸ਼ੱਕ ਪੰਜਾਬ ਦਾ ਵਾਤਾਵਰਣ ਪਲੀਤ ਹੋ ਚੁੱਕਿਆ, ਅਰਥਚਾਰਾ ਨਿੱਘਰ ਗਿਆ ਹੈ, ਵੱਡੀ ਪੱਧਰ ਤੇ ਬੇਰੁਜ਼ਗਾਰੀ ਹੈ, ਸਵੈਰੁਜ਼ਗਾਰ ਚੱਲ ਨਹੀਂ ਰਿਹਾ। ਇਹ ਬੇਵਸੀ, ਬੇਦਿਲੀ ਮੌਸਮ ਵਿੱਚ ਖ਼ੁਦਕੁਸ਼ੀਆਂ ਦਾ ਦਾਇਰਾ ਕਿਸਾਨਾਂ ਖੇਤ ਮਜ਼ਦੂਰਾਂ ਤੋਂ ਅੱਗੇ ਵੱਧ ਗਿਆ ਹੈ ਅੱਗ ਭਾਵਾਂ ਕਿਸੇ ਨੇ ਲਾਈ ਹੋਵੇ, ਕਿਸੇ ਚੀਜ਼ ਨਾਲ ਲੱਗੀ ਹੋਈ, ਕਿਵੇਂ ਵੀ ਲੱਗੀ ਹੋਵੇ ਪਰ ਇੱਕ ਵਾਰ ਭੜਕ ਪੈਣ ਤੋਂ ਬਾਅਦ ਸਭ ਕੁਝ ਹੀ ਅੱਗ ਦੀ ਲਪੇਟ ਵਿੱਚ ਆ ਜਾਂਦਾ ਹੈ। ਆਮ ਕਰਕੇ ਰੂੰ, ਲੱਕੜ, ਕਾਗਜ਼, ਪਲਾਸਟਿਕ ਨੂੰ ਅੱਗ ਲੱਗਦੀ ਹੈ, ਲੋਹਾ ਇੱਟਾਂ ਨੂੰ ਅੱਗ ਨਹੀਂ ਲੱਗਦੀ ਪਰ ਜਦ ਇੱਕ ਵਾਰ ਅੱਗ ਲੱਗ ਜਾਵੇ ਤਾਂ ਲੋਹਾ ਪਿਘਲ ਜਾਂਦਾ ਹੈ, ਇੱਟਾਂ ਸੜ੍ਹ ਜਾਂਦੀਆਂ ਨੇ, ਅੱਗ ਲਾਉਣ ਵਾਲੇ ਵੀ ਵਿੱਚੇ ਹੀ ਸੜਦੇ ਹਨ। ਅੱਜ ਪੰਜਾਬ ਦੀ ਸਥਿਤੀ ਹੈ ਕਿ ਕੋਈ ਵੀ ਵਰਗ ਇਸ ਬੇਵੱਸੀ, ਉਦਾਸੀ ਅਤੇ ਆਤਮ ਹੱਤਿਆ ਤੋਂ ਬਚਿਆ ਨਹੀਂ ਹੈ।
ਖੁਦਕੁਸ਼ੀ ਵਿਅਕਤੀਗਤ ਕਾਰਵਾਈ ਜਾਪਦੀ ਹੈ ਪਰ ਇਹ ਸਮੂਹਿਕ ਅਤੇ ਸਮਾਜਿਕ ਹੁੰਦੀ ਹੈ। ਕੁਝ ਸਮਾਂ ਪਹਿਲਾਂ ਤੱਕ ਪ੍ਰੇਮ ਦਾ ਸਿਰੇ ਨਾ ਚੜ੍ਹਨਾ ਜਾਂ ਪ੍ਰੇਮ ਵਿੱਚ ਧੋਖਾ ਖਾ ਜਾਣਾ, ਇਮਤਿਹਾਨ ਵਿੱਚ ਫੇਲ੍ਹ ਹੋ ਜਾਣਾ ਜਾਂ ਹੋਰ ਕਿਸੇ ਕਿਸਮ ਦੀ ਵੱਡੀ ਸਮਾਜਿਕ ਨਮੋਸ਼ੀ ਖੁਦਕੁਸ਼ੀ ਦਾ ਮੁੱਖ ਕਾਰਨ ਸੀ ਪਰ ਅੱਜ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਲੋਕ ਖੁਦਕੁਸ਼ੀਆਂ ਕਿਉਂ ਕਰ ਰਹੇ ਹਨ ।ਅਸਲ ਵਿੱਚ ਖੁਦਕੁਸ਼ੀਆਂ ਦੇ ਆਰਥਿਕ ਕਾਰਨ ਵੀ ਹੋਣਗੇ ਪਰ ਅੱਜ ਸਭ ਤੋਂ ਵੱਡਾ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਕੋਲ ਕੋਈ ਸੁਪਨਾ, ਆਸ, ਧਰਵਾਸ ਨਹੀਂ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਲੋਕਾਂ ਕੋਲ ਸੁਪਨਾ ਸੀ ਜੋ ਅੱਧੀ ਸਦੀ ਵਿੱਚ ਟੁੱਟਦਿਆਂ ਟੁੱਟਦਿਆਂ ਟੁੱਟ ਗਿਆ ਲੋਕਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਭਰੋਸਾ ਹੀ ਨਹੀਂ ਰਿਹਾ । ਕਾਂਗਰਸ ਤੋਂ ਆਸ ਮੁੱਕੀ ਤਾਂ ਲੋਕ ਭਾਜਪਾ ਕੋਲ ਗਏ ਪਰ ਭਾਜਪਾ ਨੇ ਨਾ ਕੇਵਲ ਕਾਂਗਰਸ ਦੀਆਂ ਨੀਤੀਆਂ ਹੀ ਜਾਰੀ ਰੱਖੀਆਂ ਸਗੋਂ ਹੋਰ ਵੀ ਘੱਟ ਗਿਣਤੀਆਂ,ਦਲਿਤਾਂ ਤੇ ਜ਼ੁਲਮ ਅਤੇ ਨੋਟਬੰਦੀ ਵਰਗੇ ਦੁੱਖ ਦੇਣੇ ਸ਼ੁਰੂ ਕਰ ਦਿੱਤੇ। ਲੋਕਾਂ ਨੇ ਬਦਲਵੇਂ ਪ੍ਰਬੰਧ ਵਜੋਂ ਕਦੇ ਕਮਿਉਨਿਸਟਾਂ ਵੱਲ ਅਤੇ ਕਦੇ ਬਹੁਜਨ ਸਮਾਜ ਵੱਲ ਦੇਖਿਆ ਪਰ ਸਾਰੇ ਹੀ ਸੱਤਾ ਹਾਸਲ ਕਰਕੇ ਪਹਿਲੇ ਸੱਤਾਧਾਰੀਆਂ ਵਰਗੇ ਹੀ ਬਣ ਗਏ ਬਿਨਾਂ ਸ਼ੱਕ ਜੋ ਵੀ ਸੱਤਾ ਵਿੱਚ ਆਇਆ ਉਸ ਨੇ ਆਪਣਾ ਹੀ ਰੰਗ ਵਿਖਾ ਦਿੱਤਾ। ਇਸ ਸਮੇਂ ਪੰਜਾਬ ਦੇ ਲੋਕਾਂ ਕੋਲ ਕਿਸੇ ਵੀ ਪਾਰਟੀ ਉੱਪਰ ਭਰੋਸਾ ਕਰਨ ਦਾ ਕੋਈ ਕਾਰਨ ਨਹੀਂ ਹੈ। ਉਹ ਕਿਸੇ ਨਾਲ ਵੀ ਆਪਣੀ ਹੋਣੀ ਜੋੜਨ ਤੋਂ ਘਬਰਾਉਂਦਾ ਹੈ। ਉਹ ਸਿਆਸੀ ਤੌਰ ਤੇ ਟੁੱਟ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਾਂ ਉਸ ਨੂੰ ਬਿੱਲਕੁੱਲ ਹੀ ਹੀਣਾ ਕਰ ਦਿੱਤਾ ਹੈ। ਸੰਸਥਾਈ ਧਰਮ ਭ੍ਰਿਸ਼ਟਾਚਾਰ ਦਾ ਘਰ ਅਤੇ ਵੋਟਾਂ ਪੱਖੋਂ ਰਾਜਸੀ ਗਿਣਤੀਆਂ ਮਿਣਤੀਆਂ ਦਾ ਅੱਡਾ ਬਣ ਗਿਆ । ਇਸਤੋਂ ਅੱਕਕੇ ਲੋਕ ਡੇਰਿਆਂ ਵੱਲ ਗਏ ਪਰ ਡੇਰੇਦਾਰਾਂ ਨੇ ਅਨੈਤਿਕਤਾ ਭਰਪੂਰ ਕਾਰਜ ਕਰਕੇ ਭਰੋਸਾ ਤੋੜ ਦਿੱਤਾ। ਉਨ੍ਹਾਂ ਨੇ ਕੇਵਲ ਲੋਕਾਂ ਦੀ ਇੱਜ਼ਤ ਹੀ ਨਹੀਂ ਰੋਲੀ ਸਗੋਂ ਲੋਕਾਂ ਦੀ ਚੜ੍ਹਾਵਿਆਂ ਦੇ ਰੂਪ ਵਿੱਚ ਖੂਬ ਲੁੱਟ ਕੀਤੀ। ਬਾਪੂ ਆਸਾ ਰਾਮ ਤੇ ਰਾਮ ਰਹੀਮ ਉਪਰ ਬਲਾਤਕਾਰਾਂ ਦੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਸਮੁੱਚਾ ਡੇਰਾ ਪ੍ਰਬੰਧ ਹੀ ਕਾਟੇ ਹੇਠ ਆ ਗਿਆ ।
ਅੱਜ ਪੰਜਾਬ ਵਿੱਚ ਅਣਖ ਇੱਜਤ ਨਾਲ ਮਿਹਨਤ ਕਰਕੇ ਜੀਵਨ ਬਸਰ ਕਰਨ ਵਾਲਾ ਪ੍ਰਬੰਧ ਨਹੀਂ ਹੈ।ਅਨਿਆਂ ਪੱਸਰਿਆ ਹੋਇਆ ਹੈ।ਇਸ ਸਥਿਤੀ ਵਿੱਚ ਪਹਿਲਾਂ ਬੰਦਾ ਰੱਬ ਦੀ ਸ਼ਰਨ ਲੈਂਦਾ ਸੀ ਪਰ ਨੀਤਸ਼ੇ ਦੇ ਸ਼ਬਦਾਂ ਵਿੱਚ ਰੱਬ ਮਰ ਗਿਆ ਹੈ ।ਲੋਕਾਂ ਕੋਲ ਰੱਬ ਦਾ ਧਰਵਾਸ ਨਹੀਂ ਹੈ। ਪੁਜਾਰੀ ਸ਼੍ਰੇਣੀ ਦੀ ਲੁੱਟ ਅਤੇ ਅਨੈਤਿਕਤਾ ਨੇ ਸਭ ਹੱਦ ਬੰਨੇ ਤੋੜ ਦਿੱਤੇ ਹਨ। ਇਸ ਸਥਿਤੀ ਵਿੱਚ ਵਿਅਕਤੀ ਇੱਥੋਂ ਵਿਦੇਸ਼ਾਂ ਨੂੰ ਬਾਹਰ ਭੱਜਣ ਭੱਜ ਜਾਣ ਦਾ ਮਾਰਗ ਚੁਣਦਾ ਹੈ ਪਰ ਇਸ ਵਿੱਚ ਸਭ ਸਫ਼ਲ ਨਹੀਂ ਹੁੰਦੇ। ਇਸ ਸਥਿਤੀ ਵਿੱਚ ਕੁਝ ਲੋਕ ਸਭ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਨਸ਼ੇ ਦਾ ਆਸਰਾ ਲੈਂਦੇ ਹਨ ।ਉਹ ਨਸ਼ੇ ਨੂੰ ਖਾਂਦੇ ਹਨ ਪਰ ਨਸ਼ਾ ਉਨ੍ਹਾਂ ਨੂੰ ਖਾ ਜਾਂਦਾ ਹੈ। ਕੁਝ ਲੋਕ ਠੱਗੀ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਰਾਹ ਪੈ ਜਾਂਦੇ ਹਨ ਅਤੇ ਕੁਝ ਲੋਕ ਧੱਕੇਸ਼ਾਹੀ ਤੇ ਗੁੰਡਾਗਰਦੀ ਰਾਹ ਪੈ ਜਾਂਦੇ ਹਨ ਪਰ ਇਹ ਸਾਰੇ ਰਾਹ ਵੀ ਮੌਤ ਵੱਲ ਜਾਂਦੇ ਹਨ। ਇਹ ਸਥਿਤੀ ਵਿੱਚ ਕਈ ਵਾਰ ਵਿਅਕਤੀ ਮੌਤ ਨੂੰ ਹੀ ਹੱਲ ਸਮਝ ਲੈਂਦੇ ਹਨ ਤੇ ਸਭ ਤੋਂ ਮਾੜੀ ਸਥਿਤੀ ਇਹ ਹੈ ਕਿ ਪਹਿਲੇ ਰਾਹ ਬੰਦ ਹੋ ਜਾਣ ਤੋਂ ਬਾਅਦ ਬਾਕੀ ਬੰਦ ਹੀ ਬੰਦ ਹਨ ।ਲੋੜ ਪਹਿਲਾਂ ਰਾਹ ਖੋਲ੍ਹਣ ਦੀ ਹੈ ਭਾਵ ਮਿਹਨਤਕਸ਼ ਵਿਅਕਤੀ ਨੂੰ ਮਿਹਨਤ ਕਰਨ ਲਈ ਕੰਮ ਮਿਲੇ, ਨਿਆਂ ਮਿਲੇ, ਅਣਖ ਇੱਜਤ ਨਾਲ ਰਹਿਣ ਲਈ ਥਾਂ ਮਿਲੇ।
ਲੋਕ ਆਖਦੇ ਹਨ ਕਿ ਆਤਮ ਹੱਤਿਆ ਅਸਲ ਵਿੱਚ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਹੈ ਜਦੋਂ ਦੂਜਾ ਡਾਢਾ ਹੁੰਦਾ ਹੈ ਤਾਂ ਸਵੈ ਨੂੰ ਹੀ ਦੂਜਾ ਸਮਝਕੇ ਮਾਰਨ ਦੀ ਜੁਗਤ ਹੀ ਖੁਦਕੁਸ਼ੀ ਹੈ। ਸਮਾਜਿਕ ਤਾਣਾ ਬਾਣਾ ਬਿਖਰ ਗਿਆ ਹੈ, ਸਾਂਝੇ ਪਰਿਵਾਰ ਟੁੱਟ ਗਏ ਹਨ। ਪਰਿਵਾਰਾਂ ਵਿੱਚ ਸਾਰਾ ਬੋਝ ਇੱਕ ਦੂਜੇ ਹੀ ਉੱਪਰ ਹੁੰਦਾ ਹੈ। ਪ੍ਰਸਪਰ ਵਿਸ਼ਵਾਸ ਅਤੇ ਸਾਂਝ ਹੀ ਦੀਆਂ ਤੰਦਾਂ ਹੀ ਪਰਿਵਾਰ ਨੂੰ ਇੱਕ ਥਾਂ ਰੱਖਦੀਆਂ ਨੇ। ਥੋੜ੍ਹਾ ਜਿੰਨਾ ਬੇਵਿਸ਼ਵਾਸ ਸਾਰੇ ਕੁਝ ਨੂੰ ਤਿੜਕਾ ਦਿੰਦਾ ਹੈ। ਤਕਨੀਕ ਕਾਰਨ ਸਰੀਰ ਮਿਹਨਤ ਘੱਟ ਗਈ ਹੈ ਚੰਗਾ ਜਾਂ ਮਨਪਸੰਦ ਰੁਜ਼ਗਾਰ ਨਾ ਹੋਣ ਕਰਕੇ ਮਾਨਸਕ ਖਾਲੀਪਣ ਵੱਧ ਰਿਹਾ ਹੈ। ਇਸ ਸਥਿਤੀ ਵਿੱਚ ਵਿਅਕਤੀ ਖਾਲੀਪਣ ਭਰਨ ਲਈ ਮਨੋਰੰਜਨ ਸਮੱਗਰੀ ਦੀ ਭਾਲ ਕਰਦਿਆਂ ਇੰਦਰੀਆਂ ਦੇ ਜਾਲ ਵਿੱਚ ਉਲਝਕੇ ਜਾਂਦਾ ਹੈ। ਕਾਰਪੋਰੇਟ ਯੁੱਗ ਵਿੱਚ ਵਸਤਾਂ ਦੇ ਇਸ਼ਤਿਹਾਰ ਬੰਦੇ ਨੂੰ ਭਰਮਾ ਲੈਂਦੇ ਹਨ। ਬੰਦਾ ਬਿਨਾਂ ਲੋੜ ਤੋਂ ਹੀ ਚੀਜ਼ਾਂ ਖਰੀਦਣੀਆਂ ਸ਼ੁਰੂ ਕਰ ਦਿੰਦਾ ਹੈ। ਉਹ ਉਨ੍ਹਾਂ ਚੀਜ਼ਾਂ ਲਈ ਲਾਲਸਾ ਰੱਖਦਾ ਹੈ,ਜਿਨ੍ਹਾਂ ਦੀ ਉਸ ਨੂੰ ਲੋੜ ਹੀ ਨਹੀਂ ਹੁੰਦੀ। ਵਿਅਕਤੀ ਲੋੜਾਂ ਦੀ ਥਾਂ ਲਾਲਸਾਵਾਂ ਦਾ ਸ਼ਿਕਾਰ ਹੋ ਜਾਂਦਾ ਹੈ।
ਸਾਡਾ ਫ਼ਿਕਰ ਤਾਂ ਸਾਰੀ ਸ੍ਰਿਸ਼ਟੀ ਦਾ,ਸਾਰੇ ਗਲੋਬ,ਸਾਰੀ ਦੁਨੀਆਂ ਦਾ ਹੋਣਾ ਚਾਹੀਦਾ ਹੈ ਪਰ ਨਿਸਚੇ ਹੀ ਸਾਨੂੰ ਪਹਿਲਾਂ ਫ਼ਿਕਰ ਆਪਣੇ ਦੇਸ਼ ਅਤੇ ਦੇਸ਼ ਤੋਂ ਅੱਗੇ ਪੰਜਾਬੀ ਲੋਕਾਂ ਦਾ ਹੈ।ਮੈਂ ਬੜੇ ਸਪੱਸ਼ਟ ਸ਼ਬਦਾਂ ਵਿੱਚ ਆਖਦਾ ਹਾਂ ਕਿ ਸਾਰੇ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ਨਹੀਂ ਜਾ ਸਕਦੇ ਅਤੇ ਨਾ ਹੀ ਸਾਰੇ ਨਸ਼ਿਆਂ ਵਿੱਚ ਡੁੱਬ ਕੇ ਮਰ ਸਕਦੇ ਹਨ। ਗੈਂਗਸਟਰ ਬਣ ਕੇ ਦੂਜਿਆਂ ਦੀ ਜ਼ਿੰਦਗੀ ਤੇ ਡਾਕੇ ਮਾਰਨਾ ਬਹਾਦਰੀ ਨਹੀਂ ਹੈ। ਆਤਮ ਹੱਤਿਆ ਕਰਨਾ ਤਾਂ ਵੈਸੇ ਹੀ ਬੁਜਦਿਲੀ ਹੈ,ਸਭ ਤੋਂ ਵੱਡਾ ਅਪਰਾਧ ਹੈ।ਸਭ ਕੁਝ ਛੱਡ ਛਡਾਕੇ ਕਿਸਮਤ ਉਪਰ ਸੁੱਟਕੇ, ਸਚਾਈ ਤੋਂ ਅੱਖਾਂ ਮੀਚਣਾ ਕੋਈ ਸੂਰਮਤਾਈ ਨਹੀਂ ਹੈ। ਸਾਡਾ ਪੰਜਾਬੀਆਂ ਦਾ ਆਦਰਸ਼ ਤਾਂ ਇਸ ਪੰਜਾਬ ਵਿੱਚ ਹੀ ਅਣਖ ਇੱਜ਼ਤ ਸਵੈਮਾਣ ਨਾਲ ਮਿਹਨਤ ਦੀ ਰੋਟੀ ਹੀ ਹੋ ਸਕਦਾ ਹੈ। ਇਸ ਲਈ ਗਿਆਨ,ਮਿਹਨਤ ਅਤੇ ਨਿਰੰਤਰ ਸੰਘਰਸ਼ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ । ਗਿਆਨ ਕੇਵਲ ਪੜ੍ਹਨਾ ਲਿਖਣਾ ਸਿੱਖਣਾ ਨਹੀਂ ਹੈ,ਕਿਤਾਬੀ ਗਿਆਨ ਦੇ ਨਾਲ ਨਾਲ ਅਭਿਆਸ ਵੀ ਸਿੱਖਣਾ ਹੈ।ਮਿਹਨਤ ਦਾ ਕੋਈ ਬਦਲ ਨਹੀਂ ਹੈ ।ਕਿਰਤ ਸੱਭਿਆਚਾਰ ਪੈਦਾ ਕਰਨ ਦੀ ਜ਼ਰੂਰਤ ਹੈ। ਥੱਕ ਹਾਰ ਕੇ ਬਹਿ ਜਾਣ ਨਾਲੋਂ ਸੰਘਰਸ਼ ਅਤੇ ਨਿਰੰਤਰ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਹੱਕ,ਸੱਚ,ਨਿਆਂ ਅਤੇ ਬਰਾਬਰੀ ਲਈ ਸੰਘਰਸ਼ ਕਰਦਿਆਂ ਸਹਿਜ ਅਨੰਦ ਦੀ ਪ੍ਰਾਪਤੀ ਕਰਨੀ ਹੈ ।ਪੰਜਾਬੀਓ ਤੁਸੀਂ ਆਪਣੀ ਕਿਸਮਤ ਆਪ ਘੜਨੀ ਹੈ। ਗਿਆਨ, ਮਿਹਨਤ ਅਤੇ ਲਗਾਤਾਰ ਸੰਘਰਸ਼ ਹੀ ਸਹਿਜ ਅਨੰਦ ਨਾਲ ਬੇਗਮਪੁਰੇ ਦੀ ਮੰਜ਼ਿਲ ਵੱਲ ਲੈ ਕੇ ਜਾਵੇਗਾ,ਹੋਰ ਕੋਈ ਰਾਹ ਨਹੀਂ ਹੈ।ਹੱਕ,ਸੱਚ,ਨਿਆਂ,ਬਰਾਬਰੀ ਲਈ ਸੰਘਰਸ਼ ਕਰਨਾ ਹੀ ਪੈਣਾ ਹੈ।
ਪੜ੍ਹਾਈ ਬਗੈਰ ਗੁਜ਼ਾਰਾ ਨਹੀਂ ਹੋਣਾ,ਪੰਜਾਬੀਆਂ ਨੂੰ ਪੜ੍ਹਨਾ ਲਿਖਣਾ ਸਿੱਖਣਾ ਪਵੇਗਾ। ਪੁਸਤਕ ਨਾਲ ਪਿਆਰ ਕਰਨਾ ਸਿੱਖਣਾ ਪਵੇਗਾ ।ਅਜੋਕੀ ਸਦੀ ਦੇ ਸਮਕਾਲੀ ਦੌਰ ਨੂੰ ਗਿਆਨ ਦਾ ਯੁੱਗ ਕਹਿੰਦੇ ਹਨ, ਅੱਜ ਦੀ ਨਵੀਂ ਸਨਅਤ ਦਾ ਨਾਂ ਹੀ ਨਾਲਜ ਇੰਡਸਟਰੀ ਹੈ। ਉੱਤਰ ਆਧੁਨਿਕ ਦੌਰ ਵਿੱਚ ਪਸ਼ੂ ਸ਼ਕਤੀ ਜਾਂ ਸਰੀਰਕ ਬਲ ਜਾਂ ਮਕੈਨੀਕਲ ਸ਼ਕਤੀ ਨਹੀਂ ਦਿਮਾਗੀ ਸ਼ਕਤੀ ਵਧਾਉਣ ਦੀ ਲੋੜ ਹੈ। ਇਸ ਲਈ ਸਿੱਖਿਆ ਪ੍ਰਬੰਧ ਨੂੰ ਪੁਨਰ ਵਿਉਂਤਣਾ ਪੈਣਾ ਹੈ ।ਪੁਸਤਕ ਨਾਲ ਪ੍ਰਯੋਗ ਜੋੜਨਾ ਪੈਣਾ ਹੈ ਕੇਵਲ ਕਿਤਾਬੀ ਗਿਆਨ ਲੰਗੜਾ ਹੈ,ਉਸ ਨੂੰ ਅਭਿਆਸ ਦੇ ਰਸਤੇ ਤੋਰਨਾ ਪਵੇਗਾ। ਪੰਜਾਬੀ ਬੰਦੇ ਨੂੰ ਹੁਨਰ ਅਤੇ ਕਲਾ ਸਿੱਖਣੀ ਪਵੇਗੀ।ਭਾਰਤੀ ਸੱਭਿਅਤਾ ਦੇ ਗਿਆਨ ਸ਼ਾਸਤਰ ਅਨੁਸਾਰ ਮੁਕਤੀ ਲਈ ਪਰੇਮ ਭਗਤੀ ਮਾਰਗ,ਕਰਮ, ਦੇ ਨਾਲੋਂ ਨਾਲ ਗਿਆਨ ਮਾਰਗ ਦੀ ਵੀ ਮਹਿਮਾ ਹੈ,ਅੱਜ ਗਿਆਨ ਮਾਰਗ ਤੇ ਚੱਲ ਕੇ ਹੀ ਸੱਪ ਅਤੇ ਰੱਸੀ ਵਿੱਚ, ਰੀਅਲ ਅਤੇ ਹਾਈਪਰ ਰੀਅਲ ਵਿੱਚ,ਅਸਲ ਅਤੇ ਨਕਲ ਵਿੱਚ,ਕੱਚ ਤੇ ਸੱਚ ਵਿੱਚ ਭੇਦ ਪਾਇਆ ਜਾ ਸਕਦਾ ਹੈ। ਸੋ ਗਿਆਨ ਗ੍ਰਹਿਣ ਕਰਨ ਬਗੈਰ,ਹੁਨਰ ਸਿੱਖਣ ਬਗੈਰ,ਕਲਾ ਸਿੱਖਣ ਬਗੈਰ ਹੋਰ ਕੋਈ ਰਾਹ ਨਹੀਂ ਹੈ।ਮਿਹਨਤ ਦੀ ਆਦਤ ਪਾਉਣੀ ਪਵੇਗੀ। ਜੇ ਸਾਡੇ ਬਜ਼ੁਰਗ ਤਾਰਿਆਂ ਦੀ ਛਾਵੇਂ ਹੱਲ ਜੋੜ ਸਕਦੇ ਸਨ,ਜੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਕੇ ਅਠਾਰਾਂ ਅਠਾਰਾਂ ਘੰਟੇ ਕੰਮ ਕਰ ਸਕਦੇ ਹਨ ਤਾਂ ਸਾਨੂੰ ਇੱਥੇ ਪੰਜਾਬ ਵਿੱਚ ਰਹਿੰਦਿਆਂ ਵੀ ਮਿਹਨਤ ਕਰਨ ਦੀ ਆਦਤ ਪਾਉਣੀ ਪਵੇਗੀ। ਕੰਮ ਸੱਭਿਆਚਾਰ ਵਿਕਸਤ ਕਰਨਾ ਪਵੇਗਾ ।ਬਹੁਤ ਸਾਰੇ ਲੋਕ ਪ੍ਰਸ਼ਨ ਉਠਾਉਂਦੇ ਹਨ ਕਿ ਕੰਮ ਤਾਂ ਕਰੀਏ ਪਰ ਕੰਮ ਮਿਲਦਾ ਨਹੀਂ ਹੈ ਅਸਲ ਵਿੱਚ ਤਾਂ ਮਿਹਨਤ ਦਾ ਸਬੰਧ ਮਾਨਸਿਕ ਸਰੀਰਕ ਸਿਖਲਾਈ ਨਾਲ ਹੈ। ਵਿਦਿਆਰਥੀ ਜੀਵਨ ਵਿੱਚ ਗਿਆਨ ਸਿੱਖਣ ਲਈ ਮਿਹਨਤ ਕਰਨੀ ਚਾਹੀਦੀ ਹੈ, ਜੇ ਮਨਪਸੰਦ ਯੋਗਤਾ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਜੋ ਕੰਮ ਮਿਲਿਆ ਹੈ ਉਸ ਨੂੰ ਆਪਣੀ ਮਿਹਨਤ ਨਾਲ,ਆਪਣੀ ਲਿਆਕਤ ਨਾਲ,ਆਪਣੇ ਗਿਆਨ ਨਾਲ ਸੰਪੰਨ ਕਰਨਾ ਚਾਹੀਦਾ। ਖੂਬਸੂਰਤ ਢੰਗ ਨਾਲ ਇਸ ਤਰ੍ਹਾਂ ਸੰਪੰਨ ਕਰਨਾ ਚਾਹੀਦਾ ਹੈ ਕਿ ਕੋਈ ਹੋਰ ਉਸ ਨੂੰ ਨਾ ਕਰ ਸਕੇ। ਜੇ ਕੰਮ ਬੋਝਲ ਹੈ ਤਾਂ ਹਲਕਾ ਕਰਨ ਲਈ ਨਵੀਆਂ ਤਕਨੀਕਾਂ ਸੋਚੋ, ਵਿਗਿਆਨ ਦਾ ਸਹਾਰਾ ਲਓ। ਜੇ ਬੋਰ ਹੈ ਤਾਂ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰੋ ।ਤੀਜਾ ਅਹਿਮ ਨੁਕਤਾ ਇਮਾਨਦਾਰੀ ਨਾਲ ਹੱਕ ਸੱਚ ਨਿਆਂ ਲਈ ਖੜ੍ਹਨਾ ਹੈ ।ਸਦਾ ਹੱਕ ਸੱਚ ਨਿਆਂ ਲਈ ਖੜੋ ਨਾ ਕਿਸੇ ਦਾ ਹੱਕ ਮਾਰੋ ਅਤੇ ਨਾ ਹੀ ਕਿਸੇ ਨੂੰ ਹੱਕ ਮਾਰਨ ਦਿਓ। ਜੇ ਤੁਹਾਡਾ ਕੋਈ ਹੱਕ ਮਾਰਦਾ ਹੈ ਤਾਂ ਸੰਘਰਸ਼ ਕਰੋ ।ਸੋ ਗਿਆਨ,ਮਿਹਨਤ ਨਿਰੰਤਰ ਸੰਘਰਸ਼,ਹੱਕ ਸੱਚ ਨਿਆਂ ਇਮਾਨਦਾਰੀ ਨਾਲ ਜੀਵਨ ਜਿਉਣਾ ਸਹਿਜ ਜਿਉਣਾ ਹੈ। ਆਪਣੇ ਜੀਵਨ ਦੀਆਂ ਲੋੜਾਂ ਜਰੂਰ ਪੂਰੀਆਂ ਕਰੋ ਪਰ ਲੁੱਟ ਲਾਲਚ ਤੋਂ ਦੂਰ ਰਹੋ ,ਇਹੀ ਮਾਰਗ ਹੈ।ਇਹੀ ਬੁੱਧ ਨੇ ਦੱਸਿਆ ਸੀ,ਇਹੀ ਨਾਨਕ ਦਾ ਮਾਰਗ ਹੈ ਅਤੇ ਅੱਜ ਦੇ ਵਿਗਿਆਨੀ,ਮਨੋਵਿਗਿਆਨੀ,ਸਮਾਜ ਵਿਗਿਆਨੀ ਅਤੇ ਵਾਤਾਵਰਣ ਵਿਗਿਆਨੀ ਵੀ ਇਹੋ ਦੱਸਦੇ ਹਨ। ਖੁਦਕੁਸ਼ੀਆਂ ਕਿਸੇ ਮਸਲੇ ਦਾ ਹੱਲ ਨਹੀਂ ,ਜਿਉਂਦਿਆ ਹਰ ਮਸਲੇ ਦੇ ਹਜਾਰਾਂ ਹੱਲ ਹੁੰਦੇ ਹਨ।
-
ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ (ਡਾ.) , ਲੇਖਕ
rpsbrar@gmail.com
9815050617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.