ਫੁੱਟਬਾਲ ਦੁਨੀਆ ਦੀ ਸਭ ਤੋਂ ਵੱਧ ਚਰਚਿਤ ਅਤੇ ਦਰਸ਼ਨੀ ਖੇਡ ਹੈ। ਦੁਨੀਆ ਦੇ 220 ਦੇ ਕਰੀਬ ਮੁਲਕਇਸ ਖੇਡ ਨੂੰ ਖੇਡਦੇ ਹਨ। ਹਰ ਮੁਲਕ ਵਿਚ ਇਹ ਖੇਡ ਹੱਦੋਂ ਵੱਧ ਪਿਆਰੀ ਅਤੇ ਦਿਨੋ ਦਿਨ ਸੁਪਰਹਿੱਟ ਹੋ ਰਹੀ ਹੈ। ਪਰ ਭਾਰਤ 'ਚ ਫੁੱਟਬਾਲ ਦੀ ਖੇਡ ਪਿਛਲੇ 3 ਦਹਾਕਿਆਂ ਤੋਂ ਜਿਉਂ ਦੀ ਤਿਉਂ ਹੈ। ਕੁਝ ਸਮਾਂ ਪਹਿਲਾਂ ਤਾਂ ਭਾਰਤੀ ਫੁੱਟਬਾਲ ਟੀਮ ਦੀ ਸਥਿਤੀ ਇਹ ਸੀ ਕਿ ਵਿਸ਼ਵ ਰੈਂਕਿੰਗ 'ਚ ਭਾਰਤ ਦਾ ਨੰਬਰ 170-71 ਦੇ ਨੇੜੇ ਸੀ। ਇਥੋਂ ਤੱਕ ਅਸੀਂ ਸੈਫ਼ ਗੇਮਜ਼ ਵਿਚ ਵੀ ਨੇਪਾਲ, ਬੰਗਲਾਦੇਸ਼ ਵਰਗੇ ਮੁਲਕਾਂ ਤੋਂ ਵੀ ਹਾਰਨ ਲੱਗ ਪਏ ਸੀ। ਪਰ ਪਿਛਲੇ ਕੁਝ ਅਰਸੇ ਤੋਂ ਭਾਰਤੀ ਫੁੱਟਬਾਲ ਟੀਮ ਵਿਚ ਕਾਫੀ ਵੱਡੇ ਪੱਧਰ 'ਤੇ ਸੁਧਾਰ ਹੋਇਆ ਹੈ। ਸਾਡੀ ਵਿਸ਼ਵ ਰੈਂਕਿੰਗ ਵੀ ਇਸ ਵਕਤ 100 ਤੋਂ ਥੱਲੇ ਆ ਗਈ ਹੈ। ਭਾਰਤ ਨੂੰ ਵਿਸ਼ਵ ਕੱਪ ਫੁੱਟਬਾਲ ਅੰਡਰ-17 ਸਾਲ 2017 ਦੀ ਮੇਜ਼ਬਾਨੀ ਮਿਲਣ ਕਾਰਨ ਭਾਰਤੀ ਫੁੱਟਬਾਲ ਟੀਮ ਦਾ ਮਨੋਬਲ ਦੁਨੀਆ ਵਿਚ ਉੱਚਾ ਹੋਇਆ ਹੈ ਅਤੇ ਜੂਨੀਅਰ ਟੀਮ ਭਾਵੇਂ ਲੀਗ ਦੌਰ ਦੇ ਤਿੰਨੇ ਮੈਚ ਹਾਰ ਗਈ ਸੀ। ਪਰ ਭਾਰਤੀ ਖਿਡਾਰੀਆਂ ਨੇ ਜੂਨੀਅਰ ਵਿਸ਼ਵ ਕੱਪ 'ਚ ਇਕ ਗੋਲ ਕਰਨ ਦਾ ਮਾਣ ਜਰੂਰ ਹਾਸਲ ਕੀਤਾ ਹੈ। ਪਰ ਦੁਨੀਆ ਦਾ ਸਭ ਤੋਂ ਵੱਡਾ ਮਹਾਂਕੁੰਭ ਵਿਸ਼ਵ ਕੱਪ ਫੁੱਟਬਾਲ ਜੋ ਓਲੰਪਿਕ ਖੇਡਾਂ ਤੋਂ ਵੀ ਵਧੇਰੇ ਲੋਕਾਂ ਵੱਲੋਂ ਦੇਖਿਆ ਜਾਂਦਾ ਹੈ ਅਤੇ ਮੀਡੀਆ ਵੱਲੋਂ ਕਵਰ ਕੀਤਾ ਜਾਂਦਾ ਹੈ ਉਸ ਮਹਾਂਕੁੰਭ ਤੋਂ ਭਾਰਤੀ ਫੁੱਟਬਾਲ ਟੀਮ ਕਿਉਂ ਕੋਹਾਂ ਦੂਰ ਹੈ? ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ ਦੀ ਗਾਥਾ 1930 ਤੋਂ ਸ਼ੁਰੂ ਹੋਈ ਸੀ। ਭਾਰਤੀ ਫੁੱਟਬਾਲ ਟੀਮ ਨੇ ਇਕ ਵਾਰ ਵੀ ਇਸ ਮਾਣਮੱਤੇ ਟੂਰਨਾਮੈਂਟ ਵਿਚ ਖੇਡਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਹਾਲਾਂਕਿ ਭਾਰਤ ਨੂੰ ਭਾਰਤੀ ਟੀਮ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਇਕ ਵਾਰ 1950 ਵਿਚ ਵਿਸ਼ਵ ਕੱਪ ਫੁੱਟਬਾਲ ਖੇਡਣ ਦਾ ਮੌਕਾ ਵੀ ਮਿਲਿਆ ਸੀ। ਪਰ ਭਾਰਤ ਦੀ ਇਹ ਜ਼ਿੱਦ ਕਰਕੇ ਕਿ ਭਾਰਤ ਦੇ ਖਿਡਾਰੀ ਤਾਂ ਨੰਗੇ ਪੈਰ ਖੇਡਣਗੇ, ਉਨ੍ਹਾਂ ਨੇ ਇਹ ਸੁਨਹਿਰੀ ਮੌਕਾ ਸਦਾ ਲਈ ਆਪਣੇ ਹੱਥੋਂ ਗਵਾ ਲਿਆ। ਕਿਉਂਕਿ ਉਸ ਵਕਤ ਭਾਰਤੀ ਫੁੱਟਬਾਲ ਟੀਮ ਕਾਫੀ ਚੰਗੇ ਮੁਕਾਮ 'ਤੇ ਸੀ। ਉਨ੍ਹਾਂ ਦਿਨਾਂ ਵਿਚ ਭਾਰਤੀ ਫੁੱਟਬਾਲ ਟੀਮ ਨੂੰ 1951 ਵਿਚ ਪਹਿਲੀਆਂ ਏਸ਼ੀਅਨ ਖੇਡਾਂ ਵਿਚ ਸੋਨ ਤਗਮਾ ਜਿੱਤਣ ਦਾ ਮਾਣ ਮਿਲਿਆ। ਉਸਤੋਂ ਬਾਅਦ ਭਾਰਤ ਨੇ 1962 ਦੀਆਂ ਏਸ਼ੀਅਨ ਗੇਮਜ਼ ਵਿਚ ਸੋਨ ਤਗਮਾ ਜਿੱਤਿਆ। 1953 'ਚ ਮੈਲਬਰਨ ਵਿਚ ਓਲੰਪਿਕ ਖੇਡਾਂ ਵਿਚ ਭਾਰਤ ਫੁਟਬਾਲ ਟੀਮ ਸੈਮੀਫਾਈਨਲ ਵਿਚ ਪਹੁੰਚੀ। 1964 ਏਸ਼ੀਆ ਕੱਪ 'ਚ ਭਾਰਤ ਉਪਜੇਤੂ ਰਹੀ। ਕੁੱਲ ਮਿਲਾ ਕੇ ਭਾਰਤੀ ਫੁੱਟਬਾਲ ਟੀਮ ਦੇ ਉਹ ਚੰਗੇ ਦਿਨ ਸਨ। ਪਰ ਵਕਤ ਦੀ ਰਫਤਾਰ ਦੇ ਨਾਲ ਜਦੋਂ ਭਾਰਤੀ ਫੁੱਟਬਾਲ ਟੀਮ ਆਪਣੇ ਆਪ ਨੂੰ ਢਾਲ ਨਾ ਸਕੀ ਤਾਂ ਸਾਨੂੰ ਵਿਸ਼ਵ ਕੱਪ ਫੁਟਬਾਲ ਖੇਡਣ ਤੋਂ ਕੋਹਾਂ ਦੂਰ ਹੋਣਾ ਪਿਆ। 60ਵੇਂ-70ਵੇਂ ਦਹਾਕੇ ਵਿਚ ਭਾਰਤੀ ਫੁੱਟਬਾਲ ਟੀਮ 'ਚ ਪੰਜਾਬ ਦੇ ਸੁਪਰਸਟਾਰ ਜਰਨੈਲ ਸਿੰਘ ਦੀ ਦੁਨੀਆ ਵਿਚ ਤੂਤ੍ਹੀ ਬੋਲਦੀ ਸੀ। ਉਸ ਵਕਤ ਹਲਾਤ ਇਹ ਵੀ ਸਨ ਕਿ ਜਦੋਂ ਫੀਫਾ ਦੇ ਉਸ ਵੇਲੇ ਦੇ ਪ੍ਰਧਾਨ ਸਰ ਸਟੈਨਲੇ ਨੇ ਰੋਮ ਓਲੰਪਿਕ ਵਿਚ ਭਾਰਤੀ ਫੁੱਟਬਾਲ ਟੀਮ ਦੀ ਕਾਰਗੁਜ਼ਾਰੀ ਅਤੇ ਖੇਡ ਸਿਤਾਰੇ ਜਰਨੈਲ ਸਿੰਘ ਹੁਰਾਂ ਦੀ ਕਲਾਤਮਕ ਖੇਡ ਦੇਖਕੇ ਆਖਿਆ ਸੀ ਕਿ ਜਰਨੈਲ ਸਿੰਘ ਦੁਨੀਆ ਦਾ ਉਹ ਫੁਟਬਾਲਰ ਹੈ ਜੋ ਦੁਨੀਆ ਦੀ ਕਿਸੇ ਵੀ ਟੀਮ ਵਿਚ ਚੁਣੇ ਜਾਣ ਦੀ ਯੋਗਤਾ ਰਖਦਾ ਹੈ। 1954 ਵਿਸ਼ਵ ਕੱਪ ਫੁਟਬਾਲ ਦੇ ਜੇਤੂ ਜਰਮਨੀ ਟੀਮ ਦੇ ਸਟਾਰ ਜੌਰਜ ਬੈਸਟ ਅਤੇ ਗਾਰਡ ਮੂਲਰ ਨੇ ਜਰਨੈਲ ਸਿੰਘ ਵਰਗੇ ਸਟਾਰ ਖਿਡਾਰੀ ਨੂੰ ਫੁੱਟਬਾਲ ਦੇ ਖੇਤਰ ਵਿਚ ਆਪਣਾ ਆਦਰਸ਼ ਮੰਨਿਆ। ਪਰ ਅੱਜ ਦੇ ਸਮੇਂ ਵਿਚ ਜਰਨੈਲ ਸਿੰਘ ਤੋਂ ਬਾਅਦ ਇੰਦਰ ਸਿੰਘ, ਗੁਰਦੇਵ ਸਿੰਘ, ਪਰਮਿੰਦਰ ਸਿੰਘ, ਬਾਈ ਚੁੰਗ ਭੂਟੀਆ, ਸੁਨੀਲ ਛੇਤਰੀ ਵਰਗੇ ਭਾਰਤ ਨੇ ਆਦਿ ਹੋਰ ਨਾਮੀ ਖਿਡਾਰੀ ਪੈਦਾ ਕੀਤੇ ਹਨ। ਪਰ ਦੁਨੀਆ ਵਿਚ ਫੁੱਟਬਾਲ ਦਾ ਮੁਕਾਬਲਾ ਸਖ਼ਤ ਹੋਣ ਕਾਰਨ ਨਵੀਆਂ ਤਕਨੀਕਾਂ ਆਉਣ ਕਾਰਨ ਅਸੀਂ ਦੁਨੀਆ ਦੀ ਫੁੱਟਬਾਲ ਵਿਚ ਆਪਣਾ ਮੁਕਾਮ ਉਸ ਪੱਧਰ 'ਤੇ ਨਹੀਂ ਰੱਖ ਸਕੇ।
2018 ਵਿਸ਼ਵ ਕੱਪ ਫੁੱਟਬਾਲ ਦੇ ਕੁਆਲੀਫਾਈ ਗੇੜ ਵਿਚ 204 ਮੁਲਕਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਭਾਰਤੀ ਟੀਮ ਪਹਿਲਾਂ ਦੀ ਤਰ੍ਹਾਂ ਪਹਿਲੇ ਹੀ ਗੇੜ ਵਿਚੋਂ ਬਾਹਰ ਹੋ ਗਈ ਕਿਉਂਕਿ ਕੁਆਲੀਫਾਈ ਗੇੜ ਖੇਡਣਾ ਭਾਰਤੀ ਟੀਮ ਦੇ ਵੱਸ ਦੀ ਗੱਲ ਨਹੀਂ ਰਿਹਾ, ਕਿਉਂਕਿ ਮੁਕਾਬਲਾ ਦੁਨੀਆ ਪੱਧਰ 'ਤੇ ਬਹੁਤ ਜ਼ਿਆਦਾਸਖ਼ਤ ਹੋ ਚੁੱਕਾ ਹੈ। ਹਾਲਾਂਕਿ ਹੈਰਾਨਗੀ ਵਾਲੀ ਗੱਲ ਤਾਂ ਇਹ ਹੋਈ ਕਿ ਸਾਬਕਾ ਚੈਂਪੀਅਨ ਇਟਲੀ, ਹਾਲੈਂਡ ਵਰਗੀਆਂ ਨਾਮੀ ਟੀਮਾਂ ਵੀ ਵਿਸ਼ਵ ਕੱਪ ਫੱਟਬਾਲ ਲਈ ਕੁਆਲੀਫਾਈ ਨਾ ਕਰ ਸਕੀਆਂ। ਭਾਰਤੀ ਫੁੱਟਬਾਲ ਟੀਮ ਨੇ ਕੁੱਝ ਦਿਨ ਪਹਿਲਾਂ 4 ਮੁਲਕਾਂ ਦੇ ਇਕ ਟੂਰਨਾਮੈਂਟ ਵਿਚ ਕੀਨੀਆ ਵਰਗੀ ਟੀਮ ਨੂੰ ਹਰਾ ਕੇ ਜਿੱਤ ਦਾ ਧਰਵਾਸ ਜਰੂਰ ਲਿਆ ਪਰ ਫੁੱਟਬਾਲ ਵਿਸ਼ਵ ਕੱਪ ਦੇ ਮੁਕਾਬਲੇ ਦੇਖ ਕੇ ਲੱਗ ਰਿਹਾ ਹੈ ਕਿ ਭਾਰਤੀ ਫੁਟਬਾਲ ਟੀਮ ਦੀ ਅਜੇ ਮੰਜ਼ਿਲ ਬਹੁਤ ਦੂਰ ਹੈ।
ਅਸੀਂ 1947 ਵਿਚ ਅਜ਼ਾਦ ਹੋਏ, 7 ਦਹਾਕਿਆਂ 'ਚ ਅਸੀਂ ਡੇਢ ਕਰੋੜ ਅਬਾਦੀ ਤਾਂ ਕਰ ਦਿੱਤੀ ਪਰ ਖੇਡਾਂ ਵਿਚ ਅਸੀਂ ਦਿਨੋ ਦਿਨ ਆਪਣੇ ਪਹਿਲੇ ਮੁਕਾਮ ਨਾਲੋਂ ਵੀ ਪਛੜਦੇ ਜਾ ਰਹੇ ਹਾਂ। ਕਿਉਂਕਿ ਸਾਡੀ ਫੁਟਬਾਲ ਖੇਡ ਫੈਡਰੇਸ਼ਨ 'ਤੇ ਇਸ ਤਰ੍ਹਾਂ ਦੇ ਲੋਕ ਭਾਰੂ ਹਨ ਜਿੰਨ੍ਹਾਂ ਨੂੰ ਫੁੱਟਬਾਲ ਦਾ ਖਿਆਲ ਘੱਟ ਅਤੇ ਰਾਜਨੀਤਿਕ ਗਿਆਨ ਅਤੇ ਚਾਲਾਂ ਦੇ ਵੱਡੇ ਖਿਡਾਰੀ ਹਨ। ਅਸੀਂ ਨਾ ਹੀ ਵਿਸ਼ਵ ਪੱਧਰ 'ਤੇ ਜਾਣ ਲਈ ਫੁੱਟਬਾਲ ਦਾ ਢਾਂਚਾ ਤਿਆਰ ਕੀਤਾ ਹੈ ਅਤੇ ਨਾ ਹੀ ਕੋਈ ਹੇਠਲੇ ਪੱਧਰ 'ਤੇ ਇਸ ਤਰ੍ਹਾਂ ਦੀ ਨੀਤੀ ਬਣਾਈ ਹੈ ਜਿਸ ਨਾਲ ਅਸੀਂ ਦੁਨੀਆ ਦੀ ਫੁਟਬਾਲ ਦਾ ਮੁਕਾਬਲਾ ਕਰ ਸਕੀਏ। ਪਰ ਰਾਜਨੀਤਿਕ ਨੇਤਾਵਾਂ ਅਤੇ ਸਰਕਾਰਾਂ ਦੀ ਬਿਆਨਬਾਜ਼ੀ ਵਿਚ ਅਸੀਂ ਬਹੁਤ ਅੱਗੇ ਹਾਂ। ਜਿਸਤੋਂ ਲੱਗਦਾ ਹੁੰਦਾ ਹੈ ਕਿ ਸ਼ਾਇਦ ਅਸੀਂ ਅਗਲੇ ਵਿਸ਼ਵ ਫੁੱਟਬਾਲ ਕੱਪ ਲਈ ਕੁਆਲੀਫਾਈ ਕਰ ਸਕੀਏ।
ਭਾਰਤੀ ਫੁੱਟਬਾਲ ਟੀਮ ਨੂੰ ਸਬਕ ਸਿੱਖਣਾ ਚਾਹੀਦਾ ਹੈ ਉਨ੍ਹਾਂ ਮੁਲਕਾਂ ਤੋਂ ਜਿੰਨ੍ਹਾਂ ਦੀ ਥੋੜ੍ਹੀ ਅਬਾਦੀ ਹੈ ਅਤੇ ਜਾਂ ਫਿਰ ਛੋਟੇ ਟਾਪੂਆਂ 'ਤੇ ਮੁਲਕ ਬਣੇ ਹੋਏ ਹਨ ਅਤੇ ਉਹ ਕਿਸ ਤਰ੍ਹਾਂ ਵਿਸ਼ਵ ਕੱਪ ਫੁੱਟਬਾਲ ਵਿਚ ਆਪਣਾ ਤਹਿਲਕਾ ਮਚਾ ਰਹੇ ਹਨ। ਕਰੋਏਸ਼ੀਆ ਵਰਗਾ ਮੁਲਕ ਜੋ 1991 ਵਿਚ ਜੇ ਅਜ਼ਾਦ ਹੋਇਆ, ਉਸਦੀ ਅਬਾਦੀ ਵੀ ਭਾਰਤ ਦੇ ਕਿਸੇ ਵੱਡੇ ਸ਼ਹਿਰ ਜਾਣੀ ਕਿ 40 ਲੱਖ ਦੇ ਕਰੀਬ ਹੈ। ਸਾਡੇ ਲੁਧਿਆਣਾ ਜ਼ਿਲ੍ਹਾ ਦੀ ਅਬਾਦੀ ਹੀ 40 ਲੱਖ ਤੋਂ ਵੱਧ ਹੈ। ਕਰੋਏਸ਼ੀਆ ਨੇ ਇਸ ਵਿਸ਼ਵ ਕੱਪ ਫੁੱਟਬਾਲ ਵਿਚ ਦੁਨੀਆ ਦੀ ਧੁਨਾਂਤਰ ਟੀਮ ਅਰਜਨਟੀਨਾ ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ।ਇਸੇ ਤਰ੍ਹਾਂ ਆਈਸਲੈਂਡ ਮੁਲਕ ਦੀ ਅਬਾਦੀ ਸਾਢੇ ਤਿੰਨ ਲੱਖ ਹੈ, ਪਰ ਵਿਸ਼ਵ ਕੱਪ ਵਿਚ ਉਸਨੇ ਵੱਡੇ-ਵੱਡਿਆਂ ਨੂੰ ਵਕਤ ਪਾਇਆ ਹੈ। ਇਥੇ ਹੀ ਬੱਸ ਨਹੀਂ, 1998 ਵਿਚ ਆਪਣਾ ਪਹਿਲਾ ਵਿਸ਼ਵ ਕੱਪ ਖੇਡਦਿਆਂ ਕਰੋਏਸ਼ੀਆ ਨੇ ਕਾਂਸੀ ਦਾ ਤਗਮਾ ਜਿੱਤ ਕੇ ਇਕ ਇਤਿਹਾਸ ਸਿਰਜਿਆ ਸੀ। ਡੈਨਮਾਰਕ, ਪਨਾਮਾ, ਕੋਸਟਾਰੀਕਾ, ਸਰਬੀਆ, ਪੀਰੂ, ਆਦਿ ਹੋਰ ਬਹੁਤ ਨਿੱਕੇ ਨਿੱਕੇ ਮੁਲਕ ਹਨ ਜੋ ਦੁਨੀਆ ਦੀ ਫੁੱਟਬਾਲ ਵਿਚ ਆਪਣਾ ਰਾਮ ਰੌਲਾ ਬਾਖੂਬੀ ਪਾ ਰਹੇ ਹਨ। 5 ਵਾਰ ਚੈਂਪੀਅਨ ਬ੍ਰਾਜ਼ੀਲ ਆਰਥਿਕ ਪੱਖੋਂ ਦੁਨੀਆ ਦਾ ਇਕ ਕਰਜ਼ਾਈ ਮੁਲਕ ਹੈ। ਪਰ ਫੁਟਬਾਲ ਦੇ ਮਾਮਲੇ ਵਿਚ ਉਸਨੇ ਪੂਰੀ ਦੁਨੀਆ ਕਰਜ਼ਾਈ ਕੀਤੀ ਹਈ ਹੈ। ਇਸੇ ਤਰ੍ਹਾਂ ਸਾਡੇ ਗਵਾਂਢੀ ਮੁਲਕ ਇਰਾਨ, ਇਰਾਕ ਕਿਤੇ ਬਾਰਡਰਾਂ 'ਤੇ ਲੜਦੇ ਹਨ ਤੇ ਕਿਤੇ ਅੱਤਵਾਦ ਨਾਲ ਲੜਦੇ ਹਨ ਪਰ ਫੁੱਟਬਾਲ ਦੀ ਦੁਨੀਆ ਦੇ ਉਹ ਵੀ ਸਿਰਮੌਰ ਹਨ। ਹੋਰ ਦੁਨੀਆ ਦੇ ਅਨੇਕਾਂ ਮੁਲਕ ਹਨ ਜੋ ਗਰੀਬੀ ਅਤੇ ਭੁੱਖ ਦਾ ਮੁਕਾਬਲਾ ਕਰਦੇ ਹਨ ਪਰ ਖੇਡਾਂ ਦੀ ਦੁਨੀਆ ਵਿਚ ਰਾਜੇ ਹਨ। ਅਸੀਂ ਡੇਢ ਅਰਬ 'ਚੋਂ 16 ਖਿਡਾਰੀ ਅਜਿਹੇ ਨਹੀਂ ਪੈਦਾ ਕਰ ਸਕੇ ਕਿ ਜੋ ਦੁਨੀਆ ਵਿਚ ਭਾਰਤ ਦੇ ਨਾਂਅ ਨੂੰ ਚਮਕਾ ਸਕਣ।
ਹਾਲਾਂਕਿ ਭਾਰਤ ਵਿਚ ਕਿ੍ਕਟ ਦਾ ਇਕ ਜੁਨੂੰਨ ਹੈ। 12-14 ਮੁਲਕਾਂ ਦੀ ਉਸ ਖੇਡ ਵਿਚ ਅਸੀਂ ਆਪਣੀ ਵਧੀਆ ਜਗ੍ਹਾ ਮੱਲੀ ਹੋਈ ਹੈ। ਪਰ ਸੰਸਾਰ ਦੀ ਉਹ ਖੇਡ ਜਿਸਨੂੰ ਪੂਰੀ ਦੁਨੀਆ ਹੀ ਖੇਡਦੀ ਹੈ ਉਸ ਵੱਲ੍ਹ ਅਸੀਂ ਕਿਉਂ ਨਹੀਂ ਉਚੇਚਾ ਧਿਆਨ ਦੇ ਰਹੇ। ਧਿਆਨ ਨਾ ਦੇਣਾ ਹੀ ਸਾਡਾ ਫੁੱਟਬਾਲ ਵਿਚ ਪਛੜਨਾ ਵੱਡੀ ਕਮਜੋਰੀ ਬਣ ਗਈ ਹੈ। ਕਿਉਂਕਿ ਜੇਕਰ ਅਸੀਂ 5 ਦਹਾਕੇ ਪਹਿਲਾਂ ਏਸ਼ੀਆ ਮਹਾਂਦੀਪ 'ਤੇ ਸਾਡੀ ਸਰਦਾਰੀ ਸੀ ਤਾਂ ਅੱਜ ਅਸੀਂ ਏਸ਼ੀਆ ਮਹਾਂਦੀਪ ਵਿਚ ਵੀ ਦੀਵਾ ਜਗਾਇਆਂ ਵੀ ਨਹੀਂ ਲੱਭਦੇ। ਏਸ਼ੀਆ ਕੱਪ ਸਾਨੂੰ ਖੇਡਿਆਂ ਨੂੰ ਕਈ ਦਹਾਕੇ ਹੋ ਗਏ। ਏਸ਼ੀਅਨ ਖੇਡਾਂ ਤੋਂ ਵੀ ਅਸੀਂ ਬਹੁਤ ਦੂਰ ਚਲੇ ਗਏ ਹਾਂ। ਓਲੰਪਿਕ ਖੇਡਾਂ ਅਤੇ ਵਿਵ ਕੱਪ ਵਿਚ ਹਿੱਸਾ ਲੈਣਾ ਤਾਂ ਸਾਡੇਲਈ ਅਸਮਾਨ ਤੋਂ ਤਾਰਾ ਤੋੜਨ ਬਰਾਬਰ ਹੋ ਗਿਆ ਹੈ। ਜੇਕਰ ਭਾਰਤ ਨੇ ਵਿਸ਼ਵ ਕੱਪ ਫੁੱਟਬਾਲ ਆਪਣੀ ਹੋਂਦ ਨੂੰ ਕਿਸੇ ਵੀ ਵਕਤ ਜਿਤਾਉਣਾ ਹੈ ਤਾਂ ਉਸਨੂੰ ਇਕ ਲੰਬੀ ਅਤੇ ਸਾਰਥਕ ਯੋਜਨਾ ਬਣਾਉਣੀ ਪਵੇਗੀ। ਫੁੱਟਬਾਲ ਪ੍ਰਤੀ ਹੇਠਲੇ ਪੱਧਰ 'ਤੇ ਗੰਭੀਰਤਾ ਅਤੇ ਸਮਰਪਿਤ ਭਾਵਨਾ ਲਿਆਉਣੀ ਪਵੇਗੀ ਤਾਂ ਹੀ ਅਸੀਂ ਪਹਿਲੀਆਂ 32 ਜਾਂ 48 ਟੀਮਾਂ ਵਿਚ ਆਪਣੀ ਹੋਂਦ ਨੂੰ ਦਰਸਾ ਸਕਾਂਗੇ, ਨਹੀਂ ਤਾਂ ਦੁਨੀਆ ਦੇ ਦੂਜੇ ਮੁਲਕ ਵਿਸ਼ਵ ਕੱਪ ਫੁਟਬਾਲ ਖੇਡਣਗੇ, ਹਾਰਨਗੇ ਤੇ ਜਿੱਤਣਗੇ। ਅਸੀਂ ਤਾਂ ਭਾਰਤ ਵਾਲੇ ਟੈਲੀਵਿਜ਼ਨ ਵਿਚ ਮੈਚ ਦੇਖ ਕੇ ਤਾੜੀਆਂ ਮਾਰਨ ਜੋਗੇ ਹੀ ਰਹਿ ਜਾਵਾਂਗੇ। ਸੋਚਣਾ ਭਾਰਤੀ ਫੁੱਟਬਾਲ ਦੇ ਰਖਵਾਲਿਆਂ ਨੇ ਹੈ। ਸਾਡੀਆਂ ਬਹੁਤੀਆਂ ਮੱਤਾਂ ਦੀ ਉਨ੍ਹਾਂ ਨੂੰ ਲੋੜ ਨਹੀਂ, ਕਿਉਂਕਿ ਉਹ ਖੁਦ ਆਪ ਸਿਆਣੇ ਹਨ। ਹਣ ਸੋਚਣਾ ਉਨ੍ਹਾਂ ਨੇ ਹੈ ਕਿ ਭਾਰਤੀ ਫੁੱਟਬਾਲ ਟੀਮ ਨੂੰ ਕਿਸ ਮੰਜ਼ਿਲ 'ਤੇ ਲੈ ਕੇ ਜਾਣਾ ਹੈ। ਜੇ ਨਹੀਂ ਤਾਂ ਫਿਰ ਭਾਰਤੀ ਫੁੱਟਬਾਲ ਦਾ ਰੱਬ ਹੀ ਰਾਖਾ।
-
ਜਗਰੂਪ ਸਿੰਘ ਜਰਖੜ,, ਖੇਡ ਲੇਖਕ ਤੇ ਖੇਡ ਪ੍ਰਮੋਟਰ
jagroopjarkhar@gmail.com
9814300722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.