ਜਿਊਂਦੇ ਜੀਅ ਬਾਬਾ ਬੋਹੜ ਬਣ ਜਾਣਾ ਕਿਸੇ ਦੇ ਹੱਥ ਵੱਸ ਨਹੀਂ। ਕਹਿਣ ਨੂੰ ਤਾਂ ਮੇਰੇ ਜਿਹੇ ਨੌ ਸਿੱਖੀਏ ਕਿਸੇ ਨੂੰ ਵੀ ਇਹ ਦਰਜਾ ਦੇ ਦਿੰਦੇ ਹਨ। ਵਡਭਾਗੀ ਹਾਂ ਅਸੀਂ ਜੋ ਅੱਜ ਸੱਚਮੁੱਚ ਸਾਹਿਤ ਦੇ ਉਸ ਬਾਬਾ ਬੋਹੜ ਸਤਿਕਾਰਯੋਗ ਜਸਵੰਤ ਸਿੰਘ ਕੰਵਲ ਹੋਰਾਂ ਦੀ ਛਾਂ ਮਾਣ ਰਹੇ ਹਾਂ। ਇਕ ਸਦੀ ਕਹਿੰਦਿਆਂ ਹੀ ਸਾਹ ਫੁੱਲ ਜਾਂਦਾ ਹੈ। ਚਲੋ! ਇਸ ਵਿਸ਼ਾਲ ਦੁਨੀਆ ਤੇ ਇਕ ਸਦੀ ਮਾਣਨ ਵਾਲਿਆਂ ਦੀ ਵੀ ਕੋਈ ਤੋਟ ਨਹੀਂ ਹੋਵੇਗੀ। ਪਰ ਉਹ ਸਦੀ ਕੀ ਮਾਣੀ ਤੇ ਕੀ ਨਾ ਮਾਣੀ, ਜਿਸ ਵਿਚ ਅਕਸਰ ਸੱਠਵਿਆਂ ਤੋਂ ਬਾਅਦ ਹੀ ਇਹ ਸੁਣਨ ਨੂੰ ਮਿਲ ਜਾਵੇ ਕਿ ਹੁਣ ਤਾਂ ਇਹ ਜੁਆਕਾਂ ਵਰਗਾ ਹੋ ਗਿਆ ਜਾਂ ਫੇਰ ਹੁਣ ਤਾਂ ਇਸ ਨੂੰ ਸੁੱਧ ਬੁੱਧ ਨਹੀਂ, ਨਾ ਕਿਸੇ ਨੂੰ ਪਛਾਣਦਾ ਨਾਂ ਦਿਸਦਾ ਨਾ ਸੁਣਦਾ।
ਸਦੀ ਦਾ ਹਾਣੀ ਹੋ ਕੇ ਵੀ ਅੱਜ ਸਾਡਾ ਬਾਬਾ ਬੋਹੜ ਚੜ੍ਹਦੀ ਕਲਾ 'ਚ ਹੈ। ਅੱਜ ਵੀ ਵੱਡੇ ਵੱਡੇ ਲੋਕ ਉਨ੍ਹਾਂ ਕੋਲੋਂ ਮਾਰਗ ਦਰਸ਼ਨ ਲੈਣ ਆਉਂਦੇ ਹਨ। ਕੰਵਲ ਸਾਹਿਬ ਦੇ ਨਾਲੇ ਗੁਜ਼ਾਰੇ ਪਲਾਂ ਦੇ ਬੇਇੰਤਹਾ ਕਿੱਸੇ ਪੜ੍ਹਨ ਸੁਣਨ ਨੂੰ ਮਿਲ ਜਾਣਗੇ। ਪਰ ਤਿੰਨ ਕੁ ਵਰ੍ਹੇ ਪਹਿਲਾਂ ਹੋਈ ਸਾਡੀ ਇਕ ਮੁਲਾਕਾਤ ਦੌਰਾਨ ਵਾਪਰੇ ਇਕ ਕਿੱਸੇ ਨੂੰ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ।
17 ਫਰਵਰੀ 2015 ਦੀ ਗੱਲ ਹੈ ਅਸੀਂ ਆਸਟ੍ਰੇਲੀਆ ਤੋਂ ਆਪਣੀ ਪੂਰੀ 'ਪੇਂਡੂ ਆਸਟ੍ਰੇਲੀਆ' ਦੀ ਟੀਮ ਨਾਲ ਕੰਵਲ ਸਾਹਿਬ ਨੂੰ ਮਿਲਣ ਉਨ੍ਹਾਂ ਦੇ ਪਿੰਡ ਢੁੱਡੀਕੇ ਚਲੇ ਗਏ। ਕੋਈ ਅੱਧੇ ਪੌਣੇ ਕਿੱਲੇ ਥਾਂ ਦੇ ਵਿਚਾਲੇ ਪਾਈ ਨਿੱਕੀ ਜਿਹੀ ਕੋਠੀ, ਜੋ ਕਿ ਉਹ ਆਪਣੀਆਂ ਲਿਖਤਾਂ 'ਚ ਦੱਸਦੇ ਹਨ ਕਿ ਉਨ੍ਹਾਂ ਡਾ ਜਸਵੰਤ ਕੌਰ ਲਈ ਪਾਈ ਸੀ, ਦੇ ਗੇਟ ਮੂਹਰੇ ਡੱਬੀਆਂ ਵਾਲੀ ਖੇਸੀ ਦੀ ਬੁੱਕਲ ਮਾਰੇ ਖੜ੍ਹੇ ਧੁੱਪ ਸੇਕ ਰਹੇ ਸਨ। ਅਸੀਂ ਜਾ ਪੈਰੀਂ ਹੱਥ ਲਾਏ। ਉਹ ਕਹਿੰਦੇ ਆਜੋ ਕਮਰੇ ‘ਚ ਤੇ ਮੁੰਡਾ ਆਉਂਦਾ ਫੇਰ ਤੁਹਾਨੂੰ ਚਾਹ ਕਰ ਕੇ ਪਿਆਉਂਦੇ ਹਾਂ। ਅਸੀਂ ਕੰਵਲ ਸਾਹਿਬ ਨੂੰ ਬੇਨਤੀ ਕੀਤੀ ਕਿ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਅਸੀਂ ਬਾਹਰ ਧੁੱਪ 'ਚ ਬੈਠ ਲਈਏ ਤੇ ਉਥੇ ਹੀ ਇੰਟਰਵਿਊ ਰਿਕਾਰਡ ਕਰ ਲਵਾਂਗੇ । ਉਮਰ ਦੇ ਇਸ ਪੜਾਅ 'ਚ ਵੀ ਸਰੀਰਕ ਚੁਸਤੀ ਅਤੇ ਹਾਜ਼ਰ ਜਵਾਬੀ ਦਾ ਸਬੂਤ ਦਿੰਦੇ ਹੋਏ ਕੰਵਲ ਸਾਹਿਬ ਕਹਿੰਦੇ, "ਇੱਕ ਸ਼ਰਤ ਆ ਕਿ ਹਰ ਇਕ ਨੂੰ ਆਪੋ ਆਪਣੀ ਕੁਰਸੀ ਆਪ ਚੱਕ ਕੇ ਧੁੱਪ 'ਚ ਲੈ ਜਾਣੀ ਪੈਣੀ ਹੈ।" ਤੇ ਇਨ੍ਹਾਂ ਕਹਿੰਦੇ ਲੱਕੜ ਦੀ ਇਕ ਭਾਰੀ ਕੁਰਸੀ ਨੂੰ ਆਪਣੇ ਸਿਰ ਤੇ ਰੱਖ ਸਾਡੇ ਮੂਹਰੇ ਹੋ ਤੁਰੇ। ਅਸੀਂ ਬਹੁਤ ਕਿਹਾ ਬਾਪੂ ਜੀ ਅਸੀਂ ਚੱਕ ਲੈਂਦੇ ਹਾਂ। ਉਹ ਕਹਿੰਦੇ "ਆਪਦੀ ਚੱਕ ਲੈ ਸ਼ੇਰਾ ਉਹੀ ਬਹੁਤ ਆ। ਇਹ ਨਾ ਹੋਵੇ ਮੈਨੂੰ ਤੇਰੀ ਕੁਰਸੀ ਵੀ ਚੱਕਣੀ ਪਵੇ। ਪਰ ਕੋਈ ਨਾ ਜੇ ਨਾ ਵੀ ਚਕੇਗਾ ਮੈਂ ਲਿਆ ਦਉ, ਫੇਰ ਵੀ ਤੂੰ ਮਹਿਮਾਨ ਹੈ ਮੇਰਾ।"
ਅਸੀਂ ਸ਼ਰਮਸਾਰ ਜਿਹੇ ਹੋਏ ਆਪੋ ਆਪਣੀਆਂ ਕੁਰਸੀਆਂ ਨਾਲ ਬਾਹਰ ਧੁੱਪ 'ਚ ਆ ਬੈਠੇ। ਪੰਜ ਮਿੰਟ ਤੋਂ ਵੀ ਘੱਟ ਸਮੇਂ 'ਚ ਦਸਤਾਰ ਸਜਾ ਕੇ ਕੈਮਰੇ ਮੂਹਰੇ ਆ ਬੈਠੇ ਤੇ ਕਹਿੰਦੇ ਲਓ ਪੁੱਛੋ ਕੀ ਪੁੱਛਣਾ। ਤਕਰੀਬਨ ਅੱਧਾ ਕੁ ਘੰਟਾ ਗੱਲਬਾਤ ਹੁੰਦੀ ਰਹੀ ਤੇ ਸਾਡੇ ਡਾਇਰੈਕਟਰ ਮਨਪ੍ਰੀਤ ਸਿੰਘ ਢੀਂਡਸਾ ਕਹਿੰਦੇ ਇੱਕ ਬਰੇਕ ਲੈ ਲਵੋ। ਪਰ ਬਾਬਾ ਜੀ ਕਹਿੰਦੇ ਬਰੇਕ ਨੂੰ ਕੀ ਆ ਇੰਜ ਹੀ ਦੱਬੀ ਚਲੋ। ਮੈਂ ਕਿਹਾ ਬਾਪੂ ਜੀ ਮੈਂ ਇਕ ਨੰਬਰ ਜਾਣਾ ਚਾਹੁੰਦਾ ਬਾਥਰੂਮ ਕਿਹੜੇ ਪਾਸੇ ਆ। ਕਹਿੰਦੇ ਆਹ ਦੇਖ ਅੱਧੇ ਕਿੱਲੇ ਥਾਂ 'ਚ ਸਰ੍ਹੋਂ ਬੀਜੀ ਪਈ ਆ ਜਿੱਥੇ ਮਰਜ਼ੀ ਜਾ ਆ। ਮੈਂ ਕਿਹਾ ਨਹੀਂ ਬਾਪੂ ਜੀ ਹੁਣ ਇੰਝ ਆਦਤ ਨਹੀਂ ਰਹਿ ਗਈ ਮੈਂ ਅੰਦਰ ਹੀ ਜਾ ਆਉਣਾ। ਮੁਸਕੜੀ ਜਿਹੀ ਝਾਕ ਕੇ ਕਹਿੰਦੇ ਇਹ ਵੀ ਆਪਣਾ ਵਿਰਸਾ ਇੰਝ ਆਦਤਾਂ 'ਚੋਂ ਨਹੀਂ ਗਵਾਈ ਦਾ। ਚਲੋ ਮੈਂ ਇਕ ਨੰਬਰ ਕਰਨ ਚਲਾ ਗਿਆ। ਜਦੋਂ ਵਾਪਸ ਆਇਆ ਤਾਂ ਕੀ ਦੇਖਦਾ, ਬਾਪੂ ਜੀ ਆਪਣੀ ਕੁਰਸੀ ਤੇ ਜਚੇ ਬੈਠੇ ਹਨ ਤੇ ਬਾਕੀ ਸਾਰੇ ਹੱਸ-ਹੱਸ ਦੂਹਰੇ ਹੋਈ ਜਾਣ। ਮੈਂ ਪੁੱਛਿਆ ਕਿ ਕੀ ਹੋ ਗਿਆ ਮੈਨੂੰ ਵੀ ਦੱਸੋ?
ਉਹ ਕਹਿੰਦੇ ਜਦੋਂ ਤੁਸੀਂ ਥੋੜ੍ਹੀ ਦੂਰ ਗਏ ਤਾਂ ਬਾਪੂ ਜੀ ਹੌਲੀ ਕੁ ਜਿਹੇ ਕਹਿੰਦੇ , ਆਇਆ ਸੀ ਮੇਰੀ ਇੰਟਰਵਿਊ ਕਰਨ, ਕੱਢ ਤਾਂ ਨਾ ਮੂਤ ਵੱਡੇ ਮਿੰਟੂ ਬਰਾੜ ਦਾ, ਬਣਦਾ ਸੀ ਵੱਡਾ ਐਂਕਰ! ਮੈਂ ਜਦੋਂ ਕੰਵਲ ਸਾਹਿਬ ਵੱਲ ਦੇਖਿਆ ਤਾਂ ਉਹ ਪੂਰੀ ਜੇਤੂ ਮੁਦਰਾ 'ਚ ਮੈਨੂੰ ਕਹਿ ਰਹੇ ਸੀ ਆਜਾ ਫੇਰ ਮੈਦਾਨ 'ਚ ਕਿ ਮੁੱਕ ਗਏ ਤੇਰੇ ਸੁਆਲ ?
ਉੱਥੋਂ ਵਿਦਾ ਲੈਣ ਲੱਗਿਆ ਜਦੋਂ ਅਸੀਂ 97 ਵਰ੍ਹਿਆਂ ਦੇ ਇਸ ਜੁਆਨ ਨਾਲ ਇਹ ਵਾਅਦਾ ਕੀਤਾ ਕਿ ਬਾਪੂ ਹੁਣ ਅਗਲੀ ਮੁਲਾਕਾਤ ਤੁਹਾਡੇ ਸੌ ਸਾਲ ਦਾ ਹੋਣ ਤੇ ਕਰਾਂਗੇ ਅਤੇ ਤੁਹਾਡੀ ਸਿਹਤਯਾਬੀ ਦੀ ਦੁਆ ਵੀ ਅਸੀਂ ਕਰਾਂਗੇ ਤਾਂ ਉਹਨਾਂ ਨੇ ਆਪਣੇ ਅੰਦਰ ਦੇ ਲੁਕੇ ਹੋਏ ਕਵੀ ਦੇ ਦਰਸ਼ਨ ਕਰਵਾਉਦੇਂ ਹੋਏ ਕਹਿਣ ਲੱਗੇ,"ਤੂੰ ਜੇ ਮਿਲ ਜਾਂਵੇਂ ਤਾਂ ਬਿਮਾਰੀ ਕੁਛ ਵੀ ਨਹੀ, ਉਂਝ ਖਬਰੇ ਮੈਂ ਬਚਾਂ ਜਾ ਨਾ ਬਚਾਂ।" ਨਾਲ ਹੀ ਮਜਾਕੀਆਂ ਜਿਹੇ ਅੰਦਾਜ 'ਚ ਤਪਾਕ ਦੇਣੇ ਕਹਿੰਦੇ "ਵਾਹਿਗੁਰੂ ਤੋਂ ਤੁਹਾਡੀ ਸਲਾਮਤੀ ਦੀ ਅਰਦਾਸ ਕਰਾਂਗਾ ਤਾਂ ਜੋ ਤੁਸੀਂ ਮੇਰੇ ਨਾਲ ਅਗਲੀ ਮੁਲਾਕਾਤ ਕਰ ਸਕੋ।"
ਸਾਨੂੰ ਬਾਹਰ ਗਲੀ 'ਚ ਕਾਰ ਤੱਕ ਛੱਡ ਕੇ ਆਪ ਇਕ ਪਾਸੇ ਖਲ੍ਹੋ ਕੇ ਸਾਡੇ ਜਾਣ ਦੇ ਇੰਤਜ਼ਾਰ ਕਰਨ ਲੱਗੇ। ਜਦੋਂ ਅਸੀਂ ਆਪਣਾ ਤੰਗੜ-ਪਟੀਆਂ ਲੱਦ ਕੇ ਉਨ੍ਹਾਂ ਕੋਲ ਦੀ ਲੰਘਣ ਲੱਗੇ ਤਾਂ ਹੱਥ ਦੇ ਕੇ ਰੋਕ ਲਿਆ ਤੇ ਕਾਰ ਦੇ ਸ਼ੀਸ਼ੇ ਨੂੰ ਫੜ ਕੇ ਕਹਿਣ ਲੱਗੇ "ਮੁੰਡਾ ਪੁੱਛਦਾ ਗੱਡੀ ਦਾ ਜੂਲ਼ਾ ਫੜ ਕੇ ਨੀ ਫੇਰ ਕਦੋਂ ਟੱਕਰੇਗੀ ?" ਉਨ੍ਹਾਂ ਦਾ ਸਾਨੂੰ ਵਿਦਾ ਕਰਨ ਦਾ ਇਹ ਅੰਦਾਜ਼ ਕਦੇ ਨਹੀਂ ਭੁੱਲ ਸਕਾਂਗੇ।
-
ਮਿੰਟੂ ਬਰਾੜ ਆਸਟ੍ਰੇਲੀਆ, ਲੇਖਕ
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.