ਸੁਮੇਲ ਸਿੰਘ ਸਿੱਧੂ ਯੁਨੀਵਰਸਿਟੀ ਦੀਆਂ ਜਮਾਤਾਂ ਵਿਚ ਪੜ੍ਹਨ ਦੇ ਦਿਨਾਂ 'ਚ ਹੀ ਸਾਹਿਤਕ ਸੱਥਾਂ ਜੋੜਨ ਅਤੇ ਸਿਧਾਂਤਕ ਸੰਵਾਦ ਛੇੜਨ ਦਾ ਸ਼ੌਕੀਨ ਸੀ।
1999 ਵਿਚ ਮੈਂ ਬਲਾਚੌਰ ਵਿਖੇ ਆਪਣੀ ਤਾਇਨਾਤੀ ਦੌਰਾਨ ਉਥੇ ਨਵ-ਕਵਿਤਾ ਉਤਸਵ ਆਯੋਜਿਤ ਕੀਤਾ ਤਾਂ ਹਰੇਕ ਸੈਸ਼ਨ ਵਿਚ ਉਹ ਆਪਣੇ ਤੋਂ ਵਡੇਰੀ ਉਮਰ ਦੇ ਵਿਦਵਾਨਾਂ ਨਾਲ ਆਢੇ ਲੈ ਕੇ ਬਹਿਸ ਨੂੰ ਤਿੱਖੀ ਅਤੇ ਰੌਚਿਕ ਬਣਾਈ ਰੱਖਦਾ ਸੀ। ਬਾਅਦ ਵਿਚ ਉਹ ਦਿੱਲੀ ਦੇ ਬੌਧਿਕ ਹਲਕਿਆਂ ਵਿਚ ਜਾ ਸਰਗਰਮ ਹੋਇਆ।
ਉਸ ਦੇ ਖੱਦਰ ਦੇ ਲੰਮੇ ਕੁੜਤੇ ਬਰੋਬਰ ਲਮਕਦੇ ਲੰਮੀ ਤਣੀ ਵਾਲੇ ਝੋਲੇ ਅਤੇ ਲਹਿਰਾਉਂਦੀ ਲੰਮੀ ਦਾਹੜੀ ਕਰਕੇ ਹੀ ਨਹੀਂ ਸਗੋਂ ਸਿੱਖੀ ਦੀਆਂ ਇਨਕਲਾਬੀ ਰਵਾਇਤਾਂ ਅਤੇ ਸਮਾਜਿਕ ਸਾਂਝੀਵਾਲਤਾ ਦੇ ਸੁਮੇਲ ਦਾ ਮਦਾਹ ਹੋਣ ਕਰਕੇ ਮੈਂ ਉਸ ਦਾ ਨਾਂ ਕਾਮਰੇਡ ਸੁਮੇਲ ਸਿੰਘ ਖਾਲਸਾ ਰੱਖਿਆ ਹੋਇਆ ਹੈ।
ਚਾਰ ਸਾਲ ਪਹਿਲਾਂ ਜਦ ਪੰਜਾਬ ਵਿਚ ਆਮ ਆਦਮੀ ਪਾਰਟੀ ਸਿਆਸੀ ਤਾਜ਼ਗੀ ਦਾ ਬੁੱਲਾ ਬਣਕੇ ਆਈ ਸੀ ਅਤੇ ਇਸ ਨੇ ਪੈਂਦੀ ਸੱਟੇ ਪਾਰਲੀਮੈਂਟ ਦੀਆਂ ਚਾਰ ਸੀਟਾਂ ਮੱਲ ਲਈਆਂ ਸਨ ਤਾਂ ਪੰਜਾਬ ਵਿਚ ਇਸ ਦੀ ਵਾਗਡੋਰ ਸੁਮੇਲ ਦੇ ਹੱਥ ਵਿਚ ਸੀ। ਪਰ ਅਰਵਿੰਦ ਕੇਜਰੀਵਾਲ ਨੇ ਜਲਦੀ ਹੀ 'ਮੈਂ ਹੀ ਮੈਂ ਹੂੰ' (I ,me and myself)ਦੀ ਭਾਵਨਾ ਤਹਿਤ ਪਾਰਟੀ ਨੂੰ ਸਿਆਣਪਮੁਕਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਪ੍ਰਸ਼ਾਂਤ ਭੂਸ਼ਨ, ਜੋਗਿੰਦਰ ਯਾਦਵ ਆਦਿ ਨਾਲ ਸੁਮੇਲ ਦਾ ਵੀ ਨੰਬਰ ਲੱਗ ਗਿਆ।
ਇਸ ਸਫਾਈ-ਮੁਹਿੰਮ ਦੀ ਨਿਰੰਤਰਤਾ ਕਾਰਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸਿਆਸੀ ਇਖ਼ਲਾਕ ਦੀਆਂ ਉਨ੍ਹਾਂ ਨਿਵਾਣਾਂ ਨੂੰ ਦੋ ਸਾਲਾਂ ਅੰਦਰ ਹੀ ਹਾਸਲ ਕਰ ਲਿਆ ਜਿਹਨਾਂ ਨੂੰ ਛੂਹਣ ਲਈ ਆਜ਼ਾਦੀ ਤੋਂ ਬਾਅਦ ਕਾਂਗਰਸ ਨੂੰ ਪੱਚੀ ਅਤੇ ਅਕਾਲੀ ਦਲ ਨੂੰ ਪੰਜਾਹ ਸਾਲਾਂ ਤੋਂ ਵੱਧ ਸਮਾਂ ਲੱਗਿਆ।
26 ਜੂਨ ਨੂੰ ਪੰਜਾਬੀ ਦੇ ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਦੇ 100 ਵੇਂ ਜਨਮ ਦਿਵਸ ਦੀ ਪੂਰਵ ਸੰਧਿਆ ਮੌਕੇ ਸਾਡਾ ਢੁੱਡੀਕੇ (ਮੋਗਾ)ਪਿੰਡ ਜਾਣ ਹੋਇਆ। ਕੰਵਲ ਸਾਹਿਬ ਦੀ ਬੇਟੀ ਦਾ ਬੇਟਾ ਹੋਣ ਕਰਕੇ ਸੁਮੇਲ ਸਿੰਘ ਸਿੱਧੂ ਉਹਨਾਂ ਦੀ ਬਿੰਦੀ ਸੰਤਾਨ ਤਾਂ ਹੈ ਹੀ, ਇਸ ਤੋਂ ਵੱਧ ਉਹ ਉਹਨਾਂ ਦੀ ਨਾਦੀ ਸੰਤਾਨ ਵੀ ਹੈ।
ਓਥੇ ਸੁਮੇਲ ਨੇ ਇਸ ਕਿਤਾਬਚੇ ਦੇ ਰੂਪ ਵਿਚ 45 ਕੁ ਸਫ਼ੇ ਦਾ ਦਸਤਾਵੇਜ਼ ਦਿੱਤਾ। ਇਸ ਦਾ ਸਿਰਲੇਖ ਜਿੰਨਾ ਲੰਮਾ ਅਤੇ ਵਿਖਿਆਤ ਹੈ ਲਿਖਤ ਓਨੀ ਸੰਘਣੀ ਅਤੇ ਸੰਖੇਪ ਹੈ।
ਇਸ ਦੀ ਬੁਣਤੀ ਉਸ ਦਰੀ ਵਰਗੀ ਹੈ ਜਿਸ ਦਾ ਤਾਣਾ ਤਾਂ ਵਾਰਿਸ ਸ਼ਾਹ ਦੀ ਹੀਰ ਨਾਲ ਤਣਿਆਂ ਹੈ ਪਰ ਪੇਟੇ ਦੇ ਡਿਜ਼ਾਈਨ ਗੁਰਬਾਣੀ, ਸੂਫੀ ਸੁਖ਼ਨ, ਸ਼ਾਹ ਮੁਹੰਮਦ ਦੇ ਜੰਗਨਾਮੇ, ਰੱਬੀ ਸ਼ੇਰਗਿੱਲ ਦੀ ਗਾਇਕੀ ਅਤੇ ਸਮਕਾਲੀ ਚਿੰਤਕ ਕਵੀਆਂ ਅਜਮੇਰ ਰੋਡੇ ਅਤੇ ਸਵਰਾਜਬੀਰ ਦੀਆਂ ਲਿਖਤਾਂ ਦੇ ਹਵਾਲਿਆਂ ਦੀਆਂ ਗੁੱਟੀਆਂ ਨਾਲ ਪਾਏ ਹਨ। ਇਸ ਵਾਰਤਕ ਨੂੰ ਪੜ੍ਹਨ ਲਈ ਪੜ੍ਹਨਹਾਰੇ ਦਾ ਨਵੀਂ ਅਤੇ ਪੁਰਾਣੀ ਕਵਿਤਾ ਦਾ ਪਾਠਕ ਹੀ ਨਹੀਂ ਸਗੋਂ ਰਸੀਆ ਹੋਣਾ ਲਾਜ਼ਮੀ ਹੈ। ਉਸ ਨੇ ਪੰਜਾਬੀ ਜ਼ੁਬਾਨ ਵਿਚ ਚਿੰਤਨੀ ਸੰਭਾਵਨਾਵਾਂ ਦੀ ਸਿਖਰ ਦੇ ਦਰਸ਼ਨ ਕਰਾਏ ਹਨ।
ਨਵੇਂ ਭਾਵ-ਬੋਧ ਲਈ ਉਸ ਨੇ ਬਹੁਤ ਸਾਰੇ ਸੱਜਰੇ ਸ਼ਬਦ-ਜੁੱਟ ਵਰਤੇ ਹਨ ਜਿਵੇਂ ਹੁਸਨ-ਇਖ਼ਲਾਕ, ਹੁਸਨ-ਚਤੁਰਾਈ ਆਦਿ। ਇਸ ਦੀ ਵਿਹਾਰਕਤਾ ਦੀ ਥਾਹ ਪਾਉਣ ਲਈ ਇਹ ਦਸਤਾਵੇਜ਼ ਸੁਮੇਲ ਤੋਂ ਹੋਰ ਵਿਆਖਿਆ ਦੀ ਅਤੇ ਪੜ੍ਹਨਹਾਰਿਆਂ ਤੋਂ ਉਸ ਨੂੰ ਗੰਭੀਰ ਸਵਾਲ ਕਰਨ ਦੀ ਮੰਗ ਕਰਦਾ ਹੈ। ਪੰਜਾਬ ਲਈ ਚੰਗੇਰੀ ਦਿਸ਼ਾ ਨਿਰਧਾਰਨ ਲਈ ਸਹਿਮਤੀਆਂ-ਅਸਹਿਮਤੀਆਂ ਨਾਲ ਗੱਲ ਅੱਗੇ ਤੋਰਨ ਲਈ ਇਹ ਲਿਖਤ ਮੁਢਲਾ ਪਾਠ ਹੋ ਸਕਦੀ ਹੈ ਜਿਸ ਨੂੰ ਪੰਜਾਬ ਦਾ ਭਲਾ ਚਾਹੁਣ ਵਾਲੇ ਦਿਆਨਤਦਾਰੀ ਨਾਲ ਸੋਧ ਅਤੇ ਵਿਸਥਾਰ ਸਕਦੇ ਹਨ ਅਤੇ ਜਿਸ ਦੀ ਰੌਸ਼ਨੀ ਵਿਚ ਸੁਹਿਰਦ ਸਮਾਜਿਕ, ਸੱਭਿਆਚਾਰਕ ਅਤੇ ਸਿਆਸੀ ਕਾਰਕੁਨ ਅੱਗੇ ਵਧ ਸਕਦੇ ਹਨ। ਦੇਸਰਾਜ ਕਾਲ਼ੀ ਦੇ ਕਹਿਣ ਵਾਂਗੂੰ ਜਿਹਨਾਂ ਦਾ ਪੰਜਾਬ ਦੀ ਧਰਤੀ ਨੂੰ ਹੱਥ ਲੱਗਿਆ ਹੋਇਆ ਉਹਨਾਂ ਦਾ ਸੁਮੇਲ ਨਾਲ ਸੰਵਾਦ ਰੂਪ ਵਿਚ ਦਸਤ ਪੰਜਾ ਲੈਣਾ ਵੀ ਬਣਦਾ ਹੈ।
-
ਜਸਵੰਤ ਜ਼ਫ਼ਰ, ਲੇਖਕ
jaszafar@yahoo.com
+91 96461 18209
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.