ਪੰਜਾਬ ਦੇ ਲੋਕ ਨਾਇਕ, ਰਾਜਪੂਤ ਯੋਧੇ ਜੈਮਲ ਅਤੇ ਫੱਤਾ।
ਪੰਜਾਬ ਦੇ ਲੋਕ ਨਾਇਕਾਂ ਵਿੱਚ ਪੰਜਾਬ ਤੋਂ ਬਾਹਰ ਦੇ ਅਜਿਹੇ ਸੂਰਮੇ ਬਹੁਤ ਘੱਟ ਸ਼ਾਮਲ ਹਨ ਜਿਹਨਾਂ ਬਾਰੇ ਵਾਰਾਂ ਬਣੀਆਂ ਹਨ। ਮੁੱਖ ਕਿੱਸਿਆਂ ਵਿੱਚ ਸਿੰਧ ਦਾ ਕਿੱਸਾ ਸੱਸੀ ਪੁਨੂੰ ਅਤੇ ਯੋਧਿਆਂ-ਸੂਰਬੀਰਾਂ ਵਿੱਚ ਸਿਰਫ ਰਾਜਸਥਾਨ ਦੇ ਸੂਰਮਿਆਂ ਰਾਵਤ ਜੈ ਮੱਲ ਰਾਠੌਰ, ਉਰਫ ਜੈਮਲ ਅਤੇ ਰਾਵਤ ਫੱਤਾ ਸਿਸੋਦੀਆ, ਉਰਫ ਫੱਤਾ ਨੂੰ ਇਹ ਮਾਣ ਹਾਸਲ ਹੈ। ਜੈਮਲ ਫੱਤਾ ਦੀਆਂ ਵਾਰਾਂ ਪੰਜਾਬ ਦੇ ਕੁਲਦੀਪ ਮਾਣਕ ਵਰਗੇ ਅਨੇਕਾਂ ਨਾਮਵਰ ਢਾਡੀਆਂ, ਕਵੀਸ਼ਰਾਂ ਅਤੇ ਗਾਇਕਾਂ ਨੇ ਗਾਈਆਂ ਹਨ।
20 ਅਕਤੂਬਰ 1567 ਨੂੰ ਭਾਰਤ ਦੇ ਸ਼ਹਿਨਸ਼ਾਹ ਅਕਬਰ ਨੇ ਰਾਜਪੂਤਾਨੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਰਾਜਸਥਾਨ ਦੀ ਸਭ ਤੋਂ ਮਜ਼ਬੂਤ ਰਿਆਸਤ ਮੇਵਾੜ ਦੀ ਰਾਜਧਾਨੀ ਚਿਤੌੜਗੜ 'ਤੇ ਆਪ ਖੁਦ ਹਮਲਾ ਬੋਲ ਦਿੱਤਾ। ਰਾਜਪੂਤਾਂ ਨੇ ਅਤਿਅੰਤ ਬਹਾਦਰੀ ਨਾਲ ਮੁਗਲਾ ਫੌਜ ਦਾ ਸਾਹਮਣਾ ਕੀਤਾ ਤੇ ਉਸ ਨੂੰ 23 ਫਰਵਰੀ 1568 ਤੱਕ ਰੋਕੀ ਰੱਖਿਆ। ਮੇਵਾੜ ਦਾ ਮਹਾਰਾਣਾ ਉਦੇ ਸਿੰਘ ਆਤਮ ਸਮਰਪਣ ਕਰਨ ਦੀ ਬਜਾਏ ਪਰਿਵਾਰ ਸਮੇਤ ਚਿਤੌੜਗੜ ਨੂੰ ਆਪਣੇ ਸੈਨਾਪਤੀਆਂ ਜੈਮਲ ਅਤੇ ਫੱਤਾ ਦੇ ਸਹਾਰੇ ਛੱਡ ਕੇ ਗੋਗੁੰਡਾ ਦੇ ਕਿਲ•ੇ ਵਿੱਚ ਚਲਾ ਗਿਆ। ਜੈਮਲ ਅਤੇ ਫੱਤਾ ਨੇ 8000 ਸੈਨਿਕਾਂ ਅਤੇ 35000 ਕਿਸਾਨਾਂ-ਮਜ਼ਦੂਰਾਂ ਦੀ ਮਦਦ ਨਾਲ ਅਕਬਰ ਦੇ ਲੱਖਾਂ ਸੈਨਿਕਾਂ ਨੂੰ ਚਾਰ ਮਹੀਨੇ ਤੱਕ ਕਿਲੇ ਦੇ ਨੇੜੇ ਨਾ ਫੜਕਣ ਦਿੱਤਾ। ਆਖਰ 22 ਫਰਵਰੀ 1568 ਨੂੰ ਜੈਮਲ ਅਤੇ 23 ਫਰਵਰੀ 1568 ਨੂੰ ਫੱਤਾ ਵੀਰਗਤੀ ਨੂੰ ਪ੍ਰਾਪਤ ਹੋ ਗਏ ਤੇ ਕਿਲ੍ਹਾ ਮੁਗਲਾਂ ਦੇ ਹੱਥ ਆ ਗਿਆ। ਇਸ ਜੰਗ ਵਿੱਚ ਸਾਰੇ ਦੇ ਸਾਰੇ 8000 ਰਾਜਪੂਤ ਸੈਨਿਕ ਮਾਰੇ ਗਏ ਤੇ ਹਜ਼ਾਰਾਂ ਔਰਤਾਂ ਨੇ ਬੱਚਿਆਂ ਸਮੇਤ ਜੌਹਰ ਕਰ ਲਿਆ। ਅਕਬਰ ਦੀ ਖਿਝੀ ਖਪੀ ਸੈਨਾ ਨੇ 30000 ਆਮ ਨਾਗਰਿਕਾਂ ਦਾ ਵੀ ਕਤਲ ਕਰ ਦਿੱਤਾ। ਇਸ ਜਿੱਤ ਦੀ ਖੁਸ਼ੀ ਮਨਾਉਣ ਲਈ ਅਕਬਰ ਇੱਕ ਹਫਤਾ ਚਿਤੌੜਗੜ ਵਿੱਚ ਰਿਹਾ। ਅਕਬਰ ਜੈਮਲ ਅਤੇ ਫੱਤਾ ਦੀ ਬਹਾਦਰੀ ਤੋਂ ਐਨਾ ਖੁਸ਼ ਹੋਇਆ ਕਿ ਦੋਵਾਂ ਦੇ ਕਾਲੇ ਸੰਗਮਰਮਰ ਦੇ ਹਾਥੀ 'ਤੇ ਸਵਾਰ ਬੁੱਤ ਆਗਰੇ ਦੇ ਕਿਲੇ ਦੇ ਮੁੱਖ ਦਰਵਾਜ਼ੇ ਦੇ ਬਾਹਰ ਸਥਾਪਿਤ ਕਰਵਾਏ।
ਰਾਵਤ ਜੈ ਮੱਲ ਰਾਠੌਰ - ਜੈਮਲ ਦਾ ਜਨਮ 17 ਸਤੰਬਰ 1507 ਨੂੰ ਮੇਵਾੜ ਦੀ ਰਿਆਸਤ ਮੇਰਟਾ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਰਾਵਤ ਵਿਕਰਮ ਰਾਠੌਰ (ਮੇਰਟਾ ਦਾ ਜਾਗੀਰਦਾਰ) ਅਤੇ ਮਾਤਾ ਦਾ ਨਾਮ ਰਾਣੀ ਗੋਰਾਜੀਆ ਕੰਵਰ ਸੀ। ਜੈਮਲ ਆਪਣੇ ਪਿਤਾ ਦੇ ਮਰਨ ਤੋਂ ਬਾਅਦ ਮੇਰਟਾ ਰਿਆਸਤ ਦਾ ਜਾਗੀਰਦਾਰ ਬਣ ਗਿਆ ਤੇ ਕੁਝ ਹੀ ਸਮੇਂ ਵਿੱਚ ਆਪਣੀ ਬਹਾਦਰੀ ਦੇ ਬਲ 'ਤੇ ਤਰੱਕੀ ਕਰਦਾ ਹੋਇਆ ਚਿਤੌੜਗੜ ਦਾ ਕਿਲੇਦਾਰ ਥਾਪ ਦਿੱਤਾ ਗਿਆ। ਉਸ ਨੇ ਮੇਵਾੜ ਦੀਆਂ ਫੌਜਾਂ ਵੱਲੋਂ ਲੜਦੇ ਹੋਏ ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ। ਉਸ ਦੀਆਂ ਸੇਵਾਵਾਂ ਦਾ ਮਾਣ ਰੱਖਦੇ ਹੋਏ ਰਾਣਾ ਉਦੇ ਸਿੰਘ ਨੇ ਉਸ ਨੂੰ 1000 ਹੋਰ ਪਿੰਡ ਜਾਗੀਰ ਵਜੋਂ ਦੇ ਦਿੱਤੇ। ਰਾਣਾ ਉਦੇ ਸਿੰਘ ਦੇ ਕਿਲ੍ਹਾ ਛੱਡਣ ਤੋਂ ਬਾਅਦ ਮੁਗਲ ਫੌਜ ਨਾਲ ਰੋਜ਼ਾਨਾ ਝੜਪਾਂ ਹੋਣ ਲੱਗੀਆਂ। ਦੋਵਾਂ ਧਿਰਾਂ ਦੇ ਅਨੇਕਾਂ ਸੂਰਮੇ ਮਾਰੇ ਗਏ। ਮੁਗਲ ਤੋਪਖਾਨੇ ਦੀ ਲਗਾਤਾਰ ਗੋਲਾਬਾਰੀ ਕਾਰਨ ਚਿਤੌੜਗੜ ਵਰਗੇ ਅਜਿੱਤ ਕਿਲ•ੇ ਦੀਆਂ ਦੀਵਾਰਾਂ ਵੀ ਕਮਜ਼ੋਰ ਹੋ ਕੇ ਡਿੱਗਣ ਲੱਗ ਪਈਆਂ। ਪਰ ਜਿੱਥੇ ਵੀ ਪਾੜ ਪੈਂਦਾ, ਰਾਜਪੂਤ ਝਟਪਟ ਰੇਤ ਦੀਆਂ ਬੋਰੀਆਂ ਤੇ ਪੱਥਰਾਂ ਨਾਲ ਉਸ ਨੂੰ ਪੂਰ ਦਿੰਦੇ। ਪਰ ਐਨੀ ਵੱਡੀ ਹਕੂਮਤ ਨਾਲ ਮੱਥਾ ਲਗਾਉਣਾ ਮੁਸ਼ਕਲ ਹੁੰਦਾ ਹੈ। ਘੇਰੇ ਵਿੱਚ ਆਈ ਫੌਜ ਦੇ ਸਾਧਨ ਹੌਲੀ ਹੌਲੀ ਖਤਮ ਹੋਣ ਲੱਗ ਜਾਂਦੇ ਹਨ ਤੇ ਘੇਰਾ ਪਾਉਣ ਵਾਲੀ ਫੌਜ ਨੂੰ ਰਸਦ ਅਤੇ ਯੁੱਧ ਸਮੱਗਰੀ ਦੀ ਸਪਲਾਈ ਨਿਰੰਤਰ ਜਾਰੀ ਰਹਿੰਦੀ ਹੈ।
ਜੈਮਲ ਦੀ ਮੌਤ ਵੀ ਇੱਕ ਅਜਿਹਾ ਪਾੜ ਪੂਰਦੇ ਸਮੇਂ ਅਕਬਰ ਦੀ ਗੋਲੀ ਕਾਰਨ ਹੋਈ ਸੀ। ਜੈਮਲ ਦੀ ਮੌਤ ਬਾਰੇ ਮੌਕੇ 'ਤੇ ਹਾਜ਼ਰ ਅਕਬਰ ਦਾ ਜੀਵਨੀਕਾਰ ਅਬੁਲਫਜ਼ਲ, ਅਕਬਰਨਾਮਾ ਵਿੱਚ ਲਿਖਦਾ ਹੈ, “ਇਸ ਸਮੇਂ ਬਾਦਸ਼ਾਹ ਸਮਝ ਗਿਆ ਕਿ ਸ਼ਾਨਦਾਰ ਕਵਚ ਪਹਿਨ ਕੇ ਪਾੜ ਦੀ ਮੁਰੰਮਤ ਕਰਵਾ ਰਿਹਾ ਇਹ ਸ਼ਖਸ਼ ਕੋਈ ਵੱਡਾ ਸੈਨਾਪਤੀ ਹੈ। ਪਰ ਬਾਦਸ਼ਾਹ ਦੇ ਸਲਾਹਕਾਰਾਂ ਵਿੱਚੋਂ ਕੋਈ ਵੀ ਉਸ ਦਾ ਨਾਮ ਨਹੀਂ ਸੀ ਜਾਣਦਾ। ਬਾਦਸ਼ਾਹ ਨੇ ਆਪਣੀ ਖਾਸ ਤੌਰ 'ਤੇ ਤਿਆਰ ਕੀਤੀ ਹੋਈ ਸੰਗਰਾਮ ਨਾਮਕ ਰਾਈਫਲ ਚੁੱਕੀ ਤੇ ਉਸ ਨੂੰ ਨਿਸ਼ਾਨਾ ਬਣਾ ਦਿੱਤਾ। ਅਗਲੇ ਦਿਨ ਜਿੱਤ ਤੋਂ ਬਾਅਦ ਇਹ ਸ਼ਨਾਖਤ ਹੋਈ ਕਿ ਮਰਨ ਵਾਲਾ ਕਿਲ•ੇ ਦਾ ਗਵਰਨਰ ਜੈਮਲ ਸੀ। ਮਹਾਨ ਬਾਦਸ਼ਾਹ ਨੇ ਇੱਕ ਹੀ ਗੋਲੀ ਨਾਲ ਜੈਮਲ ਅਤੇ ਚਿਤੌੜਗੜ• ਦੇ ਕਿਲ•ੇ ਨੂੰ ਨਸ਼ਟ ਕਰ ਦਿੱਤਾ।”
ਜੈਮਲ ਦੇ ਦੋ ਪੁੱਤਰ ਸਨ। ਵੱਡਾ ਬੇਟਾ ਰਾਉ ਮੁਕੰਦ ਰਾਠੌਰ ਵੀ ਚਿਤੌੜਗੜ ਦੀ ਲੜਾਈ ਵਿੱਚ ਮਾਰਿਆ ਗਿਆ ਤੇ ਛੋਟਾ ਬੇਟਾ ਰਾਮਦਾਸ ਰਾਠੌਰ ਮੇਰਟਾ ਦੀ ਗੱਦੀ 'ਤੇ ਬੈਠਾ ਜੋ ਮਹਾਰਾਣਾ ਪ੍ਰਤਾਪ ਵੱਲੋਂ ਹਲਦੀਘਾਟੀ ਦੇ ਮੈਦਾਨ ਵਿੱਚ ਲੜਦਾ ਹੋਇਆ ਮਾਰਿਆ ਗਿਆ।
ਰਾਵਤ ਫੱਤਾ ਸਿਸੋਦੀਆ - ਫੱਤਾ ਸਿਸੋਦੀਆ ਮੇਵਾੜ ਦੇ ਸ਼ਾਹੀ ਖਾਨਦਾਨ ਦਾ ਨੇੜਲਾ ਰਿਸ਼ਤੇਦਾਰ ਸੀ ਤੇ ਕੇਲਾਵਾ ਰਿਆਸਤ ਦਾ ਜਾਗੀਰਦਾਰ ਸੀ। ਉਸ ਦੇ ਬਾਪ ਦਾ ਨਾਮ ਰਾਵਤ ਜਗਤ ਅਤੇ ਮਾਤਾ ਦਾ ਨਾਮ ਰਾਣੀ ਸੱਜਣ ਬਾਈ ਸੋਂਗਰ ਚੌਹਾਨ ਸੀ। ਫੱਤਾ ਦਾ ਦਾਦਾ, ਪਿਤਾ ਅਤੇ ਦੋ ਚਾਚੇ ਮੇਵਾੜ ਖਾਤਰ ਯੁੱਧਾਂ ਵਿੱਚ ਸ਼ਹੀਦ ਹੋਏ ਸਨ। ਫੱਤਾ ਦਾ ਦਾਦਾ ਰਾਵਤ ਸੀਹਾ ਜੀ ਦੀ ਮੌਤ ਰਾਣਾ ਸਾਂਗਾ ਵੱਲੋਂ ਬਾਬਰ ਦੇ ਖਿਲਾਫ ਖਨੁਵਾ ਦੀ ਲੜਾਈ ਵਿੱਚ ਲੜਦੇ ਸਮੇਂ ਹੋਈ ਸੀ। ਫੱਤਾ ਦੀਆਂ 9 ਪਤਨੀਆਂ, 5 ਧੀਆਂ, ਅਤੇ 6 ਪੁੱਤਰ ਸਨ। ਉਸ ਦੀਆਂ ਸਾਰੀਆਂ ਪਤਨੀਆਂ, ਧੀਆਂ ਅਤੇ ਦੋ ਪੁੱਤਰ ਚਿਤੌੜਗੜ ਦੇ ਜੌਹਰ ਵਿੱਚ ਸੜ ਕੇ ਆਪਣੀਆਂ ਜਾਨਾਂ ਦੇ ਗਏ ਸਨ। ਉਸ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਰਾਵਤ ਕਾਲਾ ਸਿਸੋਦੀਆ ਕੇਲਾਵਾ ਦੀ ਗੱਦੀ 'ਤੇ ਬੈਠਾ ਜੋ ਹਲਦੀਘਾਟੀ ਦੇ ਮੈਦਾਨ ਵਿੱਚ ਰਾਣਾ ਪ੍ਰਾਤਪ ਵੱਲੋਂ ਲੜਦਾ ਹੋਇਆ ਮਾਰਿਆ ਗਿਆ।
ਜੈਮਲ ਦੀ ਮੌਤ ਤੋਂ ਬਾਅਦ ਰਾਜਪੂਤਾਂ ਦੀ ਕਮਾਂਡ ਫੱਤਾ ਦੇ ਹੱਥ ਵਿੱਚ ਆ ਗਈ। ਜੈਮਲ ਵਰਗੇ ਗਾਥਾਮਈ ਯੋਧੇ ਦੇ ਮਰ ਜਾਣ ਕਾਰਨ ਰਾਜਪੂਤ ਫੌਜ ਵਿੱਚ ਘੋਰ ਨਿਰਾਸ਼ਾ ਫੈਲ ਗਈ ਸੀ। ਪਰ ਫੱਤਾ ਨੇ ਉਹਨਾਂ ਨੂੰ ਹਿੰਮਤ ਬੰਨ•ਵਾਈ। ਨਿਸ਼ਚਤ ਹਾਰ ਸਾਹਮਣੇ ਵੇਖ ਕੇ ਵੀ ਉਸ ਨੇ ਹਥਿਆਰ ਸੁੱਟ ਕੇ ਸ਼ਰਮਿੰਦਗੀ ਦੀ ਜ਼ਿੰਦਗੀ ਜਿਊਣ ਦੀ ਬਜਾਏ ਇੱਕ ਸਿਪਾਹੀ ਦੀ ਮੌਤ ਚੁਣੀ। ਅਗਲੇ ਦਿਨ ਜਦੋਂ ਮੁਗਲ ਫੌਜ ਨੇ ਕਿਲ•ੇ ਵਿੱਚ ਪ੍ਰਵੇਸ਼ ਕੀਤਾ ਤਾਂ ਰਾਜਪੂਤ ਔਰਤਾਂ ਨੇ ਚਿਤਾ ਵਿੱਚ ਕੁੱਦ ਕੇ ਜੌਹਰ ਕਰ ਲਿਆ ਅਤੇ ਰਾਜਪੂਤ ਯੋਧੇ ਫੱਤਾ ਦੀ ਅਗਵਾਈ ਹੇਠ ਕੇਸਰੀ ਕੱਪੜੇ ਪਹਿਨ ਕੇ ਤੇ ਸ਼ਹੀਦੀ ਗਾਨੇ ਬੰਨ ਕੇ ਮੁਗਲ ਫੌਜ 'ਤੇ ਟੁੱਟ ਪਏ। ਫੱਤਾ ਮੁਗਲਾਂ ਵਿੱਚ ਮਾਰ ਕਾਟ ਮਚਾਉਂਦਾ ਹੋਇਆ ਅੱਗੇ ਹੀ ਅੱਗੇ ਵਧਦਾ ਗਿਆ। ਆਖਰ ਜਦੋਂ ਉਹ ਕਿਸੇ ਤਰਾਂ ਕਾਬੂ ਨਾ ਆਇਆ ਤਾਂ ਉਸ ਨੂੰ ਇੱਕ ਹਾਥੀ ਦੇ ਥੱਲੇ ਕੁਚਲ ਦਿੱਤਾ ਗਿਆ। ਜਦੋਂ ਉਸ ਨੂੰ ਪਹਿਚਾਣ ਕੇ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਅਜੇ ਜ਼ਿੰਦਾ ਸੀ, ਪਰ ਜਲਦੀ ਹੀ ਉਸ ਦੀ ਮੌਤ ਹੋ ਗਈ।
ਜੈਮਲ ਫੱਤਾ ਦੀਆਂ ਵਾਰਾਂ ਪੰਜਾਬੀ ਨੌਜਵਾਨਾਂ ਨੂੰ ਹਿੰਮਤ ਅਤੇ ਉਤਸ਼ਾਹ ਦਿੰਦੀਆਂ ਸਨ ਕਿ ਕਿਵੇਂ ਉਲਟ ਪ੍ਰਸਥਿੱਤੀਆਂ ਵਿੱਚ ਵੀ ਆਪਣੀ ਆਨ ਬਾਨ ਅਤੇ ਸ਼ਾਨ ਕਾਇਮ ਰੱਖੀ ਜਾ ਸਕਦੀ ਹੈ। ਪਰ ਅਜੋਕੀ ਪੰਜਾਬੀ ਪੀੜੀ ਨੂੰ ਆਪਣੇ ਪੜਦਾਦੇ ਨਾਮ ਚੇਤੇ ਨਹੀਂ, ਇਹਨਾਂ ਨੇ ਜੈਮਲ ਫੱਤਾ ਨੂੰ ਕਿੱਥੇ ਯਾਦ ਰੱਖਣਾ ਹੈ।
-
ਬਲਰਾਜ ਸਿੰਘ ਸਿੱਧੂ ., ਐਸ.ਪੀ (ਪੰਜਾਬ ਪੁਲਿਸ )
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.