ਬਹੁਤ ਘੱਟ ਜਾਂਦਾ ਹਾਂ ਮੈਂ ਸਿਨੇਮੇ ਵਿਚ ਫ਼ਿਲਮ ਦੇਖਣ। ਪਰ ਅੱਜ ਹੀ ਸਿਨੇਮਿਆਂ ਵਿਚ ਲੱਗੀ 'ਆਸੀਸ' ਫ਼ਿਲਮ ਦੇਖਣ ਤੋਂ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਕਿਸੇ ਫ਼ਿਲਮ ਦਾ ਪਹਿਲਾ ਸ਼ੋਅ ਦੇਖਿਆ ਤੇ ਨਾਲ ਆਪਣੀ 14 ਸਾਲ ਦੀ ਧੀ ਨੁੰ ਵੀ ਲੈ ਕੇ ਗਿਆ। ਮੈਂ ਫ਼ਿਲਮ ਸਮੀਖਿਅਕ ਨਹੀਂ ਹਾਂ। ਪਰ ਫ਼ਿਲਮ 'ਆਸੀਸ' ਬਾਰੇ ਮੈਂ ਆਪਣੀ ਸੰਖੇਪ ਜਿਹੀ ਰਾਇ ਜ਼ਰੂਰ ਦੇਣੀ ਚਾਹੁੰਨਾਂ। ਫਿਲ਼ਮ ਰਾਣਾ ਰਣਬੀਰ ਦੀ ਲਿਖੀ ਹੋਈ ਹੈ, ਉਹਦੀ ਹੀ ਨਿਰਦੇਸ਼ਨਾ ਹੈ ਤੇ ਉਹ ਹੀ ਪ੍ਰਮੁਖ ਕਿਰਦਾਰ ਵੀ ਹੈ, ਜਿਹਦਾ ਨਾਂਅ ਤਾਂ ਆਸੀਸ ਹੈ ਪਰ ਸਾਰੀ ਫ਼ਿਲਮ ਵਿਚ ਉਹ 'ਰਾਮ ਸਿੰਘ ਅੱਲਾ' ਹੀ ਨਜ਼ਰ ਆਉਂਦਾ ਹੈ ਯਾਨੀ ਅਸਲੀ ਮਨੁੱਖ। ਫ਼ਿਲਮ ਦਾ ਹਰ ਪਲ 'ਜ਼ਿੰਦਗੀ ਜ਼ਿੰਦਾਬਾਦ' ਦੇ ਫਲਸਫ਼ੇ ਦਾ ਤਰਾਨਾ ਗਾਉਂਦਾ ਪ੍ਰਤੀਤ ਹੁੰਦਾ ਹੈ।
ਫ਼ਿਲਮ ਦੇਖ ਕੇ ਭਲੀਭਾਂਤ ਇਹ ਅਹਿਸਾਸ ਹੋ ਜਾਂਦਾ ਹੈ ਕਿ ਰਾਣਾ ਰਣਬੀਰ ਨੂੰ ਇਹ ਪਤਾ ਹੈ ਕਿ ਉਹ ਪੰਜਾਬੀ ਸਿਨੇਮੇ ਵਿਚ ਕਿਉਂ ਸਰਗਰਮ ਹੈ। ਥੀਏਟਰ ਦੇ ਮੰਝੇ ਹੋਏ ਕਲਾਕਾਰ, ਕਵੀ ਤੇ ਫ਼ਿਲਮ ਲੇਖਕ ਰਾਣਾ ਰਣਬੀਰ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ, ਫ਼ਿਲਮ 'ਅਰਦਾਸ' ਵੀ ਇਹਦੀ ਉੱਘੀ ਮਿਸਾਲ ਹੈ ਪਰ 'ਆਸੀਸ' ਰਾਹੀਂ ਰਾਣਾ ਰਣਬੀਰ ਆਪਣੇ ਸਮੁੱਚ ਅਤੇ ਪੂਰੇ ਜਲੌਅ ਵਿਚ ਪੰਜਾਬੀ ਫ਼ਿਲਮਾਂ ਦੇ ਦਰਸ਼ਕ ਦੇ ਜ਼ਿਹਨ 'ਤੇ ਦਸਤਕ ਦਿੰਦਾ ਹੈ। ਫ਼ਿਲਮ ਵਿਚਲੇ ਬਹੁਤੇ ਪਾਤਰਾਂ ਦੇ ਨਾਂਅ ਵੀ ਬਦਲਦੇ ਸਮਿਆਂ ਵਿਚ ਬਦਲ ਰਹੀਆਂ ਕਦਰਾਂ-ਕੀਮਤਾਂ ਦੀ ਬਾਤ ਪਾਉਂਦੇ ਹਨ। ਆਸੀਸ ਦਾ ਵੱਡਾ ਭਰਾ 'ਇਨਕਲਾਬ' ਪੁੱਠੇ ਪੈਰੀਂ ਹੋ ਤੁਰਿਆ ਹੈ। ਵਿਚਕਾਰਲਾ ਭਰਾ ' ਪ੍ਰੌ ਝੰਡਾ' ਵੀ ਆਪਣੇ ਨਾਂਅ ਦੇ ਅਰਥਾਂ ਸਮੇਤ ਗਾਇਬ ਹੋ ਕੇ ਸਿਰਫ਼ ਡੰਡਾ ਹੀ ਰਹਿ ਗਿਆ ਹੈ ਤੇ ਛੋਟਾ ਭਰਾ 'ਕ੍ਰਾਂਤੀ' ਸਭਿਆਚਾਰਕ ਮੰਚ 'ਤੇ 'ਕ੍ਰਾਂਤੀ' ਦੇ ਮਰਸੀਏ ਗਾ ਰਿਹਾ ਹੈ।
ਇਨ੍ਹਾਂ ਨਾਵਾਂ ਦੇ ਪ੍ਰਤੀਕਾਂ ਨਾਲ ਰਾਣਾ ਰਣਬੀਰ ਨੇ ਸਾਡੇ ਸਿਧਾਂਤਹੀਣ ਹੁੰਦੇ ਜਾ ਰਹੇ ਵਕਤ ਦੀ ਬਾਤ ਪਾਈ ਹੈ। ਪੂਰੀ ਫ਼ਿਲਮ ਆਪਣੀ ਪੂਰੀ ਜ਼ਿੰਮੇਵਾਰੀ ਨਾਲ ਦਰਸ਼ਕਾਂ ਨੂੰ ਮੁਖ਼ਾਤਿਬ ਹੁੰਦੀ ਹੈ। ਫ਼ਿਲਮਕਾਰ ਨੁੰ ਪਤਾ ਹੈ ਕਿ ਫ਼ਿਲਮ ਦਾ ਕੰਮ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ ਹੈ, ਸਗੋਂ ਸਮਾਜ ਦੇ ਆਈਨੇ ਰਾਹੀਂ ਅਜਿਹਾ ਬਹੁਤ ਕੁਝ ਪ੍ਰਦਾਨ ਕਰਨਾ ਵੀ ਹੈ; ਜੋ ਸਾਨੂੰ ਦਰਪੇਸ਼ ਸੰਕਟਾਂ ਤੋਂ ਪਾਰ ਜਾਣ ਦੇ ਰਸਤੇ ਵੀ ਸੁਝਾਉਂਦਾ ਹੋਵੇ। ਸਿਨੇਮਾ ਕੋਈ ਇਕ ਵਿਅਕਤੀ ਦਾ ਕਾਰਜ ਨਾ ਹੋ ਕੇ ਕਹਾਣੀ ਲੇਖਕ, ਸੰਵਾਦ ਲੇਖਕ, ਅਦਾਕਾਰਾਂ ਅਤੇ ਕੈਮਰਾਮੈਨ ਦਾ ਸਾਂਝਾ ਤਰਦਦ ਹੁੰਦਾ ਹੈ ਤੇ ਇਨ੍ਹਾਂ ਸਾਰਿਆਂ ਦੇ ਉਪਰ ਨਿਰਦੇਸ਼ਕ ਹੁੰਦਾ ਹੈ। ਇੱਥੇ ਨਿਰਦੇਸ਼ਕੀ ਸੂਝ ਅਤੇ ਬਿਹਤਰ ਤਾਲਮੇਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।
'ਆਸੀਸ' ਰਾਣਾ ਰਣਬੀਰ ਦੀ ਇਸ ਸੂਝ ਦਾ ਪ੍ਰਮਾਣ ਹੈ। 'ਆਸੀਸ' ਵਿਚਲੇ ਹਰ ਕਲਾਕਾਰ ਨੇ ਆਪੋ-ਆਪਣੇ ਕਿਰਦਾਰ ਨੁੰ ਬਾਖੂਬੀ ਜੀਵਿਆ ਹੈ। 'ਆਸੀਸ' ਦੇ ਕੇਂਦਰ ਵਿਚ ਭਾਵੇਂ ਮਾਂ-ਪੁਤ ਦੀ ਕਹਾਣੀ ਹੀ ਹੈ ਪਰ ਫ਼ਿਲਮ ਸਮਾਜ ਵਿਚਲੇ ਹਰ ਰਿਸ਼ਤੇ ਨੂੰ ਆਪਣੇ ਆਪ ਵਿਚ ਸਮੇਟਦਿਆਂ ਹੋਇਆਂ ਇਕ ਮੁਕੰਮਲ ਦਸਤਾਵੇਜ ਹੋ ਨਿਬੜਦੀ ਹੈ।
ਫ਼ਿਲਮ ਦੀ ਗਤੀ ਬਹੁਤ ਸੰਤੁਲਤ ਹੈ। ਗੀਤ-ਸੰਗੀਤ ਉੱਚ ਪਾਏ ਦਾ ਹੈ। 'ਆਸੀਸ' ਦੇ ਅੰਤਲੇ ਦ੍ਰਿਸ਼ ਵਿਚ ਬੀਬੀ ਦੇ ਪੋਤੇ ਦੇ ਨਾਂਅ 'ਰਾਮ ਸਿੰਘ ਅੱਲਾ' ਵਿਚ ਹੀ ਇਸ ਫ਼ਿਲਮ ਦਾ ਪੂਰਾ ਫ਼ਲਸਫ਼ਾ ਪਿਆ ਹੈ। 'ਆਸੀਸ' ਦੀ ਸਮੁਚੀ ਟੀਮ ਦੀ ਮਿਹਨਤ ਨੂੰ ਸਲਾਮ। 'ਆਸੀਸ' ਨੂੰ ਆਪ ਸਭ ਦੀਆਂ ਅਸੀਸਾਂ ਦੀ ਬੜੀ ਲੋੜ ਹੈ। ਵਪਾਰਕ ਦੌਰ ਵਿਚ ਸਾਰਥਕ ਸਿਨੇਮੇ ਵੱਲ ਪੁੱਟੇ ਗਏ ਇਸ ਕਦਮ ਨਾਲ ਆਊ ਆਪਾਂ ਵੀ ਆਪਣੇ ਕਦਮ ਮਿਲਾਈਏ।
-
ਸੁਸ਼ੀਲ ਦੋਸਾਂਝ, ਲੇਖਕ
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.