ਹਾਂ, ਦੋਸਤੋ !
ਮੈਂ ਸ਼ਾਇਰ ਹਾਂ |
ਪਰ ਬਹੁਤਾ ਵਾਕਿਫ਼ ਨਹੀ ਪੰਜਾਬੀ ਸ਼ਬਦਕੋਸ਼ ਤੋ !
ਨਾ ਹੀ ਰੂ-ਬ-ਰੂ ਹੋਇਆ ਹਾਂ,
ਕਦੇ ਬਹੁਤਾ ਮੌਸਮਾ ਦੇ |
ਜੇ ਕਿੱਕਰ-ਬੋਹੜਾ ਦੀ ਸਿਆਣ ਕਰਾਉਣੀ ਹੈ ਤੁਸੀਂ;
ਤਾ ਮੈਂ ਥੋਡੇ ਕਿਸੇ ਕੰਮ ਦਾ ਨਹੀ ਹਾਂ |
ਬਰਗਰ ਪੈਟੀਜ਼ ਬਥੇਰੀਆਂ ਖਾਂਦਾ ਹਾਂ ਮੈਂ |
ਕਿਵੇ ਬਣਦਾ ਹੈ ਇਹ ਸਭ,
ਇਸ ਦੀ ਜਾਚ ਵੀ ਹੈ ਮੈਨੂੰ |
ਪਰ ਖੇਤੋ ਸਾਗ ਕਿੰਝ ਤੋੜ ਕੇ ਲਿਆਈਦਾ ਹੈ ?
ਇਸਦੀ ਕੋਈ ਉਗ-ਸੁਗ ਨਹੀ ਰਖਦਾ ਮੈਂ |
ਨਾ ਹੀ ਮੈਨੂੰ ਕੋਈ ਗਿਆਨ ਹੈ, ਘੁੱਗੀਆਂ-ਗਟਾਰਾਂ ਦਾ |
ਹਲਾਕਿਂ ਕੁੱਤਿਆਂ ਦੀਆ ਨਸਲਾ ਅਕਸਰ,
ਸੁਣਨ ਨੂੰ ਮਿਲ ਜਾਂਦੀਆ ਹਨ,
ਸ਼ੌਕੀਨ ਦੋਸਤਾ ਤੋ |
ਪਰ ਗਾਵਾਂ ਨੂੰ ਤਾ ਰੋਟੀ ਪਾਉਣ ਤੋ,
ਮੈਂ ਝਿਜਕਦਾ ਹੀ ਹਾਂ |
ਸਿਰਫ ਸੈਲਾਂ ਨਾਲ ਚਲਦੀਆ,
ਘੜੀਆਂ ਤੋ ਹੀ ਸਮਾ ਦੇਖਣਾ ਆਉਂਦਾ ਹੈ |
ਸੂਰਜ ਦੇ ਚੜਨ ਛਿਪਣ ਤੋ ਵਕਤ ਦੀ ਸਮਝ ?
ਸਿਰਫ ਸ਼ੁਰੂ ਅਤੇ ਖਤਮ ਹੋਣ,
ਤਕ ਹੀ ਸੀਮਤ ਹੈ ਮੇਰੀ |
ਨਾ ਹੀ ਮੇਰੇ ਕੋਲ ਬਹੁਤੇ ਅਖੌਤ ਨੇ;
ਸਮਾ ਬਿਆਨ ਕਰਨ ਵਾਲੇ |
ਮੈਂ ਸਾਦੀ-ਸਪਸ਼ਟ ਭਾਸ਼ਾ ਵਿੱਚ,
ਗੱਲ ਕਰਨ ਸਮੇ ਵੀ ਉਲਝ ਜਾਂਦਾ ਹਾਂ,
ਬਜ਼ੁਰਗਾ ਦਾ ਕੋਈ ਵਾਕ ਸੁਣ ਕੇ |
ਵਿਆਕਰਨ ਤਾ ਭਾਵੇ ਆਉਂਦੀ ਹੈ,
ਪਰ ਸਮਾਨਾਰਥੀ ਜਾ ਬਹੁ-ਅਰਥੀ ਸ਼ਬਦ,
ਘਟ ਹੀ ਪੜੇ ਹਨ ਆਪਣੇ ਸਿਲੇਬਸ ਵਿੱਚ |
ਮੈਂ ਖਿਲਾਫ਼ ਹਾਂ ਪੁਰਾਣੀਆ ਰੂੜੀ-ਵਾਦੀ
ਪਰੰਪਰਾਵਾਂ ਅਤੇ ਵਿਚਾਰਾ ਦੇ;
ਇਹ ਬਹਾਨਾ ਮਜਬੂਤੀ ਨਾਲ ਸਾਥ ਦੇ ਦਿੰਦਾ ਹੈ,
ਜੇ ਮੁਸ਼ਕਿਲ ਹੋ ਰਹੀ ਹੋਏ ਕਿਸੇ
ਰਵਾਜ ਨੂੰ ਸਮਝਣ ਵਿੱਚ |
ਫਿਰ ਵੀ ਮੈਂ ਕਹਾਉਂਦਾ ਹਾਂ,
ਪੰਜਾਬੀ ਵਿਰਸੇ ਦਾ ਵਾਰਿਸ |
ਆਸ ਰਖੀ ਜਾਂਦੀ ਹੈ ਕਿ ਮੈਂ,
ਸ਼ੁਮਾਰ ਹੋਵਾਂਗਾ ਓਸ ਗਿਣਤੀ ਵਿੱਚ,
ਜੋ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈਂ |
ਪ੍ਰੰਤੂ ਮੈਨੂੰ ਖੁਦ ਨੂੰ ਤਾ ਆਪਣੀ ਦਾਵੇਦਾਰੀ,
ਬੜੀ ਖੋਖਲੀ ਨਜ਼ਰ ਆ ਰਹੀ ਹੈ |
ਫਿਰ ਵੀ ਕਿਵੇ ਕਰਾਂਗੇ ਅਸੀਂ ਤੇ ਸਾਡੀ ਇਹ ਪੀੜੀ,
ਵਿਚਾਰ ਸੋਚਣ ਵਾਲਾ ਹੈ!!
ਅਖੋ ਪਰੋਖੇ ਕਰਨਾ ਭੱਦਾ ਮਜ਼ਾਕ ਹੋਏਗਾ!....
-
ਜਸਪ੍ਰੀਤ ਸਿੰਘ,
Jaspreetae18@gmail.com
9988646091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.