ਪਿਛਲੇ 15 ਸਾਲ ਤੋਂ ਓਂਟਾਰੀਓ ਸੂਬੇ ਅੰਦਰ ਲਿਬਰਲ ਪਾਰਟੀ ਸੱਤਾ ਵਿਚ ਚਲੀ ਆ ਰਹੀ ਹੈ। ਸੰਨ 2014 ਵਿਚ ਇਸ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ (ਵਿਧਾਨ ਸਭਾ) ਦੀਆਂ ਚੋਣਾਂ ਵਿਚ ਸੱਤਾ ਧਾਰੀ ਲਿਬਰਲ ਪਾਰਟੀ ਨੇ 21, ਪ੍ਰਾਗਰੈਸਿਵ ਕੰਜਰਵੇਟਿਵ (ਪੀ.ਸੀ) ਪਾਰਟੀ ਨੇ 28, ਨਿਊਡੈਮੋਕ੍ਰੈਟਿਕ ਪਾਰਟੀ (ਐਨ.ਡੀ.ਪੀ) ਨੇ 21 ਸੀਟਾਂ ਇਸ ਦੇ 107 ਮੈਬਰੀ ਹਾਊਸ ਵਿਚ ਪ੍ਰਾਪਤ ਕੀਤੀਆਂ ਸਨ। ਚੋਣਾਂ ਤੋ ਪਹਿਲਾਂ ਇਸ ਹਾਊਸ ਵਿਚ ਸਥਿਤੀ ਕੁੱਝ ਇਵੇਂ ਸੀ- ਲਿਬਰਲ ਪਾਰਟੀ 55, ਪੀ.ਸੀ. 27, ਐਨ.ਡੀ.ਪੀ.18, ਟ੍ਰਿਲੀਅਮ ਪਾਰਟੀ ਇਕ, ਅਜਾਦ 2, ਖਾਲੀ ਸੀਟਾਂ ਚਾਰ। ਇਸ ਹਾਊਸ ਵਿਚ 5 ਪੰਜਾਬੀ ਮੂਲ ਦੇ ਮੈਂਬਰ ਜਿੱਤੇ ਸਨ। ਬੀਬਾ ਹਰਿੰਦਰ ਕੌਰ ਮੱਲੀ ਲਿਬਰਲ ਪਾਰਟੀ ਦੀ ਪ੍ਰੀਮੀਅਰ ਕੈਥਲੀਨ ਵਿੰਨੀ ਦੀ ਸਰਕਾਰ ਵਿਚ ਮੰਤਰੀ ਸਨ। ਇਸ ਹਾਊਸ ’ਚ 35.5 ਪ੍ਰਤੀਸ਼ਤ ਭਾਵ 38 ਔਰਤਾਂ ਮੈਬਰ ਸਨ।
ਇਸ ਰਾਜ ਦੀ 42 ਵੀਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਲਈ ਅੱਜ 7 ਜੂਨ ਨੂੰ ਚੋਣਾਂ ਹੋ ਰਹੀਆਂ ਹਨ। ਰਾਜ ਅੰਦਰ ਅਬਾਦੀ ਵੱਧਣ ਕਰਕੇ ਇਸ ਵਾਰ 107 ਦੀ ਥਾਂ 124 ਹਲਕਿਆਂ ਲਈ ਚੋਣਾਂ ਹੋ ਰਹੀਆਂ ਹਨ। ਇਥੇ ਇਹ ਵੀ ਵਰਨਣਯੋਗ ਹੈ ਕਿ ਪਹਿਲੀ ਵਾਰ ਚੋਣ ਕਮਿਸ਼ਨ ਵੋਟ ਪਰਚੀ ਦੀ ਥਾਂ ਇਲੈਕਟ੍ਰਾਨਿਕ ਮਸ਼ੀਨਾਂ ਰਾਹੀ ਵੋਟਾਂ ਕਰਾਉਣ ਜਾ ਰਿਹਾ ਹੈ। ਇਸ ਤੋਂ ਇੰਨ੍ਹਾਂ ਦੀ ਸਫਲਤਾਪੂਰਵਕ ਵਰਤੋਂ ਦੋ ਉੱਪ ਚੋਂਣਾਂ ਅਤੇ ਮਿਊਂਸੀਪਲ ਚੋਣਾਂ ਵਿਚ ਕੀਤੀ ਜਾ ਚੁੱਕੀ ਹੈ। ਇਹ ਮਸ਼ੀਨਾਂ ਚੋਣ ਕਮਿਸ਼ਨ ਅਨੁਸਾਰ ਵਧੀਆ, ਪਾਰਦਰਸ਼ਤਾ, ਘੱਟ ਖਰਚੇ ਨਾਲ ਚੋਣਾਂ ਕਰਾਉਣ ਅਤੇ ਛੇਤੀ ਨਤੀਜੇ ਦੇਣ ਵਿਚ ਸਹਾਈ ਹੁੰਦੀਆਂ ਹਨ। ਪਿਛੱਲੀ ਵਾਰ ਵੋਟ ਪਰਚੀ ਕਰਕੇ 76000 ਪੋਲਿੰਗ ਅਮਲਾ ਲਗਾਇਆ ਸੀ ਜਦਕਿ ਇਸ ਵਾਰ ਇੱਕ ਲੱਖ ਲੋੜੀਂਦਾ ਸੀ। ਪਰ ਇੰਨ੍ਹਾ ਮਸ਼ੀਨਾਂ ਕਰਕੇ ਸਿਰਫ 55000 ਲਗਾਇਆ ਗਿਆ ਹੈ।
ਓਂਟਾਰੀਓ ਸੂਬਾ ਕੈਨੇਡਾ ਦਾ ਸਭ ਤੋਂ ਮਹੱਤਵਪੂਰਨ ਰਾਜ ਰੈ ਜਿਸ ਦੀ ਅਬਾਦੀ ਦੂਸਰੇ 12 ਰਾਜਾਂ ਤੋ ਵੱਧ ਹੈ। ਦੇਸ਼ ਦੀ ਰਾਜਧਾਨੀ ਅਟਾਵਾ ਵੀ ਇਸੇ ਸੂਬੇ ’ਚ ਸਥਿਤ ਹੈ। ਇਸ ਰਾਜ ਦੀ ਰਾਜਧਾਨੀ ਟਰਾਂਟੋ ਆਰਥਿਕ, ਡਿਪਲੋਮੈਟਿਕ, ਸਨੱਅਤੀ ਅਤੇ ਸਮਾਜਿਕ ਤੌਰ ਤੇ ਵਿਸ਼ੇਸ਼ ਮਹੱਤਤਾ ਰਖਦੀ ਹੈ। ਰਾਜ ਦੀ ਕਰੀਬ ਅੱਧੀ ਅਬਾਦੀ ਇਸ ਸ਼ਹਿਰ ਵਿਚ ਵੱਸਦੀ ਹੈ।
ਰਾਜ ਦੀ ਚੋਣਾਂ ਵਿਚ ਕਰੀਬ 825 ਉਮੀਦਵਾਰ ਮੈਦਾਨ ਵਿਚ ਹਨ। 20 ਦੇ ਕਰੀਬ ਪੰਜਾਬੀ, ਲਿਬਰਲ ਪਾਰਟੀ ਵਲੋਂ 7, ਪੀ.ਸੀ.ਵਲੋਂ 9 ਅਤੇ ਐਨ .ਡੀ.ਪੀ ਵਲੋਂ 4 ਮੈਦਾਨ ਵਿਚ ਹਨ। ਇਨ੍ਹਾ ਚੋਣਾਂ ਵਿਚ ਗਰੀਨ ਪਾਰਟੀ, ਟ੍ਰਿਲੀਅਮ ਪਾਰਟੀ, ਹੋਰ ਛੋਟੇ-ਮੋਟੇ ਦਲ ਅਤੇ ਅਜਾਦ ਭਾਵੇਂ ਆਪਣੇ ਭਵਿੱਖ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ ਪਰ ਪ੍ਰਮੱਖ ਮੁਕਾਬਲਾ ਤਿੰਨ ਰਾਜਨੀਤਕ ਪਾਰਟੀਆਂ ਵਿਚਕਾਰ ਹੈ। ਸੱਤਾਧਾਰੀ ਲਿਬਰਲ ਪਾਰਟੀ ਕੈਥਲੀਨ ਵਿੰਨੀ, ਜੋ ਕਿ ਸੰਨ 2013 ਵਿਚ ਰਾਜ ’ਚ ਪਹਿਲੀ ਔਰਤ ਵਜੋਂ ਪ੍ਰੀਮੀਅਮ ਬਣੀ ਸੀ, ਦੀ ਅਗਵਾਈ ਵਿਚ ਮੈਦਾਨ ਵਿਚ ਹੈ। ਪੀ.ਸੀ. ਅਰਬਪਤੀ ਡਗ ਫੋਰਡ ਜੋ ਸੈਕਸ ਸਕੈਂਡਲ ਦੋਸ਼ਾਂ ਕਰਕੇ ਪਾਰਟੀ ਲੀਡਰਸ਼ਿਪ ਤੋਂ ਲਾਂਭੇ ਹੋਏ ਪੈਟ੍ਰਿਕ ਬਰਾਊਨ ਦੀ ਥਾਂ ਪਾਰਟੀ ਚੁਣੇ ਗਏ ਸਨ, ਦੀ ਅਗਵਾਈ ਵਿਚ ਐਨ.ਡੀ.ਪੀ ਬੀਬੀ ਐਂਡਰੀਆ ਹਾਰਵਥ ਦੀ ਅਗਵਾਈ ਵਿਚ ਜੋ ਸੰਨ 2009 ਤੋਂ ਪਾਰਟੀ ਦੀ ਅਗਵਾਈ ਕਰ ਰਹੀ ਹੈ, ਦੀ ਕਮਾਨ ਹੇਠ ਚੋਣਾਂ ਲੜ ਰਹੇ ਹਨ। ਤਿੰਨਾਂ ਪਾਰਟੀਆਂ ਦੇ ਆਗੂਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਂਗ ਤਕਨੀਕੀ ਚੋਣ ਮੁਹਿੰਮ ਮਾਹਿਰ ਨਿਯੁਕਤ ਕਰ ਰਖੇ ਹਨ। ਲਿਬਰਲ ਪ੍ਰੀਮੀਅਮ ਕੈਥਲੀਮ ਵਿੰਨੀ ਨੇ ਡੇਵਡ ਹਰਲੇ, ਪੀ.ਸੀ. ਆਗੂ ਡੱਗ ਫੋਰਡ ਨੇ ਕੋਰੀ ਤਨੀਕੇ, ਐਨ.ਡੀ.ਪੀ ਆਗੂ ਐਂਡਰੀਆ ਹਾਰਵੱਥ ਨੇ ਮਾਈਕਲ ਬਲਾਗਜ ਨਿਯੁਕਤ ਕਰ ਰਖੇ ਸਨ।
ਭਾਰਤੀ ਚੋਣਾਂ ਦੇ ਉਲਟ ਇੰਨਾਂ ਚੋਣਾਂ ਵਿਚ ਅਮਰੀਕਾ ਅਤੇ ਦੂਸਰੇ ਯੂਰਪੀਨ ਦੇਸ਼ਾ ਵਾਂਗ ਪਾਰਟੀ ਆਗੂ ਜਨਤਾ ਸਾਹਮਣੇ ਬਹਿਸ-ਮੁਬਹਿਸਿਆਂ ਲਈ ਇਕ ਪਲੇਟਫਾਰਮ ਤੇ ਵੱਖ-ਵੱਖ ਥਾਈਂ ਆਮੋ-ਸਾਹਮਣੇ ਖੜ੍ਹੇ ਹੋਏ। ਇਹ ਬਹਿਸ-ਮੁਬਹਿਸੇ ਇਸ ਵਾਰ ਬਹੁਤ ਦਿਲਚਸਪ ਵੇਖਣ ਨੂੰ ਮਿਲੇ। ਪਹਿਲੇ ਦੋ ਮੁਕਾਬਲਿਆਂ ਵਿਚ ਇਸ ਵਾਰ ਪੀ.ਸੀ ਦੇ ਹੱਕ ਵਿਚ ਲਹਿਰ ਦਾ ਝੁਕਾਅ ਵੇਖਦੇ ਲਿਬਰਲ ਅਤੇ ਐਨ.ਡੀ.ਪੀ ਸਬੰਧਿਤ ਬੀਬੀਆਂ ਪੀ.ਸੀ ਆਗੂ ਡਗ ਫੋਰਡ ਨੂੰ ਘੇਰਦੀਆਂ ਵੇਖੀਆਂ ਗਈਆਂ। ਪਰ ਜਦੋਂ ਪਾਸਾ ਐਨ.ਡੀ.ਪੀ ਦਾ ਭਾਰਾ ਹੁੰਦਾ ਵੇਖਿਆ ਗਿਆ ਤਾਂ ਤੀਸਰੇ ਡੀਬੇਟ ਵਿਚ ਲਿਬਰਲ ਪ੍ਰੀਮੀਅਰ ਕੈਥਲੀਨ ਵਿੰਨੀ ਤੇ ਪੀ.ਸੀ ਆਗੂ ਡਗ ਫੋਰਡ ਐਨ.ਡੀ.ਪੀ ਆਗੂ ਬੀਬੀ ਹਾਰਵਥ ਨੂੰ ਘੇਰਦੇ ਵਿਖਾਈ ਦਿਤੇ।
ਮਰਹੂਮ ਲੱਠਮਾਰ ਟਰਾਂਟੋ ਮੇਅਰ ਰਾਬਫੋਰਡ ਦੇ ਭਰਾ ਡਗ ਫੋਰਡ ਸਿਰਫ 4 ਸਾਲਾ ਸਿਟੀ ਕੌਂਸਲਰ ਦਾ ਤਜਰਬਾ ਹੈ। ਉਸ ਨੇ ਭਾਰਤ ਵਾਂਗ ਭਾੜੇ ਦੇ ਟੱਟੂਆਂ ਰਾਹੀਂ ਭੀੜ ਇਕੱਤਰ ਕਰਦੇ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ। ‘ਫਾਰ ਦਾ ਪੀਪਲ’ , ਫਜੂਲ ਖਰਚੀ ਨਹੀਂ, ਘੱਟ ਟੈਕਸ ਦਰਾਂ, ਵਧੀਆ ਜਨਤਕ ਸੇਵਾਵਾਂ ਦੇ ਨਾਅਰੇ ਦਿਤੇ।
ਦਰਅਸਲ 15 ਸਾਲ ਦੇ ਲਿਬਰਲਾਂ ਦੇ ਰਾਜ ਅਤੇ ਪ੍ਰੀਮੀਅਮ ਕੈਥਲੀਨ ਵਿੰਨੀ ਵਲੋਂ ਲੋਕਾਂ ਨਾਲ ਕੀਤੇ ਪੂਰੇ ਨਾ ਕਰ ਸਕਣ, ਵੱਧਦੀ ਮਹਿਗਾਈ, ਵੱਧਦੇ ਟੈਕਸਾਂ, ਮਕਾਨਾਂ, ਬਿਜਲੀ, ਪਾਣੀ, ਬੀਮਾ ਦਰਾਂ ਵਿਚ ਵਾਧੇ, ਜਨਤਕ ਸੇਵਾਵਾਂ ਵਿਚ ਨਿਘਾਰ ਤੋਂ ਓਂਨਟਾਰੀਅਨ ਬਹੁਤ ਹੀ ਨਰਾਜ ਹਨ। ਲਿਬਰਲ ਪ੍ਰੀਮੀਅਰ ਡਾਲਟਨ ਮੰਗਿਟੀ ਅਤੇ ਕੈਥਲੀਨ ਵਿੰਨੀ ਦੇ ਪਿਛਲੇ 15 ਸਾਲਾ ਦੇ ਸਾਸ਼ਨ ਵਿਚ ਜਨਤਾ ’ਤੇ ।।। ਗੁਣਾ ਟੈਕਸ ਵਧੇ ਹਨ। ਰਾਜ ਸਿਰ ਕਰਜਾ 325 ਬਿਲੀਅਨ ਡਾਲਰ ਹੋ ਚੁੱਕਾ ਹੈ। ਭਾਵ ਹਰ ਨਵ ਜੰਮੇ ਓਂਟਾਰੀਅਨ ਸਿਰ 22000 ਡਾਲਰ ਕਰਜਾ ਚੜ੍ਹ ਜਾਂਦਾ ਹੈ। ਰਾਜ ਦੀ ਆਮਦਨ ਅਤੇ ਖਰਚੇ ਵਿਚ ਸਾਲਾਨਾ ਫਰਕ 15 ਬਿਲੀਅਨ ਡਾਲਰ ਹੈ।
ਆਡੀਟਰ ਜਨਰਲ ਬੋਨੀ ਲਾਈਸਾਈਕ ਦੀ ਰਿਪੋਰਟ ਦਰਸਾਉਂਦੀ ਹੈ ਵਿੰਨੀ ਸਰਕਾਰ ਨੂੰ ਸੰਨ 2017-2018 ਬਜਟ ਵਿਚ 11.7 ਬਿਲੀਅਨ ਡਾਲਰ ਵਿੱਤੀ ਘਾਟਾ ਦਰਸਾਉਣਾ ਚਾਹੀਦਾ ਸੀ ਜੋ ਕਿ ਨੰਬਰਾਂ ਦੀ ਖੇਡ ਰਾਹੀਂ 6.7 ਬਿਲੀਅਨ ਦਰਸਾਇਆ। ਇਹ ਭਵਿੱਖੀ ਪੀੜ੍ਹੀ ਨਾਲ ਧੋਖਾ ਹੈ। ਇਸੇ ਕਰਕੇ ਜਿਵੇਂ 15 ਸਾਲ ਪਹਿਲਾਂ ਲਿਬਰਲ ਆਗੂ ਡਾਲਟਨ ਮੰਗਿਟੀ ਨੇ ਤੱਤਕਾਲੀ ਪੀ.ਸੀ ਸਰਕਾਰ ਵੱਲੋਂ ਬਜਟ ਘਪਲੇ ਦੀ ਜਾਚ ਬਾਰੇ ਕਿਹਾ ਸੀ ਜੇ ਉਹ ਸੱਤਾ ਵਿਚ ਆਉਂਦੇ ਹਨ। ਇਵੇਂ ਹੀ ਹੁਣ ਪੀ.ਸੀ ਆਗੂ ਡਗ ਫੋਰਡ ਨੇ ਕਿਹਾ ਕਿ ਜੇ ਉਹ ਸੱਤਾ ਵਿਚ ਆਂਉਦੇ ਹਨ ਤਾਂ ਲਿਬਰਲ ਸਰਕਾਰ ਦੇ ਬਜਟ ਘਪਲੇ ਦਾ ਪਰਦਾ ਫਾਸ਼ ਕਰਨਗੇ। ਪੀ.ਸੀ ਸਰਕਾਰ ਦਾ ਬਜਟ ਘਪਲਾ 5 ਬਿਲੀਅਨ ਡਾਲਰ ਜਾਂਚ ਬਾਅਦ ਸਾਹਮਣੇ ਆਇਆ ਸੀ।
ਪੀ.ਸੀ ਆਗੂ ਫੋਰਡ ਦੇ ਚੋਣ ਪ੍ਰੋਗਰਾਮ ਅਤੇ ਜਨਤਕ ਵਾਅਦਿਆਂ ਦਾ ਗਣਿਤ ਲੋਕਾਂ ਨੂੰ ਸਮਝ ਨਹੀਂ ਆਇਆ। ਉਹ ਕਹਿ ਰਹੇ ਸਨ, ਟੈਕਸ ਦਾਤਾਵਾਂ ਦਾ ਧੰਨ ਵਾਪਸ ਕਰਾਂਗੇ। ਕੋਈ ਨੌਕਰੀ ਨਹੀਂ ਘਟਾਵਾਂਗੇ। ਖਰਚੇ ਅਤੇ ਰੈਵੇਨਿਯੂ ਕਟੌਤੀ, ਪ੍ਰਤੀ ਸਾਲ 800 ਮਿਲੀਅਨ ਡਾਲਰ 12 ਪ੍ਰਤੀਸ਼ਤ ਹਾਈਡਰੋ ਬਿਲ ਕਟੌਤੀ ਰਾਹੀਂ ਭਾਵ ਹਰ ਪਰਿਵਾਰ ਨੂੰ 173 ਡਾਲਰ ਲਾਭ, 43 ਹਜਾਰ ਤੋ 86 ਹਜ਼ਾਰ ਸਲਾਨਾ ਆਮਦਨ ਵਾਲਿਆਂ ਨੂੰ 20 ਪ੍ਰਤੀਸ਼ਤ ਟੈਕਸ ਕਟੌਤੀ ਰਾਹੀਂ 2.3 ਬਿਲੀਅਨ ਦਾ ਲਾਭ, ਘੱਟੋ-ਘੱਟ ਉਜਰਤ ਵਾਲਿਆਂ ਨੂੰ ਕੋਈ ਟੈਕਸ ਨਹੀਂ ਭਾਵ 500 ਮਿਲੀਅਨ ਡਾਲਰ ਲਾਭ, ਗੈਸ ਬਿਲਾਂ ਵਿਚ 10 ਪ੍ਰਤੀਸ਼ਤ ਕਟੌਤੀ ਕਰਕੇ 1.19 ਬਿਲੀਅਨ ਲਾਭ, ਕਾਰਪੋਰੇਟ ਟੈਕਸ ਤੇ 1 ਪ੍ਰਤੀਸ਼ਤ ਕਟੌਤੀ ਰਾਹੀਂ 1.3 ਬੀਲੀਅਨ ਲਾਭ ਦਿਤਾ ਜਾਵੇਗਾ। ਕੁਲ ਮਿਲਾ ਕੇ 6 ਬਿਲੀਅਨ ਕਰੀਬ ਬਜਟ ਕਟੋਤੀ। ਪਰ ਇਹ ਘਾਟਾ ਪੂਰਾ ਕਿਵੇ ਕੀਤਾ ਜਾਵੇਗਾ ਕਿਧਰੇ ਨਹੀ ਦਰਸਾਇਆ। ਉਨਾਂ ਪ੍ਰਤੀ ਘੰਟਾ ਘੱਟੋ-ਘੱਟ ਉਜਰਤ 14 ਡਾਲਰ ਰਖਣ ਦਾ ਐਲਾਨ ਕੀਤਾ।
ਐਨ.ਡੀ.ਪੀ ਰਾਸ਼ਟਰੀ ਆਗੂ ਜਗਮੀਤ ਸਿੰਘ ਓਟਾਰੀਓ ਰਾਜ ਨਾਲ ਸਬੰਧਿਤ ਹੋਣ ਕਰਕੇ ਇਸ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਸੂਬਾਈ ਆਗੂ ਐਂਡਰੀਆ ਹਾਰਵਥ ਦੀ ਅਗਵਾਈ ਵਿਚ ਉਪਰ ਆਉਂਦਾ ਵੇਖਿਆ ਗਿਆ। ਐਲੀਮੈਂਟਰੀ ਅਧਿਆਪਕ ਤੇ ਹੋਰ ਯੂਨੀਅਨਾਂ ਉਸ ਦੀ ਪਿੱਠ ਤੇ ਹਨ। ਸੰਨ 1990 ਵਿਚ ਇਹ ਪਾਰਟੀ ਬਾਬ ਰੇਅ ਦੀ ਆਗਵਾਈ ਰਾਜ ਵਿਚ ਸੱਤਾ ਵਿਚ ਆਈ ਸੀ। ਪਰ ਉਸਦੀ ਸਰਕਾਰ ਫਜੂਲ ਖਰਚੀ ਅਤੇ ਜਨਤਕ ਵਿਰੋਧੀ ਨੀਤੀਆਂ ਕਰਕੇ ਬਦਨਾਮ ਹੋ ਗਈ। ਪ੍ਰੋਵਿੰਸੀਅਲ ਪਾਰਲੀਮੈਟ ਵਿਚ 74 ਸੀਟਾਂ ਜਿਤੱਣ ਵਾਲੀ ਅੱਗਲੀਆਂ ਚੋਣਾਂ ਵਿਚ 17 ਸੀਟਾਂ ਤੇ ਆ ਡਿਗੀ।
ਲੇਕਿਨ ਬੀਬੀ ਹਾਰਵਥ ਜੋ ਨਿੱਜੀ ਤੌਰ ਤੇ ਓਂਟਾਰੀਅਨ ਵਿਚ ਬਹੁਤ ਹਰਮਨ ਪਿਆਰੀ ਹੈ, ਨੇ ਇਸ ਵਾਰ ਰਾਜ ਦੇ ਲੋਕਾ ਨੂੰ ਵਧੀਆ ਪ੍ਰੋਗਰਾਮ ਪੇਸ਼ ਕੀਤੇ ਹਨ। ਸਲਾਨਾ 2,20,000 ਡਾਲਰ ਆਮਦਨ ਵਾਲਿਆ ਤੇ ਇਕ ਪ੍ਰਤੀਸ਼ਤ ਵੱਧ ਟੈਕਸ ਲਾਉਣਾ। ਇਸ ਤੋ ਇੱਕਤਰ ਧੰਨ ਲੋੜਵੰਦਾਂ ਤੇ ਖਰਚ ਕਰਨਾ। ਘੱਟ ਆਮਦਨ ਵਾਲੇ ਪਰਿਵਾਰਾ ਦੇ ਬੱਚਿਆਂ ਲਈ ਡੇਅ ਕੇਅਰ ਕੇਂਦਰ ਖੋਲਣਾ। ਉੱਥੇ ਕੰਮ ਕਰਨ ਵਾਲਿਆ ਦੀ ਉਜਰਤ 12 ਡਾਲਰ ਪ੍ਰਤੀ ਘੰਟਾ ਕਰਨੀ। 19 ਬਿਲੀਅਨ ਡਾਲਰ ਹਾਲ ਵੇਅ ਮੈਡੀਸਨ ਖਤਮ ਕਰਕੇ ਨਵੇ ਬਿਸਤਰੇ, ਨਰਸਿੰਗ ਹੋਮਾਂ ਵਿਚ ਬਿਸਤਰੇ ਦੇਣਾ। ਉਡੀਕ ਨਾ ਕਰਨੀ ਪਏ, ਹਸਪਤਾਲਾਂ ਵਿਚ ਸਟਾਫ ਭਰਤੀ ਕਰਨਾ। ਕਰੀਬ 425 ਮਿਲੀਅਨ ਅਧਾਰਤ ਯੂਨੀਵਰਸਲ ਫਾਰਮਾ ਕੇਅਰ ਪ੍ਰੋਗਰਾਮ ਲਾਗੂ ਕਰਨਾ। ਹਾਈਡਰੋ ਵੰਨ ਮੁੜ ਜਨਤਾ ਨੂੰ ਸਮਰਪਿਤ ਕਰਨਾ। ਲੋਕਾ ਨੂੰ ਭੈੜੇ ਤੇ ਬਹੁਤ ਭੈੜੇ ਨੂੰ ਨਹੀਂ ਚੁਣਨਾ ਚਾਹੀਦਾ। ਕੈਥਲੀਨ ਵਿੰਨੀ ਅਤੇ ਡੱਗ ਫੋਰਡ ਦੀ ਥਾਂ ਐਨ.ਡੀ.ਪੀ ਵੱਡੀਆਂ ਜਨਤਕ, ਪ੍ਰਸ਼ਾਸ਼ਨਿਕ ਤੇ ਵਿਵਹਾਰਕ ਤਬਦੀਲੀਆਂ ਲਿਆਵੇਗੀ। ਘੱਟੋ-ਘੱਟ ਉਜਰਤ 15 ਡਾਲਰ ਪ੍ਰਤੀ ਘੰਟਾ ਕੀਤੀ ਜਾਵੇਗੀ। ਰਾਜ ਦੇ ਸਭ ਖੇਤਰਾਂ ਦਾ ਬਰਾਬਰ ਵਿਕਾਸ ਕੀਤਾ ਜਾਵੇਗਾ। ਕਿਉਕੀ ਪਿੱਛਲੇ ਸਾਲਾ ’ਚ ਵਾਟਰਲੂ, ਗਰਾਂਡ ਰੈਪਿਡਜ਼, ਮਿਡਜ਼ ਟਾਊਨ ਪੱਛੜ ਗਏ।
ਪ੍ਰੀਮੀਅਰ ਵਿੰਨੀ ਨੇ ਚੋਣ ਲੜਾਈ ਵਿਚ ਸ਼ਾਮਲ ਰਹਿਂ ਲਈ ਘੱਟੋ-ਘੱਟ ਉਜਰਤ ਪਹਿਲੀ ਜਨਵਰੀ ਤੋਂ 15 ਡਾਲਰ ਕਰਨ, ਮੁਫਤ ਚਾਈਲਡ ਕੇਅਰ, ਬਜੁਰਗਾਂ ਲਈ ਫਾਰਮਾਕੇਅਰ ਵਧਾਉਣ, ਗਰੀਨ ਬੈਲਟ ਵਧਾਉਣ, ਬਜੁਰਗਾਂ ਨੂੰ 750 ਡਾਲਰ ਸਾਲਾਨਾ ਮਕਾਨ ਮੁਰੰਮਤ ਲਈ ਦੇਣ, ਸੜਕਾਂ ਚੌੜੀਆਂ ਕਰਨ ਅਤੇ ਸਿਖਿਆ ਸੁਧਾਰ ਕਰਨ ਆਦਿ ਵਾਅਦੇ ਕੀਤੇ। ਡਗ ਫੋਰਡ ਦੀ ਤੁਲਨਾ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਨਾਲ ਕੀਤੀ। ਉਸਨੇ ਦਾਅਵਾ ਕੀਤਾ ਕਿ ਲਿਬਰਲਾਂ ਨਾਲੋ ਕੋਈ ਵਿਕਾਸਮਈ ਸਰਕਾਰ ਨਹੀਂ ਦੇ ਸਕਦਾ।
ਸਾਬਕਾ ਪ੍ਰਧਾਨ ਮੰਤਰੀ ਕਿਮ ਕੈਂਪਬੈਲ ਦਾ ਕਹਿਣਾ ਸੌ ਪ੍ਰਤੀਸ਼ਤ ਸਹੀ ਹੈ ਕੀ ਚੋਣ ਮਹਿੰਮ ਵਿਚ ਗੰਭੀਰ ਮੁੱਦਿਆਂ ਤੇ ਗੱਲ ਨਹੀਂ ਕੀਤੀ ਜਾਂਦੀ। ਇਹੋ ਸੱਚ ਇੰਨਾ ਚੋਣਾਂ ਵੇਲੇ ਵੇਖਣ ਨੂੰ ਮਿਲਿਆ। ਕੋਈ ਆਗੂ ਮੁੱਦਿਆਂ ਤੇ ਚੋਣ ਮੁਹਿੰਮ ਚਲਾਉਂਦਾ ਨਾ ਵਿਖਾਈ ਦਿਤਾ। ਸਭ ਭਾਰਤ ਜਾਂ ਪੰਜਾਬ ਅੰਦਰ ਚੋਣਾਂ ਵਾਂਗ ਲੋਕ ਲੁਭਾਊ ਪ੍ਰੋਗਰਾਮਾਂ ਅਧਾਰਤ ਵੋਟਰਾਂ ਨੂੰ ਲਭਾਉਂਦੇ ਵੇਖੇ ਗਏ।
ਡੇਵਡ ਕੋਲੇਟੋ ਅਨੁਸਾਰ ਚੋਣ ਦੰਗਲ ਵਿਚ ਸਖਸੀਅਤ, ਨੀਤੀਆਂ ਅਤੇ ਸੱਤਾ ਵਿਚ ਬਦਲ ਭਾਰੂ ਰਹੇ। ਕੈਥਲੀਨ ਵਿੰਨੀ ਸਰਕਾਰ ਦੇ ਸਾਸ਼ਨ ਤੋਂ ਸੜੇ-ਭੁੱਜੇ ਵੋਟਰ ਉਸਦੇ ਬਦਲ ਵਜੋਂ ਪੀ.ਸੀ. ਅਤੇ ਐਨ.ਡੀ.ਪੀ ਵੱਲ ਕੇਦਰਿਤ ਵੇਖੇ ਗਏ। ਹੀਥਰ ਬੈਸਟੇਡੋ ਅਨੁਸਾਰ ਚੋਣ ਮੁਹਿੰਮ ਦੇ ਕੇਂਦਰ ਵਰਕਿੰਗ ਕਲਾਸ ਅਤੇ ਉਚ ਕਲਾਸ ਰਹੇ। ਜਦੋਂ ਆਰਥਿਕਤਾ, ਵੋਟਿੰਗ ਨੀਯਤ ਅਤੇ ਭੂਗੋਲ ਦੀ ਗੱਲ ਹੁੰਦੀ ਤਾਂ ਵੋਟਰ ਡਗ ਫੋਰਡ ਵੱਲ ਝੁੱਕਦਾ ਵਿਖਾਈ ਦਿਤਾ। ਪਰ ਜਦੋਂ ਘਰ, ਸਿਖਿਆ, ਸਿਹਤ, ਬਿਜਲੀ ਦਰਾਂ, ਵਰਕਿੰਗ ਕਲਾਸ ਨੂੰ ਤਿੰਨ ਹਫਤੇ ਛੁੱਟੀਆਂ ਦੀ ਗੱਲ ਹੁੰਦੀ ਤਾਂ ਵੋਟਰ ਐਨ.ਡੀ.ਪੀ ਵੱਲ ਝੁਕਦਾ ਵਿਖਾਈ ਦਿਤਾ।
ਇਸੇ ਦੌਰਾਨ ਕੁੱਝ ਇੱਕ ਚੋਣ ਸਰਵੇ ਵੀ ਸਾਹਮਣੇ ਆਏ। ਫੋਰਸ ਰਿਸਰਚ ਅਨੁਸਾਰ ਐਨ.ਡੀ.ਪੀ 47 ਪ੍ਰਤੀਸ਼ਤ, ਪੀ. ਸੀ 33, ਲਿਬਰਲ 14, ਗਰੀਨਜ਼ 4 ਪ੍ਰਤੀਸ਼ਤ ਲੋਕਾ ਦੀ ਹਮਾਇਤ ਰਖਦੇ ਸਨ। ਈਕੋ ਰਿਸਰਚ ਅਨੁਸਾਰ ਐਨ.ਡੀ.ਪੀ 40.9, ਪੀ.ਸੀ. 30.91, ਲਿਬਰਲ 18.9, ਗਰੀਨਜ 7.1 ਪ੍ਰਤੀਸ਼ਤ ਹਮਾਇਤ ਰਖਦੇ ਵੇਖੇ ਗਏ। ਪੋਲਾਰਾ ਸਰਵੇ ਅਨੁਸਾਰ ਐਨ.ਡੀ.ਪੀ ਨੂੰ 38, ਪੀ.ਸੀ ਨੂੰ 37, ਲਿਬਰਲ 18 ਅਤੇ ਗਰੀਨਜ਼ 5 ਪ੍ਰਤੀਸ਼ਤ ਹਮਾਇਤ ਰਖਦੇ ਸਨ।
ਇਸ ਚੋਣ ਵਿਚ ਇੱਕ ਮਹੱਤਵਪੂਰਨ ਸੁਝਾਅ ਬੁੱਧੀਜੀਵੀ ਵਰਗ ਵਲੋਂ ਸਾਹਮਣੇ ਆਇਆ ਕਿ ਬਜਟ ਤੇ ਅਮਰੀਕੀ ਕਾਂਗਰਸ ਵਾਂਗ ਓਂਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਦਾ ਸੰਵਿਧਾਨਿਕ ਤੌਰ ’ਤੇ ਖੁਦਮੁਖਤਾਰ ਅਧਿਕਾਰ ਚਾਹੀਦਾ ਹੈ ਤਾਂ ਕਿ ਸਰਕਾਰਾਂ ਲੋਕ-ਲੁਭਾਊ ਪ੍ਰੋਗਰਾਮਾਂ ਰਾਹੀ ਜਨਤਕ ਧੰਨ ਲੁਟਾ ਨਾ ਸਕਣ। ਖਜ਼ਾਨੇ ਦੀ ਬਰਬਾਦੀ ਨਾ ਕਰ ਸਕਣ। ਲੇਕਿਨ ਅਜਿਹਾ ਪ੍ਰਬੰਧ ਕਰਨ ਦਾ ਕਿਸੇ ਰਾਜਨੀਤਕ ਪਾਰਟੀ ਨੇ ਵਚਨ ਨਹੀ ਦਿਤਾ।
ਭਾਵੇਂ ਰਾਜ ਵਿਚ ਅਡਵਾਂਸ ਵੋਟਿੰਗ 26 ਮਈ ਨੂੰ ਸ਼ੁਰੂ ਹੋ ਗਈ ਸੀ ਪਰ ਜਿੱਤ-ਹਾਰ ਦਾ ਨਿਰਣਾ ਅੱਜ 7 ਜੂਨ ਦੀ ਪੋਲਿੰਗ ਤੇ ਨਿਰਭਰ ਕਰੇਗਾ।
-
‘ਦਰਬਾਰਾ ਸਿੰਘ ਕਾਹਲੋਂ’, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.