ਖ਼ਬਰ ਹੈ ਕਿ ਦੇਸ਼ ਦੇ ਕਈ ਰਾਜਾਂ 'ਚ ਲੋਕ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਇਸੇ ਦੌਰਾਨ ਹੈਰਾਨ ਕਰਨ ਵਾਲੀ ਰਿਪੋਰਟ ਛਪੀ ਹੈ ਜਿਸਦੇ ਮੁਤਾਬਕ ਦੇਸ਼ ਦੀ ਲਗਭਗ ਅੱਧੀ ਅਬਾਦੀ ਪਾਣੀ ਦੀ ਕਮੀ ਨਾਲ ਜੂਝ ਰਹੀ ਹੈ। ਜਦਕਿ 75 ਫੀਸਦੀ ਆਬਾਦੀ ਨੂੰ ਪੀਣ ਵਾਲੇ ਪਾਣੀ ਲਈ ਹਰ ਰੋਜ਼ ਕਾਫੀ ਭਟਕਣਾ ਪੈਂਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੋ ਲੱਖ ਲੋਕ ਹਰ ਸਾਲ ਪਾਣੀ ਦੀ ਕਮੀ ਨਾਲ ਮਰ ਜਾਂਦੇ ਹਨ। ਆਯੋਗ ਮੁਤਾਬਕ 60 ਕਰੋੜ ਲੋਕਾਂ ਨੂੰ ਪਾਣੀ ਲਈ ਸਖ਼ਤ ਮੁਸ਼ੱਕਤ ਕਰਨੀ ਪੈਂਦੀ ਹੈ। ਲਗਭਗ 75 ਫੀਸਦੀ ਘਰਾਂ 'ਚ ਪਾਣੀ ਨਹੀਂ ਹੈ ਅਤੇ 84 ਫੀਸਦੀ ਪੇਂਡੂ ਘਰਾਂ 'ਚ ਪਾਈਪਾਂ ਨਾਲ ਪਾਣੀ ਨਹੀਂ ਪਹੁੰਚ ਰਿਹਾ। ਕੌਮੀ ਪਾਣੀ ਗੁਣਵੱਤਾ ਮਾਪਦੰਡ 'ਚ 122 ਦੇਸ਼ਾਂ 'ਚੋਂ ਭਾਰਤ 120 ਵੇਂ ਸਥਾਨ 'ਤੇ ਹੈ।
ਵੇਖੋ ਜੀ, ਪਾਣੀ ਮਿਲ ਨਹੀਂ ਰਿਹਾ, ਜਿਹੜਾ ਜੀਵਨ-ਜੀਊੜਾ ਹੈ। ਪੈਟਰੋਲ- ਡੀਜ਼ਲ ਤੇਲ ਦੇ ਭੰਡਾਰ ਭਰੇ ਪਏ ਹਨ, ਜਿਹੜਾ ਅੱਗ ਲਾਉਂਦਾ ਹੈ ਆਲੇ-ਦੁਆਲੇ ਨੂੰ ਵੀ ਅਤੇ ਮਨੁੱਖੀ ਜ਼ਿੰਦਗੀ ਨੂੰ ਵੀ। ਭਾਵੇਂ ਭਾਈ ਪਿਛਲੇ ਸਾਲ ਨਾਲੋਂ ਪੈਟਰੋਲ 9.44 ਰੁਪਈਏ ਅਤੇ ਡੀਜ਼ਲ 12 ਰੁਪਈਏ ਮਹਿੰਗਾ ਹੋ ਗਿਆ, ਪਰ ਫਿਰ ਵੀ ਮੰਗ ਵਧੀ ਵਧਾਈ ਜਾਂਦੀ ਆ, ਵੱਡਿਆਂ ਦੇ ਤੇ ਸਰਕਾਰਾਂ ਦੇ ਖਜ਼ਾਨੇ ਜਿਉਂ ਇਸ ਨਾਲ ਭਰੇ ਜਾਂਦੇ ਆ?
ਪੈਸਾ, ਖਜ਼ਾਨੇ 'ਚ ਨਾ ਹੋਵੇ ਤਾਂ ਸਰਕਾਰ ਕਾਹਦੀ? ਪੈਸਾ, ਨੇਤਾ ਨਾ ਡਕਾਰਨ ਤਾਂ ਉਹ ਨੇਤਾ ਕਾਹਦਾ? ਲੋਕ, ਭੁੱਖੇ ਨਾ ਮਰਨ ਤਾਂ ਸਰਕਾਰੀ ਦਿਲਾਸਾ ਕਾਹਦਾ? ਲੋਕ ਭੁੱਖੇ ਮਰਨ, ਲੋਕ ਤਿਹਾਏ ਮਰਨ, ਲੋਕ ਛੱਤੋਂ ਬਿਨ੍ਹਾਂ ਸੌਣ, ਸਰਕਾਰ ਨੇ ਤਾਂ ਖਜ਼ਾਨੇ ਭਰਨੇ ਹਨ। ਪਾਣੀ ਦੇਣਾ ਸਰਕਾਰ ਦਾ ਕੰਮ ਨਹੀਂ, ਇਸ ਨਾਲ ਤਾਂ ਜ਼ਿੰਦਗੀ ਬਚਦੀ ਹੈ ਤੇ ਸਰਕਾਰ ਜ਼ਿੰਦਗੀਆਂ ਬਚਾਉਣ ਲਈ ਥੋੜ੍ਹਾ ਹੁੰਦੀ ਆ। ਤੇਲ ਦੇਣਾ ਸਰਕਾਰ ਦਾ ਕੰਮ ਹੈ, ਇਸ ਨਾਲ ਭਾਂਬੜ ਮਚਦਾ ਹੈ। ਫਿਰਕੂ ਅੱਗਾਂ ਲੱਗਦੀਆਂ ਹਨ, ਵੱਢ ਟੁੱਕ ਹੁੰਦੀ ਹੈ ਤੇ ਸਰਕਾਰ ਲੋਕਾਂ ਨੂੰ ਕਾਬੂ ਕਰਦੀ ਹੈ। ਸਰਕਾਰ ਭਾਈ ਕਾਲੀ ਹੋਵੇ ਜਾਂ ਚਿੱਟੀ, ਸਰਕਾਰ ਭਾਈ ਨੀਲੀ ਹੋਵੇ ਜਾਂ ਪੀਲੀ, ਸਰਕਾਰ ਤਾਂ ਸਰਕਾਰ ਹੈ, ਜਿਹੜੀ ਕਹਿਣ ਨੂੰ ਲੋਕਾਂ ਦੀ, ਪਰ ਅਸਲ ਹੁੰਦੀ ਹੈ ਜੋਕਾਂ ਦੀ, ਅਤੇ ਸਾਡਾ ਦੇਸ਼ ਤਾਂ ਹੈ ਹੀ ਮਹਾਨ, ਜਿਥੇ ਹਰੇਕ ਸਰਕਾਰ ਕਵੀ ਦੇ ਕਹਿਣ ਵਾਂਗਰ "ਤਿੱਖੇ ਹਰ ਸਰਕਾਰ ਦੇ ਦੰਦ ਹੁੰਦੇ, ਉਹਦਾ ਸੱਜਣਾ ਕੋਈ ਵੀ ਰੂਪ ਹੋਵੇ"।
ਪੰਗੇ ਲਓ ਨਾ ਅਮਨ ਦੇ ਨਾਲ ਵੱਸੋ, ਨਾ ਕੋਈ ਆਦਮੀ ਤੇ ਨਾ ਕੋਈ ਦੇਸ਼ ਸੁਣਦਾ
ਖ਼ਬਰ ਹੈ ਕਿ ਕੁਝ ਦਿਨ ਪਹਿਲਾਂ ਹੀ ਫਲੈਗ ਮਾਰਚ 'ਚ ਹਾੜੇ ਕੱਢਣ ਵਾਲੇ ਪਾਕਿਸਤਾਨ ਨੇ ਇੱਕ ਵਾਰੀ ਫਿਰ ਧੋਖਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਫਾਇਰਿੰਗ ਕੀਤੀ ਫਿਰ ਜਖ਼ਮੀਆਂ ਦੇ ਬਚਾਅ 'ਚ ਆਏ ਦਲ ਤੇ ਮੋਰਟਰ ਦਾਗੇ। ਗੋਲਾਬਾਰੀ 'ਚ ਬੀ ਐਸ ਐਫ ਦੇ ਅਸਿਸਟੈਂਟ ਕਮਾਂਡਰ ਸਮੇਤ ਚਾਰ ਜਵਾਨ ਸ਼ਹੀਦ ਹੋਏ।
ਕੋਰੀਆਈ ਕਿੰਮ, ਤੇ ਅਮਰੀਕੀ ਟਰੰਪ ਇੱਕਠੇ ਹੋ ਗਏ। ਵਾਰਤਾ ਕੀਤੀ। ਸਾਂਝਾ ਪਾਈਆਂ। ਆਖਿਆ, "ਪਰਮਾਣੂ ਨਹੀਂ ਚਲਾਵਾਂਗੇ"। ਸੱਚੀਂ -ਮੁੱਚੀਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਰ ਨਾ ਪਾਕਿਸਤਾਨ ਭਾਰਤ ਨੂੰ ਸੁੱਖ ਦਾ ਸਾਹ ਲੈਣ ਦਿੰਦਾ, ਅਤੇ ਨਾ ਭਾਰਤ ਪਾਕਿਸਤਾਨ ਨੂੰ ਟਿਕਣ ਦਿੰਦਾ। ਨਿੱਤ ਠੂਹ-ਠਾਹ! ਰੌਲਾ-ਰੱਪਾ। ਨਿਸ਼ਾਨੇਬਾਜੀ। ਅਤੇ ਫਿਰ ਵੱਡੇ ਵੱਡੇ ਭਾਸ਼ਨ!
ਪਰ ਵੇਖੋ ਨਾ ਕੁਦਰਤ ਦਾ ਨਜ਼ਾਰਾ! ਤੋਪਾਂ ਬੰਦ, ਬੰਦੂਕਾਂ ਬੰਦ, ਮੋਰਟਰ ਬੰਦ ਪਰ ਭਾਰਤ-ਪਾਕਿਸਤਾਨ 'ਚ ਦੋਹੀਂ ਪਾਸੀ ਫੈਲ ਗਿਆ ਧੁੰਦ-ਗੁਬਾਰ! ਨਾ ਸਾਹ ਆਇਆ ਪਾਕਿਸਤਾਨੀਆਂ ਨੂੰ, ਨਾ ਸਾਹ ਆਇਆ ਭਾਰਤੀਆਂ ਨੂੰ। ਕੁਦਰਤ ਕਰੋਪ ਹੋ ਗਈ।
ਪਰ ਕੁਦਰਤ ਦੀ ਕਰੋਪੀ ਕੋਈ ਸੁਣਦਾ ਦੇਖਦਾ ਕਿਉਂ ਨਹੀਂ? ਗੋਲੇ ਚਲਣਗੇ, ਤੋਪਾਂ ਅੱਗ ਵਰ੍ਹਾਉਣਗੀਆਂ ਤੇ ਬੰਦਾ ਸੁੱਤਾ ਪਿਆ ਰਹਿ ਜਾਊ!ਜ਼ਹਾਜ ਅੱਗ ਛੱਡਣਗੇ, ਸੱਭੋ ਕੁਝ ਨਾਸ ਹੋ ਜਾਊ, ਬੰਦਾ ਸੁਣਦਾ ਕਿਉਂ ਨਹੀਂ? ਅਸਲ 'ਚ ਭਾਈ ਬੰਦਾ ਨਾਸ਼ਵਾਨ ਆ। ਅਤੇ ਇਸੇ ਕਰਕੇ ਸ਼ਾਇਦ ਆਪਣਾ ਨਾਸ਼ ਆਪ ਮਾਰਣ ਦੀ ਨਿੱਤ ਤਰਕੀਬ ਘੜ ਰਿਹਾ! ਇਸੇ ਕਰਕੇ ਕਲਮ ਤਾਂ ਇਹੋ ਕਹਿੰਦੀ ਆ, " ਪੰਗੇ ਲਉ ਨਾ ਅਮਨ ਦੇ ਨਾਲ ਵੱਸੋ, ਨਾ ਕੋਈ ਆਦਮੀ ਤੇ ਨਾ ਕੋਈ ਦੇਸ਼ ਸੁਣਦਾ"। ਪਰ ਜੇਕਰ ਕੁਦਰਤ ਦੀ ਕਰੋਪੀ ਇਵੇਂ ਹੀ ਜਾਰੀ ਰਹੀ ਤਾਂ ਮਨੁੱਖ ਕੀ, ਮਨੁੱਖ ਦਾ ਬਾਪ ਵੀ ਇਹ ਗੱਲ ਸੋਚੂ!
ਕਾਗਜ਼ ਕਲਮ ਫੜ ਬਣੇ ਨੇ ਬਹੁਤ ਲੇਖਕ , ਕਿਵੇਂ ਲੇਖਕ, ਅਲੇਖਕ ਨਖੇੜੀਏ ਜੀ
ਖ਼ਬਰ ਹੈ ਕਿ ਤੇਲ ਦੇ ਭਾਅ 'ਚ ਵਾਧੇ ਕਾਰਨ ਰਾਜਾਂ ਨੂੰ ਜੋ ਮਾਲੀਆ ਮਿਲਿਆ ਹੈ, ਉਸ ਅਨੁਸਾਰ ਦੇਸ਼ ਦੇ ਰਾਜਾਂ ਨੂੰ ਆਪਣੇ ਹਿੱਸੇ ਦੇ 37426 ਕਰੋੜ ਰੁਪਏ ਦਾ ਵਾਧੂ ਮਾਲੀਆ ਮਿਲੇਗਾ। ਜਿਥੇ ਜੀ ਐਸ ਟੀ ਨਾਲ 24 ਵਿਚੋਂ 16 ਰਾਜਾਂ ਸਮੇਤ ਪੰਜਾਬ ਹਰਿਆਣਾ, ਗੁਜਰਾਤ ਨੂੰ ਲਾਭ ਮਿਲਿਆ ਹੈ। ਉਥੇ ਜੀ ਐਸ ਟੀ ਕਾਰਨ ਵੀ ਰਾਜਾਂ ਨੂੰ 55 ਫੀਸਦੀ ਤੋਂ ਵੱਧ ਦਾ ਯੋਗਦਾਨ ਪ੍ਰਾਪਤ ਹੋਇਆ ਕਿ ਇਹ ਸਾਰੀ ਕਮਾਈ ਕਰਨ ਵਾਲਿਆ ਵਿੱਚ ਪੰਜਾਬ ਸਭ ਤੋਂ ਵੱਧ ਫਾਇਦਾ ਲੈਣ ਵਾਲੇ ਸੂਬਿਆਂ 'ਚ ਸ਼ਾਮਲ ਆ।
ਤਦੇ ਭਾਈ ਪੰਜਾਬ ਦੇ ਰਾਜਿਆਂ ਦੇ ਚਿਹਰੇ ਖਿੜੇ ਹੋਏ ਆ। ਪਹਿਲਾਂ 17 ਮੰਤਰੀ ਬਣੇ, ਹੁਣ 15 ਚੇਅਰਮੈਨ ਬਨਣਗੇ। ਦਰਜਨਾਂ ਸਲਾਹਕਾਰ ਨੇ। ਚਿੱਟੀਆਂ ਕੋਠੀਆਂ, ਚਿੱਟੀਆਂ ਕਾਰਾਂ, ਚਿੱਟੇ ਤੋਲੀਏ, ਸੱਭੋ ਕੁਝ ਚਿੱਟਾ ਚਿੱਟਾ ਮਿਲਿਆ ਹੋਇਆ ਤੇ ਮਿਲੂਗਾ ਵੀ।ਪਰ ਇਹਨਾ ਹਾਕਮਾਂ ਨੂੰ ਪੰਜਾਬ 'ਚ ਚਿੱਟਾ ਚਿੱਟਾ ਹੋਇਆ ਦਿਖਾਈ ਹੀ ਨਹੀਂ ਦਿੰਦਾ। ਨਹੀਂ ਸਮਝ ਰਹੇ ਇਹ ਸਭ ਕੁਝ ਕਿ ਰਿਸ਼ਤੇ ਸਫ਼ੇਦ ਹੋਏ ਪਏ ਆ। ਖੂਨ ਸਫ਼ੇਦ ਹੋਇਆ ਪਿਆ। ਅਤੇ ਇਸ ਸਫੇਦੀ ਨੇ ਪੰਜਾਬ ਸਫੈਦੋ-ਸਫੈਦ ਕੀਤਾ ਹੋਇਆ। ਇਹ ਹਾਕਮ ਤਾਂ ਇਕ ਦੂਜੇ ਨੂੰ ਠਿੱਬੀ ਲਾਉਣ ਲਈ ਤਰਲੋ- ਮੱਛੀ ਹੋਏ ਪਏ ਆ। ਕਿਧਰੇ "ਆਮ" ਬੋਲਦਾ, ਕਿਧਰੇ "ਭਗਵਾਂ" ਬੋਲਦਾ ਅਤੇ ਕਿਧਰੇ ਬੋਲਦਾ "ਕਾਲੀ"। ਸਭ ਆਪੋ ਆਪਣੇ ਰਾਗ ੳਲਾਪੀ ਜਾਂਦੇ ਆ। ਅਤੇ ਇਹਨਾ ਨੇਤਾਵਾਂ ਦੇ ਪਿਛਲੱਗ ਆਹ ਕਥਿਤ ਲੇਖਕ! ਆਹ ਕਥਿਤ ਪੱਤਰਕਾਰ! ਆਹ ਇਲੈਕਟ੍ਰੋਨਿਕ ਮੀਡੀਆ ਵਾਲੇ ਇਹਨਾ ਦੇ ਗੁਣ ਗਾਈ ਜਾਂਦੇ ਆ। ਜਾਪਦਾ ਆ "ਕਾਗਜ਼, ਕਲਮ ਫੜ ਬਣੇ ਨੇ ਬਹੁਤ ਲੇਖਕ, ਕਿਵੇਂ ਲੇਖਕ ਅਲੇਖਕ ਨਖੇੜੀਏ ਜੀ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਸ਼ਹਿਰੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ, ਬਾਵਜੂਦ ਇਸਦੇ ਹਾਲੀ ਵੀ ਦੋ ਤਿਹਾਈ ਆਬਾਦੀ ਪਿੰਡਾਂ ਵਿੱਚ ਵਸਦੀ ਹੈ। ਸਾਲ 1960 ਵਿੱਚ ਭਾਰਤ ਵਿੱਚ 82 ਫੀਸਦੀ ਆਬਾਦੀ ਪੇਂਡੂ ਸੀ ਜਦਕਿ 2016 ਵਿੱਚ ਇਹ 67 ਫੀਸਦੀ ਰਹਿ ਗਈ।
ਇੱਕ ਵਿਚਾਰ
ਸਾਰੀਆਂ ਰਾਜਨੀਤੀਆਂ ਵਾਂਗਰ ਅੰਤਰਰਾਸ਼ਟਰੀ ਰਾਜਨੀਤੀ ਵੀ ਤਾਕਤ ਲਈ ਸੰਘਰਸ਼ ਹੈ।
...............ਹੈਂਸ ਜੇ ਮਾਰਗਜਾਓ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.