ਸਿਰਮੌਰ ਗੀਤਕਾਰ ਸ: ਗੁਰਦੇਵ ਸਿੰਘ ਮਾਨ ਨੂੰ ਚੇਤੇ ਕਰਦਿਆਂ
ਪੰਜ ਗੀਤਕਾਰ ਮੈਨੂੰ ਬੇਹੱਦ ਚੰਗੇ ਲੱਗਦੇ ਨੇ। ਧਨੀ ਰਾਮ ਚਾਤ੍ਰਿਕ,ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ ,ਕਰਤਾਰ ਸਿੰਘ ਬਲੱਗਣ ਤੇ ਸ਼ਿਵ ਕੁਮਾਰ।
ਪਰ ਅੱਜ ਸਿਰਫ਼ ਗੁਰਦੇਵ ਸਿੰਘ ਮਾਨ ਹੀ ਕਿਉਂ ਚੇਤੇ ਆਇਆ?
ਸੱਰੀ(ਕੈਨੇਡਾ) ਵੱਸਦੇ ਮੇਰੇ ਚੜ੍ਹਦੀ ਉਮਰ ਦੇ ਬੇਲੀ ਸੁਰਜੀਤ ਮਾਧੋਪੁਰੀ ਨੇ ਚੇਤਾ ਕਰਵਾਇਆ।
16 ਜੂਨ ਨੂੰ ਉਹ ਸਾਰੇ ਮਿੱਤਰ ਰਲ ਕੇ ਬੰਬੇ ਬੈਂਕਿਉਟ ਹਾਲ ਚ ਮਾਨ ਸਾਹਿਬ ਨੂੰ ਚੇਤੇ ਕਰ ਰਹੇ ਹਨ।
ਮੈਨੂੰ ਯਾਦ ਆਇਆ
ਸਾਡੇ ਪਿੰਡ ਜਦ ਕਿਸੇ ਘਰ ਵਿਆਹ ਹੁੰਦਾ ਤਾਂ ਸਵੇਰ ਸਾਰ ਇੱਕ ਰੀਕਾਰਡ ਪੂਰੇ ਪਿੰਡ ਨੂੰ ਜਗਾਉਂਦਾ।
ਸਾਈਂ ਦੀਵਾਨਾ ਗਾਉਂਦਾ ਸੀ ਗੁਰਦੇਵ ਸਿੰਘ ਮਾਨ ਦੇ ਬੋਲ ਬੇਦਾਵੇ ਦੇ
ਸਾਥੋਂ ਦਾਤਿਆ ਭੁੱਖ ਨਹੀਂ ਜਰੀ ਜਾਂਦੀ,
ਅਸੀਂ ਰੱਜ ਗਏ ਹਾਂ ਭੁੱਖੇ ਰਹਿ ਰਹਿ ਕੇ।
ਸਾਨੂੰ ਚੁੱਪ ਚੁਪੀਤਿਆਂ ਜਾਣ ਦੇ ਤੂੰ,
ਅਸੀਂ ਥੱਕ ਗਏ ਹਾਂ ਤੈਨੂੰ ਕਹਿ ਕਹਿ ਕੇ।
ਰੀਕਾਰਡ ਦੇ ਦੂਸਰੇ ਪਾਸੇ ਮਾਈ ਭਾਗੋ ਮਾਝੇ ਚ ਪਰਤੇ ਬੇਦਾਵੀਏ ਸਿੰਘਾਂ ਨੂੰ ਮਿਹਣੇ ਮਾਰ ਕੇ ਮੁੜ ਜੰਗ ਚ ਭੇਜਦੀ ਹੈ।
ਮੇਰੇ ਲਈ ਇਤਿਹਾਸ ਦਾ ਇਹ ਪਹਿਲਾ ਵਰਕਾ ਸੀ, ਜੋ ਮੈਂ ਪੌਣਾਂ ਚੋਂ ਪੜ੍ਹਿਆ।
ਕਿੰਨੇ ਹੋਰ ਗੀਤ
ਊੜਾ ਐੜਾ ਈੜੀ ਸੱਸਾ ਹਾਹਾ ਊੜਾ ਐੜਾ ਵੇ।
ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜਾ ਵੇ।
ਚਰਖ਼ੀ ਰੰਗੀਲੀ ਦਾਜ ਦੀ ਮੇਰੇ ਵੀਰ ਨੇ ਵਲਾਇਤੋਂ ਆਂਦੀ।
ਨੀ ਸੋਨੇ ਦਾ ਪਵਾਇਆ ਤੱਕਲਾ,
ਇਹਦੇ ਮੁੰਨਿਆਂ ਤੇ ਮੜ੍ਹੀ ਹੋਈ ਚਾਂਦੀ।
ਸ਼ਾਵਾ ਗੱਡੀ ਆਈ ਆ ਬਈ ਬੱਲੇ ਗੱਡੀ ਆਈ ਆ।
ਗੱਡੀ ਲੰਘ ਗਈ ਤਲਵੰਡੀ।
ਸਾਰਾ ਸ਼ਹਿਰ ਤੇ ਦਾਣਾ ਮੰਡੀ।
ਆ ਗਈ ਪਿੰਡ ਮੇਰੇ ਦੀ ਡੰਡੀ।
ਗੱਡੀ ਆਈ ਆ।
ਰਾਤੀਂ ਸੀ ਉਡੀਕਾਂ ਤੇਰੀਆਂ
ਸੁੱਤੇ ਪਲ ਨਾ ਹਿਜਰ ਦੇ ਮਾਰੇ।
ਦੁੱਖਾਂ ਦੀ ਕਹਾਣੀ ਸੁਣਦੇ,
ਰਹੇ ਊਂਘਦੇ ਅੰਬਰ ਦੇ ਤਾਰੇ।
ਮੋਟਰ ਮਿੱਤਰਾਂ ਦੀ, ਚੱਲ ਬਰਨਾਲੇ ਚੱਲੀਏ।
ਨੀ ਭਾੜਾ ਨਹੀਂ ਲੱਗਣਾ,ਤੂੰ ਬੈਠਣ ਦੀ ਕਰ ਬੱਲੀਏ।
ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੇ ਗਾਏ ਇਸ ਗੀਤ ਵਿੱਚ ਸੰਪੂਰਨ ਸੁਜਿੰਦ ਮਾਲਵਾ ਹੈ।
ਸੁਰਿੰਦਰ ਕੌਰ ਮੁਫ਼ਤਖ਼ੋਰੀ ਤੋਂ ਵਰਜਦੀ ਤੇ ਕਹਿੰਦੀ ਹੈ ਡਰਾਈਵਰ ਬਾਰੇ।
ਟੀਰਾ ਟੀਰਾ ਮੈਨੂੰ ਝਾਕਦਾ ਜਿਵੇਂ ਹੈਦਰ ਸ਼ੇਖ਼ ਤੇ ਲੇਲਾ।
ਮੇਰੇ ਵੱਲ ਝਾਕੇ ਚੰਦਰਾ ਕੱਢ ਪਾ ਪਾ ਪੱਕੇ ਦਾ ਡੇਲਾ।
ਮੁਫ਼ਤੀਂ ਨਾ ਪੁੱਜੀਂ ਮਾਨ ਵੇ, ਮੈਂ ਨਹੀਂ ਇਹਦੀ ਮੋਟਰ ਵਿੱਚ ਬਹਿਣਾ।
ਚੰਦਰੇ ਡਰਾਈਵਰ ਨੂੰ ਮੈਂ ਜੀਜਾ ਨਹੀਂ ਕਹਿਣਾ।
ਬੜੇ ਹੋਰ ਗੀਤ ਵੀ ਰੇਸ਼ਮੀ ਥਾਨ ਵਾਂਗ ਯਾਦਾਂ ਚੋਂ ਉੱਛਲ ਉੱਛਲ ਪੈ ਰਹੇ ਹਨ
ਮਿੱਤਰਾਂ ਦੀ ਲੂਣ ਦੀ ਡਲੀ, ਨੀ ਤੂੰ ਮਿਸ਼ਰੀ ਬਰੋਬਰ ਜਾਣੀਂ।
ਸੱਜਣਾਂ ਦੀ ਗੜਵੀ ਦਾ, ਮਿੱਠਾ ਸ਼ਰਬਤ ਵਰਗਾ ਪਾਣੀ।
ਜੋਬਨਾ ਬਾਜ਼ਾਰ ਵਿਕਦਾ, ਲੱਖੀਂ ਮਿਲੇ ਨਾ ਪਿਆਰ ਦਾ ਭੋਰਾ।
ਇਸ਼ਕੇ ਦੇ ਨੂਰ ਤੋਂ ਬਿਨਾ, ਹੁੰਦਾ ਮਿੱਟੀ ਨਾਲੋਂ ਮਾੜਾ ਰੰਗ ਗੋਰਾ।
ਮੇਰੇ ਨਾਲ ਵੱਟ ਰੱਖਦੀ ਤੇਰੀ ਗਲੀ ਦੇ ਗੱਭਰੂਆਂ ਦੀ ਢਾਣੀ।
ਨੀ ਮਿੱਤਰਾਂ ਦੀ ਲੂਣ ਦੀ ਡਲੀ।
ਬੜੇਥੋੜੇ ਲੋਕ ਜਾਣਦੇ ਨੇ ਕਿ ਲਾਇਲਪੁਰ
ਤੋਂ 1947 ਚ ਉੱਜੜ ਕੇ ਆਏ ਇਸ ਪਰਿਵਾਰ ਨੂੰ ਤਿੰਨ ਸਾਲ ਸਰਾਭਾ(ਲੁਧਿਆਣਾ) ਚ ਕੱਚੀ ਅਲਾਟਮੈਂਟ ਤੇ ਰਹਿਣ ਦਾ ਸੁਭਾਗ ਮਿਲਿਆ। ਅੱਧਾ ਟੱਬਰ ਜੱਦੀ ਪਿੰਡ ਨੰਗਲਾਂ(ਨੇੜੇ ਡੇਹਲੋਂ ਲੁਧਿਆਣਾ) ਚ ਵੱਸਿਆ। ਇਹ ਗੱਲ ਮੈਨੂੰ ਇੰਗਲੈਂਡ ਵੱਸਦੇ ਉਨ੍ਹਾਂ ਦੇ ਭਤੀਜੇ ਸ: ਅਜੀਤ ਸਿੰਘ ਮਾਨ ਨੇ ਦੱਸੀ ਸੀ।
ਸਰਾਭਾ ਪਿੰਡ ਚ ਹੀ ਉਨ੍ਹਾਂ ਪਹਿਲੀ ਵਾਰ ਆਜ਼ਾਦ ਭਾਰਤ ਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਪਹਿਲੀ ਬਰਸੀ ਨੌਜਵਾਨ ਸਪੋਰਟਸ ਕਲੱਬ ਬਣਾ ਕੇ ਮਨਾਈ। ਇਹ ਇਤਿਹਾਸਕ ਤੱਥ ਅੱਖੋਂ ਓਹਲੇ ਕਰਨ ਵਾਲਾ ਨਹੀਂ ਹੈ।
ਫਿਰ ਇਹ ਪਰਿਵਾਰ ਪੱਕੇ ਪੈਰੀਂ ਮਲੇਰਕੋਟਲਾ ਨੇੜੇ ਪਿੰਡ ਭੂਮਸੀ ਚ ਵੱਸ ਗਿਆ।
ਲੋਕ ਸੰਪਰਕ ਮਹਿਕਮੇ ਚ ਭਰਤੀ ਹੋ ਕੇ ਡਰਾਮਾ ਪਾਰਟੀ ਚ ਮੁਹੰਮਦ ਸਦੀਕ, ਕਰਨੈਲ ਗਿੱਲ ਤੇ ਦੀਦਾਰ ਸੰਧੂ ਵਰਗੇ ਨੌਜਵਾਨ ਭਰਤੀ ਕਰਕੇ ਪੇਂਡੂ ਵਿਕਾਸ ਦੇ ਗੀਤ ਨਾਟਕਾਂ ਦੀ ਹਨ੍ਹੇਰੀ ਲਿਆ ਦਿੱਤੀ।
ਸਟੇਜੀ ਕਵਿਤਾ ਦੇ ਸਿਰਕੱਢ ਕਵੀਆਂ ਚ ਗੁਰਦੇਵ ਸਿੰਘ ਮਾਨ ਦਾ ਸਿਰਮੌਰ ਨਾਮ ਸੀ। ਉਹ ਨੰਦ ਲਾਲ ਨੂਰਪੁਰੀ,ਕਰਤਾਰ ਸਿੰਘ ਬਲੱਗਣ,ਗੁਰਦਿੱਤ ਸਿੰਘ ਕੁੰਦਨ, ਵਰਿਆਮ ਸਿੰਘ ਮਸਤ, ਬਰਕਤ ਰਾਮ ਯੁਮਨ,ਗਿਆਨੀ ਰਾਮ ਨਾਰਾਇਣ ਸਿੰਘ ਦਰਦੀ,ਸ਼ਿਵ ਕੁਮਾਰ ਕੇ ਸਾਧੂ ਸਿੰਘ ਦਰਦ ਕਕਰਾਲੇ ਵਾਲਿਆਂ ਦੇ ਅੰਗ ਸੰਗ ਉਹ ਪੂਰਾ ਦੇਸ਼ ਘੁੰਮਿਆ।
ਉਸ ਨੂੰ ਵਾਰਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ।
1984 ਚ ਉਸ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਅਕਾਲ ਤਖ਼ਤ ਸਾਹਿਬ ਦੀ ਵਾਰ ਲਿਖੀ। ਗੁਰੂ ਤੇਗ ਬਹਾਦਰ ਬੋਲਿਆ ਉਨ੍ਹਾਂ ਦੀ ਉੱਤਮ ਰਚਨਾ ਹੈ।
ਮੈਂ ਉਨ੍ਹਾਂ ਦੇ ਕੈਨੇਡਾ ਪ੍ਰਵਾਸ ਕਰਨ ਤੋਂ ਪਹਿਲਾਂ ਇੱਕ ਫਾਸਲੇ ਤੋਂ ਬਹੁਤ ਵਾਰ ਮਿਲਿਆ ਪਰਸਿੱਧੀ ਮੁਲਾਕਾਤ 1995 ਚ ਹੋਈ।
ਗੁਰੂਨਾਨਕ ਸਰਕਾਰੀ ਕਾਲਿਜ ਕਾਲਾ ਅਫਗਾਨਾ(ਗੁਰਦਾਸਪੁਰ) ਵਿਖੇ ਸਿਲਵਰ ਜੁਬਲੀ ਸਮਾਰੋਹ ਮੌਕੇ ਸ: ਲਖਮੀਰ ਸਿੰਘ ਰੰਧਾਵਾ(ਉਦੋਂ ਦੇ ਸਿੱਖਿਆ ਮੰਤਰੀ, ਪੰਜਾਬ) ਨੇ ਵਿਸ਼ੇਸ਼ ਰੂਪ ਚ ਮਾਨ ਸਾਹਿਬ ਦਾ ਸਨਮਾਨ ਕੀਤਾ ਸੀ।
ਮੈਨੂੰ ਯਾਦ ਹੈ, ਜਦ ਕਾਲਿਜ ਦੇ ਕਾਰਜਕਾਰੀ ਪ੍ਰਿੰਸੀਪਲ ਮੇਰੇ ਵੱਡੇ ਵੀਰ ਸੁਖਵੰਤ ਸਿੰਘ ਗਿੱਲ ਉਨ੍ਹਾਂ ਨੂੰ ਸਨਮਾਨਿਤ ਕਰਵਾ ਰਹੇ ਸਨ ਤਾਂ ਮੈਂ ਲਾਊਡ ਸਪੀਕਰ ਤੇ ਉਨ੍ਹਾਂ ਦਾ ਲਿਖਿਆ ਤੇ ਨਰਿੰਦਰ ਬੀਬਾ ਦਾ ਗਾਇਆ ਗੀਤ ਚਲਵਾ ਦਿੱਤਾ।
ਮਾਨ ਸਾਹਿਬ ਦੀ ਨਜ਼ਰ ਉਦੋਂ ਜਾ ਚੁਕੀ ਸੀ। ਇਹ ਬੋਲ ਸੁਣ ਕੇ ਉਹ ਪ੍ਰਸੰਨ ਬਹੁਤ ਹੋਏ।
2002 ਚ ਸੱਰੀ ਵਿਖੇ ਦਰਸ਼ਨ ਗਿੱਲ ਤੇ ਸੱਜਣਾਂ ਵੱਲੇਂ ਕਰਵਾਈ ਵਿਸ਼ਵ ਪੰਜਾਬੀ ਕਾਨਫਰੰਸ ਵੇਲੇ ਖੁੱਲ਼੍ਹ ਕੇ ਮੁਲਾਕਾਤਾਂ ਹੋਈਆਂ। ਉਨ੍ਹਾਂ ਨਾਲ ਬੈਠੇ ਮਿੱਤਰ ਪ੍ਰੋ: ਬਲਬੀਰ ਸਿੰਘ ਪੂਨੀ ਨੇ ਦੱਸਿਆ ਕਿ ਮਾਨ ਸਾਹਿਬ ਨੇ ਜ਼ਬਾਨੀ ਬੋਲ ਕੇ ਨਾਲੋ ਨਾਲ ਹੀਰ ਦਾ ਕਿੱਸਾ ਮੇਰੇ ਪਿੱਤਰ ਅਮਰਪ੍ਰੀਤ ਸਿੰਘ ਨੂੰ ਲਿਖਵਾਇਆ ਹੈ।
ਅਮਰਪ੍ਰੀਤ ਨੇਮ ਨਾਲ ਹਰ ਹਫ਼ਤੇ ਉਨ੍ਹਾਂ ਕੋਲ ਐਬਟਸਫੋਰਡ ਜਾਂਦਾ ਸੀ। ਪਿਛਲੇ ਹ਼ਫ਼ਤੇ ਲਿਖਵਾਏ ਬੰਦ ਸੁਧਵਾ ਲੈਂਦਾ ਤੇ ਨਵੇਂ ਟਾਈਪ ਕਰ ਦਿੰਦਾ।
ਇਹ ਕਿੱਸਾ ਹੀਰ ਰਾਂਝਾ ਵਾਰਿਸਸ਼ਾਹ ਫਾਂਊਂਡੇਸ਼ਨ ਨੇ ਪ੍ਰਕਾਸ਼ਿਤ ਕੀਤਾ।
ਉੱਤਰੀ ਅਮਰੀਕਾ ਦੇ ਪੰਜਾਬੀ ਲੇਖਕਾਂ ਦੀ ਸਭਾ ਦੇ ਉਹ ਪ੍ਰਧਾਨ ਸਨ ਤੇ ਮੋਹਨ ਗਿੱਲ ਜਨਰਲ ਸਕੱਤਰ।
ਮੈਨੂੰ ਇਕ ਵਿਸ਼ੇਸ਼ ਸਮਾਗਮ ਚ ਸ: ਗੁਰਦੇਵ ਸਿੰਘ ਮਾਨ ਜੀ ਨੇ ਸਨਮਾਨਿਤ ਕੀਤਾ।
ਪਾਰਕਰ ਦਾ ਇੱਕ ਪੈੱਨ ਵੀ ਮੇਰੀ ਜੇਬ ਚ ਪਾਇਆ।
ਜਲਦੀ ਮਗਰੋਂ ਚਲੇ ਗਏ।
ਅਹੁ ਗਏ ਸੱਜਣ ਅਹੁ ਗਏ
ਲੰਘ ਗਏ ਦਰਿਆ।
ਅਸਾਂ ਰੱਜ ਨਾ ਗੱਲਾਂ ਕੀਤੀਆਂ,
ਸਾਡੇ ਮਨੋਂ ਨਾ ਲੱਥੜਾ ਚਾਅ।
ਸੱਰੀ ਵੱਸਦੇ ਮਿੱਤਰੋ
ਸਾਡੇ ਸਾਂਝੇ ਵਡਪੁਰਖੇ ਨੂੰ ਚੇਤੇ ਕਰਨ ਦਾ ਸ਼ੁਕਰੀਆ।
ਆਉ ਰਲ ਕੇ ਉਨ੍ਹਾਂ ਦੀ ਯਾਦ ਵਿੱਚ ਕੋਈ ਵੱਡਾ ਕਾਰਜ ਕਰੀਏ।
ਸੰਪੂਰਨ ਰਚਨਾਵਲੀ ਵਰਗਾ।
ਵੱਡਾ ਬੰਦਾ ਸੀ,ਵੱਡੇ ਨੂੰ ਚੇਤੇ ਕਰਕੇ ਵੱਡੇ ਹੋਈਏ।
-
ਗੁਰਭਜਨ ਗਿੱਲ ,
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.