ਜਿਸ ਘਰ ਵਿੱਚ ਧੀ ਜਨਮ ਮੁਬਾਰਕ
ਉਸ ਘਰ ਰਹਿਮਤ ਛਾਂ ਰਹਿੰਦੀ ਹੈ।
ਸੌ ਹਵਨਾਂ ਸੌ ਪਾਠਾਂ ਨਾਲੋਂ,
ਵੱਧ ਪਵਿੱਤਰ ਥਾਂ ਰਹਿੰਦੀ ਹੈ।
ਇਹ ਸਤਰਾਂ ਮੈਂ 2008 ਚ ਲਿਖੀਆਂ ਸਨ। ਮੇਹੀ ਕਾਵਿ ਪੁਸਤਕ ਪਾਰਦਰਸ਼ੀ ਚ ਵੀ ਅੰਕਿਤ ਨੇ।
ਕੈਨੇਡਾ ਵੱਸਦੇ ਮੇਰੇ ਮਿੱਤਰ ਡਾ: ਰੁਸਤਮ ਸਿੰਘ ਗਿੱਲ(ਸੱਰੀ) ਤੇ ਮੇਰੀ ਦੋਰਾਹਾ ਵੇਲੇ ਦੀ ਵਿਦਿਆਰਥੀ ਰਾਜਿੰਦਰ ਦੀ ਬੇਟੀ ਐਮੀ ਦਾ ਜਨਮ ਦਿਨ ਸੀ। ਉਸ ਪਰਿਵਾਰ ਦੇ ਚਾਅ ਨੇ ਇਹ ਸਤਰਾਂ ਲਿਖਵਾਈਆਂ ਸਨ।
ਹੁਣ ਫਿਰ ਚੇਤੇ ਆਈਆਂ ਅੱਜ
ਮੇਰੇ ਸੱਜਣ ਪਿਆਰੇ ਪਰਮਜੀਤ ਸਿੰਘ ਧਾਲੀਵਾਲ(ਸੇਵਾਮੁਕਤ ਨਿਗਰਾਨ ਇੰਜਨੀਅਰ,ਬਿਜਲੀ ਬੋਰਡ)ਤੇ ਉਨ੍ਹਾਂ ਦੀ ਜੀਵਨ ਸਾਥਣ ਕਿਰਨਜੀਤ ਨੇ ਮਹੀਨਾ ਕੁ ਪਹਿਲਾਂ ਮੈਲਬਰਨ(ਆਸਟਰੇਲੀਆ)
ਤੋਂ ਦੱਸਿਆ ਕਿ ਉਨ੍ਹਾਂ ਨੂੰ ਪੋਤਰੀ ਦੀ ਦਾਤ ਮਿਲੀ ਹੈ।
ਨਾਮ ਦੱਸੋ?
ਮੈਂ ਵੀਹ ਪੱਚੀ ਮਨਪਸੰਦ ਨਾਮ ਤਜ਼ਵੀਜ਼ ਕੀਤੇ। ਮੈਨੂੰ ਪ੍ਰੋ: ਰਵਿੰਦਰ ਭੱਠਲ ਦੀ ਧੀ ਦਾ ਨਾਮ ਇਬਨਾ ਬੜਾ ਚੰਗਾ ਲੱਗਦਾ ਹੈ।
ਪਿਛਲੇ ਪੱਚੀ ਸਾਲਾਂ ਚ ਇਹ ਛਾਂ ਜਹੀ ਪਲਦੀ ਵਿਗਸਦੀ ਵੇਖੀ ਹੈ।
ਇਬਨਾ ਦੇ ਜਨਮ ਨੇੜੇ ਹੀ ਬਾਲ ਮੁਕੰਦ ਸ਼ਰਮਾ ਤੇ ਡਾ: ਕੰਚਨ ਦੇ ਘਰ ਧੀ ਜੰਮੀ ਤਾਂ ਨਾਮ ਰੱਖਣ ਦਾ ਗੁਣਾ ਮੇਰੇ ਤੇ ਪਿਆ।
ਮੈਂ ਇਬਨਾ ਹੀ ਰੱਖ ਦਿੱਤਾ।
ਕਾਰਡ ਚ ਲਿਖ ਭੇਜਿਆ।
ਇਬਨਾ ਸਾਡੀ ਧੀ।
ਗੁੜ ਮੰਗੇ ਗੁੜ ਦੇਈਏ,
ਘੀ ਮੰਗੇ ਘੀ।
ਹੁਣ ਪਰਮਜੀਤ ਵਤਨ ਮੁੜ ਆਇਐ। ਉਸਨੂੰ ਵੀ ਇਬਨਾ ਪਸੰਦ ਆਇਆ। ਪਰ ਨਾਲ ਗੁਰ ਲਾ ਲਿਆ
ਗੁਰਇਬਨਾ ਕਰ ਲਿਆ।
ਉਸ ਦੇ ਪਿਤਾ ਜੀ ਵੀ ਅਗਾਂਹਵਧੂ ਸੋਚ ਧਾਰਾ ਦੇ ਸਵਾਮੀ ਹਨ।
ਕੈਪਟਨ ਨਾਹਰ ਸਿੰਘ ਧਾਲੀਵਾਲ ਬਰਨਾਲਾ ਜ਼ਿਲ੍ਹੇ ਦੇ ਇਨਕਲਾਬੀ ਪਿੰਡ ਠੀਕਰੀਵਾਲਾ ਚ ਰਹਿੰਦੇ ਹਨ।
ਪੜਪੋਤਰੀ ਮਹੀਨੇ ਦੀ ਹੋਈ ਤਾਂ ਉਨ੍ਹਾਂ ਬੰਦਨਬਾਰ ਸਜਾਏ। ਨਿੰਮ ਦੇ ਪੱਤੇ ਬਰੂੰਹੀਂ ਬੰਨ੍ਹੇ। ਲੱਡੂ ਵੰਡੇ। ਸੌ ਪੰਜਾਹ ਸ਼ਰੀਕੇ ਕਬੀਲੇ ਦੀਆਂ ਧੀਆਂ ਭੈਣਾਂ ਨੇ ਗੀਤ ਗਾਏ। ਚਾਅ ਲਏ।
ਮੈਨੂੰ ਕਈ ਸਾਲ ਪਹਿਲਾਂ ਦੀ ਗੱਲ ਚੇਤੇ ਆ ਗਈ। ਮੇਰੇ ਵੱਡੇ ਵੀਰ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦੀ ਪੋਤਰੀ ਪ੍ਰੀਤੀਦੀ ਪਹਿਲੀ ਲੋਹੜੀ ਮੌਕੇ ਭਾਈ ਰਣਧੀਰ ਸਿੰਘ ਨਗਰ ਚ ਧੂਣੀ ਬਾਲੀ ਬੈਠੇ ਸਾਂ।
ਕੋਲੋਂ ਦੀ ਲਾਲ ਬੱਤੀ ਵਾਲੀ ਕਾਰ ਲੰਘੀ।
ਮੈਨੂੰ ਵੇਖ ਕੇ ਕੁਝ ਅੱਗੇ ਜਾ ਕੇ ਕਾਰ ਰੁਕੀ।
ਉੱਤਰਿਆ ਸਵਾਰ ਵਿਧਾਇਕ ਮੈਨੂੰ ਸੰਬੋਧਨ ਹੁੰਦਾ ਬੋਲਿਆ,
ਗਿੱਲ ਜੀ, ਕਿਸਦੀ ਲੋਹੜੀ ਹੈ?
ਮੈਂ ਕਿਹਾ ਸਾਡੀ ਪੋਤਰੀ ਪ੍ਰੀਤੀ ਦੀ।
ਉਹ ਜਥੇਦਾਰ ਹੈਰਾਨੀ ਚ ਬੋਲਿਆ,
ਪੋਤਰੀ ਦੀ ਲੋਹੜੀ?
ਮੈਂ ਕਿਹਾ ਹਾਂ ਜੀ।
ਉਹ ਹੱਛਚਚਚਚਚਛਾ ਕਹਿ ਕੇ ਤੁਰ ਗਿਆ?
ਪਰ ਹੁਣ ਵਕਤ ਸਹਿਜੇ ਸਹਿਜੇ ਬਦਲ ਰਿਹੈ।
ਪਰਮਜੀਤ ਧਾਲੀਵਾਲ ਪਰਿਵਾਰ ਨੂੰ ਹੱਛਚਚਚਚਛਾ ਕਹਿਣ ਵਾਲੇ ਹੁਣ ਘਟ ਰਹੇ ਹਨ।
ਬਰਨਾਲਾ ਵਰਗੇ ਅਗਾਂਵਧੂ ਜ਼ਿਲ੍ਹੇ ਚ ਧੀਆਂ ਦੀ ਮੁਬਾਰਕ ਦੇਣ ਵਾਲੇ ਬਥੇਰੇ ਹਨ।
ਗੁਰਇਬਨਾ ਚਿਰੰਜੀਵ ਹੋਵੇ!
ਅਰਦਾਸ ਹੈ।
-
ਗੁਰਭਜਨ ਗਿੱਲ ,
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.