ਖ਼ਬਰ ਹੈ ਕਿ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ 2019 ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਸਹਿਯੋਗੀ ਪਾਰਟੀਆਂ ਨਾਲ ਮੀਟਿੰਗਾਂ ਦੇ ਦੌਰਾਨ ਚੰਡੀਗੜ੍ਹ ਫੇਰੀ ਦੌਰਾਨ ਇਹ ਸਪਸ਼ਟ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਆਪਣੇ ਪੁਰਾਣੇ ਸਹਿਯੋਗੀ ਅਕਾਲੀ ਦਲ ਦਾ ਪੂਰਾ ਸਤਿਕਾਰ ਰੱਖਦੇ ਹਨ ਹਾਲਾਂਕਿ ਅਕਾਲੀ ਅਗੂਆਂ ਵਲੋਂ ਭਾਜਪਾ ਦੀ ਉਹਨਾ ਪ੍ਰਤੀ ਮਗਰਲੇ 4 ਸਾਲ ਦੀ ਬੇਰੁਖੀ ਪ੍ਰਤੀ ਇਤਰਾਜ਼ ਉਠਾਏ ਗਏ।
ਨਾ ਭਾਜਪਾ ਨੂੰ ਪ੍ਰਵਾਹ ਸੀ ਅਕਾਲੀਆਂ ਦੀ , ਨਾ ਸੀ ਪ੍ਰਵਾਹ ਸ਼ਿਵ ਸੈਨਾ ਦੀ। ਪਿਛਲੇ ਚਾਰ ਸਾਲ ਭਾਜਪਾ ਵਾਲਿਆਂ ਆਪਣੇ ਬੰਦੇ ਪਾਲੇ। ਰਾਸ਼ਟਰਪਤੀ ਬਣਾਇਆ। ਸਪੀਕਰ ਬਣਾਇਆ। ਰਾਜਪਾਲ ਬਣਾਏ। ਉਪ ਰਾਸ਼ਟਰਪਤੀ ਬਣਾਇਆ। ਪਰ ਭਾਜਪਾ ਨੂੰ ਬਾਦਲ ਯਾਦ ਹੀ ਨਾ ਆਇਆ।
ਭਾਜਪਾ ਆਪਣੇ ਸਾਂਝੀਵਾਲ ਬਣਾਏ। ਭਾਜਪਾ ਨੇ ਕਾਂਗਰਸੀਆਂ ਦੇ, ਵਿਰੋਧੀਆਂ ਦੇ ਬੰਦੇ ਪੁੱਟੇ। ਭਾਜਪਾ ਨੇ ਨਤੀਸ਼ ਉਧਾਲਿਆ। ਮੁਫਤੀ ਮਹਿਬੂਬਾ ਤੇ ਡੋਰੇ ਪਾਏ। ਚੰਦਰਬਾਬੂ ਨਾਇਡੋ ਨੂੰ ਵਰਗਲਾਇਆ। ਪਰ ਭਾਜਪਾ ਨੇ ਕਿਸੇ ਦੇ ਪੱਲੇ ਵੀ ਕੁਝ ਨਾ ਪਾਇਆ।
ਬੀਬੀ ਬਾਦਲ ਨੂੰ ਝੰਡੀ ਵਾਲੀ ਕਾਰ ਬਖ਼ਸ਼ੀ , ਬਿਨ੍ਹਾਂ ਪਾਵਰੋਂ। ਨਿਤੀਸ਼ ਨੂੰ ਛੁਣਛੁਣਾ ਫੜਾਇਆ ਅਤੇ ਆਖਿਆ ਚੱਲ ਵਜਾਈ ਚੱਲ, ਮੰਗੀਂ ਕੁਝ ਨਾ। ਨਾਇਡੋ ਨੂੰ ਲਾਰੇ ਦਿੱਤੇ ਤੇ ਫਿਰ ਠੇਂਗਾ ਦਿਖਾ ਤਾ। ਮੁਫਤੀ ਵਿਚਾਰੀ ਮੁਫਤ ਦੀਆਂ ਏ.ਸੀ. ਕਾਰਾਂ ਦੇ ਝੂਟੇ ਲੈਂਦੀ,ਸ਼ਾਂਤੀ ਓਮ, ਸ਼ਾਂਤੀ ਓਮ ਕਰੀ ਜਾਂਦੀ ਆ। ਤੇ ਭਾਜਪਾ ਇਹਨਾ ਸਭਨਾ ਆਸਰੇ ਰਾਜ ਕਰੀ ਤੁਰੀ ਜਾਂਦੀ ਆ।
ਭਾਜਪਾ ਕੋਲ ਆ ਧਨ। ਭਾਜਪਾ ਕੋਲ ਆ ਸ਼ੁਹਰਤ। ਭਾਜਪਾ ਕੋਲ ਆ ਪੈਂਹਟ ਇੰਚ ਛਾਤੀ ਵਾਲਾ ਭਾਸ਼ਨ ਕਰਤਾ ਮੋਦੀ। ਭਾਜਪਾ ਕੋਲ ਆ ਪੈਸਿਆਂ ਦਾ "ਪਗੰਬਰ ਸ਼ਾਹ"। ਉਹਨੂੰ ਕਿਸੇ ਦੀ ਕੀ ਆ ਪਰਵਾਹ। ਤਦੇ ਤਾਂ ਕਵੀ ਕਹਿੰਦਾ ਭਾਜਪਾ ਬਾਰੇ, "ਰਹੇ ਹੁਣ ਰਾਤ ਦਿਨ ਸਾਨੂੰ ਖ਼ੁਮਾਰੀ ਧਨ ਤੇ ਸ਼ੁਹਰਤ ਦੀ"।
ਲੀੜਾ ਕੱਪੜਾ, ਪੈਸਾ ਤਾਂ , ਮਿਲ ਸਕਦੈ
ਐਪਰ ਅਕਲ ਨਹੀਂ ਕਦੇ ਉਧਾਰ ਮਿਲਦੀ
ਖ਼ਬਰ ਹੈ ਕਿ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ 'ਚ ਫੋਰੈਂਸਿਕ ਲੈਬ ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਗੌਰੀ ਲੰਕੇਸ਼ ਦੇ ਕਤਲ 'ਚ ਉਸੇ ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਰਨਾਟਕ ਦੇ ਉਘੇ ਲੇਖਕ ਐਮ.ਐਮ. ਕੁਲਵਰਗੀ ਦਾ ਕਤਲ ਕੀਤਾ ਗਿਆ ਸੀ। ਗੌਰੀ ਲੰਕੇਸ਼ ਤੇ ਕੁਲਵਰਗੀ ਦੇ ਕਤਲ 'ਚ 7.65 ਐਮ ਐਮ ਦੇ ਦੇਸੀ ਪਿਸਤੋਲ ਦੀ ਵਰਤੋਂ ਕੀਤੀ ਗਈ। ਗੌਰੀ ਲੰਕੇਸ਼ ਹਫਤਾਵਾਰੀ ਅਖ਼ਬਾਰ ਟੈਬਾਲਾਈਡਪ੍ਰਕਾਸ਼ਤ ਕਰਦੀ ਸੀ, ਜਿਸ ਵਿੱਚ ਉਹ ਕਾਤਲਾਂ ਦੇ ਅਨੁਸਾਰ ਹਿੰਦੂ ਧਰਮ, ਹਿੰਦੂ ਦੇਵੀ-ਦੇਵਤਿਆਂ ਦੀ ਬੁਰਾਈ ਕਰਦੀ ਸੀ।
ਵਿਰੋਧੀ ਵਿਚਾਰਾਂ ਨੂੰ ਨੱਥ ਪਾਓ। ਵਿਰੋਧੀਆਂ ਨੂੰ ਕੁਚਲ ਦਿਓ। ਵਿਰੋਧੀਆਂ ਦਾ ਦਾਣਾ-ਪਾਣੀ ਬੰਦ ਕਰ ਦਿਓ। ਵਿਰੋਧੀਆਂ ਨੂੰ ਜਿਥੇ ਵੇਖੋ ਉਥੇ ਢਾ ਲਉ-ਪੁੱਠਾ ਟੰਗ ਦਿਓ। ਇਹੋ ਸਿਆਸਤ ਆ ਭਾਈ ਦੇਸ਼ ਦੀ। ਉਸ ਦੇਸ਼ ਦੀ ਜਿਥੇ ਵਿਚਾਰਾਂ ਦਾ ਖਜ਼ਾਨਾ ਹੈ। ਜਿਥੇ ਹਿੰਦੂ ਦਾ ਵੇਦ ਆ, ਮੁਸਲਿਮ ਦਾ ਕੁਰਾਨ ਆ, ਈਸਾਈ ਦਾ ਬਾਈਬਲ ਹੈ। ਇਹੋ ਸਿਆਸਤ ਹੈ ਉਸ ਦੇਸ਼ ਦੀ ਜਿਥੇ ਵਿਚਾਰਾਂ ਦਾ ਖਜ਼ਾਨਾ ਹੈ, ਜਿਥੇ ਮੰਦਰ, ਮਸਜਿਦ, ਗਿਰਜ਼ਿਆਂ ਪਿਛੇ ਕਤਲ ਹੁੰਦੇ ਹਨ ਤੇ ਜਿਥੇ ਮਹਾਨ ਗੁਰੂ ਪੀਰ, ਫਕੀਰ, ਇਸ ਸਭ ਕੁਝ ਨੂੰ ਵੇਖਦੇ ਚੁੱਪ ਰਹਿੰਦੇ ਹਨ। ਇਹ ਸਮਝਕੇ ਕਿ ਇਹਨਾ ਚੇਲਿਆਂ ਨੂੰ ਅਕਲ ਪਤਾ ਨਹੀਂ ਕਦੋਂ ਆਊ? ਕਦੋਂ ਇਹਨਾਂ ਦੇ ਖਾਨੇ ਰਹਿਮ, ਧਰਮ,ਸ਼ਾਂਤੀ ਦਾ ਵਾਸ ਹੋਊ? ਉਹ ਸਮਝ ਚੁੱਕੇ ਹਨ ਕਿ ਇਹਨਾ ਕਥਿਤ ਭਗਤਾਂ ਨੂੰ, "ਲੀੜਾ ਕੱਪੜਾ, ਪੈਸਾ ਤਾਂ ਮਿਲ ਸਕਦੈ, ਐਪਰ ਅਕਲ ਨਹੀਂ ਕਦੇ ਉਧਾਰ ਮਿਲਦੀ"। ਨਹੀਂ ਤਾਂ ਅਕਲ ਵਾਲਿਆਂ ਨੂੰ ਕਿਉਂ ਘਾਤ ਲਾਕੇ ਮਾਰਨ! ਨੱਥੂ ਰਾਮ ਗੋਡਸੇ ਵਾਂਗਰ!!
ਛਾਂਗ ਦਿੱਤਾ ਏ ਰੁੱਖ, ਪੰਜਾਬ ਵਾਲਾ
ਕੰਮ ਨੇਤਾਵਾਂ ਨੇ, ਐਸਾ ਕਮਾਲ ਕੀਤਾ
ਖ਼ਬਰ ਹੈ ਕਿ ਪਿਛਲੇ ਦਿਨੀਂ ਛੋਟੀ ਉਮਰੇ ਪੰਜਾਬ ਦੇ ਤਿੰਨ ਨੌਜਵਾਨ ਜਹਾਨ ਨੂੰ ਅਲਵਿਦਾ ਕਹਿ ਗਏ। ਪਰੇਸ਼ਾਨੀ ਤੇ ਗਰੀਬੀ ਨੇ ਇਹਨਾ ਨੌਜਵਾਨਾਂ ਦੀ ਜ਼ਿੰਦਗੀ ਨਿਗਲ ਲਈ। ਦੋ ਧੀਆਂ ਦੇ ਪਿਓ ਨੇ ਝੀਲ 'ਚ ਛਾਲ ਮਾਰੀ ਉਸਦੀ ਮੌਤ ਹੋ ਗਈ। ਝਗੜੇ ਤੋਂ ਪ੍ਰੇਸ਼ਾਨ ਮੁਟਿਆਰ ਨੇ ਫਾਹਾ ਲੈ ਗਿਆ। ਕੈਂਸਰ ਪੀੜਤ ਮਾਤਾ ਤੇ ਭੈਣ ਦੇ ਵਿਆਹ ਦੇ ਫਿਕਰ 'ਚ ਕਰਜਾਈ ਕਿਸਾਨ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਉਸ ਉਤੇ ਆੜ੍ਹਤੀਏ ਦਾ ਚਾਰ ਲੱਖ ਦਾ ਕਰਜ਼ਾ ਸੀ। ਮਈ ਮਹੀਨੇ 'ਚ 41 ਕਿਸਾਨਾਂ ਨੇ ਮਾਲਵੇ ਖਿਤੇ 'ਚ ਮੌਤ ਨੂੰ ਗਲੇ ਲਗਾਇਆ।
ਪੰਜਾਬ ਦਾ ਪਾਣੀ, ਖੇਤੀ ਨੇ ਨਿਗਲ ਲਿਆ। ਪੰਜਾਬ ਦਾ ਕਿਸਾਨ, ਖੁਦਕੁਸ਼ੀਆਂ ਦੀ ਲਪੇਟ 'ਚ ਆ ਗਿਆ। ਨੌਜਵਾਨ, ਨਸ਼ੇ, ਤਸਕਰਾਂ ਦੀ ਖੁਰਾਕ ਬਣਿਆ ਜਾਂ ਗੈਂਗਸਟਰਾਂ ਦੀ। ਤੇ ਰਹਿੰਦਾ-ਖੂੰਹਦਾ ਧੱਕੇ ਖਾਣ ਲਈ ਵਿਦੇਸ਼ ਤੁਰ ਗਿਆ। ਪੰਜਾਬ ਦਾ ਪਾਣੀ ਖੇਤੀ ਨੇ ਛਾਂਗ ਦਿੱਤਾ, ਨੌਜਵਾਨ ਵਿਦੇਸ਼ਾਂ ਨੇ, ਆਮ ਲੋਕਾਂ ਮਹਿੰਗਾਈ ਨੇ। ਬਿਲਕੁਲ ਉਵੇਂ ਹੀ ਜਿਵੇਂ ਕੇਂਦਰੀ ਨੇਤਾਵਾਂ ਪੰਜਾਬ ਛਾਂਗਕੇ ਹਰਿਆਣਾ, ਹਿਮਾਚਲ ਇਹਦੀ ਕੁਖੋਂ ਕੱਢ ਮਾਰੇ। ਪੰਜਾਬੀ ਬੋਲਦੇ ਇਲਾਕੇ ਸਮੇਤ ਚੰਡੀਗੜ੍ਹ ਹਥਿਆ ਲਏ। ਹਰਿਆ ਭਰਿਆ ਪੰਜਾਬ ਦਾ ਰੁੱਖ ਟੁੰਡ-ਮਰੁੰਡ ਕਰ ਸੁਟਿਆ।
ਇਹ ਟੁੰਡ-ਮਰੁੰਡ ਦਾ ਕਮਾਲ ਭਾਈ ਨੇਤਾਵਾਂ ਦਾ ਆ, ਜਿਹੜੇ ਵਸਦੇ ਘਰਾਂ 'ਚ ਉਲੂ ਬੋਲਦੇ ਦੇਖਣਾ ਚਾਹੁੰਦੇ ਨੇ ਜਾਂ ਚਾਹੁੰਦੇ ਨੇ ਜੀ ਹਜ਼ੂਰੀਆਂ ਦਾ ਵਾਸਾ। ਤਦੇ ਤਾਂ ਨੇਤਾਵਾਂ ਪਿੰਡ, ਸ਼ਹਿਰ ਛਾਂਗੇ ਚੌਧਰਾਂ ਕੀਤੀਆਂ। ਸੂਬਾ ਛਾਂਗਿਆਂ, ਤੇ ਨਾਲ ਹੀ ਛਾਂਗੇ ਖੁਸ਼ਹਾਲੀ 'ਚ ਵਸਦੇ ਵਸਨੀਕ! ਤਦੇ ਤਾਂ ਕਵੀ ਲਿਖਦਾ, "ਛਾਂਗ ਦਿੱਤਾ ਏ ਰੁੱਖ, ਪੰਜਾਬ ਵਾਲਾ, ਕੰਮ ਨੇਤਾਵਾਂ ਨੇ ਐਸਾ ਕਮਾਲ ਕੀਤਾ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਗਲੋਬਲ ਪੀਸ ਇੰਡੈਕਸ 2017 ਅਨੁਸਾਰ ਦੁਨੀਆਂ ਦੇ ਸ਼ਾਂਤ ਦੇਸ਼ਾਂ ਵਿੱਚ ਭਾਰਤ ਦਾ ਸਥਾਨ 137 ਵਾਂ ਹੈ। ਪਿਛਲੇ ਸਾਲ 163 ਦੇਸ਼ਾਂ ਵਿੱਚ ਭਾਰਤ ਦਾ ਸਥਾਨ 141 ਵਾਂ ਸੀ, ਜੋ ਇਸ ਵੇਰ 137 ਵਾਂ ਹੋ ਗਿਆ ਹੈ। ਦੁਨੀਆਂ ਵਿੱਚ ਸਭ ਤੋਂ ਵੱਧ ਮੌਤਾਂ ਸੀਰੀਆ ਵਿੱਚ ਹੋਈਆਂ।
ਇੱਕ ਵਿਚਾਰ
ਛੋਟੀਆਂ ਚੀਜਾਂ ਪ੍ਰਤੀ ਹਮੇਸ਼ਾ ਵਫਾਦਾਰ ਰਹੋ, ਕਿਉਂਕਿ ਇਹਨਾਂ ਵਿੱਚ ਹੀ ਤੁਹਾਡੀ ਤਾਕਤ ਛੁਪੀ ਹੁੰਦੀ ਹੈ।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.