ਬੇੜੀ ਜ਼ਿੰਦਗੀ ਦੀ ਫਿਰ ਨਾ ਪਾਰ ਹੋਈ
ਖ਼ਬਰ ਹੈ ਕਿ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਕਾਂਗਰਸ ਨੇ ਜਿੱਤ ਲਈ ਹੈ। ਕਾਂਗਰਸ ਪਾਰਟੀ ਉਮੀਦਵਾਰ ਹਰਦੇਵ ਸਿੰਘ ਸ਼ੇਰੋਵਾਲੀਆ ਨੂੰ 82747 ਵੋਟਾਂ, ਅਕਾਲੀ ਉਮੀਦਵਾਰ ਨੈਬ ਸਿੰਘ ਕੋਹੜ ਨੂੰ 43945 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਨੂੰ ਸਿਰਫ 1900 ਵੋਟਾਂ ਮਿਲੀਆਂ। ਇਧਰ ਅਕਾਲੀ ਦਲ ਦਾ ਕਿਲਾ, ਕਾਂਗਰਸੀਆਂ ਫਤਿਹ ਕੀਤਾ, ਉਧਰ ਦੇਸ਼ ਭਰ ਦੀਆਂ ਜ਼ਿਮਨੀ ਚੋਣਾਂ 'ਚ ਭਾਜਪਾ ਚਾਰੋ ਖਾਨੇ ਚਿੱਤ ਹੋ ਗਈ। ਲੋਕ ਸਭਾ ਦੀਆਂ ਚਾਰ ਸੀਟਾਂ ਵਿਚੋਂ ਇੱਕ ਅਤੇ ਵਿਧਾਨ ਸਭਾ ਦੀਆਂ 10 ਸੀਟਾਂ ਵਿਚੋਂ ਵੀ ਉਸਨੂੰ ਉਤਰਾਖੰਡ 'ਚ ਇੱਕ ਸੀਟ ਹੀ ਮਿਲੀ।
ਕਮਾਲ ਆਮ, ਛੋਟਾ ਬਾਦਲ ਸ਼ਾਹਕੋਟ 'ਚ ਜਿੱਤ ਦਾ ਰੱਥ ਲੈ ਕੇ ਘੁੰਮਦਾ ਰਿਹਾ। ਕਮਾਲ ਆ, ਬਾਦਲ ਏ.ਸੀ. ਗੱਡੀਆਂ ਛੱਡ ਟਰੈਕਟਰ ਉਤੇ ਬੈਠ ਆਪਣੇ ਹੱਥੀਂ ਸਟੇਰਿੰਗ ਘੁੰਮਾਉਂਦਾ ਰਿਹਾ। ਪਰ ਉਹਦਾ ਟਰੈਕਟਰ ਰੇਤ ਦੇ ਖੱਡਿਆਂ 'ਚ ਧੱਸਦਾ, ਧੁੱਕ-ਧੁੱਕ ਕਰਕੇ ਬੰਦ ਹੀ ਹੋ ਗਿਆ। ਬਥੇਰਾ ਜ਼ੋਰ ਲਾਇਆ ਉਸ ਗੱਡੀ ਕਿਸੇ ਤਣ-ਪੱਤਣ ਲੱਗ ਜਾਏ। "ਆਪ" ਵਾਲੇ ਪੁੱਟੇ, ਲੋਕਾਂ ਅੱਗੇ ਹਾੜੇ ਪਾਏ। ਵਿਰੋਧੀਆਂ ਦੇ ਧੁਰੰਤਰ ਆਪਣੇ 'ਪਾਲੇ' ਕੀਤੇ। ਜਿਵੇਂ ਕਹਿੰਦੇ ਆ "ਆਪ ਤਾਂ ਡੁੱਬਿਉਂ ਜਜ਼ਮਾਨ" ਵੀ ਡੋਬੇ ਵਾਲੀ ਗੱਲ ਹੋ ਗਈ। ਉਧਰ ਮੋਦੀ ਦਾ ਜੋਗੀ ਹਾਰਿਆ, ਇਧਰ ਬਾਬੇ ਬਾਦਲ ਦਾ "ਛੋਟਾ" ਚਾਰੋਂ ਖਾਨੇ ਚਿੱਤ ਹੋ ਗਿਆ।
ਵਾਹਵਾ ਵਾਹ ਲਾਈ ਮੁੜ ਜੀਣ ਦੀ। ਵਾਹਵਾ ਵਾਹ ਲਾਈ ਮੁੜ ਉਠਣ ਦੀ। ਵਾਹਵਾ ਵਾਹ ਲਾਈ ਲੱਗੀ ਹੋਈ ਪਿੱਠ ਨੂੰ ਮੁੜ ਧੋਣ ਦੀ। ਪਰ "ਦਿਨ ਰਾਤ ਕਮਾਈਆਂ ਕਰ ਥੱਕੇ, ਬੇੜੀ ਜ਼ਿੰਦਗੀ ਦੀ ਫਿਰ ਵੀ ਨਾ ਪਾਰ ਹੋਈ"। ਭਾਈ ਇਹਨੂੰ ਕਹਿੰਦੇ ਆ ਜਨਤਾ-ਜਨਾਧਨ ਦਾ ਮੂਡ। ਹੈ ਕਿ ਨਾ ?
ਮੇਰੇ ਗਲ ਕੁਰਸੀ ਕੰਡਿਆਂ ਦਾ ਹਾਰ ਹੋਇਆ
ਖ਼ਬਰ ਹੈ ਕਿ ਪੈਟਰੋਲ ਡੀਜ਼ਲ ਦੇ ਮੁੱਲ ਉਤੇ ਭਾਰਤ ਦੇ ਲੋਕ ਠੱਗੇ ਜਾ ਰਹੇ ਹਨ। ਤੇਲ ਕੰਪਨੀਆਂ ਨੇ ਪਹਿਲਾਂ ਪੈਟਰੋਲ 60 ਪੈਸੇ ਸਸਤਾ ਕਰਨ ਦਾ ਐਲਾਨ ਕੀਤਾ ਸੀ। ਫਿਰ ਭੁੱਲ ਦੀ ਸੁਧਾਰ ਕਰਦੇ ਹੋਏ ਸਿਰਫ ਇੱਕ ਪੈਸੇ ਦੀ ਮੁੱਲ ਵਿੱਚ ਕਮੀ ਕੀਤੀ। 14 ਤੋਂ 29 ਮਈ ਤੱਕ ਪੈਟਰੋਲ 3 ਰੁਪਏ 80 ਪੈਸੇ ਅਤੇ ਡੀਜ਼ਲ 3 ਰੁਪਏ 48 ਪੈਸੇ ਮਹਿੰਗਾ ਹੋਇਆ। ਇਸ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜੇਕਰ ਤੇਲ ਦੀ ਕੀਮਤ ਇੱਕ ਪੈਸਾ ਘੱਟ ਕਰਨ ਦੀ ਗੱਲ ਕੀਤੀ ਹੈ ਤਾਂ ਇਹ ਬਚਪਨਾ ਹੈ।
ਮੋਦੀ ਜੀ ਵਿਦੇਸ਼ ਫੇਰੀ ਉਤੇ ਹਨ। ਪਹਿਲਾਂ ਮੋਦੀ ਜੀ 'ਕਰ-ਨਾਟਕ' ਵਿੱਚ ਰੁਝੇ ਸਨ। ਦੇਸ਼ ਦੀ ਵਾਂਗਡੋਰ ਉਹਨਾ ਕਾਰਪੋਰੇਟੀਆਂ ਹੱਥ ਫੜਾਈ ਹੋਈ ਹੈ, ਉਹ ਉਨੀ ਕਰਨ, ਇੱਕੀ ਕਰਨ, ਬੱਸ ਦੇਸ਼ ਚਲਦਾ ਰੱਖਣਾ ਹੈ। ਉਹਨਾ ਨੂੰ ਰਾਹੁਲ ਦਾ ਟਵੀਟ ਦੇਖਣ ਦਾ ਸਮਾਂ ਕਿਥੇ? ਵੇਖੋ ਨਾ ਦੇਸ਼ ਦੀ ਰਫਤਾਰ ਕਿੰਨੀ ਟੇਡੀ ਹੋ ਗਈ ਹੈ। ਮੋਦੀ ਜੀ ਨੇ ਦੋ ਕਰੋੜ ਨੌਕਰੀਆਂ ਨੌਜਵਾਨਾਂ ਨੂੰ ਬਖਸ਼ਣੀਆਂ ਸਨ। ਫਿਰ 15 ਲੱਖ ਰੁਪਈਆ, ਟਕਾ ਹਰ ਨਿਆਣੇ-ਸਿਆਣੇ ਦੇ ਖਾਤੇ ਪਾਉਣਾ ਸੀ। ਇਹੋ ਪ੍ਰਬੰਧ ਕਰਦਿਆਂ ਮੋਦੀ ਜੀ ਦੇ ਵਾਲ 'ਚਿੱਟੇ' ਹੋ ਗਏ। ਇਥੋਂ ਤੱਕ ਕਿ ਉਹ ਇੰਨੇ ਭੁਲੱਕੜ ਹੋ ਗਏ ਕਿ ਦੇਸ਼ ਭਰ ਵਿੱਚ ਸਰਕਾਰੀ ਮਹਿਕਮਿਆਂ 'ਚ ਖਾਲੀ ਪਈਆਂ 20 ਲੱਖ ਅਸਾਮੀਆਂ ਭਰਨ ਦਾ ਵੀ ਉਹਨਾ ਨੂੰ ਚਿੱਤ-ਚੇਤਾ ਨਹੀਂ ਰਿਹਾ। ਜਾਪਦੈ ਮੋਦੀ ਜੀ ਵਿਦੇਸ਼ ਜਾਂਦੇ ਨੇ, ਵਿਦੇਸ਼ੀਆਂ ਨਾਲ ਹੱਥ ਮਿਲਾਉਂਦੇ ਨੇ, ਦੇਸ਼ ਦੇ ਤੇਲ-ਪਾਣੀ ਦਾ ਹਾਲ ਭੁੱਲ ਜਾਂਦੇ ਨੇ ਤੇ ਵਿਦੇਸ਼ੀਆਂ ਕੰਪਨੀਆਂ, ਵਿਦੇਸ਼ ਸਰਕਾਰਾਂ ਨਾਲ ਅਹਿਦਨਾਮਿਆਂ ਨਾਲ ਦਸਤਖਤ ਕਰੀ ਤੁਰੇ ਜਾਂਦੇ ਨੇ। ਇਹ ਅਹਿਦਨਾਮੇ ਭਾਵੇਂ ਦੇਸ਼ ਨੂੰ ਗਿਰਵੀ ਕਰਨ ਵਾਲੇ ਵੀ ਕਿਉਂ ਨਾ ਹੋਣ? ਉਂਜ ਭਾਈ ਛੜਾ-ਛਟਾਂਕ ਮੋਦੀ ਕਦੇ ਵਿਹਲਾ ਬਹਿਕੇ ਸੋਚਦਾ ਤਾਂ ਹੋਊ, ਕਿ ਚੰਗਾ ਭਲਾ ਸੀ ਉਦੋਂ ਜਦੋਂ ਚਾਹ ਵੇਚਦਾ ਸਾਂ। ਚੰਗਾ ਭਲਾ ਸਾਂ ਉਦੋਂ ਜਦੋਂ "ਸ਼ਾਖਾ" ਲਾਉਂਦਾ ਸਾਂ। ਚੰਗਾ ਭਲਾ ਸਾਂ ਉਦੋਂ ਜਦੋਂ ਕੁਰਸੀ ਕੋਲ ਕੋਈ ਨਹੀਂ ਸੀ। ਹੁਣ ਤਾਂ ਮੋਦੀ ਇਹਨਾਂ ਪੰਗਿਆ 'ਚ ਪਿਆ ਇਹੋ ਸੋਚਦਾ, "ਮੇਰੇ ਗਲ ਕੁਰਸੀ ਕੰਡਿਆਂ ਦਾ ਹਾਰ ਹੋਇਆ"।
ਤਿੰਨ ਜੀਅ ਤੇ ਘਰ 'ਚ ਤੀਹ ਘੜੀਆਂ
ਘੜੀ ਸਾਜ਼ ਦੀ ਜਿਵੇਂ ਦੁਕਾਨ ਹੋਵੇ
ਖ਼ਬਰ ਹੈ ਕਿ ਪੰਜਾਬ ਗਿਰਵੀ ਹੈ। ਸੂਬੇ ਦੇ 41 ਲੱਖ ਹੈਕਟੇਅਰ ਖੇਤੀ ਵਾਲੀ ਜ਼ਮੀਨ ਵਿਚੋਂ 34.63 ਲੱਖ ਹੈਕਟੇਅਰ ਜ਼ਮੀਨ ਉਤੇ ਕਰਜ਼ਾ ਹੈ। ਸੂਬੇ ਦੇ 3.5 ਲੱਖ ਟਰੈਕਟਰ ਸਮੇਤ ਦੂਜੀ ਖੇਤੀ ਮਸ਼ੀਨਰੀ 37000ਕਰੋੜ ਰੁਪਏ ਤੇ ਬੈਂਕਾਂ ਕੋਲ ਮਾਰਟਗੇਜ ਹੈ। ਪੰਜਾਬ ਉਤੇ ਕੁਲ ਮਿਲਾਕੇ 1,95,978 ਕਰੋੜ ਦੀ ਦੇਣਦਾਰੀ ਹੈ ਹਰ ਪੰਜਾਬੀ ਉਤੇ ਔਸਤਨ 30583 ਰੁਪਏ ਦਾ ਕਰਜ਼ਾ ਹੈ। ਪਿੰਡਾਂ ਦੇ ਪਿੰਡ ਕਰਜ਼ੇ ਨਾਲ ਡੁਬੇ ਪਏ ਹਨ। ਪਿਛਲੇ ਪੰਜ ਸਾਲਾਂ 'ਚ 4400 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਸੂਬੇ ਦੇ 3.6 ਲੱਖ ਕਿਸਾਨਾਂ ਸਿਰ ਔਸਤਨ 20 ਲੱਖ ਤੋਂ ਵੱਧ ਦਾ ਕਰਜ਼ਾ ਖੜਾ ਟੀ.ਵੀ. ਹਨ, ਪਰ ਇਹ ਸਾਰੇ ਕਿਸਾਨਾਂ ਦੇ ਨਹੀਂ, ਬੈਂਕਾਂ ਦੇ ਹਨ।
ਮੋਟਰ ਸਾਈਕਲ, ਮੋਬਾਇਲ ਮੁੰਡੇ ਨੂੰ ਚਾਹੀਦਾ ਆ। ਮੁੰਡਿਆਂ ਕੰਮ ਤਾਂ ਕਰਨਾ, ਜੇਕਰ ਹੇਠਾਂ ਟਰੈਕਟਰ ਹੋਊ, ਮਸ਼ੀਨਰੀ ਹੋਊ। ਕੰਮ ਤਾਂ ਕਰਨਾ ਜੇਕਰ ਘਰ 'ਚ ਏ ਸੀ, ਫਰਿੱਜ, ਮੋਬਾਇਲ ਹੋਊ! ਨਹੀਂ ਤਾਂ ਮੁੰਡਾ ਆਂਹਦਾ ਆ, "ਬਾਪੂ ਇਥੇ ਨਹੀਂ ਰਹਿਣਾ, ਭੇਜ ਦੇ ਵਿਦੇਸ਼"। ਕਰਦਾ ਕੀ ਨਹੀਂ ਕਰਦਾ ਬਾਪੂ? ਬੈਂਕਾਂ ਵਾਲਿਆਂ ਕੋਲ ਜ਼ਮੀਂਨ ਗਿਰਵੀ ਰੱਖਦਾ, ਲਿਮਟਾਂ ਤਿਆਰ ਕਰਦਾ। ਘਰ-ਬਾਰ ਬੈਂਕਾਂ ਦਾ ਤੇ ਟੋਹਰ ਮੁੰਡੇ ਦੀ। ਇਹੋ ਹਾਲ ਭਾਈ ਹੁਣ ਜੁਆਕੜੀਆਂ ਦਾ, ਜਿਹੜੀਆਂ ਆਹਦੀਆਂ ਆਂ, "ਬਾਪੂ ਆਇਲਿਟਸ ਕਰਾਂਗੇ, ਵੀਹ ਲੱਖ ਤਿਆਰ ਕਰ, ਵਿਦੇਸ਼ ਭੇਜ, ਇਹ ਕੋਈ ਰਹਿਣ ਵਾਲੀ ਥਾਂ ਆਂ"। ਘਰ ਦੇ ਤਿੰਨ ਜੀਆ ਆ, ਘਰ ਸ਼ਿੰਗਾਰਿਆ ਪਿਆ। ਘਰ ਦੇ ਤਿੰਨ ਜੀਅ ਆ, ਆਪੋ ਆਪਣੇ ਘੁਰਨੇ ਆ। ਘਰ ਨਹੀਂ ਮਕਾਨ ਆ। ਅਤੇ ਇਹ ਮਕਾਨ ਭਾਈ ਹੁਣ ਕਵੀ ਦੇ ਕਹਿਣ ਵਾਂਗਰਸ ਇੰਜ ਲਗਦੈ, "ਤਿੰਨ ਜੀਅ ਤੇ ਘਰ ਵਿੱਚ ਤੀਹ ਘੜੀਆਂ, ਘੜੀ ਸਾਜ਼ ਦੀ ਜਿਵੇਂ ਦੁਕਾਨ ਹੋਵੇ"। ਉਹ ਵੀ ਬੈਂਕ ਕੋਲ ਗਿਰਵੀ ਰੱਖੀ ਹੋਈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2020 ਤੱਕ ਭਾਰਤ ਵਿੱਚ 9,19,13,300 ਲੋਕ ਸਿਗਰਟਨੋਸ਼ੀ ਕਰਨ ਵਾਲੇ ਹੋਣਗੇ। ਇਹ ਸੰਖਿਆ ਅੱਜ ਦੇ ਸਿਗਰਟ ਪੀਣ ਵਾਲਿਆਂ ਨਾਲੋਂ ਘੱਟ ਹੋਏਗੀ। ਇਹ ਰਿਪੋਰਟ ਵਿਸ਼ਵ ਸਿਹਤ ਸੰਸਥਾ ਨੇ ਛਾਪੀ ਹੈ।
ਇੱਕ ਵਿਚਾਰ
ਲੋਕਤੰਤਰ, ਚੰਗਾ ਰਾਜ ਪ੍ਰਬੰਧ ਅਤੇ ਆਧੁਨਿਕਤਾ ਨੂੰ ਕਿਧਰੇ ਬਾਹਰੋਂ ਨਹੀਂ ਲਿਆਂਦਾ ਜਾ ਸਕਦਾ ਅਤੇ ਨਾ ਹੀ ਇਹਨਾ ਨੂੰ ਕਿਸੇ ਦੇਸ਼ ਉਤੇ ਥੋਪਿਆ ਜਾ ਸਕਦਾ ਹੈ। ..................ਏਮਿਲੀ ਲਾਹੂਡ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.