ਕਰਤਾਰ ਸਿੰਘ ਸਰਾਭਾ ਇੱਕ ਉਸ ਨੌਜਵਾਨ ਸੋਚ ਦਾ ਨਾਂਅ ਹੈ ਜਿਸਨੇ ਮਹਿਜ਼ 19 ਸਾਲ ਦੀ ਉਮਰੇ ਦੇਸ਼ ਦੀ ਅਜ਼ਾਦੀ ਲਈ ਹੱਸਦਿਆਂ ਹੱਸਦਿਆਂ ਫੰਦੇ ਨੂੰ ਚੁੰਮਿਆ। ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਦੇ ਘਰ ਬੀਬੀ ਸਾਹਿਬ ਕੌਰ ਦੀ ਕੁੱਖੋਂ ਹੋਇਆ। ਦਾਦਾ ਬਚਨ ਸਿੰਘ ਦੇ ਹੱਥੀਂ ਪਲਿਆ ਸਰਾਭਾ ਇੱਕ ਦਿਨ ਦੇਸ਼ ਦੀ ਅਜ਼ਾਦੀ ਲਈ ਲੜਾਈ ਲੜੇਗਾ, ਇਹ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ। ਸਰਾਭਾ ਦੀ ਹੁਸ਼ਿਆਰੀ ਵੇਖ ਉਹਨਾਂ ਦੇ ਦਾਦਾ ਜੀ ਨੇ ਸਰਾਭਾ ਨੂੰ ਅਮਰੀਕਾ ਪੜ੍ਹਾਈ ਲਈ ਭੇਜ ਦਿੱਤਾ ਜਿੱਥੇ ਸਰਾਭੇ ਦੇ ਮਨ ਵਿਚ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਚੇਟਕ ਲੱਗੀ ਅਤੇ ਪ੍ਰਸਿੱਧ ਦੇਸ਼ ਭਗਤ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਦੀ ਅਗਵਾਈ ਵਿਚ ਬਣੀ ਪਾਰਟੀ 'ਗਦਰ ਪਾਰਟੀ' ਦਾ ਹਿੱਸਾ ਬਣ ਗਿਆ।
ਸਰਾਭੇ ਦੀ ਦਿਲਚਸਪੀ ਅਤੇ ਦੇਸ਼ ਪ੍ਰਤੀ ਪਿਆਰ ਵੇਖ ਉਸਨੂੰ ਕੈਲੀਫੋਰਨੀਆ 'ਚ ਪ੍ਰਬੰਧਕ ਕਮੇਟੀ ਦਾ ਮੈਂਬਰ ਚੁਣਿਆ ਗਿਆ। ਜਿਵੇਂ ਹੀ ਪਹਿਲੀ ਵਿਸ਼ਵ ਜੰਗ ਸ਼ੁਰੂ ਹੋਈ ਤਾਂ ਗਦਰ ਪਾਰਟੀ ਦੇ ਮੈਂਬਰਾਂ ਨੂੰ ਅੰਗ੍ਰੇਜ਼ਾਂ ਖਿਲਾਫ ਭਾਰਤ ਆ ਕੇ ਹਥਿਆਰਬੰਦ ਵਿਦਰੋਹ ਕਰਨ ਲਈ ਕਿਹਾ ਗਿਆ। ਕਰਤਾਰ ਸਿੰਘ ਸਰਾਭਾ ਨੇ 1914 'ਚ ਅਮਰੀਕਾ ਤੋਂ ਚਾਲੇ ਪਾਏ ਅਤੇ ਹਥਿਆਰ ਇਕੱਠੇ ਕਰਨ ਸਬੰਧੀ ਕ੍ਰਾਂਤੀਕਾਰੀਆਂ ਨਾਲ ਸਬੰਧ ਕਾਇਮ ਕੀਤੇ। ਇਸੇ ਦੌਰਾਨ ਅੰਗ੍ਰੇਜ਼ ਹਕੂਮਤ ਦੇ ਕਈ ਵਫ਼ਾਦਾਰ ਇਸ ਪਾਰਟੀ ਦਾ ਹਿੱਸਾ ਬਣੇ ਤੇ ਜਿੰਨ੍ਹਾਂ ਨੇ ਇੱਕ-ਇੱਕ ਰਿਪੋਰਟ ਅੰਗ੍ਰੇਜ਼ਾਂ ਤੱਕ ਪਹੁੰਚਾਉਣੀ ਸ਼ੁਰੂ ਕਰ ਦਿੱਤੀ। ਅਖ਼ੀਰ ਸਰਕਾਰ ਨੇ ਬਹੁਤ ਸਾਰੇ ਭਾਰਤੀ ਕ੍ਰਾਂਤੀਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 1915 'ਚ ਸਾਢੇ ਉੰਨੀ ਸਾਲ ਦੇ ਨੌਜਵਾਨ ਕਰਤਾਰ ਸਿੰਘ ਸਰਾਭਾ ਨੂੰ ਉਸਦੇ ਸਾਥੀਆਂ ਸਮੇਤ ਲਾਹੌਰ ਦੀ ਸੈਂਟਰਲ ਜੇਲ੍ਹ 'ਚ ਫਾਂਸੀ ਦੇ ਦਿੱਤੀ ਗਈ। ਸਰਦਾਰ ਕਰਤਾਰ ਸਿੰਘ ਸਰਾਭਾ ਨੂੰ ਆਪਣੇ ਛੋਟੇ ਜਿਹੇ ਜੀਵਨ 'ਚ ਸ਼ੇਰਦਿਲ ਕੰਮਾਂ ਦੇ ਕਾਰਨ 'ਗਦਰ ਪਾਰਟੀ' ਦੇ ਲੋਕ ਨਾਇਕ ਵਜੋਂ ਜਾਣਿਆ ਜਾਂਦਾ ਹੈ। ਸ਼ਹੀਦ ਭਗਤ ਸਿੰਘ ਸ. ਸਰਾਭਾ ਦੇ ਜੀਵਨ ਤੋਂ ਕਾਫੀ ਪ੍ਰਭਾਵਿਤ ਸਨ ਤੇ ਉਹਨਾਂ ਨੂੰ ਮਾਰਗ ਦਰਸ਼ਕ ਮੰਨ ਕੇ ਦੇਸ਼ ਦੀ ਅਜ਼ਾਦੀ ਲਈ ਜੰਗ ਜਾਰੀ ਰੱਖੀ।
-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.