ਪੰਜਾਬ ਅੰਦਰ ਨਵੇਂ ਸਕੂਲ ਸਿੱਖਿਆ ਮੰਤਰੀ ਤੋਂ ਵੱਡੀਆਂ ਆਸਾਂ ਉਮੀਦਾਂ
ਦਰਬਾਰਾ ਸਿੰਘ ਕਾਹਲੋਂ
10 12 ਸਾਲਾ ਅਤਿਵਾਦੀ ਤ੍ਰਾਸਦੀ ਨੇ ਪੰਜਾਬ ਦੇ ਸਿੱਖਿਆ ਸਿਸਟਮ ਅਤੇ ਮੁਢਲੇ ਢਾਂਚੇ ਨੂੰ ਇਸ ਕਦਰ ਤਬਾਹ ਅਤੇ ਬਰਬਾਦ ਕਰਕੇ ਰਖ ਦਿਤਾ ਕਿ ਉਸ ਤੋਂ ਬਾਅਦ ਕੋਈ ਵੀ ਪੰਜਾਬ ਸਰਕਾਰ ਜਾਂ ਸਿੱਖਿਆ ਮੰਤਰੀ ਇਸ ਨੂੰ ਮੁੜ ਪੈਰ੍ਹੀਂ ਨਹੀਂ ਲਿਆ ਸਕਿਆ। ਪੰਜਾਬ ਦੀ ਲਗਾਤਾਰ ਚਲ ਰਹੀ ਆਰਥਿਕ ਮੰਦਹਾਲੀ ਨੇ ਇਸ ਖੇਤਰ ਨੂੰ ਲਗਾਤਾਰ ਪਤਨ ਵੱਲ ਧਕੇਲਿਆ।
ਪੰਜਾਬ ਦੇ ਸਿਖਿਆ ਖੇਤਰ ਦਾ ਦੁਖਾਂਤ ਇਹ ਵੀ ਹੈ ਕਿ ਅਜੇ ਤੱਕ ਕੋਈ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਇਹ ਸਮਝ ਹੀ ਨਹੀਂ ਸਕਿਆ ਕਿ ਗੁਣਾਤਮਿਕ ਸਿੱਖਿਆ ਬਗੈਰ ਕੋਈ ਵੀ ਵਿਅਕਤੀ, ਪਰਿਵਾਰ, ਸਮਾਜ, ਰਾਜ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਗੁਣਾਤਮਿਕ ਸਿੱਖਿਆ ਲਈ ਵਧੀਆ ਸਕੂਲ, ਕਾਲਜ, ਯੂਨੀਵਰਸਿਟੀਆਂ, ਤਕਨੀਕੀ, ਸਾਇੰਸੀ, ਕਿੱਤਾਕਾਰੀ ਸੰਸਥਾਵਾਂ ਲੋੜੀਂਦੀਆਂ ਹਨ। ਵਧੀਆ ਮੂਲ ਅਤੇ ਮੁਢਲਾ ਢਾਂਚਾ ਚਾਹੀਦਾ ਹੈ।ਵਧੀਆ ਅਧਿਆਪਕ ਚਾਹੀਦੇ ਹਨ। ਵਧੀਆ ਪ੍ਰਬੰਧਕ ਚਾਹੀਦੇ ਹਨ। ਜੇ ਇਨ੍ਹਾਂ ਵਿਚ ਵਧੀਆ ਇਮਾਰਤਾਂ, ਬਿਜਲੀ, ਪਾਣੀ, ਸਿੱਖਿਆ ਟੂਲਜ਼ ਚਾਹੀਦੇ ਹਨ। ਇੱਕ ਵੀ ਵਿਸ਼ੇ ਦੇ ਅਧਿਆਪਕ ਦੀ ਕਮੀ, ਵਧੀਆ ਪ੍ਰਬੰਧਕਾਂ ਜਾਂ ਮੁਲਾਅੰਕਣ ਸਟਾਫ਼ ਦੀ ਕਮੀ ਹੋਵੇਗੀ ਤਾਂ ਸਮੁੱਚਾ ਸਿੱਖਿਆ ਸਿਸਟਮ ਗੜਬੜਾ ਜਾਵੇਗਾ। ਇਨ੍ਹਾਂ ਸਮੱਸਿਆਵਾਂ ਨਾਲ ਅੱਜ ਪੰਜਾਬ ਦਾ ਸਕੂਲ ਸਿਸਟਮ ਜੂਝ ਰਿਹਾ ਹੈ।
ਅੱਤਵਾਦ ਦੇ ਕਾਲੇ ਦੌਰ ਦੇ ਵੱਡੇ ਸ਼ਿਕਾਰ ਪੰਜਾਬ ਦੇ ਸਾਂਝੇ ਇਲਾਕੇ ਨਾਲ ਸਬੰਧਿਤ ਥੋੜ੍ਹਾ ਸਮਾਂ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵਿਚ ਬਣੇ ਸਿੱਖਿਆ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਜਿਸ ਦਾ ਪਿਛੋਕੜ ਅਧਿਆਪਕ ਕਿੱਤੇ ਨਾਲ ਸਬੰਧਿਤ ਸੀ, ਬਹੁਤ ਚੰਗੀ ਤਰ੍ਹਾਂ ਪੰਜਾਬ ਦੇ ਸਿੱਖਿਆ ਖੇਤਰ ਨੂੰ ਅਤਿਵਾਦੀ ਤ੍ਰਾਸਦੀ ਦੀ ਮਾਰ ਬਾਰੇ ਜਾਣਦੇ ਸਨ। ਉਨ੍ਹਾਂ ਪੰਜਾਬ ਨੂੰ ਨਵੀਂ ਸਿੱਖਿਆ ਨੀਤੀ ਦੇਣ ਲਈ ਪ੍ਰਬੁੱਧ ਵਿਦਿਆਧਰਾਂ ਦੀ ਤਾਕਤਵਰ ਟੀਮ ਨੂੰ ਗਠਤ ਕੀਤਾ, ਸਕੂਲ ਸਿਸਟਮ ਦੇ ਮੁਢਲੇ ਢਾਂਚੇ ਦੀ ਉਸਾਰੀ ਲਈ ਇਸ ਨਾਲ ਪੰਜਾਬੀ ਸਮਾਜ, ਪ੍ਰਵਾਸੀ ਪੰਜਾਬੀਆਂ ਨੂੰ ਜੋੜਨ ਦੀ ਮੁਹਿੰਮ ਚਲਾਈ, 'ਗਰੀਨ ਸਕੂਲ' ਮੁਹਿੰਮ ਚਲਾਈ, ਰਾਜ ਅੰਦਰ ਸਕੂਲ ਅਧਿਆਪਕਾਂ ਸਬੰਧੀ ਟ੍ਰੇਨਿੰਗ ਸੈਂਟਰਾਂ, ਵਧੀਆ ਪਾਠਕਰਮ, ਸਿੱਖਿਆ ਸਮੱਗਰੀ ਅਤੇ ਟੂਲਜ਼ ਮੁਹੱਈਆ ਕਰਾਉਣ ਲਈ ਡਾਈਟਾਂ, ਇਨਸਰਵਿਸ ਟ੍ਰੇਨਿੰਗ ਸੈਂਟਰਾਂ ਨੂੰ ਮੁੜ ਤੋਂ ਸਮਰੱਥ ਬਣਾਉਣ ਅਤੇ ਪ੍ਰਾਈਵੇਟ ਸਕੂਲਾਂ ਦੇ ਸਿਸਟਮ ਨੂੰ ਰੈਗੂਲੇਟ ਕਰਨ ਲਈ ਵੱਡੇ ਉਪਰਾਲੇ ਵਿੱਢੇ। ਪਰ ਪੰਜਾਬ ਸਰਕਾਰ, ਮੁੱਖ ਮੰਤਰੀ ਵੱਲੋਂ ਪੂਰਾ ਸਾਥ ਵਿੱਤੀ ਸਮੱਸਿਆਵਾਂ ਕਰਕੇ ਨਾ ਦੇਣ, ਨਵੀਂ ਸਿੱਖਿਆ ਨੀਤੀ ਦੀ ਅੰਤਿਮ ਰਿਪੋਰਟ ਨੂੰ ਸਵੀਕਾਰ ਕਰਨ ਤੋਂ ਭੱਜ ਜਾਣ, ਉਨ੍ਹਾਂ ਦੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਜਾਣ ਕਰਕੇ ਉਨ੍ਹਾਂ ਵੱਲੋਂ ਵਿੱਢੇ ਸਿੱਖਿਆ ਸੁਧਾਰਾਂ ਦੇ ਸਾਰੇ ਪ੍ਰੋਜੈਕਟ ਠੱਪ ਹੋ ਕੇ ਰਹਿ ਗਏ। ਉਨ੍ਹਾਂ ਤੋਂ ਬਾਅਦ ਅਕਾਲੀ ਭਾਜਪਾ ਗਠਜੋੜ ਦੀ ਮੁੜ ਬਣੀ ਸਰਕਾਰ ਅਤੇ ਉਸ ਦੇ ਸਿੱਖਿਆ ਮੰਤਰੀਆਂ ਨੇ ਉਨ੍ਹਾਂ ਵੱਲੋਂ ਵਿੱਢੇ ਸੁਧਾਰਾਂ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ। ਬਸ! ਕੰਮ ਚਲਾਊ ਨੀਤੀ ਅਪਣਾਈ।
ਇਹੀ ਹਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਦਾ ਪਿਛਲੇ 13 14 ਮਹੀਨੇ ਤੋਂ ਵੇਖਣ ਨੂੰ ਮਿਲਿਆ ਹੈ। ਪੰਜਾਬ ਦੇ ਲੋਕ, ਪ੍ਰਬੁੱਧ ਸਿੱਖਿਆ ਸਾਸ਼ਤਰੀ ਅਤੇ ਸਿੱਖਿਆ ਵਿਭਾਗ ਇਹ ਮਹਿਸੂਸ ਕਰਦੇ ਵੇਖੇ ਗਏ ਜਿਵੇਂ ਸਿੱਖਿਆ ਸਿਸਟਮ ਕੈਪਟਨ ਸਰਕਾਰ ਦੇ ਏਜੰਡੇ ਤੇ ਹੀ ਨਹੀਂ ਹੈ। ਇਸ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਖੇਤਰ ਵਿਚ ਗੁਣਾਤਮਿਕ ਤਬਦੀਲੀਆਂ ਦੇ ਠੋਸ ਉਪਰਾਲੇ ਕੀਤੇ ਪਰ ਸਮਰੱਥ ਸਿੱਖਿਆ ਨੀਤੀ, ਵਿੱਤੀ ਲੋੜਾਂ ਦੀ ਘਾਟ, ਸਰਕਾਰ ਦੀ ਇੱਛ ਸ਼ਕਤੀ ਦੀ ਘਾਟ, ਮੂਲ ਢਾਂਚੇ ਅਤੇ ਹਰ ਪੱਧਰ 'ਤੇ ਅਧਿਆਪਕਾਂ ਦੀ ਘਾਟ ਕਰਕੇ ਸਫਲ ਨਹੀਂ ਵਿਖਾਈ ਦਿੱਤੇ। ਅਧਿਆਪਕਾਂ ਦੀ ਸਮੱਸਿਆਵਾਂ ਕਰਕੇ ਆਏ ਦਿਨ ਉਨ੍ਹਾਂ ਵਲੋਂ ਵਿੱਢੇ ਪਿੱਟ ਸਿਆਪੇ, ਮੁਜ਼ਾਹਿਰਿਆਂ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਹੱਲ ਕਰਨ ਦੀ ਥਾਂ ਉਲਟ ਦਮਨਕਾਰੀ ਨੀਤੀਆਂ ਅਪਣਾਉਣ ਕਰਕੇ ਪੂਰਾ ਸਿੱਖਿਆ ਸਿਸਟਮ ਗੜਬੜਾਇਆ ਨਜ਼ਰ ਆਇਆ।
ਪੱਛਮੀ ਲੋਕਤੰਤਰੀ ਦੇਸ਼ਾਂ ਅਤੇ ਚੀਨ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ, ਵੀਅਤਨਾਮ ਆਦਿ ਦੇਸ਼ ਵਿਚ ਅਕਸਰ ਪ੍ਰਾਂਤਿਕ ਅਤੇ ਰਾਸ਼ਟਰੀ ਪੱਧਰ 'ਤੇ ਕੈਬਨਿਟ ਵਿਚ ਵੱਖ ਵੱਖ ਵਿਭਾਗ ਪ੍ਰੋਫੈਸ਼ਨਲ ਜਨਤਕ ਪ੍ਰਤੀਨਿਧਾਂ ਨੂੰ ਦਿੱਤੇ ਜਾਂਦੇ ਹਨ ਤਾਂ ਕਿ ਉਹ ਆਪਣੇ ਵਿਭਾਗ ਨੂੰ ਗਲੋਬਲ, ਰਾਸ਼ਟਰੀ ਅਤੇ ਸਥਾਨਿਕ ਚੁਣੌਤੀਆਂ ਸਨਮੁੱਖ ਵਧੀਆ ਢੰਗ ਨਾਲ ਚਲਾ ਕਸਣ। ਕੈਨੇਡਾ ਅੰਦਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਚ ਵੱਖ ਵੱਖ ਵਿਭਾਗ ਉਨ੍ਹਾਂ ਸਬੰਧੀ ਹੰਢੇ ਵਰਤੇ ਮਾਹਿਰਾਂ ਨੂੰ ਦਿੱਤੇ ਗਏ ਹਨ। ਪਰ ਭਾਰਤ ਵਿਚ ਅਜਿਹਾ ਬਹੁਤ ਘੱਟ ਕੀਤਾ ਜਾਂਦਾ ਹੈ।
ਪੰਜਾਬ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ 13 ਮਹੀਨੇ ਪੁਰਾਣੀ ਕੈਬਨਿਟ ਵਿਚ ਲੋੜੀਂਦਾ ਵਾਧਾ ਕਰਦੇ ਸਮੇਂ ਕੁਝ ਵਿਭਾਗਾਂ ਵਿਚ ਤਬਦੀਲੀ ਕੀਤੀ ਗਈ ਹੈ। ਸਿੱਖਿਆ ਵਿਭਾਗ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਉਚੇਰੀ ਸਿੱਖਿਆ ਬੀਬੀ ਰਜ਼ੀਆ ਸੁਲਤਾਨਾ ਅਤੇ ਸਕੂਲ ਸਿੱਖਿਆ ਨਵੇਂ ਲਏ ਗਏ ਕੈਬਨਿਟ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੂੰ ਦਿੱਤੀ ਗਈ ਹੈ। ਸ਼੍ਰੀ ਸੋਨੀ ਜੀ ਭਾਵੇਂ ਕੋਈ ਵਿਦਿਆਧਰ ਨਹੀਂ ਪਰ ਮਾਝੇ ਦੇ ਇਲਾਕੇ ਵਿਚ ਪੰਜ ਵਾਰ ਵਿਧਾਇਕ ਬਣਨ ਅਤੇ ਅੱਤਵਾਦੀ ਤ੍ਰਾਸਦੀ ਦੇ ਗੜ੍ਹ ਅੰਮ੍ਰਿਤਸਰ ਨਾਲ ਸਬੰਧਿਤ ਹੋਣ ਕਰਕੇ ਜਨਤਾ ਦੀਆਂ ਸਿੱਖਿਆ ਸਬੰਧੀ ਲੋੜਾਂ ਅਤੇ ਸਿੱਖਿਆ ਖੇਤਰ ਨੂੰ ਅਤਿਵਾਦੀ ਤ੍ਰਾਸਦੀ ਦੀ ਵੱਡੀ ਮਾਰ ਤੋਂ ਭਲੀਭਾਂਤ ਜਾਣੂੰ ਹਨ। ਇਸ ਕਰਕੇ ਇਸ ਖੇਤਰ ਵਿਚ ਵੱਡੇ ਸੁਧਾਰਾਂ ਲਈ ਉਨ੍ਹਾਂ ਤੋਂ ਵੱਡੀਆਂ ਆਸਾਂ ਉਮੀਦਾਂ ਹਨ।
ਸਮਝਣ ਅਤੇ ਅਮਲ ਵਾਲੀ ਗੱਲ ਇਹ ਹੈ ਕਿ ਇਹ ਨਹੀਂ ਕਿ ਵਿਸ਼ਵ ਅੰਦਰ ਵਿਕਸਤ ਦੇਸ਼ ਸਿੱਖਿਆ ਅੰਦਰ ਚੁਣੌਤੀਆਂ ਅਤੇ ਘਾਟਾਂ ਤੋਂ ਸੁਰਖਰੂ ਹਨ। ਉਹ ਸਿੱਖਿਆ ਲੋੜਾਂ, ਸੁਧਾਰਾਂ, ਤਬਦੀਲੀਆਂ, ਚੁਣੌਤੀਆਂ ਨੂੰ ਲਗਾਤਾਰ ਵਾਚਦੇ ਹਨ। ਉਨ੍ਹਾਂ ਦਾ ਡੂੰਘਾ ਵਿਸ਼ਲੇਸ਼ਣ ਕਰਕੇ ਉਨ੍ਹਾਂ ਵਿਚ ਲੋੜੀਂਦੀ ਕਾਰਵਾਈ ਕਰਦੇ ਸੁਧਾਰ ਲਿਆਉਂਦੇ ਹਨ।
ਮਿਸਾਲ ਵਜੋਂ ਕੈਨੇਡਾ ਦੇ ਓਂਟਾਰੀਓ ਰਾਜ ਅੰਦਰ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮਾਪਿਆਂ, ਸਕੂਲਾਂ ਅਤੇ ਵਿਦਿਅਕ ਸਿਸਟਮ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਿੱਖਿਆ ਖੇਤਰ ਵਿਚ ਕਾਰਗੁਜ਼ਾਰੀ ਬਾਰੇ ਫੀਡਬੈਕ ਦੇਣ ਵਾਲੇ 'ਵਿਦਿਅਕ ਕੁਆਲਿਟੀ ਅਤੇ ਜਵਾਬਦੇਹੀ ਆਫਿਸ' ਪ੍ਰੋਗਰਾਮ ਨੂੰ 'ਓਂਟਾਰੀਓ ਏ ਲਰਨਿੰਗ ਪ੍ਰੋਵਿੰਸ' ਰਿਪੋਰਟ ਅਨੁਸਾਰ ਤੀਸਰੇ ਤੇ ਨੌਵੇਂ ਗ੍ਰੇਡ ਵਿਚ ਬੰਦ ਕਰਨ ਦਾ ਸੁਝਾਅ ਆਇਆ ਹੈ। ਇਸ ਪ੍ਰੋਗਰਾਮ ਦਾ ਅਧਿਆਪਕ ਵਰਗ ਸ਼ੁਰੂ ਤੋਂ ਹੀ ਵਿਰੋਧ ਕਰਦਾ ਆ ਰਿਹਾ ਸੀ ਕਿਉਂਕਿ ਉਹ ਅਤੇ ਅਧਿਆਪਕ ਯੂਨੀਅਨਾਂ ਸਮਝਦੀਆਂ ਸਨ ਕਿ ਇਹ ਟੈਸਟ ਵਿਦਿਆਰਥੀਆਂ ਦਾ ਨਾ ਹੋ ਕੇ ਉਨ੍ਹਾਂ ਦੇ ਪੜ੍ਹਾਉਣ ਸਬੰਧੀ ਸਕਿੱਲ ਦਾ ਹੁੰਦਾ ਹੈ।
ਦਰਅਸਲ ਮੈਥੇਮੈਟਿਕਸ ਵਿਚ ਇਸ ਰਾਜ ਦੇ ਬੱਚੇ ਪੱਛੜੇ ਹੋਣ ਕਰਕੇ ਉਨ੍ਹਾਂ ਨੂੰ ਹਰ ਸਕੂਲ ਵਿਚ 60 ਮਿੰਟ ਪੜ੍ਹਾਉਣ ਲਈ ਵਿਸ਼ੇ ਦੇ ਮਾਹਿਰ ਅਧਿਆਪਕ ਦਾ ਪ੍ਰਬੰਧ ਕਰਨਾ ਪਿਆ ਹੈ। ਰਾਜ ਨੇ ਸਿੱਖਿਆ ਖੇਤਰ ਵਿਚ ਵਿਦਿਆਰਥੀਆਂ ਨੂੰ ਤੇਜ਼ ਤਰਾਟ ਤੇ ਗੁਣਵਾਨ ਬਣਾਉਣ ਲਈ ਕਿੰਡਰਗਾਰਟਨ ਪੱਧਰ 'ਤੇ ਪੂਰਾ ਦਿਨ ਪੜ੍ਹਾਈ ਸਿਖਲਾਈ ਲਈ ਵੱਡੇ ਪੱਧਰ 'ਤੇ ਨਿਵੇਸ਼ ਕੀਤਾ ਹੈ। ਇਸ ਲਈ ਤੀਸਰੇ ਗ੍ਰੇਡ ਵਿਚ ਇਹ ਟੈਸਟ ਬੰਦ ਕਰਨ ਦਾ ਵੱਡਾ ਵਿਰੋਧ ਹੋਇਆ ਹੈ। ਰਾਜ ਅੰਦਰ ਅਧਿਆਪਕ ਵਰਗ ਦੀਆਂ ਵੋਟਾਂ ਲੈਣ ਅਤੇ ਅਧਿਆਪਕ ਯੂਨੀਅਨਾਂ ਦੀ ਹਮਾਇਤ ਲੈਣ ਲਈ ਸੱਤਾਧਾਰੀ ਕੈਥਲੀਨ ਵਿੰਨੀ ਦੀ ਲਿਬਰਲ ਪਾਰਟੀ ਸਰਕਾਰ ਅਤੇ ਸਿੱਖਿਆ ਮੰਤਰੀ ਇੰਦਰਾ ਨਾਇਡੂ ਹੈਰਿਸ ਨੇ ਦੜ੍ਹ ਵੱਟ ਲਈ ਹੈ। ਐੱਨ. ਡੀ. ਪੀ. ਪਾਰਟੀ ਨੇ ਸੱਤਾ ਵਿਚ ਆਉਣ ਦੀ ਸੂਰਤ ਵਿਚ ਇਹ ਪ੍ਰੋਗਰਾਮ ਬੰਦ ਕਰਨ ਦਾ ਐਲਾਨ ਕੀਤਾ ਹੈ। ਜਦਕਿ ਪ੍ਰਾਰਨੈਸਿਵ ਕੰਜ਼ਰਵੇਟਿਵ ਪਾਰਟੀ ਨੇ ਇਸ ਵਿਚ ਹੋਰ ਸੁਧਾਰ ਲਿਆਉਣ ਦਾ ਐਲਾਨ ਕੀਤਾ ਹੈ। ਇਵੇਂ ਭਾਰਤ ਵਾਂਗ ਪੱਛਮੀ ਦੇਸ਼ਾਂ ਵਿਚ ਵੀ ਵੋਟਾਂ ਖਾਤਰ ਸਿੱਖਿਆ ਜਾਂ ਹੋਰ ਅਹਿਮ ਖੇਤਰਾਂ ਸਬੰਧੀ ਸਿਆਸਤ ਹੁੰਦੀ ਵੇਖੀ ਜਾਂਦੀ ਹੈ। ਲੇਕਿਨ ਲੋਕ, ਕੰਜ਼ਰਵੇਟਿਵ ਅਤੇ ਵਿਦਿਆ ਸ਼ਾਸਤਰੀ ਇਸ ਦੇ ਵਿਰੁੱਧ ਹਨ।
ਤਾਜ਼ਾ ਉੱਚ ਸਟੈਂਡਰਡ ਟੈਸਟ ਦੇ ਨਤੀਜੇ ਜੋ ਕੈਨੇਡਾ ਦੀ ਫੈਡਰਲ ਸਰਕਾਰ ਦੇ ਸਿੱਖਿਆ ਮੰਤਰੀ ਨੇ ਜਾਰੀ ਕੀਤੇ ਹਨ, ਸਾਰੇ ਕੈਨੇਡਾ ਦੇ 13 ਰਾਜਾਂ ਵਿਚੋਂ ਓਂਟਾਰੀਓ ਰਾਜ ਦੇ ਵਿਦਿਆਰਥੀ ਸੰਨ 2010 ਤੋਂ 2016 ਤੱਕ ਮੈਥ ਵਿਚ ਫਾਡੀ ਪਾਏ ਗਏ ਹਨ। ਕਿਊਬੈਕ ਸੂਬੇ ਵਿਚ ਪੈਨ ਕੈਨੇਡੀਅਨ ਅਸੈੱਸਮੈਂਟ ਪ੍ਰੋਗਰਾਮ ਤਹਿਤ 27000 ਗ੍ਰੇਡ 8 ਅਤੇ ਸੈਕੰਡਰੀ ਦੋ ਸਬੰਧੀ ਵਿਦਿਆਰਥੀਆਂ ਦਾ ਟੈਸਟ ਲਿਆ। ਕਿਊਬੈੱਕ ਰਾਜ ਦੇ ਵਿਦਿਆਰਥੀਆਂ ਸੰਨ 2016 ਵਿਚ ਕੈਨੇਡੀਅਨ ਔਸਤ ਨਾਲੋਂ ਉੱਪਰ ਪ੍ਰਤੀਭਾ ਸਿੱਧ ਕੀਤੀ। ਮੈਥ ਵਿਚ ਓਂਟਾਰੀਓ ਰਾਜ ਦੇ ਵਿਦਿਆਰਥੀ ਪੱਛੜੇ ਵਿਖਾਈ ਦਿੱਤੇ ਬਾਕੀ ਸਭ ਰਾਜਾਂ ਦੇ ਵਿਦਿਆਰਥੀਆਂ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਣ ਕੀਤਾ। ਇੱਥੋਂ ਤਕ ਕਿ ਓਂਟਾਰੀਓ ਰਾਜ ਦੇ ਉੱਚ ਪੱਧਰੀ ਟੈਸਟ ਵਿਚ ਮੈਥ ਵਿਚ 6 ਗ੍ਰੇਡ ਦੇ ਅੱਧੇ ਬੱਚੇ ਫੇਲ ਹੋ ਗਏ। ਰੀਡਿੰਗ ਸਬੰਧੀ ਸਸਕੈਚਵਨ, ਮਨੀਟੋਬਾ, ਨਿਊ ਬਰੁਨਜ਼ਵਿਕ, ਨੋਵਾ ਸ਼ਕੋਸ਼ੀਆ ਅਤੇ ਨਿਊਫਾਊਂਡਲੈਂਡ ਲੈਬਰਾਡਾਰ ਦੇ ਵਿਦਿਆਰਥੀ ਔਸਤ ਤੋਂ ਫਾਡੀ ਰਹੇ। ਸਾਇੰਸ ਵਿਚ ਸਭ ਰਾਜਾਂ ਦੇ ਵਿਦਿਆਰਥੀਆਂ ਵਧੀਆ ਪ੍ਰਦਰਸ਼ਣ ਕੀਤਾ।
ਸੋ ਓਂਟਾਰੀਓ ਰਾਜ ਦੇ ਲੋਕ, ਪ੍ਰੈਸ ਅਤੇ ਵਿਦਿਆਧਰ 'ਵਿਦਿਅਕ ਕੁਆਲਿਟੀ ਅਤੇ ਜਵਾਬਦੇਹੀ ਆਫਿਸ' ਪ੍ਰੋਗਰਾਮ ਆਪਣੇ ਬੱਚਿਆਂ ਅਤੇ ਰਾਜ ਦੇ ਉੱਜਵਲ ਭਵਿੱਖ ਖਾਤਰ ਜਾਰੀ ਰੱਖਣ ਦੇ ਹੱਕ ਵਿਚ ਹਨ।
ਪੰਜਾਬ ਅੰਦਰ ਨਵੇਂ ਸਿੱਖਿਆ ਮੰਤਰੀ ਨੂੰ ਰਾਜ ਲਈ ਗਲੋਬਲ ਚੁਣੌਤੀਆਂ ਸਨਮੁੱਖ ਨਵੀਂ ਵਿਦਿਅਕ ਨੀਤੀ ਬਣਾਉਣੀ ਚਾਹੀਦੀ ਹੈ। ਇਹ ਨੀਤੀ ਰੋਜ਼ਗਾਰ ਅਤੇ ਕਿਰਤ ਕੇਂਦਰਿਤ ਹੋਣੀ ਚਾਹੀਦੀ ਹੈ। ਰਾਜ ਅੰਦਰ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਸੈਕੰਡਰੀ ਪੱਧਰ ਤੱਕ ਪੂਰੇ ਲੋੜੀਂਦੇ ਅਧਿਆਪਕ ਨਿਯੁਕਤ ਕਰਨ ਦੀ ਵਿਵਸਥਾ ਕਰਨੀ ਚਾਹੀਦੀ ਹੈ। ਅਧਿਆਪਕਾਂ ਦੇ ਇਨਸਰਵਿਸ ਟ੍ਰੇਨਿੰਗ ਸੈਂਟਰ ਤੁਰੰਤ ਬਾਲ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਨਾ ਬੰਦ ਕਰਨ ਸਬੰਧੀ ਪ੍ਰਸੋਨਲ ਵਿਭਾਗ ਨੇ ਮਨ੍ਹਾਂ ਕਰ ਦਿੱਤਾ ਹੈ ਅਤੇ ਜੋ ਸੰਨ 1986 ਦੀ ਨਵ ਵਿਦਿਅਕ ਨੀਤੀ ਅਨੁਸਾਰ ਗਠਤ ਕੀਤੇ ਸਨ। ਈ. ਟੀ. ਟੀ. ਟ੍ਰੇਨਿੰਗ ਵਾਲੀਆਂ ਡਾਈਟ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਵਿਚ ਪੀ. ਐੱਮ. ਡੀ ਅਤੇ ਐੱਮ. ਐਡ ਯੋਗਤਾ ਵਾਲੇ ਅਧਿਆਪਕ ਨਿਯੁਕਤ ਕਰਨੇ ਚਾਹੀਦੇ ਹਨ। ਹਰ ਸਕੂਲ ਵਿਚ ਗਾਈਡੈਂਸ ਅਤੇ ਕੌਂਸਲਿੰਗ ਅਧਿਆਪਕ ਨਿਯੁਕਤ ਕਰਨੇ ਚਾਹੀਦੇ ਹਨ ਕੈਨੇਡਾ ਦੀ ਤਰਜ਼ 'ਤੇ।
ਅੱਤਵਾਦੀ ਤ੍ਰਾਸਦੀ ਨਾਲ ਬਰਬਾਦ ਹੋਇਆ ਸਿੱਖਿਆ ਸਿਸਟਮ ਮੁੜ ਖੜ੍ਹਾ ਕਰਨ ਲਈ ਸਿੱਖਿਆ ਮੰਤਰੀ ਨੂੰ ਸਪੈਸ਼ਲ ਫੰਡਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿੱਧੀ, ਦੋ ਟੁੱਕ, ਬੇਬਾਕ ਗੱਲ ਕਰਨੀ ਚਾਹੀਦੀ ਹੈ। ਮਨਪ੍ਰੀਤ ਸਿੰਘ ਬਾਦਲ ਜੋ ਇਕ ਅਸਫਲ ਵਿੱਤ ਮੰਤਰੀ ਸਾਬਤ ਹੋਇਆ ਹੈ ਨਾਲ ਸਪੈਸ਼ਲ ਸਿੱਖਿਆ ਫੰਡਾਂ ਲਈ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਸਿੱਖਿਆ ਮਹੱਤਤਾ ਨਹੀਂ ਸਮਝਦੇ ਅਤੇ ਉਨ੍ਹਾਂ ਦਾ ਵਿੱਤੀ ਏਜੰਡਾ ਨਿਰਾਰਥਕ ਸਿੱਧ ਹੋ ਚੁੱਕਾ ਹੈ।
ਸਿੱਖਿਆ ਮੰਤਰੀ ਨੂੰ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਜਿਨ੍ਹਾਂ ਨੇ ਸਕੂਲਾਂ ਵਿਚ ਵੱਡੀ (ਸਰਹੱਦੀ ਸਕੂਲਾਂ ਵਿਚ 35 ਤੋਂ 50 ਪ੍ਰਤੀਸ਼ਤ) ਅਧਿਆਪਕਾਂ, ਸਕੂਲ, ਇਮਾਰਤਾਂ, ਸਿੱਖਿਆ ਸਮੱਗਰੀ ਆਦਿ ਦੀ ਘਾਟ ਦੇ ਬਾਵਜੂਦ ਇਸ ਵਾਰ ਵਧੀਆ ਨਤੀਜੇ ਦਿੱਤੇ ਹਨ। ਉਨ੍ਹਾਂ ਨੂੰ ਫਜ਼ੂਲ ਦੇ ਪ੍ਰੋਗਰਾਮ ਬੰਦ ਕਰਕੇ ਪੂਰਨ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਦਰਸ਼ਣ ਕਰਦੇ ਇਕ ਉੱਚ ਪੱਧਰੀ ਸਿੱਖਿਆ ਸ਼ਾਸਤਰੀਆਂ ਦੇ ਥਿੰਕ ਟੈਂਕ ਦੇ ਸਹਿਯੋਗ ਨਾਲ ਪੰਜਾਬ ਅੰਦਰ ਗਰਕ ਚੁੱਕੀ ਸਿੱਖਿਆ ਨੂੰ ਮੁੜ੍ਹ ਉੱਚ ਪੱਧਰੀ ਸਨਮਾਨਿਤ ਲੀਹਾਂ 'ਤੇ ਲਿਆਉਣਾ ਚਾਹੀਦਾ ਹੈ। ਗੁਣਾਤਮਿਕ ਸਿੱਖਿਆ ਬਗੈਰ ਨਵ ਊਰਜਾ ਭਰਪੂਰ ਪੰਜਾਬ ਦੀ ਉਸਾਰ ਕੱਤਈ ਸੰਭਵ ਨਹੀਂ ਹੋ ਸਕਦੀ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਲੇਖਕ ਅਤੇ ਰਾਜ ਸੂਚਨਾ ਕਮਿਸ਼ਨਰ, ਪੰਜਾਬ ,ਕੈਂਬਲਫੋਰਡ ਕੈਨੇਡਾ
kahlondarbarasingh@gmail.com
+1-416 887 2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.