ਸਿੱਖਿਆ ਤੇ ਅਰਥਚਾਰਾ ਆਪਣੀ ਵੱਖਰੀ ਵੱਖਰੀ ਸੰਸਥਾਗਤ ਪਹਿਚਾਣ ਰੱਖਣ ਦੇ ਬਾਵਜੂਦ ਇਕ ਦੂਸਰੇ ਦਾ ਪੂਰਕ ਹਨ। ਅਸਲ ਵਿਚ ਸਿੱਖਿਆ ਕਿਸੇ ਵੀ ਦੇਸ਼ ਦੇ ਅਰਥਚਾਰੇ ਦਾ ਨੀਂਹ ਪੱਥਰ ਹੁੰਦੀ ਹੈ, ਜਿਹੜਾ ਦੇਸ਼ ਆਪਣੇ ਨਾਗਰਿਕਾਂ ਨੂੰ ਸਿੱਖਿਆ ਦਾ ਅਧਿਕਾਰ ਦੇਣ ਵਿੱਚ ਅਸਫ਼ਲ ਰਹਿੰਦਾ ਹੈ,ਉਹ ਸਾਰੇ ਖੇਤਰਾਂ ਵਿੱਚ ਵੀ ਪਿੱਛੇ ਰਹਿ ਜਾਂਦਾ ਹੈ। ਇਸ ਤਰਾ ਦੇਸ ਦਾ ਮਜਬੂਤ ਅਰਥਚਾਰਾ ਵੀ ਸਿੱਖਿਆ ਖੇਤਰ ਦੇ ਪਸਾਰ ਨੂੰ ਹੋਰ ਵਿਸਥਾਰ ਦੇਂਦਾ ਹੈ। 2014 ਵਿਚ, ਭਾਰਤ ਦਾ ਵਿਸ਼ਵ ਪੱਧਰੀ ਸਿੱਖਿਆ ਦਰਜਾ ਹੋਰ ਘਟ ਕੇ 93 ਦੇ ਸਥਾਨ ਤੇ ਪੁੱਜ ਗਿਆ ਹੈ. ਇਹ ਭਾਰਤੀ ਸਿੱਖਿਆ ਸੈਕਟਰ ਦੇ ਸਾਹਮਣੇ ਆ ਰਹੇ ਘੁਟਾਲਿਆਂ ਤੇ ਠੱਲ੍ਹ ਪਾਉਣ ਦੇ ਨਾਲ-ਨਾਲ ਸਾਡੀ ਸਿੱਖਿਆ ਪ੍ਰਣਾਲੀ ਵਿਚ ਤੁਰੰਤ ਸੁਧਾਰ ਲਿਆਉਣ ਦੀ ਲੋੜ ਦੀ ਮੰਗ ਕਰਦਾ ਹੈ।.
ਭਾਰਤੀ ਸਿੱਖਿਆ ਪ੍ਰਣਾਲੀ ਭਾਵੇਂ ਅਜੇ ਵਧੇਰੇ ਬੁੱਢੀ ਤੇ ਗੈਰ ਪ੍ਰੰਸਗਿਕ ਤਾਂ ਨਹੀਂ ਹੋਈ ਪਰ ਇਸ ਨੂੰ ਵਿਸ਼ਵ ਦੀ ਆਧੁਨਿਕ ਸਿੱਖਿਆ ਪ੍ਰਨਾਲੀਆ ਦਾ ਹਾਣੀ ਬਣਾਉਣ ਲਈ ਕੁਝ ਤਬਦੀਲੀਆ ਦੀ ਲੋੜ ਜਰੂਰ ਹੈ। 'ਪ੍ਰੀਖਿਆ', 'ਬੋਰਡ ਇਮਤਿਹਾਨ', 'ਪ੍ਰਵੇਸ਼ ਪ੍ਰੀਖਿਆ', 'ਮਾਰਕਸ', ਆਦਿ ਦਾ ਸਮਾਨਾਰਥੀ ਬਣ ਚੁੱਕੀ ਇਹ ਪ੍ਰਨਾਲੀ ਵਿਦਿਆਰਥੀ ਅੰਦਰਲੀ ਸਰਵਪੱਖੀ ਪ੍ਰਤਿਭਾ ਨਾਲ ਇਨਸ਼ਾਫ ਕਰਨ ਦੇ ਕਾਬਲ ਨਹੀ ਵਿਖਾਈ ਦੇਂਦੀ , ਜਿਸ ਕਰਕੇ ਵਿਦਿਆਰਥੀ ਅੰਦਰਲੀ ਸਿਰਜਨਾਤਮਕ ਗੁਣਾਂ ਦਾ ਪੂਰਾ ਮੁੱਲ ਨਹੀਂ ਪੈਂਦਾ। ਜਦੋ ਬੱਚਾ ਦਸਵੀਂ ਦੀ ਪ੍ਰੀਖਿਆ ਪਾਸ ਕਰ ਲੈਂਦਾ ਹੈ ਤਾਂ ਉਹਦੇ ਸਾਹਮਣੇ ਮੇਨ ਤਿੰਨ ਹੀ ਵਿਕਲਪ ਹੁੰਦੇ ਨੇ ਸਾਇੰਸ, ਕਾਮਰਸ ਯਾ ਫਿਰ ਆਰਟਸ। ਜਦੋਂ ਵਿਦਿਆਰਥੀ ਨੂੰ ਆਪਣੀ ਰੁਚੀ ਤੋ ਹੱਟ ਕਿ ਇੰਨਾ ਸੀਮਤ ਵਿਕਲਪਾਂ ਦੀ ਚੋਣ ਕਰਨੀ ਪੈਂਦੀ ਹੈ ਤਾਂ ਪੜ੍ਹਾਈ ਵੀ ਉਂਨ੍ਹਾ ਲਈ ਇਕ ਨੀਰਸ ਤੇ ਅਕਾਊ ਕੰਮ ਬਣ ਕੇ ਰਹਿ ਜਾਂਦੀ ਹੈ। ਉੱਚ ਸਿੱਖਿਆ ਲੈਣ ਲਈ ਬਹੁਤਾਤ ਵਿੱਚ ਵਿਦਿਆਰਥੀ ਵਿਦੇਸ਼ ਦਾ ਰੁੱਖ ਕਰਦੇ ਹਨ ਤੇ ਜੋ ਭਾਰਤ ਵਿੱਚ ਰਹਿ ਕੇ ਗਰੈਜੂਏਸ਼ਨ ਜਾ ਪੋਸਟ ਗਰੈਜੂਏਸ਼ਨ ਕਰਦੇ ਉਂਨਾਂ ਦੇ ਮਨ ਵਿਚ ਇਹ ਡਰ ਸਦੀਵੀ ਥਾਂ ਬਣਾ ਚੁੱਕਾ ਹੈ ਕਿ ਪੜ੍ਹਾਈ ਦੀਆਂ ਉੱਚ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਦ ਵੀ ਬਾਦ ਵੀ ਉਂਨ੍ਹਾਂ ਨੂੰ ਬੇ- ਰੁਜ਼ਗਾਰੀ ਦਾ ਲੰਮਾ ਸੰਤਾਪ ਹੰਡਾਉਣਾ ਪਵੇਗਾ।
ਇਸ ਸਾਲ ਪੰਜਾਬ ਦੇ ਲੱਗ ਭੱਗ ਦੋ ਲੱਖ ਵਿਦਿਆਰਥੀ ਉੱਚ ਸਿੱਖਿਆ ਲਈ ਭਾਰਤ ਨੂੰ ਨਾ ਚੁਣ ਕੇ ਵਿਦੇਸ਼ ਵਿਚ ਪੜ੍ਹਾਈ ਕਰਨ ਗਏ ਹਨ ਤਾਂ ਇਹ ਸਾਡੇ ਲਈ ਵੱਡੀ ਚਿੰਤਾਂ ਦਾ ਵਿਸ਼ਾ ਹੈ। । ਜੇ ਪੰਜਾਬੀ ਨੌ ਜਵਾਨਾਂ ਦਾ ਪੜ੍ਹਾਈ ਜਾ ਰੁਜ਼ਗਾਰ ਪ੍ਰਾਪਤੀ ਲਈ ਵਿਦੇਸ਼ ਜਾਣ ਦਾ ਰੁਝਾਣ ਇਸੇ ਤਰਾਂ ਜਾਰੀ ਰਿਹਾ ਤਾਂ ਆਉਣ ਵਾਲੇ ਦੱਸ ਸਾਲਾ ਵਿੱਚ ਪੰਜਾਬ ਕੇਵਲ ਬੁੱਢਿਆ,ਤੇ ਬੱਚਿਆ ਦੇ ਵਾਸੇ ਵਾਲਾ ਸੂਬਾ ਹੀ ਬਣ ਕੇ ਰਹਿ ਜਾਵੇਗਾ । ਵੱਡੀਆ ਗੁਣਾਤਮਕ ਤਬਦੀਲੀਆਂ ਦੀ ਮੰਗ ਕਰਦੀ ਸਾਡੀ ਉਚ ਸਿੱਖਿਆ ਪ੍ਰਨਾਲੀ ਦੇ ਅਸਫ਼ਲ ਰਹਿਣ ਦੇ ਹੇਠ ਲਿਖੇ ਕਾਰਨ ਸਿੱਖਿਆ ਸਾਸ਼ਤਰੀਆ ਤੋਂ ਵਿਸ਼ੇਸ਼ ਚਰਚਾ ਦੀ ਮੰਗ ਕਰਦੇ ਹਨ-
(1) ਭਾਰਤੀ ਕਾਲਜਾਂ ਦੁਆਰਾ ਆਫ਼ਰ ਕੀਤੇ ਜਾਂਦੇ ਉੱਚ ਪ੍ਰੋਗਰਾਮਾਂ ਵਿੱਚ ਗੁਣਵੱਤਾ ਦੀ ਕਮੀ
(2) ਅਧਿਆਪਕਾਂ ਦੀ ਮਾੜੀ ਗੁਣਵੱਤਾ ਕਿਓਂਕਿ ਟੀਚਿੰਗ ਨੂੰ ਭਾਰਤ ਵਿਚ ਇਕ ਵਧੀਆ ਕੈਰੀਅਰ ਵਿਕਲਪ ਮੰਨਿਆ ਨਹੀਂ ਜਾਂਦਾ, ਜਿਆਦਾਤਰ ਕਿੱਤਾ ਮੁਖੀ ਕੋਰਸਾਂ ਵਿੱਚ ਉਹ ਅਧਿਆਪਕ ਆਉਂਦੇ ਨੇ ਜਿੰਨਾ ਕੋਲ ਕੋਈ ਹੋਰ ਕਰੀਅਰ ਵਿਕਲਪ ਨਹੀਂ ਰਹਿੰਦਾ ਜਾਂ ਉਨ੍ਹਾਂ ਨੂੰ ਕਿਤੇ ਹੋਰ ਨੌਕਰੀਆਂ ਨਹੀਂ ਮਿਲਦੀ
(ਕੁਝ ਕੁ ਅਪਵਾਦਾਂ ਨੂੰ ਛੱਡ ਕੇ)
(3) ਜ਼ਿਆਦਾਤਰ ਕਾਲਜਾਂ ਵਿੱਚ ਪੜ੍ਹਾਈ ਦੇ ਪੁਰਾਣੇ ਸਿਲੇਬਸ
(4) ਚੋਟੀ ਦੇ ਕਾਲਜਾਂ ਵਿਚ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੀ ਘਾਟ
2015 ਵਿੱਚ " ਆਰਗੇਨਾਈਜੇਸ਼ਨ ਫ਼ਾਰ ਇਕਨਾਮਿਕ ਕੋਪਰੇਸ਼ਨ ਐਂਡ ਡਿਵੈਲਪਮੈਂਟ" ਸੰਸਥਾ ਦਵਾਰਾ 73 ਦੇਸ਼ਾ ਨੂੰ ਲੈਕੇ ਇੱਕ ਸੰਸਾਰੀ ਸਰਵੇ ਕੀਤਾ ਗਿਆ ਸੀ ਜਿਸ ਵਿੱਚ ਸਿਖਿਆ ਦੇ ਮਿਆਰ ਵਿੱਚ ਭਾਰਤ ਸਿਰਫ ਇੱਕ ਦੇਸ਼ ਤੋਂ ਹੀ ਅੱਗੇ ਸੀ ਤੇ 72 ਵਾਂ ਰੈਂਕ ਸੀ, ਇਸੇ ਸਰਵੇ ਵਿੱਚ ਸਾਡਾ ਗਵਾਂਢੀ ਮੁਲਕ ਚਾਈਨਾ ਪਹਿਲੇ ਨੰਬਰ ਤੇ ਸੀ , ਸਾਨੂੰ ਆਪਣੇ ਸਕੂਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਬਹੁਤ ਕੁਝ ਕਰਨ ਦੀ ਜਰੂਰਤ ਹੈ। ਸਕੂਲ ਇੱਕ ਵਿਅਕਤੀ ਦੇ ਸਮਾਜਿਕ ਅਤੇ ਪੇਸ਼ੇਵਰ ਵਿਕਾਸ ਨੂੰ ਰੂਪ ਦੇਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।. ਭਾਰਤ ਦੇ ਰਵਾਇਤੀ ਸਕੂਲ ਸਾਰਾ ਜ਼ੋਰ ਬੱਚਿਆਂ ਨੂੰ ਬਾਹਰੀ ਪ੍ਰਤੀਯੋਗਤਾ ਦੇ ਯੋਗ ਬਣਾਉਣ ਤੇ ਲਗਾਉਂਦੇ ਹਨ,। ਵਿਦਿਆਰਥੀਆਂ ਦੀ ਯੋਗਤਾ ਦਾ ਮੁਲਾਂਕਣ ਕਰਨ ਲਈ ਪ੍ਰੀਖਿਆਂਵਾ ਵਿਚ ਜਾਇਜ ਜਾਂ ਨਜਾਇਜ਼ ਢੰਗ ਨਾਲ ਪ੍ਰਾਪਤ ਕੀਤੇ ਨੰਬਰਾਂ ਨੂੰ ਹੀ ਅੰਤਿਮ ਸਾਧਨ ਦੇ ਤੌਰ ਤੇ ਵਰਤਿਆ ਜਾਂਦਾ ਹੈ ਪਰ ਬੱਚੇ ਦੀ ਕਾਬਲੀਅਤ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਵਿਚ ਅੱਗੇ ਵੱਧਣ ਦਾ ਆਤਮ ਵਿਸਵਾਸ਼ ਕਿੰਨਾ ਹੈ । ਅੱਜ ਬਹੁਤ ਸਾਰੇ ਕਾਰਕੁੰਨ ਜੋ ਭਾਰਤੀ ਸਿੱਖਿਆ ਪ੍ਰਣਾਲੀ ਦਾ ਵਿਰੋਧ ਕਰਦੇ ਹਨ,ਉਹਨਾਂ ਦੀ ਰਾਏ ਹੈ ਕਿ ਸਕੂਲ ਵਿਦਿਆਰਥੀਆਂ ਨੂੰ ਕਾਰਜ ਵਿਧੀ (ਪ੍ਰੈਕਟੀਕਲ) ਦਵਾਰਾ ਕਨਸੈਪਟ ਸਮਝਾਉਣ ਦੀ ਥਾਂ ‘ਤੇ ਰੱਟਾ ਸਿਸਟਮ ਨਾਲ ਸਿਖਾਉਣ ਨੂੰ ਪਹਿਲ ਦਿੰਦੇ ਹਨ। ਕੁਝ ਸਾਲ ਪਹਿਲਾਂ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਸਕੂਲ ਦੇ 80 ਫੀਸਦੀ ਤੋਂ ਜਿਆਦਾ ਪ੍ਰਿੰਸੀਪਲ ਸਕੂਲ ਤੋਂ ਪਾਸ ਹੋਏ ਵਿਦਿਆਰਥੀਆਂ ਵਿੱਚ ਪੜ੍ਹਾਈ ਦੇ ਮਾੜੇ ਮਿਆਰ ਦਾ ਕਾਰਨ ਰੱਟਾ ਵਿਧੀ ਨੂੰ ਮੰਨਦੇ ਹਨ. ਇਹਨਾਂ ਵਿਚੋਂ ਤਕਰੀਬਨ 70% ਮਹਿਸੂਸ ਕਰਦੇ ਹਨ ਕਿ ਭਾਰਤ ਵਿਚ ਚਲ ਰਹੇ ਪਾਠਕ੍ਰਮ ਨੇ ਸਿਰਜਣਾਤਮਕ ਸੋਚ ਨੂੰ ਕੁਝ ਖਾਸ ਜਗ੍ਹਾ ਨਹੀਂ ਦਿੱਤੀ।
ਜੇ ਵਿਦਿਆਰਥੀ ਅੰਦਰਲੀ ਪ੍ਰਤਿਭਾ ਦਾ ਸਹੀ ਮੁੱਲਾਂਕਨ ਕਰਨਾ ਹੈ ਤਾਂ ਫੋਕਸ ਹੁਨਰ-ਅਧਾਰਿਤ ਸਿੱਖਿਆ 'ਤੇ ਹੀ ਹੋਣਾ ਚਾਹੀਦਾ ਹੈ ।ਉਦਾਹਰਣ ਦੇ ਤੌਰ ਤੇ ਜੇ ਤੁਸੀਂ ਇਕ ਵਿਅਕਤੀ ਨੂੰ ਇੱਕ ਮੱਛੀ ਦੇ ਦਿੰਨੇ ਹੋਂ ਤਾਂ ਤੁਸੀਂ ਉਸ ਨੂੰ ਇਕ ਦਿਨ ਦਾ ਭੋਜਨ ਦੇ ਦਿੰਦੇ ਹੋ, ਪਰ ਜੇ ਉਸਨੂੰ ਤੁਸੀਂ ਇਹ ਸਿਖਾ ਦੇਵੋ ਕਿਂ ਮੱਛੀਆ ਕਿਂਵੇ ਫੜੀਆਂ ਜਾਂਦੀਆਂ ਹਨ ਤਾਂ ਤੁਸੀਂ ਉਸਨੂੰ ਉਮਰ ਭਰ ਲਈ ਭੋਜਨ ਦਿੰਦੇ ਹੋ।
ਭਾਰਤੀ ਸਿੱਖਿਆ ਪ੍ਰਣਾਲੀ ਮੁੱਖ ਤੌਰ ਤੇ ਬ੍ਰਿਟਿਸ਼ ਦੁਆਰਾ ਬਣਾਏ ਗਏ ਸਿੱਖਿਆ ਪ੍ਰਬੰਧ ਦੀ ਪਾਲਣਾ ਕਰਦੀ ਹੈ. ਹਾਲਾਂਕਿ ਅਸੀਂ ਆਈ ਆਈ ਟੀਜ਼, ਆਈ ਆਈ ਐਮ ਅਤੇ ਕੁੱਝ ਵਧੀਆ ਕਾਨੂੰਨ ਅਤੇ ਮੈਡੀਕਲ ਕਾਲਜਾਂ ਦਾ ਮਾਣ ਹਾਸਲ ਕਰ ਸਕਦੇ ਹਾਂ, ਪਰੰਤੂ ਖੋਜ ਅਤੇ ਇਜ਼ਾਦ ਦੀ ਦੁਨੀਆ ਵਿਚ ਭਾਰਤ ਦਾ ਯੋਗਦਾਨ ਵਿਸ਼ਵ ਖੇਤਰ ਵਿੱਚ ਨਾ ਮਾਤਰ ਹੀ ਹੈ। ਸਾਡੀ ਵਿਦਿਅਕ ਪ੍ਰਣਾਲੀ ਦਾ ਸਾਰਾ ਜ਼ੋਰ ਸਿਰਫ ਇੰਜੀਨੀਅਰ, ਡਾਕਟਰ ਬਣਾਉਣ ਤੇ ਨਹੀਂ ਬਲਕਿ ਉਦਮੀਆਂ, ਕਲਾਕਾਰਾਂ, ਵਿਗਿਆਨੀ, ਲੇਖਕ ਆਦਿ ਵਰਗੇ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਿਤ ਕਰਨ ਦੀ ਜਰੂਰਤ ਹੈ. ਇਹ ਸਾਰੇ ਆਰਥਿਕਤਾ ਦੇ ਵਿਕਾਸ' ਚ ਪ੍ਰਭਾਵਸ਼ਾਲੀ ਹਨ।
ਭਾਰਤੀ ਸਿੱਖਿਆ ਪ੍ਰਣਾਲੀ ਵਿੱਚ ਗੰਭੀਰ ਸੁਧਾਰਾਂ ਦੀ ਜਰੂਰਤ ਹੈ ਤੇ ਜੇ ਇਹ ਸੁਧਾਰ ਲਿਆਉਣੇ ਹਨ ਤਾਂ ਹੇਠ ਲਿੱਖੇ ਕਦਮ ਚੁਕਣੇ ਹੀ ਪੈਣਗੇ।
ਇੱਛਾ ਅਤੇ ਹੁਨਰ ਹੋਣ ਦੇ ਬਾਵਜੂਦ ਹਜ਼ਾਰਾਂ ਵਿਦਿਆਰਥੀ ਉੱਚ ਸਿੱਖਿਆ ਲੈਣ ਵਿੱਚ ਸਫ਼ਲ ਨਹੀਂ ਹੋ ਪਾਉਂਦੇ। ਦੇਸ਼ ਦੇ ਸਿਰਫ 15 ਪ੍ਰਤੀਸ਼ਤ ਵਿਦਿਆਰਥੀ ਉੱਚ ਸਿੱਖਿਆ ਤੱਕ ਪਹੁੰਚ ਪਾਉਂਦੇ ਹਨ, ਇਸ ਸਥਿਤੀ ਨੂੰ ਬਦਲਣਾ ਚਾਹੀਦਾ ਹੈ, ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਉੱਚ ਸਿੱਖਿਆ ਸਭ ਤੱਕ ਪਹੁੰਚਾਉਣ ਲਈ ਯੋਗ ਕਦਮ ਚੁੱਕਣੇ ਚਾਹੀਦੇ ਹਨ।
ਯੂਨੀਵਰਿਸਟੀਆਂ ਪ੍ਰੀਖਿਆਂਵਾ ਲੈਣ, ਮੁਲਾਂਕਣ ਅਤੇ ਨਤੀਜੇ ਦੇ ਪ੍ਰਕਾਸ਼ਨ ਵਰਗੇ ਕੰਮਾਂ ਦੇ ਬੋਝ ਥੱਲੇ ਦੱਬੀਆਂ ਰਹਿੰਦੀਆਂ ਹਨ, ਇਹ ਬਦਲਣ ਦੀ ਜਰੂਰਤ ਹੈ, ਯੂਨੀਵਸਿਟੀਆਂ ਦਾ ਮੇਨ ਫੋਕਸ ਖੋਜ਼ ਉੱਪਰ ਹੋਣਾ ਚਾਹੀਦਾ ਹੈ, ਖੋਜ ਪੇਪਰ ਪ੍ਰਕਾਸ਼ਿਤ ਕਰਨ ਚਾਹੀਦੇ ਨੇ ਅਤੇ ਹੋਰ ਨਵੀਨਤਮ ਅਧਿਆਪਣ ਵਿਧੀਆਂ ਅਪਣਾਉਣੀਆਂ ਚਾਹੀਦੀਆਂ ਹਨ । ਖੋਜ਼ ਦੇ ਲਈ ਫੰਡਾ ਦੀ ਕਮੀ ਨੂੰ ਦੂਰ ਕਰਕੇ ਖੋਜਾਰਥੀਆਂ ਨੂੰ ਪ੍ਰਤੋਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰਾਂ ਨੂੰ ਖੋਜ ਨੂੰ ਪਰਤੋਸ਼ਾਹਨ ਕਰਨ ਦੇ ਨਾਲ ਨਾਲ ਇੰਡਸਟਰੀ ਅਤੇ ਅਕਾਦਮਿਕ ਵਿੱਚ ਵੱਧ ਰਹੇ ਗੈਪ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ,
ਪ੍ਰੋਫੈਸ਼ਨਲ ਕੋਰਸਾਂ ਦੇ ਸਲੇਬਸ ਬਣਾਉਣ ਲੱਗੇ ਇੰਡਸਟਰੀਆਂ ਤੋਂ ਲੋੜੀਂਦੇ ਸੁਝਾਅ ਲੈਣੇ ਜਰੂਰੀ ਨੇ ਤਾਂ ਕਿ ਬੱਚਿਆਂ ਨੂੰ ਇੰਡਸਟਰੀ ਦੀ ਲੋੜ ਮੁਤਾਬਿਕ ਤਿਆਰ ਕੀਤਾ ਜਾ ਸਕੇ, ਪੜਾਉਣ ਸਮੇ ਆਡੀਓ ਵਿਜ਼ੂਅਲ ਸਾਧਨਾ ਦੇ ਇਸਤੇਮਾਲ ਨੂੰ ਪ੍ਰਤੋਸ਼ਾਹਿਤ ਕੀਤਾ ਜਾਵੇ,
ਅਧਿਆਪਕਾਂ ਨੂੰ ਗੈਰ ਅਕਾਦਮਿਕ ਕੰਮਾਂ ਦੇ ਬੋਝ ਤੋਂ ਮੁਕਤ ਕੀਤਾ ਜਾਵੇ , ਅਧਿਆਪਕਾਂ ਦੀ ਚੋਣ ਦਾ ਸਿਰਫ ਇੱਕੋ ਲਿਖਤੀ ਪ੍ਰੀਖਿਆ ਹੀ ਮਾਪਦੰਡ ਨਾ ਹੋਵੇ।
ਸੋ ਸਾਨੂੰ ਬਿਨਾ ਕੋਈ ਸਮਾਂ ਗਵਾਏ ਤੁਰੰਤ ਬਹੁਤ ਸਾਰੇ ਕਦਮ ਚੁੱਕਣੇ ਚਾਹੀਦੇ ਨੇ, ਜੇਕਰ ਭਾਰਤ ਸੱਚਮੁੱਚ ਹੀ 21ਵੀਂ ਸਦੀ ਵਿੱਚ ਆਪਣੇ ਵਿਸ਼ਵ ਤਾਕਤ ਬਣਨ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹੈ ਤਾਂ ਸਮੇ ਦੀਆਂ ਸਰਕਾਰਾਂ ਨੂੰ ਸਿੱਖਿਆ ਵਰਗੇ ਅਹਿਮ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ, ਕਿੱਤਾ ਮੁੱਖੀ ਸਿਖਿਆ ਨੂੰ ਉਤਸ਼ਾਹਿਤ ਕਰਨਾ ਪਵੇਗਾ, ਯੋਗਤਾ ਪਹਿਚਾਨਣ ਦੇ ਮਾਪਦੰਡ ਬਦਲਣੇ ਪੈਣਗੇ, ਸਰਕਾਰ ਦੇ ਨਾਲ ਨਾਲ ਸਾਨੂੰ ਸਭ ਨੂੰ ਵੀ ਅੱਗੇ ਆ ਕੇ ਹੰਭਲਾ ਮਾਰਨਾ ਪਵੇਗਾ ਤਾਂ ਕਿ ਅਸੀਂ ਆਪਣੇ ਸਿੱਖਿਆ ਪ੍ਰਬੰਧ ਨੂੰ ਸਮੇਂ ਦੇ ਹਾਣ ਦਾ ਬਣਾ ਸਕੀਏ, ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਓਹ ਸੰਤਾਪ ਨਾ ਭੋਗਣ ਜੋ ਮਾੜੇ ਸਿੱਖਿਆ ਪ੍ਰਬੰਧ ਕਰਕੇ ਅਸੀਂ ਭੋਗਿਆ ਹੈ।
-
ਮਨਮੀਤ ਕੱਕੜ, ਲੇਖਕ
manmeet.kakkar@yahoo.com
7986307793, 9988889322
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.