ਕਾਂਗਰਸ ਪਾਰਟੀ ਜੋ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਹੈ, ਦੇ ਰਾਜਨੀਤਕ ਅਤੇ ਸੰਗਠਨਾਤਮਿਕ ਇਤਿਹਾਸ ਤੇ ਗਹੁ ਨਾਲ ਡੂੰਘੀ ਝਾਤ ਮਾਰੀ ਜਾਏ ਤਾਂ ਪਤਾ ਚਲਦਾ ਹੈ ਕਿ ਇਹ ਕਦੇ ਵੀ ਲੋਕਤੰਤਰੀ ਸੰਗਠਨ ਨਹੀਂ ਰਹੀ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਕਾਲਾਂ ਸਮੇਂ ਕਿਸੇ ਕਾਂਗਰਸ ਪਾਰਟੀ ਨਾਲ ਸਬੰਧਿਤ ਕੇਂਦਰੀ, ਇਲਾਕਾਈ ਜਾਂ ਪ੍ਰਾਂਤਿਕ ਪੱਧਰ ਦੇ ਆਗੂ ਦੀ ਜੁਅਰਤ ਨਹੀਂ ਸੀ ਪੈਂਦੀ ਹੈ ਕਿ ਉਹ ਕਦੇ ਉਨ•ਾਂ ਸਾਹਮਣੇ ਖੰਘ ਜਾਏ। ਵੈਸੇ ਵੀ ਕਾਂਗਰਸ ਰਾਜਨੀਤਕ ਸਭਿਆਚਾਰ ਇਹ ਦਰਸਾਉਂਦਾ ਹੈ ਕਿ ਕਾਂਗਰਸ ਹਾਈ ਕਮਾਂਡ ਜਾਂ ਸਰਵਉੱਚ ਆਗੂ ਇਲਾਕਾਈ ਜਾਂ ਪ੍ਰਾਂਤਿਕ ਪੱਧਰ ਦੇ ਤਾਕਤਵਰ ਆਗੂਆਂ ਦੇ ਸਮਾਨੰਤਰ ਇਕ ਜਾਂ ਦੋ ਆਗੂ ਜਾਂ ਗਰੁੱਪਾਂ ਨੂੰ ਹਲਾਸ਼ੇਰੀ ਦੇ ਕੇ ਰਖਦੇ ਸਨ ਤਾਂ ਕਿ ਉਹ ਕਿਤੇ ਸ਼ਕਤੀਸ਼ਾਲੀ ਆਗੂ ਨਾ ਉਭਰਨ ਅਤੇ ਉਨ•ਾਂ ਨੂੰ ਅੱਖਾਂ ਵਿਖਾਉਣ ਦੀ ਗੁਸਤਾਖੀ ਨਾ ਕਰ ਸਕਣ।
ਲੇਕਿਨ ਜਦੋਂ-ਜਦੋਂ ਕੇਂਦਰੀ ਪੱਧਰ 'ਤੇ ਕਾਂਗਰਸ ਆਗੂ ਜਾਂ ਹਾਈ ਕਮਾਨ ਕਮਜ਼ੋਰ ਨਜ਼ਰ ਆਈ ਅਕਸਰ ਪ੍ਰਾਂਤਿਕ ਜਾਂ ਇਲਾਕਾਈ ਪੱਧਰ 'ਤੇ ਕਾਂਗਰਸ ਆਗੂ ਤਾਕਤਵਰ ਸਤਰਾਪ ਬਣ ਬੈਠੇ। ਕੇਂਦਰੀ ਆਗੂ ਜਾਂ ਹਾਈ ਕਮਾਨ ਦੀ ਪ੍ਰਵਾਹ ਨਾ ਕਰਦੇ। ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਬਾਅਦ ਅਕਸਰ ਕੇਂਦਰ ਅੰਦਰ ਕਮਜ਼ੋਰ, ਵਿਵਾਦਤ ਅਤੇ ਏਕਾਧਿਕਾਰ ਪ੍ਰਵਿਰਤੀ ਵਾਲੇ ਆਗੂਆਂ ਨੂੰ ਐਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਸ਼੍ਰੀ ਰਾਜੀਵ ਗਾਂਧੀ, ਨਰਸਿਮਹਾ ਰਾਉ, ਬੀਬੀ ਸੋਨੀਆ ਗਾਂਧੀ ਅਤੇ ਹੁਣ ਸ਼੍ਰੀ ਰਾਹੁਲ ਗਾਂਧੀ ਕਾਰਜਕਾਲ ਦੌਰਾਨ ਅਜਿਹਾ ਵੇਖਣ ਨੂੰ ਮਿਲਦਾ ਅਤੇ ਮਿਲਦਾ ਰਿਹਾ ਹੈ।
ਜਿਸ ਕਾਂਗਰਸ ਦੀ ਕਦੇ ਪੂਰੇ ਦੇਸ਼ ਅੰਦਰ ਤੂਤੀ ਬੋਲਦੀ ਸੀ ਅਜ ਬਹੁਤ ਹੀ ਸ਼ਰਮਨਾਕ ਅਤੇ ਕਮਜ਼ੋਰ ਰਾਜਨੀਤਕ ਸਥਿਤੀ ਵਿਚੋਂ ਗੁਜ਼ਰ ਰਹੀ ਹੈ। ਅਜ ਇਸ ਦਾ ਸਾਸ਼ਨ ਦੇਸ਼ ਦੇ 31 ਸੂਬਿਆਂ ਵਿਚੋਂ ਸਿਰਫ 4 ਤਕ ਸਿਮਟ ਕੇ ਰਹਿ ਗਿਆ ਹੈ। ਕਰਨਾਟਕ ਵਿਚ ਕੀ ਇਹ ਸੱਤਾ ਮੁੜ• ਹਾਸਲ ਕਰਦੀ ਹੈ ਜਾਂ ਨਹੀਂ ਇਹ ਮਈ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦਰਸਾ ਦੇਣਗੀਆਂ। ਕਾਂਗਰਸ ਦੇ ਨਹਿਰੂ-ਗਾਂਧੀ ਪਰਿਵਾਰ ਦੇ ਫਰਜ਼ੰਦ ਪ੍ਰਧਾਨ, ਸ਼੍ਰੀ ਰਾਹੁਲ ਗਾਂਧੀ ਅਜੇ ਤਕ ਕੋਈ ਪ੍ਰਪੱਕ ਵਿਚਾਰਧਾਰਕ, ਭੀੜ ਇਕੱਤਰ ਕਰਨ ਵਾਲੇ ਫਰਾਟੇਦਾਰ ਵਕਤਾ, ਦ੍ਰਿੜ• ਇਰਾਦੇ ਵਾਲੇ ਰਾਜਨੀਤਕ ਆਗੂ ਵਜੋਂ ਸਥਾਪਿਤ ਨਹੀਂ ਹੋ ਸਕੇ। ਇਸੇ ਕਰਕੇ ਅਕਸਰ ਪ੍ਰਾਂਤਿਕ ਅਤੇ ਇਲਾਕਾਈ ਪੱਧਰ ਦੇ ਕਾਂਗਰਸ ਆਗੂ ਵਜੋਂ ਸਥਾਪਿਤ ਨਹੀਂ ਹੋ ਸਕੇ। ਇਸੇ ਕਰਕੇ ਅਕਸਰ ਪ੍ਰਾਂਤਿਕ ਅਤੇ ਇਲਾਕਾਈ ਪੱਧਰ ਦੇ ਕਾਂਗਰਸ ਦੇ ਵਿਚਾਰਧਾਰਕ ਸੰਕਲਪਾਂ ਤੋਂ ਥਿੜਕਿਆ ਆਗੂ ਜੋ ਵੋਟ ਰਾਜਨੀਤੀ ਲਈ ਜਨੇਊ ਧਾਰਨ, ਮੰਦਰਾਂ ਦੀ ਪ੍ਰਕਰਮਾ ਕਰਨ, ਸਾਧਾਂ-ਸੰਤਾਂ ਨੂੰ ਖੁਸ਼ ਕਰਨ, ਧਰਮ ਨਿਰਪੱਖਤਾ ਨੂੰ ਨਕਾਰ ਕੇ 'ਹਿੰਦੂ ਪੱਤਾ' ਖੇਡਣ ਲਈ ਰੁਚਿਤ ਹੋਣ ਲਈ ਮਜਬੂਰ ਹੋਇਆ ਪਿਆ ਹੈ ਆਦਿ ਗੱਲਾਂ ਕਾਂਗਰਸ ਨੂੰ ਕਮਜ਼ੋਰ ਕਰਨ ਵਿਚ ਰੋਲ ਅਦਾ ਕਰ ਰਹੀਆਂ ਹਨ। ਇਸੇ ਕਰਕੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮੁਕਾਬਲੇ ਵਿਚ ਕਿਸੇ ਨਵੇਂ ਰਾਜਨੀਤਕ ਗਠਜੋੜ ਉਭਰਨ ਦੀ ਸੂਰਤ ਵਿਚ ਬਹੁਤ ਸਾਰੇ ਰਾਜਨੀਤਕ ਦਲ ਕਾਂਗਰਸ ਪਾਰਟੀ ਦੀ ਅਗਵਾਈ ਮੰਨਣ ਲਈ ਤਿਆਰ ਨਹੀਂ।
ਇਸ ਤਰ•ਾਂ ਦੇ ਉੱਭਰ ਰਹੇ ਕਾਂਗਰਸ ਰਾਜਨੀਤਕ ਭਵਿੱਖ ਅੰਦਰ ਪੰਜਾਬ ਦੇ ਕਾਂਗਰਸ ਪਾਰਟੀ ਸਬੰਧਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਕ ਅਤਿ ਸ਼ਕਤੀਸ਼ਾਲੀ ਕਾਂਗਰਸ ਸਤਰਾਪ ਵਜੋਂ ਸਥਾਪਿਤ ਹੋ ਗਏ ਹਨ। ਸਥਿਤੀ ਐਸੀ ਉਭਰਦੀ ਲਗਦੀ ਹੈ ਕਿ ਕਾਂਗਰਸ ਅੰਦਰ ਬਹੁਤ ਸਾਰੇ ਆਗੂ ਇਹ ਸੋਚ ਰਹੇ ਹਨ ਕਿ ਅਜੋਕੇ ਰਾਸ਼ਟਰੀ ਰਾਜਨੀਤਕ ਹਾਲਾਤਾਂ ਵਿਚ ਜੇਕਰ ਉਸ ਨੂੰ ਕਾਂਗਰਸ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪ ਦਿਤਾ ਜਾਏ ਤਾਂ ਕਾਂਗਰਸ ਦਾ ਇਕ ਤਾਂ ਭਵਿੱਖੀ ਪਤਨ ਰੁੱਕ ਸਕਦਾ ਹੈ, ਦੂਸਰੇ ਭਾਜਪਾ ਨੂੰ ਤਕੜੀ ਟੱਕਰ ਦਿਤੀ ਜਾ ਸਕਦੀ ਹੈ, ਤੀਸਰੇ ਬਹੁਤ ਸਾਰੇ ਇਲਾਕਾਈ ਰਾਜਨੀਤਕ ਦਲ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਰਾਸ਼ਟਰੀ ਪੱਧਰ 'ਤੇ ਰਾਜਨੀਤਕ ਦਲ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਰਾਸ਼ਟਰੀ ਪੱਧਰ 'ਤੇ ਰਾਜਨੀਤਕ ਗਠਜੋੜ ਯੂ.ਪੀ.ਏ. ਦੀ ਤਰਜ਼ ਤੇ ਗਠਤ ਕਰਨ ਲਈ ਰਾਜ਼ੀ ਹੋ ਸਕਦੇ ਹਨ। ਲੇਕਿਨ ਐਸੇ ਤਰ•ਾਂ ਦੇ ਬਦਲ ਨੂੰ ਬੂਰ ਪੈਣਾ ਸੰਭਵ ਨਹੀਂ ਲਗਦਾ।
ਕੈਪਟਨ ਅਮਰਿੰਦਰ ਸਿੰਘ ਦੀ ਰਾਜਨੀਤਕ ਕਥਨੀ ਅਤੇ ਕਰਨੀ ਨੇ ਕਾਂਗਰਸ ਪਾਰਟੀ ਅੰਦਰ ਸਿੱਧ ਕਰ ਦਿਤਾ ਹੈ ਕਿ ਉਸਦਾ ਪੰਜਾਬ ਪ੍ਰਦੇਸ਼ ਕਾਂਗਰਸ ਇਕਾਈ, ਵਿਧਾਨ ਸਭਾ ਅੰਦਰ ਕਾਂਗਰਸ ਦੇ 77 ਮੈਂਬਰੀ ਤਾਕਤਵਰ ਗਰੁੱਪ ਅਤੇ ਉਸਦੀ ਅਗਵਾਈ ਵਿਚ ਚਲ ਰਹੀ ਕਾਂਗਰਸ ਪਾਰਟੀ ਦੀ ਸਰਕਾਰ 'ਤੇ ਪੂਰਾ ਸਿੱਕਾ ਚਲ ਰਿਹਾ ਹੈ।
ਭਾਰਤੀ ਸੰਵਿਧਾਨ ਅਨੁਸਾਰ ਕੇਂਦਰੀ ਪੱਧਰ 'ਤੇ ਕੇਂਦਰ ਸਰਕਾਰ ਵਿਚ ਮੰਤਰੀ ਸ਼ਾਮਲ ਕਰਨ ਅਤੇ ਨੀਤੀ ਨਿਰਧਾਰਨ ਜਾਂ ਹੋਰ ਸੰਵਿਧਾਨਿਕ ਨਿਯੁਕਤ ਕਰਨ ਸਬੰਧੀ ਪ੍ਰਧਾਨ ਮੰਤਰੀ ਅਤੇ ਪ੍ਰਾਂਤਿਕ ਪੱਧਰ 'ਤੇ ਮੁੱਖ ਮੰਤਰੀ ਦਾ ਵਿਸ਼ੇਸ਼ਾਧਿਕਾਰ ਹੁੰਦਾ ਹੈ। ਲੇਕਿਨ ਕਾਂਗਰਸ ਹਾਈ ਕਮਾਨ ਅਤੇ ਕਾਂਗਰਸ ਪ੍ਰਧਾਨ ਅਕਸਰ ਐਸੇ ਕਾਰਜਾਂ ਵਿਚ ਦਖ਼ਲ ਅੰਦਾਜ਼ੀ ਕਰਦੇ ਰਹੇ ਹਨ ਅਤੇ ਕਰਦੇ ਹਨ। ਪਰ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਸੱਤਾ ਵਿਚ ਆਉਣ ਦੇ 13 ਮਹੀਨੇ ਬਾਅਦ ਆਪਣੀ ਪੂਰੀ ਕੈਬਨਿਟ ਦੇ ਗਠਨ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਜ਼ਰਾ ਵੀ ਟੱਸ ਤੋਂ ਮੱਸ ਨਾ ਹੁੰਦੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹਾਈ ਕਮਾਨ ਨੂੰ ਦਰਸਾ ਦਿਤਾ ਕਿ ਕੈਬਨਿਟ ਵਿਚ ਕਿਸ ਨੂੰ ਸ਼ਾਮਲ ਕਰਨਾ ਹੈ ਅਤੇ ਕਿਸ ਨੂੰ ਨਹੀਂ, ਕਿਸ ਮੰਤਰੀ ਨੂੰ ਕਿਹੜਾ ਵਿਭਾਗ ਦੇਣਾ ਹੈ, ਇਹ ਮੁੱਖ ਮੰਤਰੀ ਦਾ ਨਿਰੋਲ ਵਿਸ਼ੇਸ਼ਾਧਿਕਾਰ ਹੈ। ਉਸ ਵਲੋਂ ਤਿਆਰ ਲਿਸਟ ਤੇ ਹਾਈ ਕਮਾਨ ਅਤੇ ਪ੍ਰਧਾਨ ਨਾਲ ਵਿਚਾਰ ਵਟਾਂਦਰਾ ਤਾਂ ਕੀਤਾ ਜਾ ਸਕਦਾ ਹੈ ਪਰ ਇਸ ਸੰਬੰਧੀ ਕਿਸੇ ਵੀ ਤਰ•ਾਂ ਦੀ ਦਖ਼ਲ ਅੰਦਾਜ਼ੀ ਜਾਂ ਡਿਕਟੇਸ਼ਨ ਉਸ ਨੂੰ ਮਨਜ਼ੂਰ ਨਹੀਂ। ਹੋਵੇਗਾ ਉਹੀ ਜੋ ਉਹ ਚਾਹੁੰਦਾ ਹੈ।
ਰਾਜ ਅੰਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਤੇ ਸਾਂਸਦ ਸੁਨੀਲ ਜਾਖੜ, ਰਾਹੁਲ ਗਾਂਧੀ ਦੇ ਚਹੇਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ, ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੈਬਨਿਟ ਵਾਧੇ ਸਮੇਂ ਕੀ ਚਲ ਸਕਦੀ ਸੀ ਜਦੋਂ ਖ਼ੁਦ ਪ੍ਰਧਾਨ ਰਾਹੁਲ ਗਾਂਧੀ ਦੀ ਇਕ ਨਾ ਚਲੀ। ਸ਼੍ਰੀ ਰਾਹੁਲ ਗਾਂਧੀ ਨੇ ਕੈਬਨਿਟ ਵਾਧੇ ਸਮੇਂ ਪਰਗਟ ਸਿੰਘ ਓਲੰਪੀਅਨ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੁਲਜੀਤ ਸਿੰਘ ਨਾਗਰਾ ਦੀ ਪੁਰਜ਼ੋਰ ਸ਼ਿਫਾਰਸ਼ ਕੀਤੀ ਸੀ ਜੋ ਕੈਪਟਨ ਸਾਹਿਬ ਨੇ ਨਾ ਮੰਨੀ। ਦਾਗ਼ਦਾਰ ਹੋਣ ਕਰਕੇ ਉਨ•ਾਂ ਰਾਣਾ ਗੁਰਜੀਤ ਸਿੰਘ ਨੂੰ ਵੀ ਕੈਬਨਿਟ ਤੋਂ ਦੂਰ ਰਖਿਆ ਜੋ ਆਪਣੀ ਮੂਰਖਤਾ ਅਤੇ ਭ੍ਰਿਸ਼ਟਾਚਾਰ ਕਰਕੇ ਕੈਬਨਿਟ ਵਿਚੋਂ ਹਟਾ ਦਿਤਾ ਗਿਆ ਹੈ।
ਸ਼੍ਰੀ ਸੁਨੀਲ ਜਾਖੜ ਨਹੀਂ ਸਨ ਚਾਹੁੰਦੇ ਕਿ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ਵਿਚ ਨਾ ਲਿਆ ਜਾਏ ਪਰ ਕੈਪਟਨ ਸਾਹਿਬ ਦੀ ਅੰਦਰੂਨੀ ਕੈਬਨਿਟ ਦੇ ਇਸ ਮੈਂਬਰ ਨੂੰ ਉਨ•ਾਂ ਜਗ•ਾ ਦਿਤੀ। ਗੁਰਦਾਸਪੁਰ ਦੇ ਅੱਗ ਫੱਕਣ ਵਾਲੇ ਸੰਸਦ ਮੈਂਬਰ ਸ. ਪ੍ਰਤਾਪ ਸਿੰਘ ਬਾਜਵਾ ਦੇ ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਹੁੰਦੇ, ਗੁਰਦਾਸਪੁਰ ਦੇ ਕਾਂਗਰਸ ਆਗੂਆਂ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਦੇ ਸੁਖਬਿੰਦਰ ਸਿੰਘ ਸਰਕਾਰੀਆਂ ਆਦਿ ਨੇ ਉਸਦੀ ਵਿਰੋਧਤਾ ਜਾਰੀ ਰਖੀ ਅਤੇ ਕੈਪਟਨ ਸਾਹਿਬ ਨੂੰ ਪ੍ਰਧਾਨ ਬਣਾਉਣ ਲਈ ਸਾਥ ਦਿਤਾ। ਉਸ ਸਮੇਂ ਲੇਖਕ ਨਾਲ ਗੱਲ ਕਰਦਿਆਂ ਸ. ਪ੍ਰਤਾਪ ਸਿੰਘ ਬਾਜਵਾ ਨੇ ਦੁੱਖ ਪ੍ਰਗਟ ਕੀਤਾ ਸੀ, ''ਕਾਹਲੋਂ ਸਾਹਿਬ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਵਿਅਕਤੀ ਮੇਰਾ ਵਿਰੋਧ ਕਿਉਂ ਕਰਦੇ ਹਨ ਜਦਕਿ ਮੈਂ ਕਦੇ ਇਨ•ਾਂ ਦਾ ਕੁਝ ਵੀ ਵਿਗਾੜਿਆ ਨਹੀਂ।'' ਸੋ ਕੈਪਟਨ ਪ੍ਰਤੀ ਇਨ•ਾਂ ਵਿਧਾਇਕਾਂ ਦੀ ਵਫਾਦਾਰੀ ਕਰਕੇ ਇਨ•ਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਨਾਲ ਹੀ ਵਧੀਆ ਮਹਿਕਮੇ ਦਿਤੇ ਗਏ। ਇਵੇਂ ਹੀ ਦੀਨਾਨਗਰ ਹਲਕੇ ਤੋਂ ਰਜ਼ੀਆ ਸੁਲਤਾਨਾ ਵਾਂਗ ਕੈਬਨਿਟ ਮੰਤਰੀ ਬਣਾਇਆ ਗਿਆ ਅਤੇ ਉਸ ਵਲੋਂ ਮੰਗ ਕਰਨ ਤੇ ਸਿੱਖਿਆ ਵਿਭਾਗ ਤੋਂ ਜਾਨ ਛੁਡਾ ਕੇ ਵਧੀਆ ਟਰਾਂਸਪੋਰਟ, ਸਮਾਜਿਕ ਸੁਰਖਿਆ, ਮਹਿਲਾ ਅਤੇ ਬਾਲ ਵਿਕਾਸ ਮਹਿਕਮਾ ਦਿਤਾ।
ਵਿਭਾਗਾਂ ਦੀ ਵੰਡ ਸਮੇਂ ਉਚੇਰੀ ਸਿਖਿਆ ਹਾਇਰ ਸੈਕੰਡਰੀ ਪਾਸ ਬੀਬੀ ਰਜ਼ੀਆ ਸੁਲਤਾਨਾ ਨੂੰ ਸੌਂਪ ਕੇ ਕੈਪਟਨ ਨੇ ਸਾਬਤ ਕਰ ਦਿਤਾ ਕਿ ਸਿਖਿਆ ਦੂਸਰੀਆਂ ਸਰਕਾਰਾਂ ਵਾਂਗ ਉਸਦੀ ਸਰਕਾਰ ਦੀ ਪਹਿਲ ਨਹੀਂ। ਹਕੀਕਤ ਇਹ ਹੈ ਕਿ ਪ੍ਰਬੁੱਧ ਜਥੇਦਾਰ ਸੇਵਾ ਸਿੰਘ ਸੇਖ਼ਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਅਤਿਵਾਦ ਦੇ 10-12 ਸਾਲਾਂ ਵਿਚ ਲੰਬੀ ਅਤੇ ਅੱਧਮੋਈ ਕੀਤੀ ਸਿਖਿਆ ਨੂੰ ਮੁੜ• ਵਿਕਾਸ ਦੀਆਂ ਲੀਹਾਂ 'ਤੇ ਚੜਾਉਣ ਲਈ ਕਦੇ ਕਿਸੇ ਸਿਖਿਆ ਮੰਤਰੀ ਨੇ ਕੁਝ ਨਹੀਂ ਕੀਤਾ। ਲੇਕਿਨ ਜਥੇਦਾਰ ਸੇਖ਼ਵਾਂ ਵਲੋਂ ਪੰਜਾਬ ਨੂੰ ਗਲੋਬਲ ਪੱਧਰ ਦੀ ਸਿਖਿਆ ਨੀਤੀ ਦੇਣ ਦੇ ਯਤਨਾਂ ਨੂੰ ਉਦੋਂ ਵੱਡਾ ਝਟਕ ਲਗਾ ਜਦੋਂ ਉਸ ਵਲੋਂ ਸਥਾਪਿਤ ਉੱਚ ਪੱਧਰੀ ਵਿਦਵਾਨਾਂ ਦੀ ਕਮੇਟੀ ਦੀ ਅੰਤਰਿਮ ਰਿਪੋਰਟ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਹਿਮੀਅਤ ਦੇਣ ਅਤੇ ਲਾਗੂ ਕਰਨ ਤੋਂ ਦੜ• ਵੱਟ ਲਈ। ਸਿਖਿਆ ਬਗੈਰ ਕਿਸੇ ਵੀ ਵਿਅਕਤੀ, ਸਮਾਜ, ਦੇਸ਼ ਦਾ ਵਿਕਾਸ ਸੰਭਵ ਨਹੀਂ।
ਪੰਜਾਬ ਅੰਦਰ ਦਲਿਤ ਵਰਗ ਦੀ ਅਬਾਦੀ 31.94 ਪ੍ਰਤੀਸ਼ਤ ਹੈ ਭਾਵ 88.60 ਲੱਖ। ਕਾਂਗਰਸ ਪਾਰਟੀ ਨੂੰ ਇਤਿਹਾਸਕ ਜਿੱਤ ਸੰਨ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪ੍ਰਾਪਤ ਕਰਨ ਲਈ 21.56 ਪ੍ਰਤੀਸ਼ਤ ਦਲਿਤਾਂ ਨੇ ਯੋਗਦਾਨ ਪਾਇਆ। ਵਿਧਾਨ ਸਭਾ ਅੰਦਰ 34 ਦਲਿਤ ਸੀਟਾਂ ਵਿਚੋਂ ਕਾਂਗਰਸ ਨੇ 21 ਜਿਤੀਆਂ। ਪਰ ਕੈਬਨਿਟ ਵਿਚ ਸਿਰਫ ਉਸਦੇ ਤਿੰਨ ਪ੍ਰਤੀਨਿਧ ਸ਼ਾਮਲ ਕਰਕੇ ਕੈਪਟਨ ਸਾਹਿਬ ਨੇ ਉਨ•ਾਂ ਨਾਲ ਇਨਸਾਫ ਨਹੀਂ ਕੀਤਾ। ਨਤੀਜੇ ਵਜੋਂ ਬਹੁਤ ਸਾਰੇ ਦਲਿਤ ਵਿਧਾਇਕ ਨਰਾਜ਼ ਹੋ ਗਏ।
ਕੈਬਨਿਟ ਵਾਧੇ ਸਮੇਂ ਮੰਨੇ-ਪ੍ਰਮੰਨੇ ਦਾਅਵੇਦਾਰ ਨਰਾਜ਼ ਕੀਤੇ ਜਾਣ ਕਰਕੇ ਸਹੁੰ ਚੁੱਕ ਸਮਾਰੋਹ ਵਿਚੋਂ 25 ਵਿਧਾਇਕ ਗਾਇਬ ਰਹੇ। ਨਰਾਜ਼ ਅਤੇ ਨਿਰਾਸ਼ ਨਵਜੋਤ ਸਿੰਘ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਬਗੈਰ ਕੁਝ ਖਾਧੇ-ਪੀਤੇ ਇਸ ਸਮਾਰੋਹ ਵਿਚੋਂ ਚਲਦੇ ਬਣੇ। ਵੈਸੇ ਤਾਂ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਤੋਂ ਵਿੱਤ ਮੰਤਰਾਲਾ ਵਾਪਸ ਲੈ ਕੇ ਬ੍ਰਹਮ ਮਹਿੰਦਰਾ ਜਾਂ ਕਿਸੇ ਹੋਰ ਨੂੰ ਸੌਂਪਣਾ ਚਾਹੁੰਦੇ ਸਨ ਪਰ ਉਨ•ਾਂ ਨੇ ਨਰਾਸ਼ ਅਤੇ ਨਰਾਜ਼ ਮਨਪ੍ਰੀਤ ਬਾਦਲ ਨੂੰ ਭੜਕਾਉਣ ਤੋਂ ਗੁਰੇਜ਼ ਕੀਤਾ।
ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੀ ਇੱਛਾ ਮੁਤਾਬਿਕ ਕੈਪਟਨ ਨੇ ਕੈਬਨਿਟ ਦਾ ਅਕਸ ਸਾਫ਼ ਸੁਥਰਾ ਰਖਣ ਦਾ ਪੂਰਾ ਯਤਨ ਕੀਤਾ। ਹੁਣ ਉਸ ਦੀ ਸਲਾਹਕਾਰਾਂ ਦੀ ਟੀਮ ਨੇ ਨਰਾਜ਼ ਵਿਧਾਇਕਾਂ ਜਿਵੇਂ ਸੰਗਤ ਸਿੰਘ ਗਿੱਲ ਜੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਨੱਥੂ ਰਾਮ, ਸੁਰਜੀਤ ਸਿੰਘ ਧੀਮਾਨ, ਕਾਕਾ ਰਣਦੀਪ ਸਿੰਘ, ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ, ਨਵਤੇਜ ਚੀਮਾ, ਰਾਜ ਕੁਮਾਰ ਵੇਰਕਾ ਆਦਿ ਨੂੰ ਮਨਾਉਣ ਲਈ ਕੋਸ਼ਿਸ਼ਾਂ ਜਾਰੀ ਕਰ ਦਿਤੀਆਂ ਹਨ। ਬਹੁਤ ਸਾਡੇ ਚੇਅਰਮੈਨੀਆਂ ਦੇ ਪਦ ਖਾਲੀ ਹਨ। 'ਅਸਿਸਟੈਂਟ ਟੂ ਮਨਿਸਟਰਜ਼' ਦੀ ਸਕੀਮ ਅਧੀਨ ਵੀ ਵਿਧਾਇਕ ਅਡਜਸਟ ਕਰਨ ਦੀ ਸਕੀਮ ਹੈ।
ਪਿਛਲੇ 13 ਮਹੀਨਿਆਂ ਵਿਚ ਕਾਂਗਰਸ ਮੈਨੀਫੈਸਟੋ ਅਨੁਸਾਰ ਅਜੇ ਤਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ। ਕਿਸਾਨਾਂ ਦੇ ਕਰਜ਼ੇ ਸਿਰਫ ਸਹਿਕਾਰੀ ਬੈਂਕਾਂ ਸਬੰਧੀ ਅੱਧੇ-ਅਧੂਰੇ ਮੁਆਫ ਹੋਏ ਹਨ। ਲੋਕ ਤਾਂ ਕਹਿੰਦੇ ਹਨ ਕਿ ਪੰਜਾਬ ਸਰਕਾਰ ਚੱਪਣੀ 'ਚ ਨੱਕ ਡੋਬ ਕੇ ਕਿਉਂ ਨਹੀਂ ਮਰ ਜਾਂਦੀ ਕਿਉਂਕਿ ਲਗਾਤਾਰ ਰੋਜ਼ਾਨਾ ਇਕ-ਦੋ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਪੂਰੇ ਪੰਜਾਬ ਦੇ ਸ਼ਹਿਰ-ਕਸਬੇ ਗਟਰਾਂ 'ਤੇ ਖੜ•ੇ ਹਨ, ਸੀਵਰੇਜ ਦਾ ਪ੍ਰਬੰਧ ਅਤਿ ਨਾਕਸ ਹੈ, ਨਹਿਰਾਂ ਦਾ ਬੁਰਾ ਹਾਲ ਹੈ, ਸੂਏ ਬੰਦ ਪਏ ਹਨ, ਟੇਲ ਤਕ ਪਾਣੀ ਨਹੀਂ ਪਹੁੰਚਦਾ, ਨਸ਼ੀਲੇ ਪਦਾਰਥਾਂ ਦੀ ਵਿਕਰੀ ਅਤੇ ਸੇਵਨ ਧੜੱਲੇ ਨਾਲ ਜਾਰੀ ਹੈ, ਬੇਰੋਜ਼ਗਾਰੀ ਕਰਕੇ ਨੌਜਵਾਨ ਬਦੇਸ਼ਾਂ ਵਲ ਧੱਕੇ ਖਾਣ, ਨਸ਼ੇ ਕਰਨ, ਗੈਂਗਸਟਰਾਂ ਨਾਲ ਰਲਣ ਲਈ ਮਜਬੂਰ ਹਨ, ਡੀ.ਏ. ਦੀਆਂ ਕਿਸ਼ਤਾਂ, ਬਕਾਇਆ, ਕੱਚਿਆਂ ਨੂੰ ਪੱਕੇ ਨਾ ਕਰਨ ਕਰਕੇ ਮੁਲਾਜ਼ਮ ਵਰਗ ਨਰਾਜ਼ ਤੇ ਨਿਰਾਸ਼ ਹੈ, ਸਰਕਾਰ-ਮੰਤਰੀਆਂ ਅਤੇ ਅਫਸਰਸ਼ਾਹੀ ਵਿਚ ਤਾਲਮੇਲ ਨਾ ਹੋਣ ਕਰਕੇ ਸਾਸ਼ਨ ਵਿਵਸਥਾ ਗੰਧਲੀ, ਭ੍ਰਿਸ਼ਟ ਅਤੇ ਆਪੋ-ਧਾਪੀ ਦੀ ਸ਼ਿਕਾਰ ਹੋਈ ਪਈ ਹੈ। ਭਾਵੇਂ ਕੈਪਟਨ ਸਾਹਿਬ ਨੇ ਆਪਣੀ ਪਿਛਲੀ ਸਰਕਾਰ ਦੇ ਬਦਲਾਖੋਰੀ ਦੇ ਭੈੜੇ ਤਜ਼ਰਬੇ ਤੋਂ ਇਸ ਵਾਰ ਤੋਬਾ ਕਰਦੇ ਕੁਝ ਵਿਧਾਇਕਾਂ ਅਤੇ ਮੰਤਰੀਆਂ ਦੇ ਬਾਅਦ ਦੇ ਬਾਵੂਦ ਇਸ ਤੋਂ ਟਾਲਾ ਵਟਿਆ ਹੈ ਪਰ ਉਨ•ਾਂ ਵਿਚ ਉਸ ਸਰਕਾਰ ਵਾਲਾ ਜਲਵਾ ਅਤੇ ਜਾਹੋ-ਜਲਾਲ ਗਾਇਬ ਹੈ। ਇਸੇ ਕਰਕੇ ਅਜੇ ਤਕ ਰਾਜ ਅੰਦਰ ਬਾਹਰੀ ਨਿਵੇਸ਼ ਵੀ ਮਨਫੀ ਹੈ।
ਕੈਪਟਨ ਸਾਹਿਬ ਦਾ ਮੰਤਰੀ ਮੰਡਲ ਪੂਰਾ ਹੋ ਚੁੱਕਾ ਹੈ ਬਲਕਿ ਉਨ•ਾਂ ਸੰਵਿਧਾਨਿਕ ਹੱਦਾਂ ਤੋੜਦੇ ਇਕ ਮੰਤਰੀ ਵਧ ਭਰਤੀ ਕਰ ਲਿਆ ਹੈ ਜਿਸ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦੇ ਦਿਤੀ ਗਈ ਹੈ। ਖੈਰ! ਕੈਪਟਨ ਸਾਹਿਬ ਨੂੰ ਸਭ ਮੰਤਰੀਆਂ, ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਰਾਹੀਂ ਪੰਜਾਬ ਦੀਆਂ ਰਾਜਨੀਤਕ, ਧਾਰਮਿਕ, ਆਰਥਿਕ, ਸਮਾਜਿਕ, ਦੁਸ਼ਵਾਰੀਆਂ ਦੂਰ ਕਰਨ ਲਈ ਮੁੜ ਤੋਂ ਆਪਣਾ ਜਲੌਅ ਕਾਇਮ ਕਰਕੇ ਜੁੱਟ ਜਾਣਾ ਚਾਹੀਦਾ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
416-887-2550
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.