ਖ਼ਬਰ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਏ ਟੀ ਐਮ ਖਾਲੀ ਪਏ ਹਨ। ਰਿਜ਼ਰਵ ਬੈਂਕ ਇੰਡੀਆ ਦਾ ਕਹਿਣਾ ਹੈ ਕਿ ਨਵੇਂ ਨੋਟਾਂ ਦੀ ਛਪਾਈ ਵੱਡੇ ਪੱਧਰ ਤੇ ਹੋ ਰਹੀ ਹੈ। ਪ੍ਰਾਪਤ ਡਾਟਾ ਅਨੁਸਾਰ ਲੋਕ ਕੈਸ਼ ਦੀ ਜਮ੍ਹਾਂਖੋਰੀ ਵਿੱਚ ਲੱਗੇ ਹੋਏ ਹਨ। ਲੋਕ ਜਿੰਨ੍ਹਾਂ ਪੈਸਾ ਬੈਂਕ 'ਚੋਂ ਕਢਵਾ ਰਹੇ ਹਨ, ਉਤਨਾ ਖਰਚ ਨਹੀਂ ਰਹੇ। 20 ਅਪ੍ਰੈਲ ਨੂੰ ਖਤਮ ਹੋਏ ਹਫ਼ਤੇ 'ਚ ਬੈਂਕਾਂ 'ਚੋਂ 16340 ਕਰੋੜ ਕਢਵਾਏ ਗਏ। ਕਰੰਸੀ ਸਰਕੂਲੇਸ਼ਨ 20 ਅਪ੍ਰੈਲ ਤੱਕ 18.9 ਲੱਖ ਕਰੋੜ ਹੈ। ਕੈਸ਼ ਦੀ ਜਮ੍ਹਾਂਖੋਰੀ ਵਿੱਚ ਆਈ ਤੇਜ਼ੀ ਨਾਲ ਮੋਦੀ ਦੁਆਰਾ ਨੋਟਬੰਦੀ ਦੇ ਕਦਮ ਤੋਂ ਲੋਕਾਂ ਤੇ ਸਰਕਾਰ ਨੇ ਕੀ ਪ੍ਰਾਪਤ ਕੀਤਾ, ਇਸ ਸਬੰਧੀ ਸਵਾਲ ਉਠ ਰਹੇ ਹਨ।
ਨੋਟਬੰਦੀ ਆਈ, ਕਈ ਗੁਜ਼ਰੇ, ਕਈ ਗੁਜ਼ਰਣ ਵਾਲੇ ਬਣ ਗਏ। ਨੋਟਬੰਦੀ ਆਈ, ਇੱਕ ਹਨੇਰੀ ਲਿਆਈ। ਕਈ ਇਸ 'ਚ ਉੜੇ, ਕਈ ਰੁੜ੍ਹੇ, ਕਈ ਹੋਏ ਮਾਲੋ-ਮਾਲ! ਨੋਟਬੰਦੀ ਆਈ, ਮੋਟੇ ਢਿੱਡਾਂ ਵਾਲੇ ਹੋਏ ਖੁਸ਼ਹਾਲ!
ਦੇਸ਼ ਦੀ ਅਸਲੀ ਰਾਣੀ ਮੁਸਕੁਰਾਈ। ਦੇਸ਼ ਦਾ ਰਾਜਾ ਹੋਇਆ ਖੁਸ਼, ਰੰਗਾ ਖੁਸ਼! ਤਹਿਖਾਨੇ ਜਾਅਲੀ ਨੋਟਾਂ ਨਾਲ ਭਰੇ! ਮੁੜ ਸੱਜਰੇ ਨੋਟ ਆਏ। ਮੋਟੀਆਂ ਕੰਧਾਂ ਵਾਲੀਆਂ ਕੋਠੜੀਆਂ ਦਾ ਸ਼ਿੰਗਾਰ ਬਣੇ। ਜ਼ਾਲਮ ਲੁਟੇਰਿਆਂ, ਲੋਕਾਂ 'ਚ ਛਮ-ਛਮ ਚਾਨਣੀ ਫੈਲਾਈ, ਭਰਮ ਪਾਲਿਆ, ਹੁਣ ਦੇਸ਼ ਖੁਸ਼ਹਾਲ ਹੋ ਜਾਊ। ਹੀਰੇ- ਮੋਤੀਆਂ ਦੀ ਪਰਖ ਵਾਲੇ ਹਾਕਮ ਨੇ ਚਾਰੇ ਪਾਸੇ ਇਤਰ-ਫੁਲੇਲ ਫੈਲਾ ਦਿੱਤਾ! ਵੇਖੋ ਨਾ ਇਸ ਨਾਲ ਕਿੱਡਾ ਵਿਕਾਸ ਹੋਇਆ ਹੈ। ਦੇਸ਼ ਹੋਰ ਵੀ ਜਿਆਦਾ ਕੰਗਾਲ ਹੋਇਆ ਹੈ।
ਇਹੋ ਜਿਹੀ ਹਾਲਤ ਸੱਚੋ ਸੱਚੀ ਦੱਸ ਸਮੇਂ, ਹਾਕਮ ਦਾ ਕੀ ਨਾਮ ਧਰੇਂਗਾ? ਪ੍ਰਧਾਨ ਸੇਵਕ ਜਾਂ ਕੁਝ ਹੋਰ?
ਗਿੱਲੇ ਗੋਹੇ ਧੁੱਖਦੇ, ਕਦੇ ਮੱਚਦੇ ਨਹੀਂ
ਭਾਵੇਂ ਨਿਉਂ ਨਿਉਂ ਚੁੱਲ੍ਹੇ 'ਚ ਮਾਰ ਫੂਕਾਂ
ਖ਼ਬਰ ਹੈ ਕਿ ਪੰਜਾਬ 'ਚ ਕੈਬਨਿਟ ਵਾਧੇ ਤੋਂ ਪਹਿਲਾਂ ਪੰਜਾਬ ਦੇ ਮੁੱਖਮੰਤਰੀ ਵਲੋਂ ਘੋਸ਼ਣਾ ਕੀਤੀ ਗਈ ਸੀ ਕਿ ਇੱਕ ਇੱਕ ਮੰਤਰੀ ਨਾਲ ਇੱਕ ਇੱਕ ਵਿਧਾਇਕ ਸਹਾਇਕ ਦੇ ਤੌਰ ਤੇ ਲਾਇਆ ਜਾਵੇਗਾ। ਪਰ ਹੁਣ ਇਸ ਘੋਸ਼ਣਾ ਉਤੇ ਕੰਮ ਠੰਡਾ ਪੈ ਗਿਆ ਹੈ ਅਤੇ ਸੂਬੇ ਦੇ ਲਗਭਗ 28 ਬੋਰਡਾਂ ਵਿੱਚ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਕੈਬਨਿਟ ਵਿਸਥਾਰ ਦੇ ਤਹਿਤ ਐਸ ਸੀ, ਬੀ ਸੀ ਜਾਂ ਪਛੜਾ ਵਰਗ ਦੇ ਕਿਸੇ ਵਿਧਾਇਕ ਨੂੰ ਮੰਤਰੀ ਪਦ ਨਹੀਂ ਮਿਲਿਆ, ਤਦ ਕਰਕੇ ਵਿਧਾਇਕ ਨਾਰਾਜ਼ ਹਨ।
ਹੱਥ 'ਚ ਡਿਗਰੀਆਂ ਹਨ। ਥੈਲੇ, ਬਾਪੂ ਦੀ ਜ਼ਮੀਨ ਵੇਚ ਨੋਟਾਂ ਨਾਲ ਭਰੇ ਹਨ। ਏਜੰਟ, ਮੂਹਰੇ ਢੇਰੀ ਕੀਤੇ ਹਨ! ਜਿੰਨੇ ਚਾਹੀਦੇ ਆ, ਲੈ ਲੈ! ਭਾਈ ਪ੍ਰਦੇਸ ਦੀ ਜੇਲ੍ਹ ਭੇਜ ਦੇ! ਉਥੇ ਕਮਾ ਲਵਾਂਗੇ, ਕੁਝ ਖਾ ਲਵਾਂਗੇ। ਘਰਦਿਆਂ ਨੂੰ ਫੋਕੀਆਂ ਖੁਸ਼ੀਆਂ ਦੇ ਗੱਫਿਆਂ ਨਾਲ ਸੁਆ ਦਿਆਂਗੇ।
ਇਸੇ ਦੇਸ਼ ਦੇ ਰਾਜੇ ਨੇ ਚੋਣਾਂ ਜਿੱਤੀਆਂ! ਨੌਕਰੀਆਂ ਦੇ ਵਾਅਦੇ ਕੀਤੇ। ਨਸ਼ਿਆਂ ਦੇ ਖਾਤਮੇ ਦਾ ਅਹਿਦ ਕੀਤਾ। ਆਖਿਆ ਸੇਵਕ ਬਣਾਂਗੇ। ਲੋਕਾਂ ਦੇ ਦੁੱਖ ਦੂਰ ਕਰਾਂਗੇ! ਪੈਰਾਂ ਹੇਠ ਬਟੇਰਾ ਆਇਆ। ਝੰਡੀ ਵਾਲੀ ਕਾਰ ਮਿਲੀ! ਸਾਰੇ ਵਾਅਦੇ ਰਫੂ ਚੱਕਰ! ਸਾਰੀਆਂ ਕਸਮਾਂ ਫੁਰਨ ਫੁਰਨ! ਸੇਵਕਾਂ ਨੂੰ ਝੰਡੀ ਚਾਹੀਦੀ ਆ। ਚਿੱਟਾ ਰੁਮਾਲ, ਚਿੱਟਾ ਤੋਲੀਆ, ਚਿੱਟੀ ਕਾਰ, ਚਿੱਟੀ ਕੋਠੀ! ਨਹੀਂ ਮਿਲੀ ਤਾਂ "ਹਾਕਮਾਂ ਤੂੰ ਕੌਣ ਮੈਂ ਕੌਣ?"
ਦੇਸ਼ ਪੰਜਾਬ ਤਾਂ ਰੁੜਿਆ ਪਿਆ। ਦੇਸ਼ ਪੰਜਾਬ ਤਾਂ ਸੜਿਆ ਪਿਆ। ਦੇਸ਼ ਪੰਜਾਬ ਤਾਂ ਬੁਸਿਆ ਪਿਆ। ਦੇਸ਼ ਪੰਜਾਬ ਤਾਂ ਤੜਫਿਆ ਪਿਆ। ਨੌਜਵਾਨਾਂ ਹੱਥ ਬਗਲੀ ਹੈ, ਕਿਸਾਨਾਂ ਹੱਥ ਸੰਗਲੀ ਹੈ ਅਤੇ ਆਮ ਲੋਕ ਗਿੱਲੇ ਗੋਹੇ ਦੀ ਤਰ੍ਹਾਂ ਧੁੱਖ ਰਹੇ ਹਨ। ਮਚ ਰਹੇ ਹਨ। ਰਾਹ ਹੀ ਕੋਈ ਨਹੀਂ। ਕੁਝ ਕਲਮਾਂ ਰੋਸ਼ਨੀ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸ਼ਿੰਕਜ਼ਾ ਹੀ ਐਨਾ ਹੈ ਕਿ ਹਰ ਕੋਈ ਆਤੁਰ ਹੋਇਆ ਪਿਆ। ਅਤੇ ਹਾਲ ਦੀ ਘੜੀ ਸੋਚ ਰਿਹਾ, " ਗਿੱਲੇ ਗੋਹੇ ਧੁੱਖਦੇ ਕਦੇ ਮਚਦੇ ਨਹੀਂ, ਭਾਵੇਂ ਨਿਉਂ ਨਿਉਂ ਚੁੱਲ੍ਹੇ 'ਚ ਮਾਰ ਫੂਕਾਂ"।
ਜਦੋਂ ਚੋਣਾਂ ਦਾ ਮੌਸਮ ਨਜ਼ਦੀਕ ਆਉਂਦੈ
ਕਿਧਰੇ ਹੋਏ ਰੈਲੀ ਕਿਧਰੇ ਹੋਏ ਰੈਲਾ
ਖ਼ਬਰ ਹੈ ਕਿ ਚੋਣ ਕਮਿਸ਼ਨ ਵਲੋਂ ਪੰਜਾਬ ਦੇ ਵਿਧਾਨ ਸਭਾ ਹਲਕੇ ਸ਼ਾਹਕੋਟ ਦੀ ਉਪ-ਚੋਣ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ। ਕਮਿਸ਼ਨ ਮੁਤਾਬਕ ਸਾਹਕੋਟ ਵਿਧਾਨ ਸਭਾ ਖੇਤਰ ਦੀ ਉਪ ਚੋਣ 28 ਮਈ ਨੂੰ ਹੋਏਗੀ। ਸੂਬੇ ਕਰਨਾਟਕ ਵਿੱਚ ਵੀ ਚੋਣਾਂ ਹੋ ਰਹੀਆਂ। ਨਰੇਂਦਰ ਮੋਦੀ ਨੇ ਐਪ ਦੇ ਜਰੀਏ ਕਾਂਗਰਸ ਉਤੇ ਹਮਲਾ ਬੋਲਿਆ ਤੇ ਕਿਹਾ ਕਿ ਕਾਂਗਰਸ ਵਲੋਂ ਉਠਾਏ 50 ਨੁਕਤਿਆਂ ਵਿਚੋਂ 45 ਝੂਠੇ ਹਨ। ਉਧਰ ਅਮਿਤ ਸ਼ਾਹ ਨੇ ਕਰਨਾਟਕ ਦੇ ਲੰਗਾਇਤ ਸਮੁਦਾਏ ਦੇ ਸੰਤਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾ ਤੋਂ ਵੋਟਾਂ ਦੀ ਮੰਗ ਕੀਤੀ ਹੈ।
ਚਾਅ ਚੜ੍ਹਿਆ ਪਿਆ ਨੇਤਾਵਾਂ ਨੂੰ ਚੋਣਾਂ ਦਾ! ਚੋਣਾਂ ਭਾਵੇਂ ਉਪ- ਚੋਣਾਂ ਹੋਣ ਜਾਂ ਆਮ ਚੋਣਾਂ। ਚੋਣਾਂ ਤਾਂ ਚੋਣਾਂ ਹੀ ਹੁੰਦੀਆਂ ਆ ਭਾਵੇਂ ਪੰਚਾਇਤੀ ਹੋਣ। ਜਿਵੇਂ ਬੰਦਾ ਜੰਝ ਚੜ੍ਹਨ ਲਈ ਨਵੇਂ ਕੱਪੜੇ ਸੁਆਉਂਦਾ ਆ, ਨੇਤਾ ਲੋਕ ਆਪਣੇ ਨਵੇਂ ਚਿਹਰੇ ਬਣਾਉਂਦੇ ਆ। ਮੂੰਹ 'ਚ ਮਿਸ਼ਰੀ ਘੋਲਦੇ ਆ। ਇੱਕ ਹੱਥ ਬਗਲੀ ਫੜਕੇ ਵਾਅਦਿਆਂ ਦਾ ਪ੍ਰਸ਼ਾਦ ਵੰਡਦੇ ਆ, ਦੂਜੇ ਹੱਥ ਬਗਲੀ 'ਚ ਚੰਦਾ ਕੱਠਾ ਕਰ, ਰਤਾ ਮਾਸਾ ਇਹਦਾ ਸੁਆਦ ਵੋਟਰਾਂ ਨੂੰ ਚਟਾਉਂਦੇ ਆ, ਬਾਕੀ ਦਾ ਖ਼ੁਦ ਹਜ਼ਮ ਕਰਦੇ ਆ।
ਭਾਈ ਜਦੋਂ ਚੋਣਾਂ ਦਾ ਮੌਸਮ ਆਉਂਦਾ, ਪਤਾ ਨਹੀਂ ਕਿਥੋਂ ਟਿੱਡੀ ਦਲ ਦੀ ਤਰ੍ਹਾਂ, ਲੋਕ ਰੈਲੀਆਂ 'ਚ ਭੱਜੇ ਤੁਰੇ ਆਉਂਦੇ ਆ। ਹੱਥ ਝੰਡੇ! ਹੱਥ ਤਖਤੀਆਂ। ਉਹੀ ਤਖਤੀਆਂ ਜਿਹੜੀਆਂ ਬਾਅਦ 'ਚ ਲੋਕਾਂ ਦੀ ਸੰਘੀ ਘੁੱਟਣ ਲਈ ਨੇਤਾ ਪੰਜ ਸਾਲ ਵਰਤਦੇ ਆ। "ਜਦੋਂ ਚੋਣਾਂ ਦਾ ਮੌਸਮ ਨਜ਼ਦੀਕ ਆਉਂਦੈ, ਕਿਧਰੇ ਹੋਏ ਰੈਲੀ, ਕਿਧਰੇ ਹੋਏ ਰੈਲਾ", ਪਰ ਇਹੋ ਰੈਲਾ ਲੋਕਾਂ ਦੇ ਗਲੇ ਦੀ ਰੱਸੀ ਬਣਦਾ ਭਾਈ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਵਿਸ਼ਵ ਬੈਂਕ ਨੇ ਭਾਰਤ ਵਿੱਚ ਲਾਗੂ ਜੀ ਐਸ ਟੀ ਨੂੰ ਸਭ ਤੋਂ ਵੱਧ ਜਟਿਲ ਕਰਾਰ ਦਿੱਤਾ ਹੈ। ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ 115 ਦੇਸ਼ਾਂ ਵਿੱਚ ਭਾਰਤ ਵਿੱਚ ਟੈਕਸ ਦਰ ਦੂਜੇ ਨੰਬਰ ਦੀ ਸਭ ਤੋਂ ਉੱਚੀ ਹੈ। ਵਿਸ਼ਵ ਬੈਂਕ ਨੇ ਭਾਰਤ ਦੇ ਵਿਕਾਸਸ਼ੀਲ ਦੇਸ਼ ਦਾ ਟੈਗ ਵੀ ਹਟਾ ਦਿੱਤਾ ਹੈ। ਭਾਰਤ ਨੂੰ ਹੁਣ ਪਾਕਿਸਤਾਨ, ਜਾਂਬੀਆਂ ਜਿਹੇ ਦੇਸ਼ਾਂ ਬਰਾਬਰ ਰੱਖਿਆ ਹੈ, ਜਿਥੋਂ ਦੀ ਅਰਥ ਵਿਵਸਥਾ ਡਾਵਾਂਡੋਲ ਹੈ।
ਇੱਕ ਵਿਚਾਰ
ਆਪਣੀ ਅਹਿਮੀਅਤ ਜਾਣੋ। ਲੋਕ ਸਦਾ ਇਹੀ ਸੋਚਦੇ ਹਨ ਕਿ ਉਹ ਤੁਹਾਡੇ ਲਈ ਉਤਨਾ ਹੀ ਕਰ ਰਹੇ ਹਨ, ਜਿਤਨਾ ਤੁਸੀਂ ਉਹਨਾ ਲਈ ਨਹੀਂ ਕਰਦੇ.........ਕਾਨੇ ਵੇਸਟ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.