ਖ਼ਬਰ ਹੈ ਕਿ ਪੰਜਾਬ ਵਜ਼ਾਰਤ ਵਿੱਚ ਅਮਰਿੰਦਰ ਸਿੰਘ ਮੁੱਖਮੰਤਰੀ ਵਲੋਂ ਵਾਧਾ ਕੀਤਾ ਜਾ ਰਿਹਾ ਹੈ। ਇਸ ਵੇਲੇ ਕੈਪਟਨ ਵਜ਼ਾਰਤ ਵਿੱਚ 8 ਮੰਤਰੀ ਹਨ ਅਤੇ 7 ਹੋਰ ਮੰਤਰੀ ਕੈਬਨਿਟ ਵਿੱਚ ਸ਼ਾਮਲ ਕੀਤੇ ਜਾਣਗੇ। ਚਰਚਾ ਹੈ ਕਿ ਇਹਨਾ 15 ਜਾਂ 16 ਦੀ ਗਿਣਤੀ ਪੂਰੇ ਮੰਤਰੀਆਂ ਨਾਲ 15 ਜਾਂ 16 ਵਿਧਾਇਕਾਂ ਨੂੰ ਉਹਨਾ ਨਾਲ ਅਸਿੱਸਟੈਂਟ ਲਗਾਕੇ ਕੰਮ ਸਿਖਾਇਆ ਜਾਏਗਾ। ਅਤੇ ਕੁਝ ਵਿਧਾਇਕਾਂ ਨੂੰ ਵੱਖੋ-ਵੱਖਰੀਆਂ ਕਾਰਪੋਰੇਸ਼ਨਾਂ, ਜਾਂ ਬੋਰਡਾਂ ਦੇ ਚੇਅਰਮੈਨ ਜਾਂ ਮੁੱਖੀ ਬਣਾ ਦਿੱਤਾ ਜਾਏਗਾ। ਖ਼ਬਰ ਇਹ ਵੀ ਹੈ ਕਿ ਉਚ ਪ੍ਰਾਸ਼ਨਿਕ ਅਧਿਕਾਰੀਆਂ ਅਤੇ ਉੱਚ ਪੁਲਿਸ ਅਧਿਕਾਰੀਆਂ 'ਚ ਆਪਸੀ ਰੰਜ਼ਸ਼ ਕਾਰਨ ਦੋ-ਦੋ ਧੜੇ ਬਣੇ ਹੋਏ ਹਨ, ਜਿਹੜੇ ਇਕੋ ਦੂਜੇ ਨਾਲ ਪੱਗੋ-ਲੱਥੀ ਤਾਂ ਹੁੰਦੇ ਹੀ ਹਨ, ਅਦਾਲਤੀ ਜਾਕੇ ਵੀ ਡਾਂਗੋ ਸੋਟੀ ਹੁੰਦੇ ਹਨ।
ਜਾਪਦੈ ਬਾਪੂ "ਕੈਪਟਨ" ਦਾ ਖੂੰਡਾ ਕਿਧਰਿਉਂ ਤਿੜਕ ਗਿਆ ਆ। ਆਪਣੀ ਮਲੱਖ ਹੀ ਨਹੀਂ ਸਾਂਭੀ ਜਾਂਦੀ। ਕੋਈ ਜੀਅ ਕਿਧਰ ਨੂੰ ਕੋਈ ਕਿਧਰ ਨੂੰ ਤੁਰਿਆ ਜਾਂਦਾ। ਕੋਈ ਚੰਡੀਗੜ੍ਹ ਦੀਆਂ ਪੌੜੀਆਂ ਚੜ੍ਹਦਾ, ਹੰਭੀ ਜਾਂਦਾ, ਗੁੱਸੇ ਹੋਈ ਜਾਂਦਾ! ਕੋਈ ਕੁਰਸੀ ਨਾ ਮਿਲਣ ਕਾਰਨ "ਹਾਈ ਕਮਾਂਡ" ਕੋਲ ਜਾਕੇ ਹਾਈ, ਹਾਈ, ਕਰੀ ਜਾਂਦਾ ਅਤੇ ਆਖੀ ਜਾਂਦਾ, "ਸਾਡਾ ਵੀ ਹੱਕ ਆ ਜੀ ਕੁਰਸੀ ਤੇ, ਇਕੱਲਾ ਬਾਪੂ ਹੀ ਕਾਹਤੋਂ ਮਾਲਸ਼ਾਂ ਕਰਵਾਈ ਜਾਂਦਾ" ਉਂਜ ਇਕ ਪਾਸੇ ਪੁਲਿਸ ਪ੍ਰਸ਼ਾਸ਼ਨ ਦੀ ਨੀਲੀ-ਚਿੱਟੀ ਸਰਪ੍ਰਸਤੀ ਕਾਰਨ ਆਪੋ-ਧਾਪੀ ਬਣੀ ਹੋਈ ਆ, ਦੂਜੇ ਪਾਸੇ ਸਰਕਾਰੀ ਕਾਮੇ "ਤੱਪੜ ਵਿਛਾਈ" ਪਿੱਟ ਸਿਆਪਾ ਕਰੀ ਜਾਂਦੇ ਆ ਅਤੇ ਆਖੀ ਜਾਂਦੇ ਆ "ਭੁੱਖੇ ਢਿਡੀ" ਕਿੰਨਾ ਕੁ ਕੰਮ ਕਰੀਏ। ਅਤੇ ਇਧਰ ਦੋਹਾਂ ਪਾਸਿਉਂ ਪੀੜਤ ਹੋਈ ਜਨਤਾ, ਜੀਹਨੂੰ ਨਾ ਪੈਨਸ਼ਨ ਮਿਲਦੀ ਆ, ਨਾ ਨੀਲੇ ਕਾਰਡ ਵਾਲਾ ਅਨਾਜ, ਨਾ ਨੌਕਰੀ ਮਿਲਦੀ ਆ, ਨਾ ਮਿਲਦਾ ਆ ਇਨਸਾਫ ।ਸਿਰ ਤੇ ਹੱਥ ਰੱਖ, ਇਕੋ ਗੱਲ ਜਨਤਾ ਆਖੀ ਜਾਂਦੀ ਆ, "ਚੰਡੀਗੜ੍ਹ ਦੀ ਪੁੱਛਕੇ ਸਾਂ ਬੱਸ ਬੈਠੇ, ਇਹਦੇ ਤਾਂ ਟੁੱਟੇ ਸ਼ੀਸ਼ੇ ਤੇ ਖੜਕਣ ਬਾਰੀਆਂ ਜੀ!"
ਚੰਗਾ ਤੁਸਾਂ ਮਕੈਨਿਕ ਇਹ ਭਾਲਿਆ ਹੈ।
ਮੱਚੀ ਹਰ ਥਾਂ ਦਿਸੇ ਘੜਮਸ ਯਾਰੋ!!
ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖਮੰਤਰੀ ਸਨ, ਉਸ ਵੇਲੇ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਚੁੱਪੀ ਬਾਰੇ ਸਵਾਲ ਉਠਾਉਂਦੇ ਨਜ਼ਰ ਆਉਂਦੇ ਸਨ। ਹੁਣ ਮਨਮੋਹਨ ਸਿੰਘ ਨੇ ਪਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹਿਮ ਮੁੱਦਿਆਂ ਬਾਰੇ ਚੁੱਪ ਤੋੜਨ ਦੀ ਸਲਾਹ ਦਿੱਤੀ ਹੈ। ਕਠੂਆ 'ਚ 8 ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ਦੇ ਮਾਮਲੇ 'ਚ ਮਨਮੋਹਨ ਸਿੰਘ ਨੇ ਮੋਦੀ ਨੂੰ ਖੁੱਲ੍ਹ ਕੇ ਬੋਲਣ ਦੀ ਸਲਾਹ ਦਿੱਤੀ ਹੈ।
ਕਠੂਆ 'ਚ ਬੱਚੀ ਨਾਲ "ਭਗਵਾਨ ਦੇ ਘਰ" ਮਦਿੰਰ 'ਚ ਜਬਰ-ਜ਼ਨਾਹ ਹੋਇਆ, ਇੱਕ ਵੇਰ ਨਹੀਂ ਵਾਰ-ਵਾਰ ਹੋਇਆ। ਇੱਕ ਨੇ ਨਹੀਂ ਕਈਆਂ ਨੇ ਬੱਚੀ ਨੂੰ ਨੋਚਿਆ। "ਭਗਵਾਨ" ਚੁੱਪ ਰਹੇ। ਜਦ ਭਗਵਾਨ ਚੁੱਪ ਰਹੇ ਤਾਂ "ਭਗਤ" ਮੋਦੀ ਕਿਉਂ ਬੋਲਣ? ਉਹਨਾ ਦੀ ਬੋਲਣ ਦੀ ਕੀ ਔਕਾਤ? ਗੁਜਰਾਤ ਦੰਗਿਆਂ ਨਾਲ ਝੰਬਿਆ ਗਿਆ, ਬੰਦੇ ਦਰਖਤਾਂ ਵਾਂਗਰ ਬੇਕਿਰਕ ਹੋ ਵੱਢੇ ਗਏ। ਦਿੱਲੀ 'ਚ 84 'ਚ ਕਤਲੇਆਮ ਹੋਇਆ, ਬੰਦੇ ਔਰਤਾਂ, ਬੱਚੇ ਅੱਗ 'ਚ ਲੂਹ ਦਿੱਤੇ ਗਏ। "ਭਗਵਾਨ" ਚੁੱਪ ਰਹੇ। 'ਭਗਤ' ਚੁੱਪ ਰਹੇ! ਉਦੋਂ ਨਾ ਵੱਧ ਬੋਲਣ ਵਾਲੇ ਹਾਕਮ ਦੇ "ਭਗਵਾਨ" ਬੋਲੇ, ਨਾ ਚੁੱਪ ਰਹਿਣ ਵਾਲੇ ਹਾਕਮ ਦੇ "ਰੱਬ" ਬੋਲੇ।
ਉਂਜ ਭਾਈ 'ਹਾਕਮ' ਬਦਲੀ ਵੇਲੇ ਲੋਕਾਂ ਸੋਚਿਆ ਸੀ, ਕੁਝ ਤਾਂ ਚੰਗਾ ਹੋਊ! ਕੁਝ ਤਾਂ ਵਿਕਾਸ ਹੋਊ! ਕੁਝ ਤਾਂ ਜ਼ੁਲਮ ਤੋਂ ਰਾਹਤ ਮਿਲੂ? ਕੁਝ ਤਾਂ ਢਿੱਡ ਭਰੂ। ਕੁਝ ਤਾਂ ਸਿਰ ਤੇ ਛੱਤ ਮਿਲੂ! ਪਰ ਇਥੇ ਤਾਂ 'ਅੱਗੇ ਨਾਲੋਂ ਪਿੱਛਾ ਭਲਾ' ਵਾਲੀ ਬਾਤ ਹੋ ਗਈ। ਤਦੇ ਭਾਈ ਆਮ ਲੋਕ ਕਹਿਣ ਲੱਗ ਪਏ ਆ, "ਚੰਗਾ ਤੁਸਾਂ ਮੈਕੇਨਿਕ ਇਹ ਭਾਲਿਆ ਹੈ! ਮੱਚੀ ਹਰ ਥਾਂ ਦਿਸੇ ਘੜਮੱਸ ਯਾਰੋ!!
ਮਗਰਮੱਛਾਂ ਨੂੰ ਤਰਨ ਦਾ ਹੱਕ ਮਿਲਿਆ
ਖ਼ਬਰ ਹੈ ਕਿ ਦੇਸ਼ ਵਿੱਚ ਫਰਜ਼ੀ ਡਿਗਰੀ ਮਾਫੀਆ, ਨਕਲ ਮਾਫੀਆ, ਪੁਸਤਕ ਮਾਫੀਆ, ਨਿੱਜੀ ਸਕੂਲ ਮਾਫੀਆ ਨੇ ਦੇਸ਼ ਵਿੱਚ ਸਿੱਖਿਆ ਖੇਤਰ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਹੋਇਆ ਹੈ। ਨਿੱਜੀ ਪ੍ਰਕਾਸ਼ਕ ਕਿਤਾਬਾਂ ਤੋਂ 3900 ਕਰੋੜ ਰੁਪਏ ਮਾਫੀਆ ਵਾਲੇ ਕਮਾ ਰਹੇ ਹਨ। ਫਰਜ਼ੀ ਡਿਗਰੀ ਤੋਂ ਹਰ ਸਾਲ 800 ਕਰੋੜ ਰੁਪਏ ਕਮਾ ਰਹੇ ਹਨ।
ਜਦ ਭਾਈ ਡਾਕਟਰ ਸੂਈ ਲਾਕੇ, ਮਰੀਜ਼ਾਂ ਦਾ ਢਿੱਡ ਪਾੜ ਰਿਹਾ ਆ। ਬਿਨ੍ਹਾਂ ਲੋੜੋਂ ਅਪਰੇਸ਼ਨ ਕਰ ਦਿੰਦਾ ਆ। ਬਿਨ੍ਹਾਂ ਲੋੜੋਂ ਹਜ਼ਾਰਾਂ ਰੁਪਏ ਟੈਸਟਾਂ ਦੇ ਚਾਰਜ਼ ਕਰ ਰਿਹਾ ਆ, ਆਪਣਾ ਕਮਿਸ਼ਨ ਲੈਣ ਲਈ ਤਾਂ ਸਿੱਖਿਆ ਦੇ ਨਾਂ ਤੇ ਮਾਫੀਆ ਕਰੋੜਾਂ ਕਮਾ ਰਿਹਾ ਆ ਤਾਂ ਭਲਾ ਕੀ ਲੋਹੜਾ? ਇਹ ਕਮਿਸ਼ਨ ਤਾਂ ਹਾਕਮ ਦੀ ਝੋਲੀ ਪੈਂਦਾ ਹੋਊ? ਤੇ ਫਿਰ ਵੋਟ ਖਰੀਦਣ ਦੇ ਕੰਮ ਆਉਂਦਾ ਹੋਊ।
ਉਂਜ ਭਾਈ ਮਾਫੀਆ ਹੈ ਕਿਥੇ ਨਹੀਂ? ਰੇਤ ਮਾਫੀਆ, ਬਜ਼ਰੀ ਮਾਫੀਆ। ਨਸ਼ਾ ਮਾਫੀਆ, ਭੌਂ ਮਾਫੀਆ। ਨੇਤਾਵਾਂ ਨਾਲ ਤਾਲਮੇਲ ਮਾਫੀਆ। ਤੇ ਭਾਈ ਹੁਣ ਤਾਂ ਸਾਫ ਸੁਥਰਾ ਸਾਹ ਲੈਣ ਲਈ ਤੇ ਆਪਣੇ ਘਰਾਂ 'ਚ ਸੁਰੱਖਿਅਤ ਰਹਿਣ ਲਈ ਵੀ ਮਾਫੀਆ ਦੀ ਲੋੜ ਪੈ ਗਈ ਆ।
ਹੁਣ ਲੋਕਾਂ ਨੂੰ ਲੁੱਟਣ ਦਾ ਹੱਕ ਕੀਹਦਾ ਆ? ਸਰਕਾਰ ਦਾ। ਹੁਣ ਲੋਕਾਂ ਨੂੰ ਕੁੱਟਣ ਦਾ ਹੱਕ ਕੀਹਦਾ ਆ? ਸਰਕਾਰ ਦਾ। ਹੁਣ ਭ੍ਰਿਸ਼ਟਾਚਾਰ ਕਰਨ ਦਾ ਹੱਕ ਕੀਹਦਾ ਆ? ਸਰਕਾਰ ਦਾ। ਹੁਣ ਪੂੰਜੀਪਤੀਆਂ ਦੀ ਸੇਵਾ ਕਰਨ ਦਾ ਹੱਕ ਕੀਹਦਾ ਆ? ਸਰਕਾਰ ਦਾ। ਤਦੇ ਤਾਂ ਭਾਈ ਮੱਗਰਮੱਛਾਂ ਨੂੰ ਸਮਾਜ 'ਚ ਤੈਰਨ ਦਾ ਹੱਕ ਮਿਲਿਆ ਹੋਇਆ ।ਹੈ ਕਿ ਨਹੀਂ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਲਗਭਗ ਬਰਾਬਰ ਦੇ ਵਰ੍ਹੇ ਅਜ਼ਾਦ ਹੋਏ ਚੀਨ 'ਚ ਹਰ ਵਰ੍ਹੇ 2,48,06,687 ਕਾਰਾਂ ਦਾ ਨਿਰਮਾਣ ਹੁੰਦਾ ਹੈ, ਜਦਕਿ ਭਾਰਤ ਵਿੱਚ ਸਿਰਫ 39,52,550 ਕਾਰਾਂ ਦਾ ਹਰ ਵਰ੍ਹੇ ਉਤਪਾਦਨ ਹੁੰਦਾ ਹੈ। ਪੂਰੀ ਦੁਨੀਆਂ 'ਚ ਹਰ ਵਰ੍ਹੇ 7.34 ਕਰੋੜ ਕਾਰਾਂ ਦਾ ਨਿਰਮਾਣ ਹੁੰਦਾ ਹੈ।
ਇੱਕ ਵਿਚਾਰ
ਵੋਟ, ਉਹਨਾ ਨੂੰ ਦਿਉ, ਜੋ ਘੱਟੋ-ਘੱਟ ਵਾਇਦੇ ਕਰਦੇ ਹਨ, ਕਿਉਂਕਿ ਉਹ ਤੁਹਾਨੂੰ ਸਭ ਤੋਂ ਘੱਟ ਨਿਰਾਸ਼ ਕਰਨਗੇ।.................ਬਰਨਾਰਡ ਬਾਰੂਚ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.