ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕ ਸ਼ਾਹ ਫਕੀਰ ਫਿਲਮ ਦੀ ਪ੍ਰਵਾਨਗੀ ਦੇਣ ਅਤੇ ਬਾਅਦ ਵਿਚ ਇਸਨੂੰ ਰੱਦ ਕਰਕੇ ਇਸ ਫਿਲਮ ਨੂੰ ਰੋਕਣ ਬਾਰੇ ਕੀਤੇ ਫ਼ੈਸਲੇ ਤੋਂ ਬਾਅਦ ਪੈਦਾ ਹੋਏ ਵਾਦਵਿਵਾਦ ਕਰਕੇ ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨ ਦੀ ਲੋੜ ਹੈ। ਅਜਿਹੇ ਹਾਲਾਤ ਕਿਉਂ ਪੈਦਾ ਹੁੰਦੇ ਹਨ? ਸਿੱਖਾਂ ਦੁਆਰਾ ਬਾਕਾਇਦਾ ਚੁਣੀ ਗਈ ਸੰਸਥਾ ਜਿਸਦੇ ਵੋਟਰ ਸਿੱਖ ਹੋਣ ਤੇ ਉਹ ਅਜਿਹੇ ਵਾਦਵਿਵਾਦ ਵਾਲੇ ਫ਼ੈਸਲੇ ਕਰਕੇ ਫਿਰ ਆਪਣਾ ਥੁੱਕਿਆ ਆਪ ਚੱਟੇ, ਕਿਤਨੀ ਸ਼ਰਮ ਦੀ ਗੱਲ ਹੈ। ਇਸ ਸੰਸਥਾ ਨੂੰ ਤਾਂ ਸਿੱਖ ਜਗਤ ਦਾ ਪ੍ਰੇਰਨਾ ਸਰੋਤ ਅਰਥਾਤ ਰੋਲ ਮਾਡਲ ਬਣਨਾ ਚਾਹੀਦਾ ਹੈ। ਇਸਦੇ ਫ਼ੈਸਲੇ ਸਿੱਖ ਜਗਤ ਨੂੰ ਸ਼ਰਮਸ਼ਾਰ ਕਿਉਂ ਕਰ ਰਹੇ ਹਨ? ਫ਼ਿਲਮ ਦਾ ਨਿਰਦੇਸ਼ਕ ਵੀ ਇਕ ਸਿੱਖ ਹਰਿੰਦਰ ਸਿੰਘ ਸਿੱਕਾ ਹੈ। ਇਹ ਸਿੱਕਾ ਤਾਂ ਖੋਟਾ ਜਾਂ ਖ਼ਰਾ ਹੈ ਪੂਰੀ ਪੁਣਛਾਣ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਪ੍ਰੰਤੂ ਉਸਨੂੰ ਪਤਾ ਹੋਣਾ ਚਾਹੀਦਾ ਸੀ ਕਿ ਸਿੱਖ ਜਗਤ ਆਪਣੀ ਵਿਰਾਸਤ ਲਈ ਕਿਤਨਾ ਸੰਜੀਦਾ ਹੈ। ਕੀ ਸਿੱਖ ਪਰੰਪਰਾਵਾਂ ਅਤੇ ਰਹਿਤ ਮਰਿਆਦਾਵਾਂ ਬਾਰੇ ਉਸਨੂੰ ਸਿੱਖ ਹੋਣ ਦੇ ਨਾਤੇ ਜਾਣਕਾਰੀ ਨਹੀਂ ਹੋਵੇਗੀ? ਫਿਰ ਉਸਨੂੰ ਅਜਿਹੀ ਵਾਦਵਿਵਾਦ
ਵਾਲੀ ਫ਼ਿਲਮ ਬਣਾਉਣ ਦੀ ਕੀ ਲੋੜ ਸੀ? ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖ ਜਗਤ ਆਪਣੇ ਗਰੂ ਸਾਹਿਬਾਨ ਦੀ ਨਕਲ ਦੀ ਇਜ਼ਾਜਤ ਹੀ ਨਹੀਂ ਦਿੰਦਾ ਫਿਰ ਉਸਨੇ ਅਜਿਹਾ ਕਿਉਂ ਕੀਤਾ? ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੇ ਮੁੱਦੇ ਤੇ ਪੰਜਾਬ ਸੰਤਾਪ ਭੋਗ ਚੁੱਕਿਆ ਹੈ। ਹੈਰਾਨੀ ਤੇ ਪ੍ਰੇਸ਼ਾਨੀ ਦੀ ਗੱਲ ਹੈ ਕਿ ਵਰਤਮਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪ ਇਹ ਫ਼ਿਲਮ ਵੇਖੀ ਅਤੇ ਆਪ ਹੀ ਇਸ ਫ਼ਿਲਮ ਦੇ ਨਿਰਮਾਤਾ ਨੂੰ ਪੰਥ ਵਿਚੋਂ ਛੇਕਣ ਦੇ ਹੁਕਮ ਉਪਰ ਦਸਤਖ਼ਤ ਕਰ ਰਿਹਾ ਹੈ। ਇਹ ਦੋਹਰੀ ਨੀਤੀ ਕਿਉਂ? ਜੇਕਰ ਇਹ ਫ਼ਿਲਮ ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰਦੀ ਸੀ ਤਾਂ ਉਦੋਂ ਇਤਰਾਜ਼ ਕਿਉਂ ਨਹੀਂ ਕੀਤਾ? ਇਸ ਸਵਾਲ ਦਾ ਜਵਾਬ ਕੌਣ ਦੇਵੇਗਾ? ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੋਨੀਤ ਕੀਤੀ ਗਈ ਮਾਹਿਰ ਵਿਦਵਾਨਾਂ ਦੀ ਸਬ ਕਮੇਟੀ ਨੇ ਫਿਲਮ ਨੂੰ ਵੇਖ ਕੇ ਪ੍ਰਵਾਨ ਕੀਤਾ ਗਿਆ ਸੀ। ਕੀ ਉਹ ਵੀ ਮਾਹਿਰ ਹੋਣ ਦੇ ਬਾਵਜੂਦ ਸਿੱਖ ਇਤਿਹਾਸ ਅਤੇ ਵਿਰਾਸਤ ਤੋਂ ਅਣਜਾਣ ਸਨ? ਫਿਰ ਉਹ ਮਾਹਿਰ ਕਾਹਦੇ ਹੋਏ, ਜੇ ਅਜਿਹੀਆਂ ਬਜ਼ਰ ਗ਼ਲਤੀਆਂ ਕਰਦੇ ਹਨ। ਜਾਂ ਉਨ੍ਹਾਂ ਉਪਰ ਕੋਈ ਸਿਆਸੀ ਦਬਾਅ ਸੀ, ਜਿਸ ਕਰਕੇ ਉਨ੍ਹਾਂ ਇਸ ਫ਼ਿਲਮ ਨੂੰ ਪ੍ਰਵਾਨ ਕਰ ਦਿੱਤਾ। ਅਸਲ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਭ ਘਾਲਾ ਮਾਲਾ ਹੈ। ਕਿਸੇ ਅਸੂਲ ਜਾਂ ਸਿਧਾਂਤ ਉਪਰ ਪਹਿਰਾ
ਨਹੀਂ ਦਿੱਤਾ ਜਾਂਦਾ। ਸਿਆਸੀ ਆਕਾ ਜੋ ਕਹਿੰਦੇ ਹਨ, ਬਿਨਾਂ ਸੋਚੇ ਸਮਝੇ ਉਹੀ ਕਰ ਦਿੱਤਾ ਜਾਂਦਾ ਹੈ, ਕੋਈ ਕਿੰਤੂ ਪ੍ਰੰਤੂ ਨਹੀਂ ਕਿਉਂਕਿ ਉਨ੍ਹਾਂ ਦੀਆਂ ਨੌਕਰੀਆਂ ਸਿਆਸਤਦਾਨਾਂ ਦੇ ਹੱਥ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਜਿਹਾ ਜਥੇਦਾਰ ਕਿਥੋਂ ਲੱਭਕੇ ਲਿਆਈਏ ਜਿਹੜਾ ਰਣਜੀਤ ਸਿੰਘ ਵਰਗੇ ਮਹਾਰਾਜੇ ਨੂੰ ਕੋਰੜੇ ਮਾਰਨ ਦੀ ਸਜਾ ਦੇ ਸਕਦਾ ਹੋਵੇ ਅਤੇ ਜਿਸਨੂੰ ਅਹੁਦੇ ਦੇ ਖੁਸੱਣ ਦਾ ਡਰ ਨਾ ਹੋਵੇ। ਸ੍ਰ.ਹਰਚਰਨ ਸਿੰਘ ਉਦੋਂ ਦੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਿਨ੍ਹਾਂ ਨੂੰ ਵਿਸ਼ੇਸ ਤੌਰ ਮੁੱਖ ਸਕੱਤਰ ਦੀ ਅਸਾਮੀ ਬਣਾਕੇ ਨਿਯੁਕਤ ਕੀਤਾ ਸੀ, ਨੇ ਫ਼ਿਲਮ 'ਨਾਨਕ ਸ਼ਾਹ ਫਕੀਰ' ਨੂੰ ਜਾਰੀ ਕਰਨ ਉਪਰ ਕੋਈ ਇਤਰਾਜ਼ ਨਹੀਂ ਦੇ ਸਰਟੀਫੀਕੇਟ ਤੇ ਦਸਤਖ਼ਤ ਕਰਦਿਆਂ ਆਪਣੀ ਅੰਤਹਕਰਨ ਦੀ ਆਵਾਜ਼ ਹੀ ਨਹੀਂ ਸੁਣੀ। ਜਿੰਨਾ ਚਿਰ ਤੱਕ ਇਸ ਧਾਰਮਿਕ ਸੰਸਥਾ ਵਿਚ ਸਿਆਸੀ ਦਖ਼ਅੰਦਾਜ਼ੀ ਹੁੰਦੀ ਰਹੇਗੀ, ਉਤਨੀ ਦੇਰ ਤੱਕ ਧਾਰਮਿਕ ਮਰਿਆਦਾ
ਬਰਕਰਾਰ ਰੱਖਣੀ ਅਸੰਭਵ ਹੈ। ਜਦੋਂ ਕਿਸੇ ਵਿਅਕਤੀ ਨੂੰ ਨਿਯੁਕਤ ਕਰਨ ਲਈ 1925 ਦੇ ਗੁਰਦੁਆਰਾ ਐਕਟ ਨੂੰ ਅੱਖੋਂ ਪ੍ਰੋਖੇ ਕਰਕੇ ਅਸਾਮੀਆਂ ਬਣਾਕੇ 3-3 ਲੱਖ ਰੁਪਏ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਰਹੇਗੀ, ਸਿੱਖ ਧਰਮ ਦੀ ਇਹੋ ਹੋਣੀ ਹੋਵੇਗੀ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਦੀਆਂ ਸ਼ੋਸ਼ਲ ਮੀਡੀਆ ਉਪਰ ਆਈਆਂ ਤਸਵੀਰਾਂ ਅਨੁਸਾਰ ਇਸ ਫ਼ਿਲਮ ਦੇ ਪੋਸਟਰ ਉਨ੍ਹਾਂ ਜ਼ਾਰੀ ਕੀਤੇ ਹਨ। ਇਹ ਤਾਂ ਆਵਾ ਹੀ ਊਤ ਗਿਆ ਲੱਗਦਾ ਹੈ। ਜਿਨ੍ਹਾਂ ਨੇ ਇਸ ਫ਼ਿਲਮ ਨੂੰ ਜ਼ਾਰੀ ਕਰਨ ਦੀ ਪ੍ਰਵਾਨਗੀ ਦਿੱਤੀ, ਪੰਜ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਪੰਥ ਵਿਚੋਂ ਕਿਉਂ ਨਹੀਂ ਛੇਕਿਆ ਗਿਆ? ਇਹ ਸਵਾਲ ਸਿੱਖ ਸੰਗਤ ਦੇ ਮਨਾ ਵਿਚ ਰੜਕ ਰਿਹਾ ਹੈ। ਹੁਣ ਸ਼ਰੋਮਣੀ ਕਮੇਟੀ ਆਪਣੇ ਦਫਤਰ ਬੰਦ ਕਰਕੇ, ਕਾਲੀਆਂ ਦਸਤਾਰਾਂ ਸਜਾਕੇ ਵਿਰੋਧ ਕਰ ਰਹੀ ਹੈ, ਜਦੋਂ ਉਹ ਆਪ ਅਜਿਹੀ ਫ਼ਿਲਮ ਨੂੰ ਪ੍ਰਵਾਨਗੀ ਦੇ ਕੇ ਕਾਲੇ ਕੰਮ ਕਰਦੇ ਸਨ, ਉਦੋਂ ਸਾਰੇ ਕਰਮਚਾਰੀਆਂ ਨੂੰ ਚੁੱਪ ਰਹਿਣ ਦੀਆਂ ਹਦਾਇਤਾਂ ਕਰਦੇ ਸਨ। ਮੁਜ਼ਾਹਰੇ ਤੇ ਧਰਨੇ ਫਿਲਮ ਦੀ ਪ੍ਰਵਾਨਗੀ ਦੇਣ ਵਾਲਿਆਂ ਵਿਰੁੱਧ ਕਿਉਂ ਨਹੀਂ ਹੋ ਰਹੇ, ਕਿਉਂਕਿ ਅਸਲ ਜ਼ਿੰਮੇਵਾਰ ਤਾਂ ਉਹ ਹਨ? ਜੇ ਉਹ ਪ੍ਰਵਾਨਗੀ ਨਾ ਦਿੰਦੇ ਤਾਂ ਫਿਲਮ ਨਿਰਮਾਤਾ ਨੇ ਫਿਲਮ ਬਣਾਉਣੀ ਤੇ ਚਲਾਉਣੀ ਹੀ ਨਹੀਂ ਸੀ। ਇਸ ਘਟਨਾ ਨਾਲ ਸ਼ਰੋਮਣੀ ਕਮੇਟੀ ਅਤੇ ਅਕਾਲ ਤਖ਼ਤ
ਸਾਹਿਬ ਦੀ ਆਭਾ ਘਟੀ ਹੈ। ਧਾਰਮਿਕ ਫ਼ਿਲਮਾਂ ਦੀ ਪ੍ਰਵਾਨਗੀ ਦੇਣ ਲਈ ਸਿੱਖ ਵਿਦਵਾਨਾਂ ਦੀ ਖ਼ੁਦਮੁਖਤਿਆਰ ਸਥਾਈ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ ਉਪਰ ਕੋਈ ਸਿਆਸੀ ਦਬਾਅ ਨਾ ਪਾਇਆ ਜਾ ਸਕੇ।
ਹੁਣ ਸਾਨੂੰ ਇਸਦੇ ਦੂਜੇ ਪੱਖ ਬਾਰੇ ਵੀ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਸਿੱਖ ਜਗਤ ਦੀ ਤ੍ਰਾਸਦੀ ਹੈ ਕਿ ਜੇ ਉਹ ਪ੍ਰਸੰਸਾ ਕਰਨ ਲੱਗ ਜਾਵੇ ਤਾਂ ਉਸਦੇ ਪੁਲ ਬੰਨ੍ਹ ਦਿੰਦਾ ਹੈ। ਜੇਕਰ ਨਿੰਦਿਆ ਵੱਲ ਨੂੰ ਤੁਰ ਪਵੇ ਫਿਰ ਤਾਂ ਤੂਫ਼ਾਨ ਹੀ ਲਿਆ ਦਿੰਦਾ ਹੈ। ਜਦੋਂ ਐਨੀਮੇਸ਼ਨ ਦੇ ਰੂਪ ਵਿਚ 'ਚਾਰ ਸਾਹਿਬਜ਼ਾਦੇ' ਫ਼ਿਲਮ ਆਈ ਸੀ ਤਾਂ ਸਿੱਖ ਸੰਗਤਾਂ ਨੇ ਕੱਛੇ ਮਾਰ ਕੇ ਪ੍ਰਸੰਸਾ ਦੇ ਪੁਲ ਬੰਨ੍ਹ ਦਿੱਤੇ। ਉਸ ਫ਼ਿਲਮ ਵਿਚ ਚਾਰੇ ਸਾਹਿਬਜ਼ਾਦੇ ਐਨੀਮੇਸ਼ਨ ਨਾਲ ਵਿਖਾਏ ਗਏ ਸਨ। ਇਹ ਪਹਿਲੀ ਵਾਰ ਹੋਇਆ ਸੀ ਕਿ ਗੁਰੂ ਸਾਹਿਬਾਨ ਦੇ ਪਰਿਵਾਰਾਂ ਨੂੰ ਹੂਬਹੂ ਵਿਖਾਇਆ ਗਿਆ ਸੀ। ਸਿੱਖ ਜਗਤ ਨੂੰ ਕੋਈ ਇਤਰਾਜ਼ ਨਹੀਂ ਹੋਇਆ। ਇਸਦੇ ਕੀ ਕਾਰਨ ਹਨ? ਉਸ ਫ਼ਿਲਮ ਵਿਚ ਤਾਂ ਹੂਬਹੂ ਸਾਹਿਬਜ਼ਾਦਿਆਂ ਨੂੰ ਵਿਖਾਇਆ ਗਿਆ ਸੀ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਸਿੱਖ ਗੁਰੂਆਂ ਦੀਆਂ ਤਸਵੀਰਾਂ ਮੌਜੂਦ ਨਹੀਂ ਹਨ। ਇਹ ਜੋ ਤਸਵੀਰਾਂ ਕਲਾਕਾਰਾਂ ਨੇ ਬਣਾਈਆਂ ਹਨ, ਇਹ ਸਾਰੀਆਂ ਪੇਂਟਰਾਂ ਦੀਆਂ ਕਲਪਨਾਵਾਂ ਹੀ ਹਨ, ਇਸੇ ਕਰਕੇ ਹਰ ਪੇਂਟਿੰਗ ਇਕ ਦੂਜੇ ਨਾਲ ਨਹੀਂ ਮਿਲਦੀ। ਗੁਰੂ ਸਾਹਿਬ ਨੇ ਵਿਅਕਤੀ ਪੂਜਾ ਦਾ ਵਿਰੋਧ ਕੀਤਾ ਸੀ। ਸਿੱਖ ਧਰਮ ਦੀ ਵਿਚਾਰਧਾਰਾ ਮੂਰਤੀ ਪੂਜਾ ਦੇ ਵਿਰੁਧ ਹੈ ਪ੍ਰੰਤੂ ਅਸੀਂ ਗੁਰੂਆਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬਾਨ ਅਤੇ ਘਰਾਂ ਵਿਚ ਲਾਈ ਬੈਠੇ ਹਾਂ। ਉਨ੍ਹਾਂ ਤਸਵੀਰਾਂ ਨੂੰ ਮੱਥੇ ਟੇਕਦੇ ਹਾਂ। ਕਈ ਥਾਵਾਂ ਤੇ ਤਾਂ ਧੂਪ ਬੱਤੀ ਵੀ ਕੀਤੀ ਜਾਂਦੀ ਹੈ।
ਮਰਿਆਦਾ ਤਾਂ ਸਿੱਖ ਜਗਤ ਖ਼ੁਦ ਤੋੜ ਰਿਹਾ ਹੈ। ਇਸ ਲਈ ਸਿੱਖ ਜਗਤ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਨੀ ਚਾਹੀਦੀ ਹੈ ਕਿ ਅਸੀਂ ਕੀ ਕਰ ਰਹੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਸਿੱਖ ਬੁਧੀਜੀਵੀ ਇਸ ਪਾਸੇ ਅਗਵਾਈ ਕਰ ਸਕਦੇ ਹਨ ਪ੍ਰੰਤੂ ਉਹ ਆਪ ਸਿਆਸਤਦਾਨਾਂ ਦੀ ਤਰ੍ਹਾਂ ਧੜਿਆਂ ਵਿਚ ਵੰਡੇ ਹੋਏ ਹਨ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਜਦੋਂ ਤੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਾਰਟੀਆਂ ਦੇ ਚੋਣ ਨਿਸ਼ਾਨ ਉਪਰ ਹੁੰਦੀਆਂ ਰਹਿਣਗੀਆਂ, ਉਤਨੀ ਦੇਰ ਅਜਿਹੀਆਂ ਉਲੰਘਣਾਵਾਂ
ਹੁੰਦੀਆਂ ਰਹਿਣਗੀਆਂ। ਕਿਉਂਕਿ ਗੁਰਮੁੱਖ ਵਿਅਕਤੀ ਸਿਆਸਤ ਵਿਚ ਦਿਲਚਸਪੀ ਨਹੀਂ ਲੈਂਦੇ। ਸਿੱਖ ਵੋਟਰ ਵੀ ਸਿਆਸੀ ਪਾਰਟੀਆਂ ਨੂੰ ਵੋਟਾਂ ਪਾ ਕੇ ਆਪਣੀ ਚਾਬੀ ਸਿਆਸਤਾਨਾ ਦੇ ਹੱਥ ਫੜਾ ਦਿੰਦੇ ਹਨ। ਵੋਟ ਪਾਉਣ ਲੱਗੇ ਆਪਣੀ ਕੀਮਤ ਪੁਆ ਲੈਂਦੇ ਹਨ। ਅਸੀਂ ਆਪਣੀ ਸਰਵੋਤਮ ਸੰਸਥਾ ਦਾ ਅਕਸ ਆਪ ਨੀਵਾਂ ਕਰ ਰਹੇ ਹਾਂ। ਜਦੋਂ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਚੋਣਾਂ ਵਿਚ ਪੀਲੇ ਪਰਨੇ ਬੰਨ੍ਹਵਾਕੇ ਆਪਣੇ ਮਜ਼ਦੂਰਾਂ ਤੋਂ ਵੋਟਾਂ ਪੁਆਵਾਂਗੇ ਤਾਂ ਸਿੱਖੀ ਦਾ ਇਹੋ ਹਾਲ ਹੋਵੇਗਾ। ਅਜਿਹੇ ਵੋਟਰਾਂ ਵੱਲੋਂ ਚੁਣੇ ਗਏ ਮੈਂਬਰਾਂ ਤੋਂ ਕੀ ਤਵੱਕੋ ਰੱਖੀ ਜਾ ਸਕਦੀ ਹੈ ਕਿ ਉਹ ਸਿੱਖ ਧਰਮ ਦੀ ਮਰਿਆਦਾ ਕਾਇਮ ਰੱਖਣਗੇ? ਸਿੱਖ ਸੰਗਤ ਧੜਿਆਂ ਵਿਚ ਵੰਡੀ ਹੋਈ ਹੈ। ਉਨ੍ਹਾਂ ਲਈ ਅਹੁਦੇ ਅਤੇ ਸਿਆਸੀ ਤਾਕਤ ਹੀ ਸਭ ਕੁਝ ਹੈ,
ਧਰਮ ਦੂਜੇ ਨੰਬਰ ਤੇ ਆ ਜਾਂਦਾ ਹੈ। ਚੰਗਾ ਹੋਵੇ ਜੇਕਰ ਸਾਰੇ ਧੜੇ ਇਕਮੁਠ ਹੋ ਜਾਣ ਜਾਂ ਵੋਟਰ ਅਜਿਹੀਆਂ ਉਲੰਘਣਾਵਾਂ ਨੂੰ ਮੁੱਖ ਰੱਖਦਿਆਂ ਸਿਆਸਤਦਾਨਾਂ ਤੋਂ ਪਾਸਾ ਵੱਟਕੇ ਗੁੱਰਮੁੱਖਾਂ ਨੂੰ ਲਾਮਬੰਦ ਕਰਕੇ ਚੋਣਾ ਲੜੀਆਂ ਜਾਣ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.