ਨੀਰਜ ਚੌਪੜਾ ਨੇ ਜੈਵਲਿਨ ਥਰੋਅ ਵਿੱਚ ਸੋਨ ਤਮਗੇ ਨਾਲ ਇਤਿਹਾਸ ਸਿਰਜਿਆ
ਮਨਿਕਾ ਬੱਤਰਾ ਬਣੀ ਗੋਲਡਨ ਗਰਲ, ਸੰਜੀਨ ਰਾਜਪੂਤ ਨੇ ਵੀ ਫੁੰਡਿਆ ਸੋਨ ਤਮਗਾ
ਸੁਮਿਤ ਮਲਿਕ ਤੇ ਵਿਨੇਸ਼ ਫੋਗਟ ਨੇ ਸੋਨੇ ਦਾ ਦੰਗਲ ਖੇਡਿਆ
ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਰਹੇ ਨੇ -ਸੰਪਾਦਕ )
ਗੋਲਡ ਕੋਸਟ ਵਿਖੇ ਰਾਸ਼ਟਰਮੰਡਲ ਖੇਡਾਂ ਦਾ ਦਸਵਾਂ ਦਿਨ ਭਾਰਤ ਲਈ ਗੋਲਡਨ ਡੇਅ ਹੋ ਨਿਬੜਿਆ। ਅੱਜ ਭਾਰਤ ਨੇ ਕੁੱਲ 17 ਤਮਗੇ ਜਿੱਤੇ ਜਿਨ•ਾਂ ਅੱਠ ਸੋਨੇ, ਪੰਜ ਚਾਂਦੀ ਤੇ ਚਾਰ ਕਾਂਸੀ ਦੇ ਤਮਗੇ ਜਿੱਤੇ। ਹੁਣ ਤੱਕ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ 25 ਸੋਨੇ, 16 ਚਾਂਦੀ ਤੇ 18 ਕਾਂਸੀ ਦੇ ਤਮਗਿਆਂ ਸਣੇ ਕੁੱਲ 59 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਤੀਜੀ ਪੁਜੀਸ਼ਨ 'ਤੇ ਦਾਅਵਾ ਹੋਰ ਮਜ਼ਬੂਤ ਕਰ ਲਿਆ। ਚੌਥੇ ਨੰਬਰ 'ਤੇ ਚੱਲ ਰਹੇ ਕੈਨੇਡਾ ਨੇ 15 ਸੋਨ ਤਮਗੇ ਜਿੱਤੇ ਹਨ।
ਅੱਜ ਭਾਰਤ ਦੇ ਮੁੱਕੇਬਾਜ਼ਾਂ ਨੇ ਗੋਲਡਨ ਪੰਚ ਮਾਰਦਿਆਂ ਤਿੰਨ ਸੋਨੇ ਦੇ ਤਮਗੇ ਜਿੱਤੇ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਐਮ.ਸੀ.ਮੇਰੀਕੌਮ ਨੇ ਮਹਿਲਾ ਵਰਗ ਵਿੱਚ ਸੋਨ ਤਮਗਾ ਜਿੱਤਿਆ ਜਦੋਂ ਕਿ ਪੁਰਸ਼ ਵਰਗ ਵਿੱਚ ਵਿਕਾਸ ਕ੍ਰਿਸ਼ਨ ਤੇ ਗੌਰਨ ਸੋਲੰਕੀ ਨੇ ਵੀ ਸੋਨੇ ਦੇ ਤਮਗੇ ਜਿੱਤੇ। ਮੁੱਕੇਬਾਜ਼ੀ ਵਿੱਚ ਤਿੰਨ ਹੋਰ ਪੁਰਸ਼ ਮੁੱਕੇਬਾਜ਼ਾਂ ਅਮਿਤ, ਮਨੀਸ਼ ਕੌਸ਼ਿਕ ਤੇ ਸਤੀਸ਼ ਕੁਮਾਰ ਨੇ ਚਾਂਦੀ ਦੇ ਤਮਗੇ ਜਿੱਤੇ।
ਅਥਲੈਟਿਕਸ ਵਿੱਚ ਨੀਰਜ ਚੋਪੜਾ ਨੇ ਇਤਿਹਾਸ ਸਿਰਜਦਿਆਂ ਜੈਵਲਿਨ ਥਰੋਅ ਮੁਕਾਬਲੇ ਵਿੱਚ 86.47 ਦੀ ਥਰੋਅ ਨਾਲ ਸੋਨ ਤਮਗਾ ਜਿੱਤਿਆ। ਅਥਲੈਟਿਕਸ ਵਿੱਚ ਇਨ•ਾਂ ਖੇਡਾਂ ਵਿੱਚ ਭਾਰਤ ਦਾ ਪਹਿਲਾ ਸੋਨ ਤਮਗਾ ਹੈ ਜਦੋਂ ਕਿ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇਹ ਪੰਜਵਾਂ ਸੋਨ ਤਮਗਾ। ਜੈਵਲਿਨ ਥਰੋਅ ਮੁਕਾਬਲੇ ਵਿੱਚ ਵੀ ਇਹ ਪਹਿਲਾ ਤਮਗਾ ਹੈ। ਟੇਬਲ ਟੈਨਿਸ ਵਿੱਚ ਭਾਰਤ ਦੀ ਗੋਲਡਨ ਗਰਲ ਬਣੀ ਮਨਿਕਾ ਬੱਤਰਾ ਨੇ ਮਹਿਲਾ ਸਿੰਗਲਜ਼ ਦਾ ਸੋਨ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਉਹ ਟੀਮ ਈਵੈਂਟ ਵਿੱਚ ਵੀ ਸੋਨ ਤਮਗਾ ਜਿੱਤ ਚੁੱਕੀ ਹੈ ਜਦੋਂ ਕਿ ਮਹਿਲ ਡਬਲਜ਼ ਵਿੱਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ। ਟੇਬਲ ਟੈਨਿਸ ਵਿੱਚ ਅੱਜ ਸ਼ਰਤ ਕਮਲ ਤੇ ਐਸ.ਗਨਾਨੇਸੇਕਰਨ ਨੇ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਜਦੋਂ ਕਿ ਇਸੇ ਵਰਗ ਵਿੱਚ ਕਾਂਸੀ ਦਾ ਤਮਗਾ ਵੀ ਭਾਰਤ ਦੇ ਹਰਮੀਤ ਦੇਸਾਈ ਤੇ ਸਾਨਿਲ ਸ਼ੈਟੀ ਨੇ ਜਿੱਤਿਆ।
ਕੁਸ਼ਤੀ ਦੇ ਮੁਕਾਬਲਿਆਂ ਵਿੱਚ ਭਾਰਤੀ ਪਹਿਲਵਾਨਾਂ ਨੇ ਅੱਜ ਫੇਰ ਸੁਨਹਿਰੀ ਦੰਗਲ ਖੇਡਿਆ। ਪੁਰਸ਼ਾਂ ਦੇ 125 ਕਿਲੋ ਗ੍ਰਾਮ ਫਰੀ ਸਟਾਈਲ ਵਰਗ ਵਿੱਚ ਸੁਮਿਤ ਮਲਿਕ ਅਤੇ ਮਹਿਲਾਵਾਂ ਦੇ 50 ਕਿਲੋ ਗ੍ਰਾਮ ਫਰੀ ਸਟਾਈਲ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ। ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਕਾਂਸੀ ਦੇ ਤਮਗੇ 'ਤੇ ਹੀ ਸਬਰ ਕਰਨਾ ਪਿਆ। ਇਕ ਹੋਰ ਪਹਿਲਵਾਨ ਸੋਮਵੀਰ ਨੇ ਵੀ ਕਾਂਸੀ ਦਾ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਸੁਨਹਿਰੀ ਸਫਰ ਇਸ ਖੇਡ ਦੇ ਮੁਕਾਬਲਿਆਂ ਦੇ ਆਖਰੀ ਦਿਨ ਤੱਕ ਜਾਰੀ ਰਿਹਾ। ਅੱਜ ਸੰਜੀਵ ਰਾਜਪੂਤ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ਵਿੱਚ ਸੋਨੇ ਦਾ ਤਮਗਾ ਫੁੰਡਿਆ। ਸਕੁਐਸ਼ ਵਿੱਚ ਦੀਪਿਕਾ ਪੱਲੀਕਲ ਕਾਰਤਿਕ ਤੇ ਸੌਰਵ ਘੋਸ਼ਾਲ ਨੇ ਮਿਕਸਡ ਡਬਲਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਬੈਡਮਿੰਟਨ ਵਿੱਚ ਅਸ਼ਵਨੀ ਪੋਨੱਪਾ ਤੇ ਸਿੱਕੀ ਰੈਡੀ ਨੇ ਮਹਿਲ ਡਬਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਬੈਡਮਿੰਟਨ ਅਤੇ ਟੇਬਲ ਟੈਨਿਸ ਵਿੱਚ ਭਾਰਤ ਨੂੰ ਕੱਲ• ਖੇਡਾਂ ਦੇ ਆਖਰੀ ਦਿਨ 15 ਅਪਰੈਲ ਨੂੰ ਕਈ ਤਮਗੇ ਮਿਲਣ ਪੱਕੇ ਹੈ। ਬੈਡਮਿੰਟਨ ਵਿੱਚ ਮਹਿਲਾ ਸਿੰਗਲਜ਼ ਵਿੱਚ ਭਾਰਤ ਦਾ ਸੋਨੇ ਤੇ ਚਾਂਦੀ ਦਾ ਤਮਗਾ ਪੱਕਾ ਹੈ ਕਿਉਂਕਿ ਫਾਈਨਲ ਵਿੱਚ ਦੋਵੇਂ ਭਾਰਤੀ ਖਿਡਾਰਨਾਂ ਸਾਇਨਾ ਨੇਹਵਾਲ ਤੇ ਪੀ.ਵੀ.ਸਿੰਧੂ ਆਹਮੋ-ਸਾਹਮਣੇ ਹੈ। ਦੋਵਾਂ ਨੇ ਅੱਜ ਸੈਮੀ ਫਾਈਨਲ ਮੈਚ ਜਿੱਤੇ। ਪੁਰਸ਼ ਸਿੰਗਲਜ਼ ਵਿੱਚ ਵੀ ਭਾਰਤ ਦੇ ਸ੍ਰੀਕਾਂਤ ਕਦਾਂਬੀ ਨੇ ਸੈਮੀ ਫਾਈਨਲ ਮੈਚ ਜਿੱਤ ਲਿਆ ਅਤੇ ਭਲਕੇ ਉਹ ਵੀ ਫਾਈਨਲ ਖੇਡੇਗਾ। ਇਸ ਤੋਂ ਇਲਾਵਾ ਭਾਰਤ ਦੇ ਐਸ ਰਾਣਕੀਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਸੁਕੈਅਸ਼ ਦੇ ਮਹਿਲਾ ਡਬਲਜ਼ ਵਿੱਚ ਦੀਪਿਕਾ ਪਾਲੀਕੱਲ ਕਾਰਤਿਕ ਤੇ ਜੋਸ਼ਾਨਾ ਚਿਨੱਪਾ ਨੇ ਸੈਮੀ ਫਾਈਨਲ ਵਿੱਚ ਜਿੱਤ ਹਾਸਲ ਕੀਤੀ ਅਤੇ ਹੁਣ ਫਾਈਨਲ ਖੇਡਣਾ ਹੈ।
ਹਾਕੀ ਵਿੱਚ ਭਾਰਤ ਪੱਲੇ ਨਿਰਾਸ਼ਾ ਪਈ। ਪੁਰਸ਼ ਤੇ ਮਹਿਲਾ ਦੋਵੇਂ ਵਰਗਾਂ ਵਿੱਚ ਭਾਰਤ ਨੂੰ ਕਾਂਸੀ ਦੇ ਤਮਗੇ ਵਾਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵੇਂ ਵਰਗਾਂ ਵਿੱਚ ਭਾਰਤ ਨੂੰ ਇੰਗਲੈਂਡ ਹੱਥੋਂ ਮਿਲੀ। ਪੁਰਸ਼ਾਂ ਦੀ ਟੀਮ 1-2 ਅਤੇ ਮਹਿਲਾ ਟੀਮ 0-6 ਗੋਲਾਂ ਦੇ ਫਰਕ ਨਾਲ ਹਾਰੀ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.