ਨਿਸ਼ਾਨੇਬਾਜ਼ੀ ਤੇ ਟੇਬਲ ਟੈਨਿਸ ਦੇ ਨਾਲ ਬੈਡਮਿੰਟਨ ਵੀ ਬਣੀ 'ਸੁਨਿਹਰੀ' ਖੇਡ
ਸੋਨ ਤਮਗੇ ਜਿੱਤਣ ਵਿੱਚ ਦਹਾਈ ਦਾ ਅੰਕੜਾ ਛੂਹਿਆ
ਨਿਸ਼ਾਨੇਬਾਜ਼ ਜਿਤੂ ਰਾਏ ਨੇ ਨਵੇਂ ਰਿਕਾਰਡ ਨਾਲ ਸੋਨਾ ਫੁੰਡਿਆ
ਟੇਬਲ ਟੈਨਿਸ ਟੀਮ ਮੁਕਾਬਲਿਆਂ 'ਚ ਪੁਰਸ਼ਾਂ ਨੇ ਵੀ ਜਿੱਤਿਆ ਸੋਨ ਤਮਗਾ
ਬੈਡਮਿੰਟਨ ਵਿੱਚ ਮਿਕਸਡ ਟੀਮ ਵੱਲੋਂ ਗੋਲਡਨ ਸ਼ੁਰੂਆਤ
ਪੰਜਵੇਂ ਦਿਨ ਭਾਰਤ ਨੇ ਤਿੰਨ ਸੋਨੇ, ਦੋ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਜਿੱਤੇ
ਤਮਗਾ ਸੂਚੀ ਵਿੱਚ 10 ਸੋਨੇ, 4 ਚਾਂਦੀ ਤੇ 5 ਕਾਂਸੀ ਦੇ ਤਮਗਿਆਂ ਨਾਲ ਭਾਰਤ ਤੀਜੇ ਸਥਾਨ 'ਤੇ ਕਾਇਮ
ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਰਹੇ ਨੇ -ਸੰਪਾਦਕ )
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਪ੍ਰਦਰਸ਼ਨ ਜਾਰੀ ਹੈ ਅਤੇ ਇਸ ਵਾਰ ਭਾਰਤੀ ਖੇਡ ਦਲ ਦਾ ਨਿਸ਼ਾਨਾ ਸੋਨ ਤਮਗੇ ਉਪਰ ਹੀ ਹੈ। ਅੱਜ ਖੇਡਾਂ ਦੇ ਪੰਜਵੇਂ ਦਿਨ ਭਾਰਤ ਨੇ ਤਿੰਨ ਸੋਨ ਤਮਗੇ, ਦੋ ਚਾਂਦੀ ਤੇ ਦੋ ਹੀ ਕਾਂਸੀ ਦੇ ਤਮਗਿਆਂ ਸਣੇ ਕੁੱਲ ਸੱਤ ਤਮਗੇ ਜਿੱਤੇ। ਅੱਜ ਦੀਆਂ ਪ੍ਰਾਪਤੀਆਂ ਨੇ ਜੋੜ ਕੇ ਭਾਰਤ ਨੇ 10 ਸੋਨ ਤਮਗੇ, 4 ਚਾਂਦੀ ਤੇ 5 ਕਾਂਸੀ ਦੇ ਤਮਗੇ ਜਿੱਤਦਿਆਂ ਤਮਗਾ ਸੂਚੀ ਵਿੱਚ ਕੁੱਲ 19 ਤਮਗੇ ਜਿੱਤ ਕੇ ਤੀਜਾ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਵੇਟਲਿਫਟਿੰਗ,ਨਿਸ਼ਾਨੇਬਾਜ਼ੀ ਤੇ ਟੇਬਲ ਟੈਨਿਸ ਤੋਂ ਬਾਅਦ ਬੈਡਮਿੰਟਨ ਵਿੱਚ ਵੀ ਭਾਰਤ ਦੀ ਸੁਨਹਿਰੀ ਸ਼ੁਰੂਆਤ ਹੋਈ। ਅੱਜ ਗੋਲਡ ਕੋਸਟ ਵਿਖੇ ਬੈਡਮਿੰਟਨ ਵਿੱਚ ਭਾਰਤ ਨੇ ਮਿਕਸਡ ਟੀਮ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਦਿਆਂ ਇਸ ਖੇਡ ਵਿੱਚ ਵੀ ਗੋਲਡਨ ਸ਼ੁਰੂਆਤ ਕੀਤੀ ਹੈ ਅਤੇ ਹੁਣ ਵਿਅਕਤੀਗਤ ਅਤੇ ਡਬਲਜ਼ ਮੁਕਾਬਲਿਆਂ ਵਿੱਚ ਭਾਰਤ ਆਪਣਾ ਦਾਅਵਾ ਮਜ਼ਬੂਤੀ ਨਾਲ ਪੇਸ਼ ਕਰੇਗਾ। ਟੇਬਲ ਟੈਨਿਸ ਦੇ ਟੀਮ ਮੁਕਾਬਲਿਆਂ ਵਿੱਚ ਮਹਿਲਾਵਾਂ ਤੋਂ ਬਾਅਦ ਅੱਜ ਪੁਰਸ਼ਾਂ ਦੀ ਟੀਮ ਨੇ ਵੀ ਸੋਨ ਤਮਗਾ ਜਿੱਤਿਆ। ਵੇਟਲਿਫਟਿੰਗ ਵਿੱਚ ਅੱਜ ਪਰਦੀਪ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ। ਨਿਸ਼ਾਨੇਬਾਜ਼ੀ ਵਿੱਚ ਜਿਤੂ ਰਾਏ ਨੇ ਸੋਨ ਤਮਗਾ ਫੁੰਡਿਆ ਜਦੋਂ ਕਿ ਤਿੰਨ ਹੋਰ ਨਿਸ਼ਾਨੇਬਾਜ਼ਾਂ ਨੇ ਵੀ ਤਿੰਨ ਤਮਗੇ ਜਿੱਤੇ। ਮੇਹੁਲੀ ਘੋਸ਼ ਨੇ ਚਾਂਦੀ ਅਤੇ ਅਪੂਰਵੀ ਚੰਦੇਲਾ ਤੇ ਓਮ ਮਿਥਾਰਵਾਲ ਨੇ ਕਾਂਸੀ ਦੇ ਤਮਗੇ ਜਿੱਤੇ।
ਅੱਜ ਦਾ ਦਿਨ ਭਾਰਤ ਲਈ ਟੀਮ ਮੁਕਾਬਲਿਆਂ ਦੇ ਨਾਮ ਰਿਹਾ। ਪਿਛਲੇ ਕੁਝ ਅਰਸੇ ਤੋਂ ਕੌਮਾਂਤਰੀ ਪੱਧਰ 'ਤੇ ਭਾਰਤ ਦੀ ਸ਼ਾਨ ਬਣੀ ਬੈਡਮਿੰਟਨ ਖੇਡ ਦੇ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਨੇ ਫਾਈਨਲ ਵਿੱਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਨੇ ਪਹਿਲਾ ਮਿਕਸਡ ਡਬਲਜ਼ ਮੁਕਾਬਲਾ ਜਿੱਤਿਆ। ਇਸ ਤੋਂ ਬਾਅਦ ਪੁਰਸ਼ ਸਿੰਗਲਜ਼ ਵਿੱਚ ਸ੍ਰੀਕਾਂਤ ਕਦਾਂਬੀ ਨੇ ਜਿੱਤ ਹਾਸਲ ਕਰ ਕੇ ਲੀਡ 2-0 ਕਰ ਦਿੱਤੀ। ਪੁਰਸ਼ ਡਬਲਜ਼ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਚੌਥੇ ਮੈਚ ਵਿੱਚ ਭਾਰਤ ਵਿੱਚ ਬੈਡਮਿੰਟਨ ਸਨਸਨੀ ਵਜੋਂ ਜਾਣੀ ਜਾਂਦੀ ਓਲੰਪਿਕ ਖੇਡਾਂ ਦੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਜਿੱਤ ਹਾਸਲ ਕਰ ਕੇ ਭਾਰਤ ਨੂੰ 3-1 ਨਾਲ ਫਾਈਨਲ ਜਿਤਾ ਕੇ ਸੋਨ ਤਮਗਾ ਦੇਸ਼ ਦੀ ਝੋਲੀ ਪਾਇਆ। ਸਾਇਨਾ ਨੇ ਦੂਜੀ ਗੇਮ ਹਾਰਨ ਤੋਂ ਬਾਅਦ ਤੀਜੀ ਗੇਮ ਇਕਪਾਸੜ ਖੇਡਦਿਆਂ 21-9 ਨਾਲ ਜਿੱਤੀ। ਬੈਡਮਿੰਟਨ ਵਿੱਚ ਭਾਰਤ ਦੀ ਗੋਲਡਨ ਸ਼ੁਰੂਆਤ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਹੋਰ ਵੀ ਤਮਗੇ ਮਿਲਣ ਦੀ ਆਸ ਹੈ। ਟੇਬਲ ਟੈਨਿਸ ਖੇਡ ਅੱਜ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਦੋਹਰੀ ਖੁਸ਼ੀ ਦਾ ਮੌਕਾ ਲੈ ਕੇ ਆਈ। ਟੀਮ ਮੁਕਾਬਲਿਆਂ ਵਿੱਚ ਕੱਲ• ਦੀ ਮਹਿਲਾਵਾਂ ਦੀ ਜਿੱਤ ਤੋਂ ਬਾਅਦ ਅੱਜ ਪੁਰਸ਼ਾਂ ਦੀ ਟੀਮ ਨੇ ਫਾਈਨਲ ਮੁਕਾਬਲੇ ਵਿੱਚ ਨਾਈਜੀਰੀਆ ਨੂੰ 3-0 ਨਾਲ ਹਰਾ ਕੇ ਸੋਨ ਤਮਗਾ ਜਿਤਾਇਆ।
ਨਿਸ਼ਾਨੇਬਾਜ਼ਾਂ ਨੇ ਅੱਜ ਵੀ ਭਾਰਤ ਲਈ ਤਮਗਿਆਂ 'ਤੇ ਨਿਸ਼ਾਨੇ ਲਗਾਏ। ਅੱਜ ਦੇ ਦਿਨ ਦਾ ਪਹਿਲਾ ਸੋਨ ਤਮਗਾ ਜਿਤੂ ਰਾਏ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਵਿੱਚ 235.1 ਦੇ ਸਕੋਰ ਨਾਲ ਖੇਡਾਂ ਦਾ ਨਵਾਂ ਰਿਕਾਰਡ ਕਾਇਮ ਕਰਦਿਆਂ ਜਿੱਤਿਆ। ਇਸੇ ਈਵੈਂਟ ਵਿੱਚ ਹੀ ਭਾਰਤ ਦੇ ਹੀ ਓਮ ਮਿਥਾਰਵਾਲ ਨੇ 214.3 ਸਕੋਰ ਨਾਲ ਕਾਂਸੀ ਦਾ ਤਮਗਾ ਜਿੱਤਿਆ। ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਦੀਆਂ ਦੋ ਨਿਸ਼ਾਨੇਬਾਜ਼ਾਂ ਅਪੂਰਵੀ ਚੰਦੇਲਾ ਤੇ ਮੇਹੁਲੀ ਘੋਸ਼ ਨੇ ਫਾਈਨਲ ਵਿੱਚ ਅੰਤ ਤੱਕ ਸੰਘਰਸ਼ ਕੀਤਾ। ਅਪੂਰਵੀ ਨੇ 432.2 ਦੇ ਸਕੋਰ ਨਾਲ ਕੁਆਲੀਫਾਈ ਰਾਊਂਡ ਵਿੱਚ ਨਵਾਂ ਰਿਕਾਰਡ ਬਣਾਉਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਸੀ। ਫਾਈਨਲ ਵਿੱਚ ਚੰਦੇਲਾ ਨੇ ਕਾਂਸੀ ਦੇ ਤਮਗਾ ਜਿੱਤਿਆ। ਮੇਹੁਲੀ ਘੋਸ਼ ਨੇ ਆਖਰੀ ਸਕੋਰ 10.9 ਦਾ ਨਿਸ਼ਾਨਾ ਲਗਾ ਕੇ ਪਹਿਲੇ ਨੰਬਰ 'ਤੇ ਚੱਲ ਰਹੀ ਸਿੰਗਾਪੁਰ ਦੀ ਐਮ ਐਲ ਵੈਲੋਸੋ ਨਾਲ ਬਰਾਬਰੀ ਬਣਾਈ। ਸ਼ੂਟ ਆਫ ਵਿੱਚ ਉਹ ਪਿੱਛੇ ਰਹਿ ਗਈ ਅਤੇ ਚਾਂਦੀ ਦੇ ਤਮਗੇ 'ਤੇ ਸਬਰ ਕਰਨਾ ਪਿਆ। ਵੇਟਲਿਫਟਿੰਗ ਵਿੱਚ ਅੱਜ ਭਾਰਤ ਦੇ ਪਰਦੀਪ ਸਿੰਘ ਨੇ 105 ਕਿਲੋ ਗ੍ਰਾਮ ਭਾਰ ਵਰਗ ਵਿੱਚ ਕੁੱਲ 352 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ। ਪਰਦੀਪ ਨੇ ਸਨੈਚ ਵਿੱਚ 152 ਕਿਲੋ ਤੇ ਕਲੀਨ ਅਤੇ ਜਰਕ ਵਿੱਚ 200 ਕਿਲੋ ਭਾਰ ਚੁੱਕਿਆ। ਸੋਨ ਤਮਗਾ ਜਿੱਤਣ ਵਾਲੇ ਸਮੋਆ ਦੇ ਵੇਟਲਿਫਟਰ ਸਾਨੇਲੇ ਮਾਓ ਨੇ ਕੁੱਲ 360 ਕਿਲੋ ਭਾਰ ਚੁੱਕਿਆ।
ਮੁੱਕੇਬਾਜ਼ੀ ਦੇ ਪੁਰਸ਼ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੇ ਭਾਰਤ ਦੇ ਸਾਰੇ ਅੱਠ ਮੁੱਕੇਬਾਜ਼ ਅਮਿਤ, ਗੌਰਵ ਸੋਲੰਕੀ, ਮੁਹੰਮਦ ਹੁਸਾਮੂਦੀਨ, ਮਨੀਸ਼ ਕੌਸ਼ਿਕ, ਮਨੋਜ ਕੁਮਾਰ, ਵਿਕਾਸ ਕ੍ਰਿਸ਼ਨ, ਨਮਨ ਤੰਵਰ ਤੇ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਚੁੱਕੇ ਹਨ ਅਤੇ ਸਾਰੇ ਮੁੱਕੇਬਾਜ਼ਾਂ ਲਈ ਇਕ ਜਿੱਤ ਘੱਟੋ-ਘੱਟ ਤਮਗਾ ਪੱਕਾ ਕਰ ਦੇਵੇਗੀ। ਮਹਿਲਾ ਮੁੱਕੇਬਾਜ਼ੀ ਵਿੱਚ ਐਮ.ਸੀ. ਮੇਰੀਕੌਮ ਪਹਿਲਾਂ ਹੀ ਸੈਮੀ ਫਾਈਨਲ ਵਿੱਚ ਪਹੁੰਚ ਕੇ ਤਮਗਾ ਪੱਕਾ ਕਰ ਚੁੱਕੀ ਹੈ ਜਦੋਂ ਕਿ ਪਿੰਕੀ ਰਾਣੀ ਤੇ ਸਰਿਤਾ ਦੇਵੀ ਤਮਗੇ ਤੋਂ ਇਕ ਕਦਮ ਦੂਰ ਕੁਆਰਟਰ ਫਾਈਨਲ ਵਿੱਚ ਪੁੱਜੀਆਂ ਹੋਈਆਂ ਹਨ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.