ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨ ਸਮੇਂ ਕੀਤੀਆਂ ਨਿਯੁਕਤੀਆਂ ਵਿਚੋਂ 523 ਨੂੰ ਨੌਕਰੀ ਤੋਂ ਕੱਢਣ ਨਾਲ ਅਕਾਲੀ ਦਲ ਵਿਚ ਤਰਥੱਲੀ ਮੱਚ ਗਈ ਹੈ ਕਿਉਂਕਿ ਇਹ ਨਿਯੁਕਤੀਆਂ ਪਾਰਟੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੇ ਕਹਿਣ ਉਪਰ ਹੀ ਕੀਤੀਆਂ ਗਈਆਂ ਸਨ। ਹੈਰਾਨੀ ਦੀ ਗੱਲ ਹੈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਭੌਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਉਤਸਵ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਮੁਲਾਜ਼ਮਾਂ ਦੀ ਭਰਤੀ ਲਈ ਕੋਈ ਖਾਸ ਨਿਯਮਾਵਲੀ ਹੀ ਨਹੀਂ ਬਣਾਈ ਗਈ ਸੀ, ਹੁਣ ਜਲਦ ਹੀ ਨਿਯਮਾਂਵਲੀ ਬਣਾਈ ਜਾਵੇਗੀ। ਜਦੋਂ ਭਰਤੀ ਲਈ ਕੋਈ ਨਿਯਮਾਵਲੀ ਹੀ ਨਹੀਂ ਤਾਂ ਪ੍ਰੋ.ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੀਆਂ ਗਈਆਂ ਨਿਯੁਕਤੀਆਂ ਗ਼ੈਰ ਕਾਨੂੰਨੀ ਕਿਵੇਂ ਹੋ ਗਈਆਂ। 1925 ਵਿਚ ਗੁਰਦੁਆਰਾ ਐਕਟ ਬਣਨ ਤੋਂ 93 ਸਾਲ ਬਾਅਦ ਤੱਕ ਵੀ ਸਿੱਖਾਂ ਦੀ ਸਰਵੋਤਮ ਸੰਸਥਾ ਵਿਚ ਨਿਯੁਕਤੀਆਂ ਕਰਨ ਲਈ ਨਿਯਮਾਵਲੀ ਹੀ ਨਹੀਂ ਬਣਾਈ ਜਾ ਸਕੀ। ਇਸਦਾ ਭਾਵ ਹੈ ਕਿ ਹੁਣ ਤੱਕ ਜਿਤਨੀਆਂ ਨਿਯੁਕਤੀਆਂ ਹੋਈਆਂ ਹਨ, ਸਾਰੀਆਂ ਹੀ ਗ਼ੈਰਕਾਨੂੰਨੀ ਹਨ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਚਹੇਤੇ ਹਰਚਰਨ ਸਿੰਘ ਨੂੰ ਮੁੱਖ ਸਕੱਤਰ ਵੀ ਬਿਨਾਂ ਕਿਸੇ ਕਾਨੂੰਨ ਕਾਇਦੇ ਦੇ ਬਣਾ ਦਿੱਤਾ ਗਿਆ ਸੀ। ਉਸਦੀ ਨਿਯੁਕਤੀ ਤਾਂ ਗ਼ੈਰ ਕਾਨੂੰਨੀ ਕਿਉਂ ਨਹੀਂ ਸਮਝੀ ਗਈ? ਸਾਰੇ ਭਰਤੀ ਕੀਤੇ ਮੁਲਾਜ਼ਮ ਨਹੀਂ ਸਗੋਂ ਚੋਣਵੇਂ ਮੁਲਾਜ਼ਮ ਬਰਖ਼ਾਸਤ ਕੀਤੇ ਗਏ ਹਨ, ਜੇ ਬਰਖ਼ਾਸਤ ਕਰਨੇ ਹੀ ਸੀ ਤਾਂ ਸਾਰੇ ਕੀਤੇ ਜਾਂਦੇ। ਇਸ ਤੋਂ ਪੱਖਪਾਤ ਝਲਕਦਾ ਹੈ। ਪ੍ਰੋ.ਕਿਰਪਾਲ ਸਿੰਘ
ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ ਹੋ
ਰਹੇ ਹਨ, ਸੁਖਬੀਰ ਸਿੰਘ ਬਾਦਲ ਚੁੱਪਾਚਾਪ ਬੈਠੇ ਹਨ। ਜਦੋਂ ਤੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਉਦੋਂ ਤੋਂ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਵਾਦਵਿਵਾਦਾਂ ਦਾ ਮੁੱਦਾ ਬਣੀ ਰਹਿੰਦੀ ਹੈ। ਅਸਲ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਵਾਦਵਿਵਾਦਾਂ ਕਰਕੇ ਹੀ ਆਈ ਸੀ। ਮਹੰਤਾਂ ਵੱਲੋਂ ਗੋਰਿਆਂ ਦੀ ਸ਼ਹਿ ਉਪਰ ਗੁਰੂ ਘਰਾਂ ਦੀ ਬੇਅਦਬੀ ਅਤੇ ਗੁਰਮਤਿ ਰਹਿਤ ਮਰਿਆਦਾ ਦੀ ਘੋਰ ਉਲੰਘਣਾ ਕਰਕੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਸਿੱਖਾਂ ਨੇ ਸ਼ੁਰੂ ਕੀਤੀ ਸੀ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਕੁਝ ਸਮਾਂ ਤਾਂ ਬੇਦਾਗ਼ ਸ਼ਖ਼ਸੀਅਤਾਂ ਇਸਦੇ ਪ੍ਰਧਾਨ ਦੇ ਤੌਰ ਤੇ ਲਾਜਵਾਬ ਕੰਮ ਕਰਦੀਆਂ ਰਹੀਆਂ ਪ੍ਰੰਤੂ ਬਾਅਦ ਵਿਚ ਹਾਲਾਤ ਹੀ ਬਦਲ ਗਏ, ਜਦੋਂ ਪਾਰਟੀ ਦੇ ਚੋਣ ਨਿਸ਼ਾਨਾਂ ਉਪਰ ਇਸਦੀਆਂ ਚੋਣਾਂ ਹੋਣ ਲੱਗ ਗਈਆਂ। ਸ਼ੁਰੂ ਵਿਚ ਸਥਿਤੀ ਇਹ ਸੀ ਕਿ ਅਕਾਲੀ ਦਲ ਅਤੇ ਕਾਂਗਰਸ ਵਿਚ ਇਤਨੇ ਮਤਭੇਦ
ਨਹੀਂ ਸਨ, ਉਹ ਤਾਂ ਇਕੱਠੇ ਹੀ ਚੋਣਾਂ ਲੜਦੇ ਰਹੇ। ਅਕਾਲੀ ਵੀ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਉਪਰ ਚੋਣਾਂ ਲੜਦੇ ਰਹੇ ਕਿਉਂਕਿ 1920 ਵਿਚ ਅਕਾਲੀ ਦਲ ਤਾਂ ਸਿਰਫ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਕਰਨ ਲਈ ਹੀ ਬਣਿਆਂ ਸੀ। ਇਥੋਂ ਤੱਕ ਕਿ ਕਈ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਵੀ ਪ੍ਰਧਾਨ ਰਹੇ ਹਨ। ਜਦੋਂ ਤੋਂ ਇਨ੍ਹਾਂ ਪਵਿਤਰ ਧਾਰਮਿਕ ਸਥਾਨਾਂ ਦੀ ਵੇਖ ਰੇਖ ਕਰਨ ਵਾਲੀ ਇਸ ਸੰਸਥਾ ਦੀ ਚੋਣ ਪਾਰਟੀ ਦੇ ਚੋਣ ਨਿਸ਼ਾਨਾ ਤੇ ਹੋਣ ਲੱਗੀ ਹੈ ਤਾਂ ਇਸ ਦੀ ਕਾਰਗੁਜ਼ਾਰੀ ਵਿਚ ਗਿਰਾਵਟ ਆਈ ਹੈ। ਇਹ ਗਿਰਾਵਟ ਆਉਣੀ ਕੁਦਰਤੀ ਸੀ ਕਿਉਂਕਿ ਅਕਾਲੀ ਦਲ ਦਾ ਹਰ ਪ੍ਰਧਾਨ ਇਸ ਕਮੇਟੀ ਨੂੰ ਆਪਣੀ ਹੱਥਠੋਕੀ ਦੇ ਤੌਰ ਤੇ ਵਰਤਦਾ ਰਿਹਾ ਹੈ। ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਸਿੱਖ ਤਾਂ ਇਸ ਚੋਣ ਵਿਚ ਹਿੱਸਾ ਹੀ ਨਹੀਂ ਲੈਂਦੇ। ਜਦੋਂ ਇਕ ਪਾਰਟੀ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਹਿੱਸਾ ਲਵੇਗੀ
ਤਾਂ ਕੁਦਰਤੀ ਹੈ ਕਿ ਉਸ ਪਾਰਟੀ ਦੇ ਪ੍ਰਧਾਨ ਦੀ ਹੀ ਮਨਮਰਜੀ ਭਾਰੂ ਰਹੇਗੀ। ਅਕਾਲੀ ਦਲ ਦੇ ਧੜੇ ਹੀ ਆਪਸ ਵਿਚ ਚੋਣ ਲੜਦੇ ਹਨ। ਕੋਈ ਵੀ ਵਿਅਕਤੀ ਆਪਣੀ ਕਾਬਲੀਅਤ ਨਾਲ ਪ੍ਰਧਾਨ ਨਹੀਂ ਬਣ ਸਕਦਾ ਸਗੋਂ ਉਸਦੀ ਪਰਚੀ ਤਾਂ ਪ੍ਰਧਾਨ ਦੀ ਜੇਬ ਵਿਚੋਂ ਹੀ ਨਿਕਲੇਗੀ। ਜਦੋਂ ਪ੍ਰਧਾਨ ਪਾਰਟੀ ਦੇ ਮੁੱਖੀ ਦੀ ਚੋਣ ਹੋਏਗੀ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪਾਰਟੀ ਦੇ ਮੁੱਖੀ ਦੇ ਰਹਿਮੋ ਕਰਮ ਉਪਰ ਹੀ ਨਿਰਭਰ ਰਹੇਗਾ। ਅਜਿਹੇ ਹਾਲਾਤ ਵਿਚ ਗੁਰਮੁੱਖ ਅਤੇ ਗੁਰਮਤਿ ਦੇ ਧਾਰਨੀ ਬਹੁਤੇ ਵਿਅਕਤੀ ਚੋਣ ਲੜਨ ਦੇ ਇਸ ਖਲਜਗਣ ਵਿਚ ਪੈਣ ਤੋਂ ਗੁਰੇਜ਼ ਕਰਦੇ ਹਨ, ਜਿਸ ਕਰਕੇ ਧਾਰਮਿਕ ਗੁਰਮੁੱਖ ਅਤੇ ਗੁਰਮਤਿ ਦੇ ਧਾਰਨੀ ਵਿਅਕਤੀ ਨਹੀਂ ਸਗੋਂ ਸਿਆਸਤ ਤੋਂ ਪ੍ਰੇਰਿਤ ਵਿਅਕਤੀ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਦਿਲਚਸਪੀ ਰੱਖਦੇ ਹਨ। ਜਦੋਂ ਉਨ੍ਹਾਂ ਦਾ ਮੰਤਵ ਹੀ ਸਿਆਸੀ ਹੋਵੇਗਾ ਫਿਰ ਅਸੀਂ ਉਨ੍ਹਾਂ ਕੋਲੋਂ ਧਾਰਮਿਕ ਮਰਿਆਦਾ ਉਪਰ ਪਹਿਰਾ ਦੇਣ ਦੀ ਆਸ ਨਹੀਂ ਰੱਖ ਸਕਦੇ। ਇਸ ਕਰਕੇ ਹੀ ਸਾਡੀ ਨੌਜਵਾਨ ਪੀੜ੍ਹੀ ਅੰਮ੍ਰਿਤਧਾਰੀ ਹੋਣ ਦੀ ਥਾਂ ਪਤਿਤ ਹੋ ਰਹੀ ਹੈ। ਅੰਮ੍ਰਿਤਧਾਰੀ ਹੋਣਾ ਤਾਂ ਦੂਰ ਦੀ ਗੱਲ ਹੈ, ਨੌਜਵਾਨ ਤਾਂ ਕਲੀਨ ਸ਼ੇਵ ਹੋ ਰਹੇ ਹਨ। ਸ਼ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਦੇ ਆਪਣੇ ਪਰਿਵਾਰਾਂ ਦੇ ਮੈਂਬਰ ਪਤਿਤ ਹਨ। ਜੇ ਸਾਡੇ ਰੋਲ ਮਾਡਲ ਹੀ ਅਜਿਹੇ ਹੋਣਗੇ ਫਿਰ
ਤੁਸੀਂ ਉਨ੍ਹਾਂ ਤੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਕੀ ਆਸ ਰੱਖ ਸਕਦੇ ਹੋ? ਸਿਆਸੀ ਮੈਂਬਰਾਂ ਨੇ ਚੋਣਾਂ ਲੜਨੀਆਂ ਅਤੇ ਜਿੱਤਣੀਆਂ ਹੁੰਦੀਆਂ ਹਨ, ਚੋਣ ਲੜਨ ਲਈ ਹਰ ਹੀਲਾ ਵਰਤਦੇ ਹਨ, ਇਸ ਲਈ ਉਹ ਪ੍ਰਧਾਨ ਕੋਲੋਂ ਹਰ ਜਾਇਜ਼ ਨਜ਼ਾਇਜ ਕੰਮ ਕਰਵਾਉਂਦੇ ਹਨ। ਅਸਲ ਵਿਚ ਪ੍ਰਧਾਨ ਕੋਲ 1925 ਦੇ ਗੁਰਦੁਆਰਾ ਐਕਟ ਅਨੁਸਾਰ ਆਪਣੀ ਕੋਈ ਸ਼ਕਤੀ ਨਹੀਂ ਸਗੋਂ ਸਾਰੀਆਂ ਸ਼ਕਤੀਆਂ ਅੰਤ੍ਰਿੰਗ ਕਮੇਟੀ ਕੋਲ ਹਨ। ਇਸ ਲਈ ਹਰ ਨਿਯੁਕਤੀ ਦੀ ਪ੍ਰਵਾਨਗੀ ਅੰਤ੍ਰਿੰਗ ਕਮੇਟੀ ਤੋਂ ਲੈਣੀ ਜ਼ਰੂਰੀ ਹੈ। ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਵੀ ਅਕਾਲੀ ਦਲ ਦੇ ਪ੍ਰਧਾਨ ਦੀ ਪ੍ਰਵਾਨਗੀ ਨਾਲ ਹੁੰਦੀ ਹੈ। ਇਸਦਾ ਅਰਥ ਇਹ ਹੋਇਆ ਕਿ ਜਿਤਨੀਆਂ ਵੀ ਨਿਯੁਕਤੀਆਂ ਹੁੰਦੀਆਂ ਹਨ, ਉਹ ਸਾਰੀਆਂ ਅਸਿਧੇ ਤੌਰ ਤੇ
ਅਕਾਲੀ ਦਲ ਦੇ ਪ੍ਰਧਾਨ ਦੀ ਮਰਜ਼ੀ ਨਾਲ ਹੁੰਦੀਆਂ ਹਨ। ਇਸ ਵਿਚ ਫਿਰ ਪ੍ਰੋ.ਕਿਰਪਾਲ ਸਿੰਘ ਬਡੂੰਗਰ ਜ਼ਿੰਮੇਵਾਰ ਕਿਵੇਂ ਹੋਇਆ। ਇਥੇ ਮੈਂ ਇਕ ਉਦਾਹਰਣ ਦੇਣੀ ਚਾਹੁੰਦਾ ਹਾਂ। ਇਕ ਵਾਰ ਇਕ ਬਹੁਤ ਹੀ ਨੇਕ, ਦਿਆਨਤਦਾਰ, ਇਮਾਨਦਾਰ, ਗੁਰਮਿਤ ਦਾ ਧਾਰਨੀ ਗੁਰਮੁੱਖ ਅਧਿਕਾਰੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜਿਆ।
ਇਲਾਕੇ ਵਿਚ ਉਸਦੀ ਬਹੁਤ ਭੱਲ ਸੀ ਪ੍ਰੰਤੂ ਜਦੋਂ ਨਤੀਜਾ ਨਿਕਲਿਆ ਤਾਂ ਉਹ ਚੋਣ ਹਾਰ ਗਿਆ ਕਿਉਂਕਿ ਉਸਦੇ ਵਿਰੋਧੀ ਅਕਾਲੀ ਦਲ ਦੇ ਜਿੱਤਣ ਵਾਲੇ ਉਮੀਦਵਾਰ ਨੇ ਚੋਣ ਵਿਚ ਨਸ਼ੇ ਵੰਡੇ ਸਨ। ਉਸ ਅਧਿਕਾਰੀ ਨੂੰ ਉਲਟਾ ਸਰਕਾਰ ਨੇ ਨੌਕਰੀ ਤੋਂ ਮੁਅਤਲ ਕਰ ਦਿੱਤਾ। ਉਸ ਅਧਿਕਾਰੀ ਨੇ ਦੱਸਿਆ ਕਿ ਮੈਂ ਅੱਗੋਂ ਤੋਂ ਕੋਈ ਚੋਣ ਨਹੀਂ ਲੜਾਂਗਾ ਪ੍ਰੰਤੂ ਜੇ ਲੜਿਆ ਤਾਂ ਨਸ਼ੇ ਵੰਡਾਂਗਾ। ਤੁਸੀਂ ਅੰਦਾਜ਼ਾ ਲਗਾਓ ਸਾਡੇ ਨੁਮਾਇੰਦੇ ਕਿਹੋ ਜਹੇ ਹੋਣਗੇ, ਜਿਹੜੇ ਨਸ਼ੇ ਵੰਡਕੇ ਸਿੱਖਾਂ ਦੀ ਸਰਵੋਤਮ ਸੰਸਥਾ ਦੀਆਂ ਚੋਣਾਂ ਜਿੱਤਦੇ ਹਨ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਨੌਕਰੀਆਂ ਲਈ ਭਰਤੀ ਦਾ ਤਾਜ਼ਾ ਵਾਦਵਿਵਾਦ ਕੋਈ ਨਵਾਂ ਨਹੀਂ, ਹਰ ਮੈਂਬਰ ਆਪੋ ਆਪਣੇ ਇਲਾਕੇ ਦੇ ਲੋੜਮੰਦ ਗੁਰਸਿਖਾਂ ਨੂੰ ਗੁਰਦੁਆਰਿਆਂ ਵਿਚ ਭਰਤੀ ਕਰਵਾਉਂਦਾ ਹੈ ਕਿਉਂਕਿ ਸਰਕਾਰੀ ਨੌਕਰੀਆਂ ਤਾਂ ਮਿਲਦੀਆਂ ਹੀ ਨਹੀਂ। ਉਸੇ ਕਰਕੇ ਵਰਤਮਾਨ ਵਾਦਵਿਵਾਦ ਹੋਇਆ ਹੈ। ਇਕ ਪਾਸੇ ਅਕਾਲੀ ਦਲ ਪੰਜਾਬ ਵਿਚ ਲੱਖਾਂ ਨੌਜਵਾਨਾਂ ਦੀ ਬੇਰੋਜ਼ਗਾਰੀ ਦੀ ਗੱਲ ਕਰਦਾ ਹੈ, ਦੂਜੇ ਪਾਸੇ ਨੌਕਰੀਆਂ ਦੇਣ ਦੀ ਥਾਂ ਖੋਹ ਰਿਹਾ ਹੈ। ਜੇ ਸ਼ਰੋਮਣੀ ਕਮੇਟੀ ਦੇ ਪ੍ਰਧਾਨਾਂ ਦੀ ਕਾਰਗੁਜਾਰੀ ਉਪਰ ਨਜ਼ਰ ਮਾਰੀ
ਜਾਵੇ ਤਾਂ ਸ਼ਪਸਟ ਹੁੰਦਾ ਹੈ ਕਿ ਜਦੋਂ ਤੋਂ ਪਾਰਟੀ ਚੋਣ ਨਿਸ਼ਾਨ ਉਪਰ ਚੋਣਾਂ ਹੋਣ ਲੱਗੀਆਂ ਹਨ ਤਾਂ ਸਭ ਤੋਂ ਲੰਮਾ ਸਮਾਂ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਿਹਤਰੀਨ ਸਫਲ ਪ੍ਰਧਾਨ ਕਹੇ ਜਾ ਸਕਦੇ ਹਨ, ਭਾਵੇਂ ਉਹ ਅਕਾਦਮਿਕ ਤੌਰ ਤੇ ਬਹੁਤੇ ਪੜ੍ਹੇ ਲਿਖੇ ਨਹੀਂ ਸਨ ਪ੍ਰੰਤੂ ਜ਼ਿੰਦਗੀ ਵਿਚ ਗੁੜ੍ਹੇ ਹੋਏ ਹੰਢੇ ਵਰਤੇ ਸਨ। ਅਕਾਲੀ ਦਲ ਦੇ ਪ੍ਰਧਾਨ
ਨਾਲ ਵਿਚਾਰਾਂ ਦੇ ਵਖਰੇਵੇਂ ਦੇ ਸਿਆਸੀ ਕਾਰਨਾ ਕਰਕੇ ਵਾਦਵਿਵਾਦਾਂ ਵਿਚ ਜ਼ਰੂਰ ਰਹੇ ਹਨ ਕਿਉਂਕਿ ਉਹ ਖ਼ੁਦਮੁਖ਼ਤਿਆਰੀ ਨਾਲ ਕੰਮ ਕਰਨ ਵਿਚ ਵਿਸ਼ਵਾਸ ਰੱਖਦੇ ਸਨ। ਉਨ੍ਹਾਂ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਆਪਣੀ ਲਿਆਕਤ ਨਾਲ ਆਪਣੇ ਨਾਲ ਜੋੜੀ ਰੱਖਿਆ। ਉਨ੍ਹਾਂ ਨੇ ਵੀ ਭਰਤੀਆਂ ਕੀਤੀਆਂ ਸਨ, ਵਾਦਵਿਵਾਦ ਵੀ ਹੋਏ ਸਨ। ਉਨ੍ਹਾਂ ਉਪਰ ਵੀ ਅਕਾਲੀ ਦਲ ਦੇ ਪ੍ਰਧਾਨ ਦੇ ਚਹੇਤਿਆਂ ਨੇ ਕਿੰਤੂ ਪ੍ਰੰਤੂ ਕੀਤਾ ਸੀ, ਇਥੋਂ ਤੱਕ ਕਿ ਉਨ੍ਹਾਂ ਨਿਯੁਕਤੀਆਂ ਦੀ ਪੜਤਾਲ ਕਰਨ ਦੀ ਗੱਲ ਆਖੀ ਸੀ
ਪ੍ਰੰਤੂ ਉਨ੍ਹਾਂ ਈਨ ਨਹੀਂ ਮੰਨੀ ਸੀ। ਉਸ ਵਕਤ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਹਾਈ ਕੋਰਟ ਦੇ ਜੱਜ ਤੋਂ ਪੜਤਾਲ ਕਰਵਾਉਣ ਦੀ ਗੱਲ ਆਖੀ ਸੀ। ਬਹੁਤੇ ਪ੍ਰਧਾਨ ਜੱਟ ਸਿੱਖ ਹੀ ਰਹੇ ਹਨ। ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਜੱਟ ਸਿੱਖ ਸਾਊ ਪ੍ਰਧਾਨ ਹਨ, ਜਿਨ੍ਹਾਂ ਨੇ ਧਾਰਮਿਕ ਗੁੜ੍ਹਤੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਾਗਿਰਦੀ ਤੋਂ ਲਈ ਸੀ। ਉਹ ਸੰਤ ਲੌਂਗੋਵਾਲ ਦੀ ਸਵਾਰੀ ਚਾਲਕ ਦੇ ਤੌਰ ਤੇ ਲੰਮਾ ਸਮਾਂ ਰਹੇ। ਕੀਰਤਨ ਵਿਚ ਵੀ ਉਨ੍ਹਾਂ ਦਾ ਸਾਥ ਦਿੰਦੇ ਰਹੇ ਪ੍ਰੰਤੂ ਚੋਣਾਂ ਮੌਕੇ ਅਕਾਲ ਤਖ਼ਤ ਦੇ ਹੁਕਮਾਂ ਦੇ ਬਾਵਜੂਦ ਡੇਰਾ
ਸਿਰਸਾ ਗਏ। ਉਹ ਪ੍ਰਧਾਨ ਜਿਸਨੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਸੰਗਤਾਂ ਵਿਚ ਲਾਗੂ ਕਰਵਾਉਣਾ ਹੈ, ਜੇ ਉਹ ਹੀ ਉਲੰਘਣਾ ਕਰੇ ਤਾਂ ਤੁਸੀਂ ਉਸ ਕੋਲੋਂ ਸਿੱਖੀ ਉਪਰ ਪਹਿਰਾ ਦੇਣ ਦੀ ਆਸ ਕਿਵੇਂ ਕਰ ਸਕਦੇ ਹੋ। ਗ਼ੈਰ ਜੱਟ ਸਿੱਖ ਪਛੜੀਆਂ ਸ਼੍ਰੇਣੀਆਂ ਵਿਚੋਂ ਪੜ੍ਹੇ ਲਿਖੇ, ਬੁੱਧੀਜੀਵੀ ਵਿਦਵਾਨ, ਗੁਰਮਤਿ ਦੇ ਧਾਰਨੀ ਅਤੇ ਸਿੱਖ ਵਿਰਾਸਤ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਵੀ 3 ਵਾਰ ਪ੍ਰਧਾਨਗੀ ਕਰਨ ਦਾ ਮੌਕਾ ਪਰਕਾਸ਼ ਸਿੰਘ ਬਾਦਲ ਨੇ ਦਿੱਤਾ। ਇਥੋਂ ਤੱਕ ਕਿ ਜਦੋਂ ਪਰਕਾਸ਼ ਸਿੰਘ ਬਾਦਲ ਉਪਰ ਕੋਈ
ਵੀ ਸਿਆਸੀ ਭੀੜ ਪਈ ਤਾਂ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ ਪ੍ਰਧਾਨ ਬਣਾ ਕੇ ਵਰਤਿਆ ਗਿਆ। ਇਥੇ ਇਕ ਗੱਲ ਦੱਸਣੀ ਜ਼ਰੂਰੀ ਹੈ ਕਿ ਅਕਾਲੀ ਦਲ ਹਮੇਸ਼ਾ ਇਹ ਕਹਿੰਦਾ ਰਿਹਾ ਹੈ ਕਿ ਕੇਂਦਰ ਪੰਜਾਬ ਨਾਲ ਧੱਕਾ ਕਰਦਾ ਹੈ ਪ੍ਰੰਤੂ ਉਹ ਧੱਕੇ ਦਾ ਜ਼ਿਕਰ ਉਦੋਂ ਹੀ ਕਰਦਾ ਹੈ ਜਦੋਂ ਕੇਂਦਰ ਸਰਕਾਰ ਵਿਚ ਉਹ ਭਾਈਵਾਲ ਨਾ ਹੋਵੇ। ਜਦੋਂ ਕੇਂਦਰ
ਵਿਚ ਭਾਈਵਾਲ ਹੋਵੇ ਉਦੋਂ ਕੇਂਦਰ ਦੀ ਹਰ ਜ਼ਿਆਦਤੀ ਵਿਰੁਧ ਇਕ ਸ਼ਬਦ ਵੀ ਨਹੀਂ ਬੋਲਦਾ। ਵਰਤਮਾਨ ਵਾਦਵਿਵਾਦ ਇਸੇ ਵਿਰੋਧ ਕਰਨ ਅਤੇ ਨਾ ਕਰਨ ਦਾ ਸਿੱਟਾ ਹੈ। ਇਕ ਪਾਸੇ ਅਕਾਲੀ ਦਲ ਰਾਜਾਂ ਨੂੰ ਵਧੇਰੇ ਖ਼ੁਦਮੁਖਤਿਆਰੀ ਦੀ ਗੱਲ ਕਰਦਾ ਹੈ ਅਤੇ ਦੂਜੇ ਪਾਸੇ ਪਾਰਟੀ ਦੀ ਅੰਦਰੂਨੀ ਖ਼ੁਦਮੁਖਤਿਆਰੀ ਦਾ ਗਲਾ ਘੁੱਟ ਰਿਹਾ ਹੈ। ਸ਼ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਮੇਸ਼ਾ ਆਪਣੇ ਅਧਿਕਾਰਾਂ ਦੀ ਵਰਤੋਂ ਅੰਤ੍ਰਿਗ ਕਮੇਟੀ ਦੀ ਪ੍ਰਵਾਨਗੀ ਨਾਲ ਹੀ ਕਰਦਾ ਹੈ। ਇਹ ਨਿਯੁਕਤੀਆਂ ਵੀ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਨਾਲ ਹੀ ਹੋਈਆਂ ਸਨ ਕਿਉਂਕਿ ਜਿਹੜੇ ਨਿਯੁਕਤ ਕੀਤੇ ਗਏ ਸਨ, ਉਹ ਸਾਰੇ ਸੀਨੀਅਰ ਅਕਾਲੀ ਲੋਕ ਸਭਾ ਅਤੇ ਰਾਜ ਸਭਾ ਦੇ ਨੇਤਾਵਾਂ ਅਤੇ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੀਆਂ ਸਿਫਾਰਸ਼ਾਂ ਉਪਰ ਹੀ ਨਿਯੁਕਤ ਕੀਤੇ ਗਏ ਸਨ। ਇਥੋਂ ਤੱਕ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਿੱਜੀ ਡਰਾਇਵਰ ਵੀ ਸ਼ਰੋਮਣੀ ਕਮੇਟੀ ਵਿਚੋਂ ਤਨਖ਼ਾਹ ਲੈਂਦਾ
ਸੀ, ਜਿਸਤੋਂ ਇਕ ਦਿਨ ਪਹਿਲਾਂ ਅਸਤੀਫਾ ਲੈ ਲਿਆ ਗਿਆ ਸੀ। ਇਸ ਮੌਕੇ ਹੋ ਸਕਦਾ ਪ੍ਰੋ.ਬਡੂੰਗਰ ਨੇ ਵੀ ਆਪਣੇ ਰਿਸ਼ਤੇਦਾਰ ਨਿਯੁਕਤ ਕਰ ਲਏ ਹੋਣ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੇ ਹੱਕ ਵਿਚ ਇਕ ਗੱਲ ਜਾਂਦੀ ਹੈ ਕਿ ਉਸਨੇ ਕੇਂਦਰੀ ਸਰਕਾਰ ਵੱਲੋਂ ਘੱਟ ਗਿਣਤੀਆਂ ਖਾਸ ਤੌਰ ਤੇ ਸਿੱਖਾਂ ਨਾਲ ਕੀਤੇ ਜਾਂਦੇ ਅਨਿਅਏ ਦੇ ਵਿਰੁਧ ਆਵਾਜ਼ ਬੁਲੰਦ ਕੀਤੀ ਸੀ, ਜਿਸ ਕਰਕੇ ਉਸਨੂੰ ਬੇਆਬਰੂ ਕੀਤਾ ਗਿਆ ਹੈ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਕੁਝ ਬਿਆਨ ਕੇਂਦਰ ਸਰਕਾਰ ਦੀਆਂ ਸਿੱਖ ਵਿਰੋਧੀ ਗੱਲਾਂ ਕਰਕੇ ਦਿੱਤੇ ਜਿਹੜੇ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ.ਨੂੰ ਰੜਕਦੇ ਸੀ। ਉਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ ਜਿਵੇਂ ਜਦੋਂ ਸੇਵਾ ਮੁਕਤ ਹੋਏ ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਮੁਹੰਮਦ ਹਾਮਿਦ ਅਨਸਾਰੀ ਨੇ ਘੱਟ ਗਿਣਤੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਦਾ ਮੁੱਦਾ ਉਠਾਇਆ ਤਾਂ ਸਭ ਤੋਂ ਪਹਿਲਾਂ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਉਸਦਾ ਸਮਰਥਨ ਕੀਤਾ। ਦੂਜੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਜੀ ਐਸ ਟੀ ਲਗਾਈ ਤਾਂ ਬਡੂੰਗਰ ਨੇ ਇਸਦਾ ਵਿਰੋਧ ਕੀਤਾ। ਤੀਜੇ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਿੱਖ ਸੰਗਤ ਸ਼ਾਖਾ ਨੇ ਦਿੱਲੀ ਵਿਚ ਸ੍ਰੀ ਗੁਰੂ
ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਉਤਸਵ ਬਾਰੇ ਸਮਾਗਮ ਆਯੋਜਤ ਕੀਤਾ ਤਾਂ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੇ ਉਸ ਵਿਚ ਸ਼ਾਮਲ ਹੋਣ ਤੋਂ ਸਿੱਖਾਂ ਨੂੰ ਰੋਕਿਆ ਸੀ, ਚੌਥੇ ਪ੍ਰਧਾਨ ਮੰਤਰੀ ਨੇ ਅਜ਼ਾਦੀ ਦੇ ਸੰਗਰਾਮ ਵਿਚ ਸਿੱਖਾਂ ਦੇ ਯੋਗਦਾਨ ਨੂੰ ਅਣਡਿਠ ਕੀਤਾ ਤਾਂ ਪ੍ਰੋ.ਬਡੂੰਗਰ ਨੇ ਇਸਦਾ ਵਿਰੋਧ ਕੀਤਾ। ਇਨ੍ਹਾਂ ਬਿਆਨਾਂ ਤੋਂ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ.ਨਰਾਜ਼ ਹੋ ਗਈ, ਉਨ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਲਾਂਭਾ ਦਿੱਤਾ, ਜਿਹੜਾ ਪ੍ਰੋ.ਕਿਰਪਾਲ ਸਿੰਘ ਬਡੂੰਗਰ ਦੀਆਂ ਜੜ੍ਹਾਂ ਵਿਚ ਬੈਠ ਗਿਆ। ਨੌਕਰੀਆਂ ਦੀ ਭਰਤੀ ਵਿਚ ਬੇਨਿਯਮੀਆਂ ਤਾਂ ਇਕ ਬਹਾਨਾ ਹੀ ਹਨ, ਅਕਾਲੀ ਦਲ ਤਾਂ ਆਪਣੇ ਦਿਗਜ਼ ਨੇਤਾਵਾਂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ, ਰਣਜੀਤ
ਸਿੰਘ ਬ੍ਰਹਮਪੁਰਾ ਅਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅਣਡਿਠ ਕਰਕੇ ਮੰਤਰੀ ਬਣਾਈ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਨੂੰ ਸਹੀ ਸਲਾਮਤ ਰੱਖਣਾ ਚਾਹੁੰਦਾ ਹੈ। ਉਹੀ ਪੋਸਟਾਂ ਲਈ ਦੁਆਰਾ ਅਰਜੀਆਂ ਮੰਗ ਲਈਆਂ ਹਨ ਤੇ ਇਹ ਵੀ ਕਿਹਾ ਗਿਆ ਹੈ ਕਿ ਨੌਕਰੀ ਵਿਚੋਂ ਕੱਢੇ ਗਏ ਵੀ ਅਪਲਾਈ ਕਰ ਸਕਦੇ ਹਨ। ਇਨ੍ਹਾਂ ਵਿਚ ਬਹੁਤੇ ਅਜਿਹੇ
ਸਨ ਜਿਹੜੇ ਆਰਥਿਕ ਤੌਰ ਤੇ ਇਤਨੇ ਕਮਜ਼ੋਰ ਸਨ, ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਸੰਭਵ ਨਹੀਂ ਸੀ। ਗੁਰੂ ਦੀ ਗੋਲਕ ਨੂੰ ਗ਼ਰੀਬ ਦਾ ਮੂੰਹ ਕਿਹਾ ਜਾਂਦਾ ਹੈ, ਇਸ ਕੇਸ ਵਿਚ ਤਾਂ ਉਨ੍ਹਾਂ ਦੇ ਮੂੰਹਾਂ ਵਿਚੋਂ ਬੁਰਕੀਆਂ ਹੀ ਕੱਢ ਲਈਆਂ ਹਨ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.