ਰਾਸ਼ਟਰਮੰਡਲ ਖੇਡਾਂ ‘ਚ ਪੁਰਸ਼ ਹਾਕੀ; ਨਾ ਭਾਰਤ ਖੁਸ਼ ਹੋਇਆ ਤੇ ਨਾ ਹੀ ਪਾਕਿਸਤਾਨ ਨਾਰਾਜ਼
ਭਾਰਤ-ਪਾਕਿਸਤਾਨ ਵਿਚਾਲੇ ਹਾਕੀ ਮੈਚ 2-2 ਨਾਲ ਡਰਾਅ
ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਿਆ ਕਰਨਗੇ--ਸੰਪਾਦਕ )
ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਦਾ ਦਿਨ ਦੱਖਣ ਏਸ਼ਿਆਈ ਖਿੱਤੇ ਦੇ ਦੋ ਵੱਡੇ ਗੁਆਂਢੀ ਮੁਲਕਾਂ ਭਾਰਤ ਤੇ ਪਾਕਿਸਤਾਨ ਦੇ ਖੇਡ ਦਰਸ਼ਕਾਂ ਲਈ ਸਭ ਤੋਂ ਵੱਧ ਉਡੀਕ ਵਾਲਾ ਸੀ ਜਦੋਂ ਪੁਰਸ਼ ਹਾਕੀ ਦੇ ਲੀਗ ਮੈਚ ਿਵੱਚ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।ਪਿਛਲੇ ਕੁਝ ਅਰਸੇ ਦੇ ਮੁਕਾਬਲਿਆਂ, ਦੋਵੇਂ ਟੀਮਾਂ ਦੀ ਫ਼ਾਰਮ ਅਤੇ ਕੌਮਾਂਤਰੀ ਰੈਂਕਿੰਗ ਨੂੰ ਦੇਖਦਿਆਂ ਭਾਰਤ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਸੀ। ਮੈਚ ਦੀ ਸ਼ੁਰੂਆਤ ਅਤੇ ਪਹਿਲੇ ਅੱਧ ਤੱਕ ਮੈਚ ਆਸ ਅਨੁਸਾਰ ਨਤੀਜੇ ਵੱਲ ਵੱਧ ਰਿਹਾ ਸੀ ਜਦੋਂ ਭਾਰਤ ਨੇ 2-0 ਦੀ ਲੀਡ ਵੀ ਬਣਾ ਲਈ ਪ੍ਰੰਤੂ ਦੂਜੇ ਅੱਧ ਦੀ ਸ਼ੁਰੂਆਤ ਤੋਂ ਲੈ ਕੇ ਆਖਰੀ ਸਕਿੰਟ ਤੱਕ ਜਾਂਦਿਆਂ ਮੈਚ ਦੇ ਰੁਖ਼ ਨੇ ਇਕਦਮ ਪਾਸਾ ਪਲਟ ਲਿਆ ਅਤੇ ਭਾਰਤੀ ਉਮੀਦਾਂ ਦੇ ਉਲਟ ਮੈਚ 2-2 ਨਾਲ ਡਰਾਅ ਉਤੇ ਮੁੱਕਿਆ। ਹਾਲਾਂਕਿ ਦੋਵੇਂ ਟੀਮਾਂ ਨੇ ਇਕ-ਇਕ ਅੰਕ ਹਾਸਲ ਕੀਤੇ ਪਰ ਇਸ ਨਤੀਜੇ ਤੋਂ ਭਾਰਤੀ ਟੀਮ ਖੁਸ਼ ਨਹੀਂ ਹੋਈ ਅਤੇ ਪਾਕਿਸਤਾਨ ਟੀਮ ਨਰਾਜ਼ ਵੀ ਨਹੀਂ ਹੋਈ।
ਭਾਰਤ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿੱਚ ਹੀ ਪਾਕਿਸਤਾਨੀ ਗੋਲ ਉਤੇ ਹਮਲੇ ਬਣਾਉਣੇ ਸ਼ੁਰੂ ਕੀਤੇ। ਫਾਰਵਰਡ ਲਾਈਨ ਵਿੱਚ ਅਕਾਸ਼ਦੀਪ ਸਿੰਘ, ਐਸ ਵੀ ਸੁਨੀਲ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ,ਗੁਰਜੰਟ ਸਿੰਘ, ਲਲਿਤ ਉਪਾਧਿਆਏ ਨੇ ਭਾਰਤੀ ਹਮਲਿਆਂ ਦੀ ਅਗਵਾਈ ਕੀਤੀ।ਡਿਫੈਂਸ ਵਿੱਚ ਗੋਲ ਕੀਪਰ ਪੀ ਸ੍ਰੀਜੇਸ਼ ਅਤੇ ਡਿਫੈਂਡਰ ਵਰੁਣ ਕੁਮਾਰ ਤੇ ਗੁਰਿੰਦਰ ਸਿੰਘ ਨੇ ਪਾਕਿਸਤਾਨੀ ਮੂਵ ਨਾਕਾਮ ਕੀਤੇ। ਕਪਤਾਨ ਮਨਪ੍ਰੀਤ ਸਿੰਘ, ਰਘੂਨਾਥ ਤੇ ਹਰਮਨਪ੍ਰੀਤ ਸਿੰਘ ਨੇ ਡਿਫੈਂਸ ਤੇ ਫਾਰਵਰਡ ਲਾਈਨ ਵਿੱਚ ਤਾਲਮੇਲ ਬਣਾਈ ਰੱਖਿਆ। ਦਿਲਪ੍ਰੀਤ ਸਿੰਘ ਆਪਣਾ ਪਹਿਲਾ ਸੀਨੀਅਰ ਕੌੰਮਾਂਤਰੀ ਮੈਚ ਖੇਡ ਰਿਹਾ ਸੀ ਅਤੇ ਪਹਿਲੇ ਮੈਚ ਦੇ ਪਹਿਲੇ ਕੁਆਰਟਰ ਵਿੱਚ 13ਵੇਂ ਮਿੰਟ ਚ ਸੁਨੀਲ ਦੇ ਪਾਸ ਉਤੇ ਸ਼ਾਨਦਾਰ ਫ਼ੀਲਡ ਗੋਲ ਕਰਕੇ ਆਪਣਾ ਪਹਿਲਾ ਕੌਮਾਂਤਰੀ ਗੋਲ ਕੀਤਾ।ਦੂਜੇ ਕੁਆਰਟਰ ਵਿੱਚ 20ਵੇਂ ਮਿੰਟ ਚ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਉਤੇ ਡਰੈਗ ਫਲਿੱਕ ਨਾਲ ਗੋਲ ਕੀਤਾ। ਅੱਧੇ ਸਮੇਂ ਤੱਕ ਭਾਰਤ ਦੀ ਲੀਡ 2-0 ਸੀ। ਤੀਜੇ ਕੁਆਰਟਰ ਵਿੱਚ ਭਾਰਤ ਦੀ ਮੈਚ ਉਤੇ ਪਕੜ ਕਮਜ਼ੋਰ ਰਹੀ। ਭਾਰਤੀ ਹਮਲਾਵਰ ਪੰਕਤੀ ਜਿੱਥੇ ਲੀਡ ਵਧਾਉਣ ਚ ਅਸਫਲ ਰਹੀ ਉੱਥੇ ਰੱਖਿਆਪੰਕਤੀ ਨੇ ਵੀ ਗਲਤੀਆਂ ਕਰਦਿਆਂ ਪਾਕਿਸਤਾਨੀ ਸਟਰਾਈਕਰਾਂ ਨੂੰ ਆਪਣੇ ਗੋਲਾਂ ਉਤੇ ਅਟੈਕ ਕਰਨ ਦੇ ਮੌਕੇ ਦਿੱਤੇ ਜਿਸ ਦੇ ਫਲਸਰੂਪ ਪਾਕਿਸਤਾਨ ਦੇ ਇਰਫਾਨ ਜੂਨੀਅਰ ਨੇ 39ਵੇਂ ਮਿੰਟ ਚ ਫੀਲਡ ਗੋਲ ਕਰ ਕੇ ਭਾਰਤ ਦੀ ਲੀਡ ਘਟਾ ਕੇ ਸਕੋਰ 1-2 ਕਰ ਦਿੱਤੀ।ਚੌਥੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਲੀਡ ਵਧਾਉਣ ਲਈ ਮੂਵ ਤਾਂ ਕਈ ਬਣਾਏ ਪ੍ਰੰਤੂ ਪਾਕਿਸਤਾਨੀ ਗੋਲਾਂ ਤੱਕ ਜਾਂਦੇ ਹੋਏ ਅਸਫਲ ਹੋ ਜਾਂਦੇ। ਆਖਰੀ ਪਲਾਂ ਤੱਕ ਮੈਚ ਜਾਂਦੇ ਸਮੇਂ ਭਾਰਤ ਦੀ ਜਿੱਤ ਪੱਕੀ ਜਾਪ ਰਹੀ ਸੀ ਪ੍ਰੰਤੂ ਆਖਰੀ 7 ਸਕਿੰਟਾਂ ਵਿੱਚ ਪਾਕਿਸਤਾਨ ਨੂੰ ਵੀਡਿਓ ਰੈਫ਼ਰਲ ਜ਼ਰੀਏ ਮਿਲੇ ਉਤੋਤੜੀ ਪੈਨਲਟੀ ਕਾਰਨਰ ਉਤੇ ਪਾਕਿਸਤਾਨ ਦੇ ਡਰੈਗ ਫਲਿੱਕਰ ਅਲੀ ਨੇ ਗੋਲ ਕਰਕੇ ਬਰਾਬਰੀ ਕਰ ਲਈ। ਮੈਚ 2-2 ਦੀ ਬਰਾਬਰੀ ਉਤੇ ਮੁੱਕਿਆ ਅਤੇ ਦੋਵੇਂ ਏਸ਼ੀਆ ਦੀਆਂ ਰਵਾਇਤੀ ਵਿਰੋਧੀ ਟੀਮਾਂ ਨੂੰ ਇਕ-ਇਕ ਅੰਕ ਵੀ ਵੰਡਣਾ ਪਿਆ। ਭਾਰਤ ਦਾ ਇਹ ਪਹਿਲਾ ਮੈਚ ਸੀ ਜਦੋਂਕਿ ਪਾਕਿਸਤਾਨ ਨੂੰ ਪਹਿਲੇ ਮੈਚ ਵਿੱਚ ਵੀ ਵੇਲਜ਼ ਖ਼ਿਲਾਫ਼ ਬਰਾਬਰੀ ਉਤੇ ਸਬਰ ਕਰ ਕੇ ਇਕ-ਇਕ ਅੰਕ ਵੰਡਣਾ ਪਿਆ ਸੀ।ਇਸ ਪੂਲ ਵਿੱਚ ਇੰਗਲੈਂਡ ਤੇ ਮਲੇਸ਼ੀਆ ਵੀ ਹੈ ਜਿਸ ਕਾਰਨ ਭਾਰਤ ਤੇ ਪਾਕਿਸਤਾਨ ਲਈ ਇਹ ਦੋਵੇਂ ਮੈਚ ਵੀ ਤਕੜੀ ਟੱਕਰ ਵਾਲੇ ਹੋਣਗੇ ਜਿਸ ਕਾਰਨ ਇਕ ਵੀ ਹਾਰ ਤਮਗੇ ਦੀ ਦੌੜ ਤੋਂ ਬਾਹਰ ਕਰ ਸਕਦੀ ਹੈ।
ਅੱਜ ਦੇ ਮੈਚ ਸਮੇਤ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣ ਤੱਕ ਕੁੱਲ ਮਿਲਾ ਕੇ ਕੌਮਾਂਤਰੀ ਪੱਧਰ ਉਤੇ 180 ਮੈਚ ਖੇਡੇ ਗਏ ਹਨ ਜਿਨ੍ਹਾਂ ਵਿੱਚੋਂ ਭਾਰਤ ਨੇ 59 ਅਤੇ ਪਾਕਿਸਤਾਨ ਨੇ 82 ਮੈਚ ਜਿੱਤੇ ਹਨ ਜਦੋਂ ਕਿ ਅੱਜ ਦਾ ਮੈਚ ਮਿਲਾ ਕੇ ਕੁੱਲ 31 ਮੈਚ ਡਰਾਅ ਖੇਡੇ ਗਏ ਹਨ। 2016 ਦੀਆਂ ਰੀਓ ਓਲੰਪਿਕ ਖੇਡਾਂ ਤੋਂ ਬਾਅਦ ਦੋਵੇਂ ਮੁਲਕਾਂ ਵਿਚਾਲੇ ਅੱਜ ਦੇ ਮੈਚ ਤੋਂ ਪਹਿਲਾਂ ਤੱਕ 9 ਮੈਚ ਖੇਡੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 7 ਮੈਚਾਂ ਵਿੱਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ।ਰਾਸ਼ਟਰਮੰਡਲ ਖੇਡਾਂ ਵਿੱਚ ਅੱਜ ਦੇ ਮੈਚ ਸਮੇਤ ਹੁਣ ਤੱਕ ਤਿੰਨ ਮੈਚ ਖੇਡੇ ਗਏ ਹਨ ਜਿਨ੍ਹਾਂ ਵਿੱਚੋਂ ਭਾਰਤ ਨੇ 1, ਪਾਕਿਸਤਾਨ ਨੇ ਵੀ 1 ਜਿੱਤਿਆ ਹੈ ਜਦੋਂ ਕਿ ਡਰਾਅ ਵੀ ਇਕ ਮੈਚ ਖੇਡਿਆ ਗਿਆ ਹੈ ਜੋ ਕਿ ਅੱਜ ਹੋਇਆ ਹੈ।
ਇਸ ਤੋਂ ਇਲਾਵਾ ਹੋਰ ਵੱਡੇ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਓਲੰਪਿਕ ਖੇਡਾਂ ਵਿੱਚ ਖੇਡੇ ਸੱਤ ਮੈਚਾਂ ਵਿੱਚੋਂ ਭਾਰਤ ਨੇ 2, ਪਾਕਿਸਤਾਨ ਨੇ 4 ਮੈਚ ਜਿੱਤੇ ਹਨ ਜਦੋਂ ਕਿ ਇਕ ਮੈਚ ਡਰਾਅ ਖੇਡਿਆ ਹੈ। ਵਿਸ਼ਵ ਕੱਪ ਵਿੱਚ ਖੇਡੇ ਪੰਜ ਮੈਚਾਂ ਵਿੱਚੋਂ ਭਾਰਤ ਨੇ 3 ਤੇ ਪਾਕਿਸਤਾਨ ਨੇ 2 ਮੈਚ ਜਿੱਤੇ ਹਨ।ਚੈਂਪੀਅਨਜ਼ ਟਰਾਫੀ ਵਿੱਚ ਖੇਡੇ 18 ਮੈਚਾਂ ਵਿੱਚੋਂ ਭਾਰਤ ਨੇ 6 ਤੇ ਪਾਕਿਸਤਾਨ ਨੇ 12 ਮੈਚ ਜਿੱਤੇ ਹਨ।ਏਸ਼ਿਆਈ ਖੇਡਾਂ ਵਿੱਚ ਖੇਡੇ 14 ਮੈਚਾਂ ਵਿੱਚੋਂ ਭਾਰਤ ਨੇ 3, ਪਾਕਿਸਤਾਨ ਨੇ 8 ਮੈਚ ਜਿੱਤੇ ਹਨ ਜਦੋਂ ਕਿ 3 ਮੈਚ ਡਰਾਅ ਖੇਡੇ ਗਏ।ਏਸ਼ੀਆ ਕੱਪ ਵਿੱਚ ਖੇਡੇ 8 ਮੈਚਾਂ ਵਿੱਚੋਂ ਭਾਰਤ ਨੇ 3 ਪਾਕਿਸਤਾਨ ਨੇ 5 ਮੈਚ ਜਿੱਤੇ ਹਨ ਜਦੋਂ ਕਿ ਇਕ ਮੈਚ ਡਰਾਅ ਖੇਡਿਆ ਹੈ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
+91-97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.