ਨਿੱਕੇ ਦੀਪਕ ਨੇ ਜਗਾਈ ਕਾਂਸੀ ਦੀ ਲੋਅ
ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਿਆ ਕਰਨਗੇ--ਸੰਪਾਦਕ )
ਗੋਲਡ ਕੋਸਟ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਵੇਟ ਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਖੇਡਾਂ ਵਿੱਚ ਹੁਣ ਤੱਕ ਜਿੱਤੇ ਚਾਰੇ ਤਗਮੇ ਭਾਰਤ ਨੇ ਵੇਟ ਲਿਫ਼ਟਿੰਗ ਖੇਡ ਵਿੱਚ ਹੀ ਜਿੱਤੇ ਹਨ। ਇਨ੍ਹਾਂ ਖੇਡਾਂ ਦਾ ਚੌਥਾ ਤਮਗ਼ਾ ਭਾਰਤ ਦੇ ਦੀਪਕ ਲਾਥੇਰ ਨੇ ਪੁਰਸ਼ਾਂ ਦੇ 69 ਕਿੱਲੋ ਭਾਰ ਵਰਗ ਵਿੱਚ ਜਿੱਤਿਆ। 18 ਵਰਿ•ਆਂ ਦੇ ਦੀਪਕ ਨੇ ਕੁੱਲ 295 ਕਿੱਲੋਗਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਛੋਟੀ ਉਮਰ ਦੇ ਦੀਪਕ ਦੀ ਇਹ ਵੱਡੀ ਪ੍ਰਾਪਤੀ ਹੈ। ਇਸ ਮੁਕਾਬਲੇ ਵਿੱਚ ਦੀਪਕ ਨੇ ਸਨੈਚ ਵਿੱਚ 136 ਕਿੱਲੋ ਤੇ ਕਲੀਨ ਅਤੇ ਜਰਕ ਵਿੱਚ 159 ਕਿੱਲੋ ਭਾਰ ਚੁੱਕਿਆ। ਸੋਨ ਤਮਗ਼ਾ ਜਿੱਤਣ ਵਾਲੇ ਵੇਲਜ਼ ਦੇ ਗੈਰੀਥ ਈਵੈਨਸ ਨੇ ਕੁੱਲ 299 ਕਿੱਲੋ ਭਾਰ ਚੁੱਕਿਆ ਅਤੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਸ੍ਰੀਲੰਕਾ ਦੇ ਇੰਦੀਕਾ ਦਿਸਾਨਾਇਕੇ ਨੇ ਕੁੱਲ 297 ਭਾਰ ਚੁੱਕਿਆ।
25 ਮਾਰਚ 2000 ਨੂੰ ਹਰਿਆਣਾ ਦੇ ਪਿੰਡ ਸ਼ਾਦੀਪੁਰ ਵਿਖੇ ਕਿਸਾਨ ਪਰਿਵਾਰ ਵਿੱਚ ਜਨਮੇ ਦੀਪਕ ਨੇ ਨਿੱਕੀ ਉਮਰੇ ਹੀ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਉਸ ਦੇ ਪਿਤਾ ਨੂੰ ਲੱਗਿਆ ਕਿ ਉਹ ਤਾਕਤ ਵਾਲੀਆਂ ਖੇਡਾਂ ਖੇਡ ਸਕਦਾ ਹੈ। 9 ਸਾਲ ਦੀ ਉਮਰੇ ਉਹ ਆਪਣੇ ਪਿਤਾ ਨਾਲ ਖੇਤਾਂ ਵਿੱਚੋਂ ਗਾਵਾਂ ਲਈ ਚਾਰੇ ਦੀਆਂ ਪੱਠਾਂ ਚੁੱਕ ਕੇ ਲਿਆਉਂਦਾ ਹੁੰਦਾ ਸੀ। ਉਸ ਵੇਲੇ ਉਹ ਆਪਣੇ ਭਾਰ ਤੋਂ ਦੋਗੁਣਾ ਭਾਰ ਸਿਰ ਉੱਪਰ ਚੁੱਕ ਲੈਂਦਾ ਸੀ। ਉਸ ਦੀ ਮਾਂ ਆਪਣੇ ਪੁੱਤ 'ਤੇ ਤਰਸ ਕਰਦੀ ਹੋਈ ਖੇਤਾਂ ਤੋਂ ਬੁਲਾ ਲਿਆਉਂਦੀ। ਖੇਤ ਹੀ ਦੀਪਕ ਦਾ ਜਿੰਮ ਹੁੰਦੇ ਸਨ ਅਤੇ ਕੱਖਾਂ ਦੀ ਭਰੀਆਂ ਉਸ ਦੇ ਭਾਰ ਚੁੱਕਣ ਵਾਲੀ ਰਾਡ ਅਤੇ ਪਲੇਟਾਂ। 2008 ਵਿੱਚ ਉਹ ਆਰਮੀ ਇੰਸਟੀਚਿਊਟ ਆਫ ਸਪੋਰਟਸ ਪੁਣੇ ਚਲਾ ਗਿਆ ਜਿੱਥੇ ਪਹਿਲਾਂ ਉਸ ਨੂੰ ਗ਼ੋਤਾਖ਼ੋਰੀ ਖੇਡ ਵਿੱਚ ਪਾਇਆ ਗਿਆ ਅਤੇ ਫੇਰ ਵੇਟ ਲਿਫ਼ਟਿੰਗ। ਦੀਪਕ ਮੁੱਢ ਤੋਂ ਹੀ ਸਨੈਚ ਵਿੱਚ ਚੰਗਾ ਭਾਰ ਚੁੱਕ ਲੈਂਦਾ ਸੀ ਅਤੇ ਕਲੀਨ ਅਤੇ ਜਰਕ ਵਿੱਚ ਉਸ ਤੋਂ ਘੱਟ ਭਾਰ ਚੁੱਕਿਆ ਜਾਂਦਾ ਸੀ। 15 ਵਰ੍ਹਿਆਂ ਦੀ ਉਮਰੇ ਉਸ ਨੇ ਦੋਹਾ ਵਿਖੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸਨੈਚ ਵਿੱਚ ਸੋਨ ਤਮਗ਼ਾ ਅਤੇ ਕਲੀਨ ਤੇ ਜਰਕ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
ਦੀਪਕ ਨੂੰ 15 ਵਰ੍ਹਿਆਂ ਦੀ ਉਮਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਿਆ ਜਿੱਥੇ ਉਹ ਸਭ ਤੋਂ ਛੋਟੀ ਉਮਰ ਦਾ ਵੇਟ ਲਿਫਟਰ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸ ਨੇ ਕੁੱਲ 256 ਕਿੱਲੋ ਭਾਰ ਚੁੱਕਿਆ ਜੋ ਕਿ ਪ੍ਰੈਕਟਿਸ ਨਾਲੋਂ ਚਾਰ ਕਿੱਲੋ ਘੱਟ ਸੀ ਕਿਉਂਕਿ ਵੱਡੇ ਮੁਕਾਬਲੇ ਵਿੱਚ ਛੋਟੀ ਉਮਰ ਦਾ ਇਹ ਵੇਟ ਲਿਫਟਰ ਤਕੜੇ ਖਿਡਾਰੀਆਂ ਨੂੰ ਦੇਖ ਕੇ ਥੋੜ੍ਹਾ ਨਰਵਸ ਹੋ ਗਿਆ। ਇਸ ਤੋਂ ਬਾਅਦ ਉਸ ਨੇ ਐਨ.ਆਈ.ਐਸ. ਪਟਿਆਲਾ ਵਿਖੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਕੁੱਲ 267 ਭਾਰ ਚੁੱਕ ਕੇ ਨਵੇਂ ਕੌਮੀ ਰਿਕਾਰਡ ਨਾਲ ਸੋਨ ਤਮਗ਼ਾ ਜਿੱਤਿਆ ਅਤੇ ਇਹ ਪ੍ਰਾਪਤੀ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਭਾਰਤੀ ਵੇਟਲਿਫਟਰ ਬਣਿਆ। ਹੁਣ ਉਸ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਵੱਡੀ ਮੱਲ ਮਾਰੀ ਹੈ। ਦੀਪਕ ਦੀ ਛੋਟੀ ਉਮਰ ਨੂੰ ਦੇਖਦਿਆਂ ਉਸ ਕੋਲੋਂ ਵੱਡੀਆਂ ਆਸਾਂ ਲਗਾਈਆਂ ਜਾ ਰਹੀਆਂ ਹਨ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
+91-97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.