ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
( ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਿਆ ਕਰਨਗੇ--ਸੰਪਾਦਕ )
ਗੋਲਡ ਕੋਸਟ ਵਿੱਚ ਭਾਰਤ ਲਈ ਪਹਿਲਾ ਗੋਲਡ ਜਿੱਤਣ ਵਾਲੀ ਮੀਰਾਬਾਈ ਚਾਨੂੰ
ਵੇਟ ਲਿਫਟਰ ਮੀਰਾਬਾਈ ਚਾਨੂੰ ਨੇ ਗੋਲਡ ਕੋਸਟ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਿਆ। 2014 ਵਿੱਚ ਗਲਾਸਗੋ ਵਿਖੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ 48 ਕਿੱਲੋ ਭਾਰ ਵਰਗ ਦੀ ਮਹਿਲਾ ਵੇਟ ਲਿਫਟਰ ਚਾਨੂੰ ਨੇ ਆਪਣੇ ਤਗਮੇ ਦਾ ਰੰਗ ਬਦਲਣ ਲਈ ਸਖ਼ਤ ਮਿਹਨਤ ਕੀਤੀ ਸੀ ਅਤੇ ਹੁਣ ਚਾਰ ਵਰ੍ਹਿਆਂ ਬਾਅਦ ਉਸ ਨੂੰ ਇਸ ਦਾ ਫਲ ਮਿਲਿਆ ਅਤੇ ਗੋਲਡ ਕੋਸਟ ਵਿਖੇ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ। ਚਾਨੂੰ ਨੇ ਕੁੱਲ 196 ਕਿੱਲੋਗਰਾਮ ਭਾਰ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਚਾਨੂੰ ਨੇ ਸਨੈਚ ਅਤੇ ਕਲੀਨ ਤੇ ਜਰਕ ਦੋਵਾਂ ਵਰਗਾਂ ਵਿੱਚ ਵੀ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਦੋਵਾਂ ਵਰਗਾਂ ਵਿੱਚ ਉਸ ਨੇ ਕ੍ਰਮਵਾਰ 86 ਕਿੱਲੋ ਤੇ 110 ਕਿੱਲੋ ਭਾਰ ਚੁੱਕਿਆ। ਚਾਨੂੰ ਨੇ ਸਨੈਚ ਵਿੱਚ ਪਹਿਲੀ ਕੋਸ਼ਿਸ਼ ਵਿੱਚ 80 ਕਿੱਲੋ, ਦੂਜੀ ਵਿੱਚ 84 ਕਿੱਲੋ ਤੇ ਤੀਜੀ ਕੋਸ਼ਿਸ਼ ਵਿੱਚ 86 ਕਿੱਲੋ ਭਾਰ ਚੁੱਕਿਆ ਜਦੋਂ ਕਿ ਕਲੀਨ ਤੇ ਜਰਕ ਵਿੱਚ ਪਹਿਲੀ ਕੋਸ਼ਿਸ਼ ਵਿੱਚ 103 ਕਿੱਲੋ, ਦੂਜੀ ਵਿੱਚ 107 ਤੇ ਤੀਜੀ ਵਿੱਚ 110 ਕਿੱਲੋ ਭਾਰ ਚੁੱਕਿਆ। ਚਾਨੂੰ ਨੇ ਸੋਨ ਤਮਗ਼ਾ ਇਕਪਾਸੜ ਮੁਕਾਬਲੇ ਵਿੱਚ ਜਿੱਤਿਆ ਕਿਉਂਕਿ ਦੂਜੇ ਨੰਬਰ ਵਾਲੀ ਵੇਟ ਲਿਫਟਰ ਨਾਲੋਂ ਉਸ ਨੇ 26 ਕਿੱਲੋ ਵੱਧ ਭਾਰ ਚੁੱਕਿਆ। ਮੌਰੀਸ਼ਿਸ ਦੇ ਰਾਇਲੀਆ ਰਨਾਈਵਸੋਆ ਨੇ 170 ਕਿੱਲੋ ਭਾਰ ਚੁੱਕ ਕੇ ਚਾਂਦੀ ਅਤੇ ਸ੍ਰੀਲੰਕਾ ਦੀ ਦਿਨੁਸ਼ਾ ਗੋਮਜ਼ ਨੇ 155 ਕਿੱਲੋ ਭਾਰ ਚੁੱਕ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਚਾਨੂੰ ਦੀ ਇਸ ਪ੍ਰਾਪਤੀ ਤੋਂ ਬਾਅਦ ਹੁਣ ਉਸ ਤੋਂ ਏਸ਼ੀਆਈ ਖੇਡਾਂ ਅਤੇ ਉਲੰਪਿਕ ਖੇਡਾਂ ਲਈ ਵੱਡੀ ਆਸ ਜਾਗੀ ਹੈ।
ਮਨੀਪੁਰ ਦੇ ਈਸਟ ਇੰਫਾਲ ਵਿੱਚ 8 ਅਗਸਤ 1994 ਨੂੰ ਜਨਮੀ ਮੀਰਾਬਾਈ ਚਾਨੂੰ ਛੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਹੈ। ਆਪਣੀਆਂ ਵੱਡੀਆਂ ਖੇਡ ਪ੍ਰਾਪਤੀਆਂ ਸਦਕਾ ਉਸ ਨੂੰ ਭਾਰਤ ਸਰਕਾਰ ਵੱਲੋਂ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ 'ਪਦਮ ਸ੍ਰੀ' ਨਾਲ ਸਨਮਾਨਿਆ ਜਾ ਚੁੱਕਾ ਹੈ। ਚਾਨੂੰ ਨੇ 20 ਵਰ੍ਹਿਆਂ ਦੀ ਉਮਰੇ ਪਹਿਲੀ ਵੱਡੀ ਪ੍ਰਾਪਤੀ 2014 ਵਿੱਚ ਗਲਾਸਗੋ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਹਾਸਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ 2016 ਦੀਆਂ ਰੀਓ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ। 2017 ਵਿੱਚ ਚਾਨੂੰ ਨੇ ਅਮਰੀਕਾ ਵਿਖੇ ਹੋਈ ਵਿਸ਼ਵ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਕੁੱਲ 194 ਕਿੱਲੋ (ਸਨੈਚ 85 ਕਿੱਲੋ ਅਤੇ ਕਲੀਨ ਤੇ ਜਰਕ 109) ਚੁੱਕ ਕੇ ਨਵਾਂ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਮਗ਼ਾ ਜਿੱਤਿਆ ਸੀ। ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਉਹ ਕਰਨਲ ਮਲੇਸ਼ਵਰੀ ਤੋਂ ਬਾਅਦ ਦੂਜੀ ਭਾਰਤੀ ਵੇਟ ਲਿਫਟਰ ਸੀ। ਇਸ ਪ੍ਰਾਪਤੀ ਉਪਰੰਤ ਭਾਰਤ ਸਰਕਾਰ ਵੱਲੋਂ ਉਸ ਨੂੰ 'ਪਦਮ ਸ੍ਰੀ' ਪੁਰਸਕਾਰ ਨਾਲ ਸਨਮਾਨਿਆ ਗਿਆ ਅਤੇ ਮਨੀਪੁਰ ਸਰਕਾਰ ਵੱਲੋਂ ਉਸ ਦੇ ਖੇਡ ਖੇਤਰ ਵਿੱਚ ਪਾਏ ਯੋਗਦਾਨ ਨੂੰ ਸਿਜਦਿਆਂ ਕਰਦਿਆਂ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ। ਚਾਨੂੰ ਨੇ ਹੁਣ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਦਿਆਂ ਸੋਨ ਤਮਗ਼ਾ ਜਿੱਤਿਆ।
ਚੰਡੀਗੜ੍ਹ
5 ਅਪ੍ਰੈਲ, 2018
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
+91-97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.