ਮੀਟ ਦਾ ਚੈਂਪੀਅਨਜ਼ ਆਫ਼ ਗੋਲਡ ਕੋਸਟ- ਕਾਮਨ ਵੈਲਥ ਖੇਡਾਂ ਬਾਰੇ ਬਾਬੂਸ਼ਾਹੀ ਸਪੈਸ਼ਲ
ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਚੱਲ ਰਹੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਪਹਿਲੇ ਦਾਨ ਹੀ ਆਪਣੀ ਜੇਤੂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਭਾਰਤ ਲਈ ਪਹਿਲਾ ਤਮਗ਼ਾ ਵੇਟ ਲਿਫਟਰ ਪੀ ਗੁਰੂਰਾਜਾ ਨੇ ਚਾਂਦੀ ਦੇ ਤਗਮੇ ਦੇ ਰੂਪ ਵਿੱਚ ਜਿੱਤਿਆ। ਖੇਡ ਮਾਹਰ ਅਤੇ ਲੇਖਕ ਨਵਦੀਪ ਸਿੰਘ ਗਿੱਲ ਇਸ ਕਾਲਮ 'ਮੀਟ ਦਾ ਆਫ਼ ਗੋਲਡ ਕੋਸਟ' ਰਾਹੀਂ ਬਾਬੂਸ਼ਾਹੀ ਡਾਟ ਕਾਮ ਨੂੰ ਫਾਲੋ ਕਰਨ ਵਾਲੇ ਪਾਠਕਾਂ ਲਈ ਤਮਗ਼ਾ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦੇ ਖੇਡ ਜੀਵਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਿਆ ਕਰਨਗੇ .
-ਸੰਪਾਦਕ
ਗੋਲਡ ਕੋਸਟ ਵਿੱਚ ਚਾਂਦੀ ਖੱਟਣ ਵਾਲਾ 'ਗੋਦੜੀ ਦਾ ਲਾਲ' ਪੀ ਗੁਰੂਰਾਜਾ
ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਸ਼ੁਰੂ ਹੋਈਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲਿਆਂ ਦੇ ਪਹਿਲੇ ਦਿਨ ਅੱਜ 5 ਅਪ੍ਰੈਲ ਵੇਟ ਲਿਫਟਰ ਪੀ.ਗੁਰੂਰਾਜ ਨੇ ਭਾਰਤ ਲਈ ਤਮਗ਼ਾ ਜਿੱਤਣ ਦਾ ਖਾਤਾ ਖੋਲ੍ਹਿਆ। ਗੁਰੂਰਾਜਾ ਨੇ ਵੇਟ ਲਿਫ਼ਟਿੰਗ ਦੇ ਪੁਰਸ਼ ਵਰਗ ਦੇ 56 ਕਿੱਲੋਗਰਾਮ ਭਾਰ ਵਰਗ ਵਿੱਚ ਕੁੱਲ 249 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਗੁਰੂਰਾਜਾ ਨੇ ਸਨੈਪ ਵਿੱਚ 111 ਕਿਲੋ ਅਤੇ ਕਲੀਨ ਅਤੇ ਜਰਕ ਵਿੱਚ 138 ਕਿਲੋ ਭਾਰ ਚੁੱਕਿਆ। ਇਸ ਵਰਗ ਵਿੱਚ ਮਲੇਸ਼ੀਆ ਦੇ ਐਜਰਾਏ ਹੈਜ਼ਲਵੈਫੀ ਨੇ ਕੁੱਲ 261 ਭਾਰ ਚੁੱਕ ਕੇ ਨਵੇਂ ਰਾਸ਼ਟਰਮੰਡਲ ਖੇਡਾਂ ਦੇ ਰਿਕਾਰਡ ਨਾਲ ਸੋਨ ਤਮਗ਼ਾ ਜਿੱਤਿਆ। ਸ੍ਰੀਲੰਕਾ ਦੇ ਲਕਮਲ ਚਤੁਰੰਗਾ ਨੇ ਕੁੱਲ 248 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਗੁਰੂਰਾਜਾ ਨੇ ਸਨੈਚ ਵਿੱਚ ਪਹਿਲੀ ਕੋਸ਼ਿਸ਼ ਵਿੱਚ 110 ਕਿਲੋ ਭਾਰ ਚੁੱਕਿਆ ਅਤੇ ਦੂਜੀ ਕੋਸ਼ਿਸ਼ ਵਿੱਚ 111 ਕਿਲੋ ਭਾਰ ਚੁੱਕਣ ਵਿੱਚ ਅਸਫਲ ਰਿਹਾ ਅਤੇ ਅੰਤ ਤੀਜੀ ਅਤੇ ਅੰਤਿਮ ਕੋਸ਼ਿਸ਼ ਵਿੱਚ 111 ਕਿਲੋ ਭਾਰ ਚੁੱਕਿਆ। ਇਸੇ ਤਰ੍ਹਾਂ ਕਲੀਨ ਅਤੇ ਜਰਕ ਵਿੱਚ ਉਹ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ 138 ਕਿਲੋ ਭਾਰ ਚੁੱਕਣ ਵਿੱਚ ਫ਼ੇਲ੍ਹ ਹੋਇਆ ਅਤੇ ਤੀਜੀ ਤੇ ਅੰਤਿਮ ਕੋਸ਼ਿਸ਼ ਵਿੱਚ 138 ਕਿਲੋ ਭਾਰ ਚੁੱਕ ਕੇ ਭਾਰਤ ਲਈ ਚਾਂਦੀ ਖੱਟ ਲਈ।
1992 ਵਿੱਚ ਭਾਰਤ ਦੀ ਆਜ਼ਾਦੀ ਦਿਵਸ ਵਾਲੇ ਦਿਨ 15 ਅਗਸਤ ਨੂੰ ਕਰਨਾਟਕਾ ਸੂਬੇ ਵਿੱਚ ਸਮੁੰਦਰੀ ਤਟ ਨਾਲ ਲੱਗਦੇ ਸ਼ਹਿਰ ਕੁੰਡਾ ਪੁਰ ਵਿਖੇ ਜਨਮਿਆ ਗੁਰੂਰਾਜਾ ਦੇ ਪਿਤਾ ਟਰੱਕ ਡਰਾਈਵਰ ਹੈ। ਗੁਰੂਰਾਜਾ ਹੁਰੀਂ ਅੱਠ ਭੈਣ-ਭਰਾ ਹਨ ਅਤੇ ਖੇਡਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਸ ਦਾ ਇਹ ਕਹਿਣਾ ਸੀ ਜਿੱਥੇ ਉਹ ਦੇਸ਼ ਲਈ ਤਮਗ਼ਾ ਜਿੱਤਣ ਲਈ ਪੂਰੀ ਵਾਹ ਲਾਵੇਗਾ ਉੱਥੇ ਉਸ ਦੇ ਮੋਢਿਆਂ ਉੱਪਰ ਆਪਣੇ ਵੱਡੇ ਪਰਿਵਾਰ ਦੀ ਗ਼ੁਰਬਤ ਦੂਰ ਕਰਨ ਦਾ ਵੀ ਭਾਰ ਹੈ। ਅੱਠ ਭੈਣ-ਭਰਾਵਾਂ ਵਿੱਚੋਂ ਪੰਜਵੇਂ ਨੰਬਰ 'ਤੇ ਆਉਂਦੇ ਗੁਰੂਰਾਜਾ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਦਾ ਭਾਰ ਵੀ ਮੁਕਾਬਲੇ ਦੌਰਾਨ ਨਾਲ ਹੀ ਚੁੱਕਦਿਆਂ ਚਾਂਦੀ ਦਾ ਤਮਗ਼ਾ ਜਿੱਤਿਆ।
ਗੁਰੂਰਾਜਾ ਦੇ ਪਿਤਾ ਪਿਕ ਅੱਪ ਰਾਹੀਂ ਮੰਗਲੌਰ ਤੋਂ ਵੱਖ-ਵੱਖ ਸੂਬਿਆਂ ਤੱਕ ਇੱਟਾਂ ਢੋਣ ਦਾ ਕੰਮ ਕਰਦੇ ਹਨ। ਗੁਰੂਰਾਜਾ ਨੇ ਐਸ.ਡੀ.ਐਮ. ਕਾਲਜ ਉਜੇਰ ਵਿਖੇ ਦਾਖਲਾ ਲਿਆ ਜਿੱਥੇ ਉਸ ਦੇ ਰਾਜਿੰਦਰ ਪ੍ਰਸ਼ਾਦ ਨੂੰ ਉਸ ਵਿੱਚ ਚੰਗੇ ਵੇਟ ਲਿਫਟਰ ਬਣਨ ਦੀ ਪ੍ਰਤਿਭਾ ਦਾ ਪਤਾ ਲੱਗਿਆ ਜਦੋਂ ਉਸ ਨੇ ਆਪਣੇ ਭਾਰ ਨਾਲੋਂ ਦੋਗੁਣਾ ਤੋਂ ਤਿਗੁਣਾ ਤੱਕ ਭਾਰ ਚੁੱਕਿਆ। ਗੁਰੂਰਾਜ ਵੀ ਆਪਣੀ ਖੇਡ ਜ਼ਰੀਏ ਪਰਿਵਾਰ ਦੀ ਆਰਥਿਕ ਤੰਗਹਾਲੀ ਦੂਰ ਕਰਨ ਲਈ ਸਖ਼ਤ ਮਿਹਨਤ ਕਰਨ ਲੱਗਿਆ। ਐਨ.ਆਈ.ਐਸ. ਪਟਿਆਲਾ ਵਿਖੇ ਕੀਤੀ ਸਖ਼ਤ ਮਿਹਨਤ ਤੋਂ ਬਾਅਦ ਗੁਰੂਰਾਜ ਨੇ ਦੋ ਸਾਲ ਪਹਿਲਾਂ 2016 ਵਿੱਚ ਰਾਸ਼ਟਰਮੰਡਲ ਸੀਨੀਅਰ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ 249 ਕਿਲੋ ਭਾਰ ਚੁੱਕ ਕੇ ਸੋਨ ਤਮਗ਼ਾ ਜਿੱਤ ਕੇ ਕੌਮਾਂਤਰੀ ਖੇਡ ਨਕਸ਼ੇ 'ਤੇ ਆਪਣੀ ਦਸਤਕ ਦਿੱਤੀ। ਗੁਰੂਰਾਜ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤ ਕੇ ਆਪਣੇ ਵਚਨ ਪੁਗਾ ਦਿੱਤੇ ਹਨ ਅਤੇ ਹੁਣ ਉਸ ਨੂੰ ਆਸ ਹੈ ਕਿ ਉਹ ਆਪਣੇ ਪਰਿਵਾਰ ਲਈ ਰਹਿਣਯੋਗ ਬਸੇਰਾ ਬਣਾ ਕੇ ਆਪਣੇ ਘਰ ਦੀ ਮੰਦਹਾਲੀ ਨੂੰ ਦੂਰ ਕਰ ਸਕੇਗਾ।
ਗੁਰੂਰਾਜਾ ਨੇ ਜਦੋਂ 2010 ਵਿੱਚ ਖੇਡ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਕੋਲ ਖ਼ੁਰਾਕ ਅਤੇ ਸਪਲੀਮੈਂਟ ਲਈ ਵੀ ਪੈਸਾ ਨਹੀਂ ਸੀ। ਅਜਿਹੇ ਮਾਹੌਲ ਵਿੱਚ ਉਸ ਨੇ ਸਿਰਫ਼ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਖੇਡ ਵਿੱਚ ਪਰਪੱਕਤਾ ਹਾਸਲ ਕੀਤੀ ਅਤੇ ਅੱਜ ਉਸ ਨੇ ਸਿੱਧ ਕਰ ਦਿੱਤਾ ਕਿ ਆਰਥਿਕ ਦੁਸ਼ਵਾਰੀਆਂ ਤੇ ਤੰਗੀਆਂ ਤੁਰਸ਼ੀਆਂ ਇਨਸਾਨ ਦੇ ਕਿਸੇ ਵੀ ਜਜ਼ਬੇ ਦੇ ਰਾਹ ਦਾ ਰੋੜਾ ਨਹੀਂ ਬਣਦੀਆਂ। ਗੁਰੂਰਾਜਾ ਦਾ ਇਹ ਤਾਂ ਆਗਾਜ਼ ਹੈ। ਅਗਾਂਹ ਉਸ ਲਈ ਵੱਡਾ ਮੈਦਾਨ ਹੈ ਜਿੱਥੇ ਉਸ ਨੇ ਦੇਸ਼ ਦਾ ਨਾਮ ਵੀ ਰੌਸ਼ਨ ਕਰਨਾ ਹੈ ਅਤੇ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣੀ ਹੈ।
-
ਨਵਦੀਪ ਸਿੰਘ ਗਿੱਲ, ਖੇਡ ਮਾਹਰ ਅਤੇ ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.