ਉਂਜ ਤਾਂ ਸਾਰੀ ਦੁਨੀਆ ਵਿੱਚ ਹੀ ਪਰ ਭਾਰਤ ਵਰਗੇ ਲੋਕਤੰਤਰ ਵਿੱਚ ਤਾਂ ਖ਼ਾਸ ਕਰਕੇ, ਚੋਣਾਂ ਜਿੱਤਣ ਲਈ ਝੂਠ ਬੋਲਣਾ ਬੜੀ ਆਮ ਜਿਹੀ ਗੱਲ ਹੈ। ਇਹਨਾਂ ਝੂਠਾਂ ਵਿੱਚ ਕਦੇ ‘ਗਰੀਬੀ ਹਟਾਉ,’ ਕਦੇ ‘ਚਮਕਦਾ ਭਾਰਤ’ ਅਤੇ ਕਦੇ ‘ਅੱਛੇ ਦਿਨਾਂ’ ਵਰਗੇ ਸਬਜ਼ਬਾਗ ਵਿਖਾਏ ਜਾਂਦੇ ਹਨ। ਵਿਦੇਸ਼ੀ ਬੈਂਕਾਂ ਤੋਂ ਕਾਲੇ ਧਨ ਦੀ ਵਾਪਸੀ, ਹਰ ਆਦਮੀ ਦੇ ਖਾਤੇ ਵਿੱਚ 15-15 ਲੱਖ ਰੁਪਏ, ਮੁਫ਼ਤ ਲੈਪਟਾਪ, ਮੁਫ਼ਤ ਸਮਾਰਟ ਫੋਨ, ਮੁਫ਼ਤ ਇੰਟਰਨੈੱਟ, ਮੁਫ਼ਤ ਟਰੈਕਟਰ, ਖੇਤੀ ਜਿਣਸਾਂ ਦੇ ਉੱਚੇ ਭਾਅ, ਵਪਾਰੀਆਂ ਨੂੰ ਟੈਕਸਾਂ ਤੋਂ ਛੁਟਕਾਰਾ, ਬੇਰੁਜ਼ਗਾਰਾਂ ਲਈ ਪੱਕੀਆਂ ਨੌਕਰੀਆਂ, ਗਰੀਬਾਂ ਲਈ ਪੱਕੇ ਘਰ ਅਤੇ ਹੋਰ ਪਤਾ ਨਹੀਂ ਕੀ-ਕੀ ਝੂਠੇ ਵਾਅਦੇ ਕੀਤੇ ਜਾਂਦੇ ਹਨ। ਅਖ਼ਬਾਰਾਂ ਵਿੱਚ ਆਪਣੀ ਪਾਰਟੀ ਦੇ ਹੱਕ ਵਿੱਚ ਝੂਠੀਆਂ ਅਤੇ ਮੁੱਲ ਦੀਆਂ ਖ਼ਬਰਾਂ ਛਪਵਾਈਆਂ ਜਾਂਦੀਆਂ ਹਨ, ਟੀਵੀ ਚੈਨਲਾਂ ਉੱਤੇ ਘੜੇ-ਘੜਾਏ, ਮੁੱਲ ਦੇ ਪ੍ਰੋਗਰਾਮ ਅਤੇ ਝੂਠੇ ਸਰਵੇਖਣ ਕਰਵਾਏ ਜਾਂਦੇ ਹਨ। ਵਿਰੋਧੀ ਪਾਰਟੀਆਂ ਜਾਂ ਉਮੀਦਵਾਰਾਂ ਦਾ ਅਕਸ ਖ਼ਰਾਬ ਕਰਨ ਲਈ ਘਟੀਆ ਤੋਂ ਘਟੀਆ ਹੱਥਕੰਡੇ ਵਰਤਣ ਵਿੱਚ ਵੀ ਕੋਈ ਸ਼ਰਮ ਨਹੀਂ ਕੀਤੀ ਜਾਂਦੀ। ਇਸਦੇ ਵਾਸਤੇ ਧਰਮ, ਜਾਤ-ਪਾਤ, ਦੰਗਾ-ਫਸਾਦ, ਗੁੰਡਾਗਰਦੀ ਅਤੇ ਅੱਤਵਾਦੀਆਂ ਦੀ ਸਹਾਇਤਾ ਲੈਣ ਵਿੱਚ ਵੀ ਕੋਈ ਸੰਕੋਚ ਨਹੀਂ ਕੀਤਾ ਜਾਂਦਾ।
ਪਰ ਮੌਜੂਦਾ ਸਮੇਂ, ਇਹਨਾਂ ਤੋਂ ਇਲਾਵਾ ਹੋਰ ਨਵੀਆਂ ਤਕਨੀਕਾਂ ਦਾ ਰੁਝਾਨ ਵੀ ਵਧ ਰਿਹਾ ਹੈ। ਜਿਵੇਂ-ਜਿਵੇਂ ਦੁਨੀਆ ਵਿੱਚ ਸੰਚਾਰੀ ਸਾਧਨ ਤਰੱਕੀ ਕਰ ਰਹੇ ਹਨ ਤਾਂ ਇਹਨਾਂ ਸਾਧਨਾਂ ਦੀਆਂ ਕੀਮਤਾਂ ਵੀ ਘਟ ਰਹੀਆਂ ਹਨ। ਇਸ ਕਾਰਨ ਅਜਿਹੇ ਸਾਧਨ ਮੱਧ ਵਰਗ ਦੇ ਨਾਲ-ਨਾਲ ਆਮ ਲੋਕਾਂ ਕੋਲ ਵੀ ਪਹੁੰਚ ਰਹੇ ਹਨ। ਇਹਨਾਂ ਹੀ ਸੰਚਾਰੀ ਸਾਧਨਾਂ ਦੀ ਇੱਕ ਕਿਸਮ ਹੈ ਇੰਟਰਨੈੱਟ ਜਿਸ ਦੀ ਸਭ ਤੋਂ ਵੱਧ ਹਰਮਨ-ਪਿਆਰੀ ਵੰਨਗੀ ਹੈ ਸੋਸ਼ਲ ਮੀਡੀਆ ਜਿਸ ਵਿੱਚ ਫੇਸਬੁੱਕ, ਵਟਸਐਪ, ਯੂ-ਟਿਊਬ ਅਤੇ ਟਵਿਟਰ ਆਦਿ ਆ ਜਾਂਦੇ ਹਨ। ਇਹ ਉਹ ਚੀਜ਼ਾਂ ਹਨ ਜਿੰਨ੍ਹਾਂ ਨੇ ਅੱਜਕੱਲ ਦੁਨੀਆ ਨੂੰ ਸੱਚਮੁੱਚ ਹੀ ਇੱਕ ਪਿੰਡ ਬਣਾ ਕੇ ਰੱਖ ਦਿੱਤਾ ਹੈ। ਫੇਸਬੁੱਕ ਇੱਕ ਪੇਂਡੂ ਸੱਥ ਵਰਗਾ ਮੰਚ ਹੈ ਜਿਥੇ ਬੈਠ ਕੇ ਲੋਕ ਆਪੋ-ਆਪਣੇ ਮਨ ਦੀਆਂ ਗੱਲਾਂ ਕਰਦੇ ਹਨ। ਭਾਵੇਂ ਕੋਈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਪਰ ਫੇਸਬੁੱਕ ਉੱਤੇ ਗੱਲਬਾਤ ਕਰਦਿਆਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਪਿੰਡ ਦੇ ਕਿਸੇ ਖੁੰਢ ਉੱਤੇ ਬੈਠੇ ਗੱਲਾਂ ਕਰ ਰਹੇ ਹੋਣ। ਇੰਜ ਹੀ ਵਟਸਐਪ ਦੇ ਗਰੁੱਪਾਂ ਵਿੱਚ ਵਿਚਾਰ ਚਰਚਾ ਚੱਲਦੀ ਰਹਿੰਦੀ ਹੈ। ਯੂ-ਟਿਊਬ ਉੱਤੇ ਲੋਕ ਆਪੋ-ਆਪਣੀਆਂ ਵੀਡੀਓਜ਼ ਪਾ ਕੇ ਆਪਣੇ ਵਿਚਾਰ ਦੱਸਦੇ ਰਹਿੰਦੇ ਹਨ ਅਤੇ ਦੂਜਿਆਂ ਦੇ ਵਿਚਾਰ ਉਹਨਾਂ ਦੀਆਂ ਟਿੱਪਣੀਆਂ ਦੇ ਰੂਪ ਵਿੱਚ ਜਾਣਦੇ ਰਹਿੰਦੇ ਹਨ। ਇਸ ਤਰਾਂ ਸੋਸ਼ਲ ਮੀਡੀਆ ਨੇ ਸਮੁੰਦਰ ਪਾਰ ਦੀਆਂ ਦੂਰੀਆਂ ਮਿਟਾ ਦਿੱਤੀਆਂ ਹਨ।
ਜਦੋਂ ਇਹ ਤਕਨੀਕਾਂ ਇੰਨੀਆਂ ਅਹਿਮ ਬਣ ਚੁੱਕੀਆਂ ਹਨ ਤਾਂ ਸਿਆਸਤ ਦੇ ਬਾਜ਼ਾਂ ਦੀਆਂ ਨਜ਼ਰਾਂ ਤੋਂ ਕਿਵੇਂ ਅਛੂਤੀਆਂ ਰਹਿ ਸਕਦੀਆਂ ਹਨ ? ਇਸ ਕਰਕੇ ਉਹਨਾਂ ਨੇ ਵੀ ਇਹਨਾਂ ਤਕਨੀਕੀ ਮੰਚਾਂ ਉੱਤੇ ਆਪਣਾ ਚੋਗਾ ਖਿਲਾਰਨ ਅਤੇ ਸ਼ਿਕਾਰ ਫਸਾਉਣ ਵਾਸਤੇ ਕਾਰਵਾਈਆਂ ਸ਼ੁਰੂ ਦਿੱਤੀਆਂ ਹਨ। ਹੁਣ ਮਾਹਰ ਸ਼ਿਕਾਰੀ ਦੀ ਤਾਂ ਕਾਬਲੀਅਤ ਹੀ ਇਹ ਹੁੰਦੀ ਹੈ ਕਿ ਸ਼ਿਕਾਰ ਨੂੰ ਆਪਣੀਆਂ ਗਤੀਵਿਧੀਆਂ ਬਾਰੇ ਪਤਾ ਹੀ ਨਾ ਲੱਗਣ ਦਿੱਤਾ ਜਾਵੇ। ਇਹੀ ਕੰਮ ਅੱਜਕੱਲ ਦੇ ਕਥਿਤ ਚੁਣਾਵੀ ਮਾਹਰ ਅਤੇ ਉਹਨਾਂ ਦੀਆਂ ਡਾਟਾ ਵਿਸ਼ਲੇਸ਼ਕ ਕੰਪਨੀਆਂ ਕਰ ਰਹੀਆਂ ਹਨ। ਉਹਨਾਂ ਦੇ ਏਜੰਟ ਵੱਖ-ਵੱਖ ਪਾਰਟੀਆਂ ਜਾਂ ਉਮੀਦਵਾਰਾਂ ਨਾਲ ਸੰਪਰਕ ਕਰਦੇ ਹਨ ਕਿ ਹਰ ਹਾਲਤ ਚੋਣਾਂ ਜਿੱਤਣ ਦੀ ਗਰੰਟੀ ਲੈਣ ਲਈ ਉਹਨਾਂ ਨਾਲ ਸੌਦੇਬਾਜ਼ੀ ਕੀਤੀ ਜਾਵੇ। ਫਿਰ ਉਹ ਕੰਪਨੀਆਂ ਇਹਨਾਂ ਤਕਨੀਕੀ ਮੰਚਾਂ ਉੱਤੋਂ ਲੋਕਾਂ ਦਾ ਹਰ ਕਿਸਮ ਦਾ ਨਿੱਜੀ ਡਾਟਾ ਪ੍ਰਾਪਤ ਕਰਦੇ ਹਨ। ਉਸ ਡਾਟੇ ਤੋਂ ਉਹ ਲੋਕਾਂ ਦੀਆਂ ਰੁਚੀਆਂ, ਖਾਹਿਸ਼ਾਂ, ਸੁਆਦ, ਸੁਭਾਅ ਅਤੇ ਸਿਆਸੀ ਝੁਕਾਅ ਆਦਿ ਬਾਰੇ ਪਤਾ ਲਗਾਉਂਦੇ ਹਨ। ਇਸ ਤੋਂ ਬਾਅਦ ਉਹ ਇੱਕੋ ਕਿਸਮ ਦੇ ਰੁਝਾਨ ਵਾਲੇ ਲੋਕਾਂ ਦੀਆਂ ਲਿਸਟਾਂ ਬਣਾਉਂਦੇ ਹਨ ਅਤੇ ਫਿਰ ਫੈਸਲਾ ਕਰਦੇ ਹਨ ਕਿ ਕਿਹੜੀ ਲਿਸਟ ਵਾਲੇ ਲੋਕਾਂ ਦੇ ਵਿਚਾਰਾਂ ਨੂੰ ਕਿਵੇਂ ਪ੍ਰਭਾਵਿਤ ਕੀਤਾ ਜਾਵੇ। ਲੋਕਾਂ ਦੀ ਸਿਆਸੀ ਸੋਚ ਨੂੰ ਪ੍ਰਭਾਵਿਤ ਕਰਨ ਲਈ ਉਹ ਨਕਲੀ ਫੋਟੋਆਂ, ਝੂਠੇ ਦਸਤਾਵੇਜ਼ਾਂ, ਝੂਠੀਆਂ ਅਫ਼ਵਾਹਾਂ ਅਤੇ ਤੋੜ-ਮਰੋੜ ਕੇ ਬਣਾਈਆਂ ਵੀਡੀਓਜ਼ ਆਦਿ ਵਰਗੇ ਝੂਠੇ ਪ੍ਰਚਾਰ ਦਾ ਸਹਾਰਾ ਲੈਂਦੇ ਹਨ। ਉਹ ਸੋਸ਼ਲ ਸਾਈਟਾਂ ਉੱਤੇ ਵੱਖ-ਵੱਖ ਕਿਸਮ ਦੇ ਗਰੁੱਪ ਬਣਾ ਕੇ ਲੋਕਾਂ ਨੂੰ ਉਸ ਵਿੱਚ ਸ਼ਾਮਿਲ ਕਰਦੇ ਹਨ ਅਤੇ ਆਪਣੇ ਵਿਚਾਰਾਂ ਨਾਲ ਉਹਨਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੇ ਹਨ। ਆਪਣੀ ਗਾਹਕ ਸਿਆਸੀ ਪਾਰਟੀ ਦਾ ਭਾਸ਼ਣ ਲਿਖਣ, ਸਰਵੇਖਣ ਕਰਨ ਅਤੇ ਚੋਣ-ਘੋਸ਼ਣਾ ਪੱਤਰ ਤਿਆਰ ਕਰਨ ਵੇਲੇ ਸੋਸ਼ਲ ਮੀਡੀਆ ਤੋਂ ਪ੍ਰਾਪਤ ਅੰਕੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਆਮ ਲੋਕਾਂ ਦੇ ਨਾਲ-ਨਾਲ ਪੜ੍ਹੇ ਲਿਖੇ ਅਤੇ ਸੂਝਵਾਨ ਵੋਟਰਾਂ ਦੀ ਵੀ ਨਬਜ਼ ਪਛਾਣੀ ਜਾ ਸਕੇ। ਇੰਨਾ ਹੀ ਨਹੀਂ ਉਹ ਆਪਣੀ ਗਾਹਕ ਸਿਆਸੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਸਦੇ ਵਾਸਤੇ ਮੋਟੀਆਂ ਰਕਮਾਂ, ਮਹਿੰਗੀਆਂ ਜਾਇਦਾਦਾਂ, ਸੂਹੀਆ ਤੰਤਰ, ਵਿਕਾਊ ਮੀਡੀਆ, ਨਸ਼ੇ ਅਤੇ ਬਹੁਤ ਸਾਰੀਆਂ ਹਾਲਤਾਂ ਵਿੱਚ ਵੇਸਵਾਵਾਂ ਦੀ ਵੀ ਸਹਾਇਤਾ ਲਈ ਜਾਂਦੀ ਹੈ। ਵਿਰੋਧੀ ਉਮੀਦਵਾਰਾਂ ਦੀਆਂ ਮਨੁੱਖੀ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਸਟਿੰਗ ਉਪਰੇਸ਼ਨ ਕੀਤੇ ਜਾਂਦੇ ਹਨ ਅਤੇ ਬਲੈਕਮੇਲ ਕੀਤਾ ਜਾਂਦਾ ਹੈ। ਇਸ ਤਰਾਂ ਉਹ ਕੰਪਨੀਆਂ ਚੋਣਾਂ ਤੋਂ ਪਹਿਲਾਂ, ਲੋਕ-ਰਾਇ ਨੂੰ ਧੁਰ-ਅੰਦਰ ਤੱਕ ਪ੍ਰਭਾਵਿਤ ਕਰਨ ਦੀ ਹੱਦ ਤੱਕ ਪਹੁੰਚ ਜਾਂਦੀਆਂ ਹਨ। ਜਦੋਂ ਤੱਕ ਲੋਕਾਂ ਨੂੰ ਆਪਣੇ ਵਰਤੇ ਜਾਣ ਦਾ ਪਤਾ ਲੱਗਦਾ ਹੈ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ। ਉਹ ਅਜਿਹੇ ਆਗੂਆਂ ਦੀ ਸਰਕਾਰ ਬਣਾ ਚੁੱਕੇ ਹੁੰਦੇ ਹਨ ਜਿੰਨ੍ਹਾਂ ਨੂੰ ਉਹਨਾਂ ਦੇ ਦੁੱਖਾਂ-ਦਰਦਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ।
ਹੋਰਨਾਂ ਮੁਲਕਾਂ ਵਾਂਗ ਭਾਰਤ ਵਿੱਚ ਵੀ ਚੋਣਾਂ ਵਿੱਚ ਡਿਜੀਟਲ ਢੰਗ ਤਰੀਕੇ ਵਰਤਣ ਦਾ ਰਿਵਾਜ਼ ਵਧਦਾ ਜਾ ਰਿਹਾ ਹੈ। ਇਸਦਾ ਕਾਰਨ ਇਹ ਹੈ ਕਿ ਭਾਰਤ ਵਿੱਚ ਹੁਣ ਸੋਸ਼ਲ ਮੀਡੀਆ ਪਿੰਡਾਂ ਵਿੱਚ ਵੀ ਬਹੁਤ ਪੈਰ ਪਸਾਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿੱਚ ਤਕਰੀਬਨ 25 ਕਰੋੜ ਲੋਕ ਫੇਸਬੁੱਕ ਚਲਾਉਂਦੇ ਹਨ। ਇਸ ਲਈ ਇੱਥੇ ਵੀ ਚੁਣਾਵੀ ਮਾਹਰਾਂ ਦੀ ਮੰਗ ਵਧ ਰਹੀ ਹੈ। ਮਿਸਾਲ ਵਜੋਂ ਪ੍ਰਸ਼ਾਂਤ ਕਿਸ਼ੋਰ ਇੱਕ ਅਜਿਹਾ ਹੀ ਚੁਣਾਵੀ ਮਾਹਰ ਹੈ ਜਿਸਨੇ 2014 ਵਿੱਚ ਭਾਜਪਾ ਦੀ ਚੋਣ ਮੁਹਿੰਮ ਚਲਾਈ ਸੀ। ਫਿਰ 2015 ਵਿੱਚ ਬਿਹਾਰ ਵਿੱਚ ਨਿਤੀਸ਼ ਕੁਮਾਰ ਅਤੇ 2017 ਵਿੱਚ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਉਣ ਵਿੱਚ ਵੀ ਉਸਦਾ ਸਰਗਰਮ ਰੋਲ ਰਿਹਾ ਹੈ। ਇਹਨਾਂ ਪਾਰਟੀਆਂ ਦੇ ਚੋਣ ਘੋਸ਼ਣਾ ਪੱਤਰ ਤਿਆਰ ਕਰਨ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ। ਪਰ ਕੀਤੇ ਹੋਏ ਵਾਅਦਿਆਂ ਮੁਤਾਬਕ ਨਾ ਤਾਂ ਮੋਦੀ ਸਰਕਾਰ ਵੱਲੋਂ ਹਰ ਦੇਸ਼ ਵਾਸੀ ਦੇ ਖਾਤੇ ਵਿੱਚ 15 ਲੱਖ ਰੁਪਏ ਆਏ ਅਤੇ ਨਾ ਹੀ ਕੈਪਟਨ ਸਰਕਾਰ ਤੋਂ ਪੰਜਾਬੀਆਂ ਨੂੰ ਅਜੇ ਤਕ ਸਮਾਰਟ ਫੋਨ ਅਤੇ ਘਰ-ਘਰ ਨੌਕਰੀ ਮਿਲਣ ਦੀ ਉਮੀਦ ਬਣੀ ਹੈ। ਇਹ ਸਭ ਝੂਠੇ ਅਤੇ ਬੇਬੁਨਿਆਦ ਲਾਰੇ ਹੀ ਸਨ ਜਿੰਨ੍ਹਾਂ ਨਾਲ ਲੋਕਾਂ ਨੂੰ ਲਾਲਚ ਦੇ ਕੇ ਮੂਰਖ ਬਣਾਇਆ ਗਿਆ।
ਕੈਂਬਰਿਜ ਐਨਾਲਿਟਿਕਾ ਵੀ ਇੱਕ ਅਜਿਹੀ ਹੀ ਅਮਰੀਕੀ ਡਾਟਾ ਵਿਸ਼ਲੇਸ਼ਕ ਕੰਪਨੀ ਹੈ ਜਿਸ ਦੀਆਂ ਡਾਟਾ ਚੋਰੀ ਦੀਆਂ ਕਾਰਵਾਈਆਂ ਦਾ ਹਾਲ ਹੀ ਵਿੱਚ ਪਰਦਾਫਾਸ਼ ਹੋਇਆ ਹੈ। ਇਸ ਕੰਪਨੀ ਉੱਤੇ ਇਹ ਦੋਸ਼ ਹੈ ਕਿ ਇਸ ਨੇ ਕੋਈ 5 ਕਰੋੜ ਗਾਹਕਾਂ ਦੇ ਨਿੱਜੀ ਵੇਰਵੇ ਫੇਸਬੁੱਕ ਤੋਂ ਚੋਰੀ ਇਕੱਤਰ ਕੀਤੇ। ਅਜਿਹਾ ਫੇਸਬੁੱਕ ਵੱਲੋਂ ਡਾਟੇ ਦੀ ਸਹੀ ਸੁਰੱਖਿਆ ਯਕੀਨੀ ਨਾ ਬਣਾਏ ਜਾਣ ਕਾਰਨ ਵਾਪਰਿਆ। ਕੈਂਬਰਿਜ ਐਨਾਲਿਟਿਕਾ ਨੇ 2016 ਵਿੱਚ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਚਲਾਈ ਸੀ। ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਜੇਕਰ ਟਰੰਪ ਨੇ ਇਸ ਕੰਪਨੀ ਨਾਲ ਸੌਦੇਬਾਜ਼ੀ ਨਾ ਕੀਤੀ ਹੁੰਦੀ ਤਾਂ ਅੱਜ ਉਸ ਦੀ ਥਾਂ ਉੱਤੇ ਅਮਰੀਕਾ ਦੀ ਰਾਸ਼ਟਰਪਤੀ ਹਿਲੇਰੀ ਕਲਿੰਟਨ ਹੁੰਦੀ। ਭਾਰਤ ਵਿੱਚ ਹੁਣ ਭਾਜਪਾ ਨੇ ਕਾਂਗਰਸ ਪਾਰਟੀ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਵਾਸਤੇ ਇਸ ਕੰਪਨੀ ਨਾਲ ਸੌਦਾ ਕਰ ਰਹੀ ਹੈ। ਭਾਜਪਾ ਨੂੰ ਡਰ ਹੈ ਕਿ ਕਰਨਾਟਕਾ ਚੋਣਾਂ ਵਿੱਚ ਵੀ ਇਸਦਾ ਫਾਇਦਾ ਉਠਾਇਆ ਜਾ ਸਕਦਾ ਹੈ ਕਿਉਂਕਿ ਉਸ ਮੁਤਾਬਕ ਪਿਛਲੀਆਂ ਗੁਜਰਾਤ ਚੋਣਾਂ ਵਿੱਚ ਵੀ ਕਾਂਗਰਸ ਨੇ ਇਸ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ। ਭਾਜਪਾ ਨੇ ਕੰਪਨੀ ਦੇ ਬਦਨਾਮ ਸਾਬਕਾ ਸੀਈਓ ਅਲੈਗਜ਼ੈਂਡਰ ਨਿਕਸ ਨਾਲ ਕਾਂਗਰਸੀ ਨੇਤਾਵਾਂ ਦੀਆਂ ਮੀਟਿੰਗਾਂ ਦੇ ਦੋਸ਼ ਵੀ ਲਗਾਏ ਹਨ। ਇਸੇ ਸੰਬੰਧ ਵਿੱਚ ਭਾਜਪਾ ਨੇ ਫੇਸਬੁੱਕ ਨੂੰ ਵੀ ਭਾਰਤੀ ਵੋਟਰਾਂ ਦੇ ਡਾਟੇ ਦੀ ਕਥਿਤ ਚੋਰੀ ਤੋਂ ਬਾਜ਼ ਆਉਣ ਲਈ ਕਿਹਾ ਹੈ। ਕਾਂਗਰਸ ਨੇ ਇਹਨਾਂ ਦੋਸ਼ਾਂ ਨੂੰ ਮੂਲੋਂ ਹੀ ਰੱਦ ਕਰਦੇ ਹੋਏ ਉਲਟਾ ਭਾਜਪਾ ਉੱਤੇ ਅਜਿਹੇ ਇਲਜ਼ਾਮ ਲਗਾਏ ਹਨ। ਉਸਦਾ ਕਹਿਣਾ ਹੈ ਕਿ 2010 ਦੀਆਂ ਬਿਹਾਰ ਚੋਣਾਂ ਵਿੱਚ ਭਾਜਪਾ ਅਤੇ ਨਿਤੀਸ਼ ਕੁਮਾਰ ਵੱਲੋਂ ਇਸ ਕੰਪਨੀ ਨਾਲ ਸੌਦੇਬਾਜ਼ੀ ਕੀਤੀ ਗਈ ਸੀ।
ਅਨੈਤਿਕਤਾ ਦੀ ਸਿਖਰ ਇਹ ਹੈ ਕਿ ਇੱਕੋ ਹੀ ਏਜੰਸੀ ਕਿਸੇ ਵੀ ਦੋ ਸਿਆਸੀ ਤੌਰ ਤੇ ਦੁਸ਼ਮਣ ਪਾਰਟੀਆਂ ਵਿੱਚੋਂ ਕਿਸੇ ਲਈ ਵੀ ਕੰਮ ਕਰਨ ਨੂੰ ਤਿਆਰ ਰਹਿੰਦੀ ਹੈ। ਉਸ ਨੂੰ ਤਾਂ ਸਿਰਫ ਉਸ ਮੋਟੀ ਰਕਮ ਨਾਲ ਹੀ ਮਤਲਬ ਹੈ ਜਿਹੜੀ ਉਸ ਦੀ ਗਾਹਕ ਸਿਆਸੀ ਪਾਰਟੀ ਨੇ ਫੀਸ ਵਜੋਂ ਅਦਾ ਕਰਨੀ ਹੁੰਦੀ ਹੈ। ਕੈਂਬਰਿਜ ਐਨਾਲਿਟਿਕਾ ਵਰਗੀਆਂ ਕੰਪਨੀਆਂ ਦਾ ਤਾਂ ਚਲੋ ਕਾਰੋਬਾਰ ਹੀ ਇਹ ਹੈ ਪਰ ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਮੀਡੀਆ ਅਦਾਰੇ ਫੇਸਬੁੱਕ ਦਾ ਅਜਿਹੇ ਵਿਵਾਦਾਂ ਵਿੱਚ ਘਿਰਨਾ ਹੋਰ ਵੀ ਅਫ਼ਸੋਸਨਾਕ ਹੈ। ਇੰਜ ਸੋਸ਼ਲ ਮੀਡੀਆ ਤੋਂ ਲੋਕਾਂ ਦਾ ਨਿੱਜੀ ਡਾਟਾ ਪ੍ਰਾਪਤ ਕਰਕੇ ਆਪਣੇ ਇਰਾਦਿਆਂ ਨੂੰ ਅੰਜ਼ਾਮ ਦੇਣਾ ਇਹਨਾਂ ਕੰਪਨੀਆਂ ਲਈ ਹੋਰ ਵੀ ਸੌਖਾ ਹੋ ਜਾਂਦਾ ਹੈ। ਇਹ ਰੁਝਾਨ ਲੋਕਤੰਤਰ ਲਈ ਬਹੁਤ ਹੀ ਘਾਤਕ ਹੈ।
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.