ਪਿਆਰੇ ਬੱਚਿਓ! ਸਾਡੇ ਆਲੇ-ਦੁਆਲੇ ਜੋ ਵੀ ਕੁਦਰਤੀ ਚੀਜਾਂ ਮੌਜੂਦ ਹਨ, ਉਸਨੂੰ ਵਾਤਾਵਰਣ ਕਿਹਾ ਜਾਂਦਾ ਹੈ। ਜਿਸ ਨੂੰ ਹਰ ਹਾਲ ਬਚਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਇਹ ਮਨੁੱਖਾਂ ਅਤੇ ਜੀਵਾਂ ਦੇ ਜੀਵਨ ਦਾ ਮੁੱਖ ਅੰਗ ਹੈ। ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਜਿੱਥੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਉਥੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਦਾ ਬਚਾਅ ਕਰਨਾ ਚਾਹੀਦਾ ਹੈ।
ਭਾਵੇਂਕਿ ਵਾਤਾਵਰਣ ਵਿਸ਼ਾ ਬਹੁਤ ਹੀ ਵਿਸ਼ਾਲ ਹੈ ਅਤੇ ਇਸ 'ਤੇ ਇੱਕ ਲਿਖ਼ਤ ਰਾਹੀਂ ਚਰਚਾ ਕਰਨੀ ਆਸਾਨ ਨਹੀਂ ਪਰ ਜਿਸ ਤਰ•ਾਂ ਦਿਨੋਂ ਦਿਨ ਆਲਮੀ ਤਪਸ਼ (ਗਲੋਬਲ ਵਾਰਮਿੰਗ), ਪ੍ਰਦੂਸ਼ਣ ਅਤੇ ਆਬਾਦੀ ਵਧਣ ਦੇ ਨਾਲ-ਨਾਲ ਓਜ਼ੋਨ ਪਰਤ ਦਾ ਖ਼ਾਤਮਾ ਹੋ ਰਿਹਾ ਹੈ, ਉਸ ਨਾਲ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕ ਹੋਈਏ।
ਬੱਚਿਓ, ਅਸੀਂ ਦੇਖਦੇ ਹਾਂ ਕਿ ਸਾਡੀ ਧਰਤੀ 'ਤੇ ਜੰਗਲਾਂ ਅਧੀਨ ਖੇਤਰ ਲਗਾਤਾਰ ਘਟ ਰਿਹਾ ਹੈ। ਸਾਲ 2015 ਵਿੱਚ ਪੇਸ਼ ਕੀਤੀ ਗਈ 'ਇੰਡੀਆ ਸਟੇਟ ਆਫ਼ ਫਾਰੈੱਸਟ ਰਿਪੋਰਟ' (ਆਈ. ਐੱਸ. ਐੱਫ਼. ਆਰ.) ਅਨੁਸਾਰ ਸਾਡੇ ਦੇਸ਼ ਵਿੱਚ ਜੰਗਲਾਂ ਅਤੇ ਦਰੱਖ਼ਤਾਂ ਅਧੀਨ ਖੇਤਰ 79.42 ਮਿਲੀਅਨ ਹੈਕਟੇਅਰ ਹੈ, ਜੋ ਕਿ ਸਾਡੇ ਦੇਸ਼ ਦੇ ਕੁੱਲ ਭੂਗੋਲਿਕ ਖੇਤਰਫ਼ਲ ਦਾ 24.16 ਫੀਸਦੀ ਖੇਤਰ ਹੀ ਬਣਦਾ ਹੈ। ਭਾਰਤ ਦੀ ਆਬਾਦੀ, ਇਥੋਂ ਦੇ ਪ੍ਰਦੂਸ਼ਣ ਦੇ ਪੱਧਰ, ਸਾਡੇ ਲੋਕਾਂ ਦੇ ਰਹਿਣ-ਸਹਿਣ, ਦਿਨੋਂ-ਦਿਨ ਵੱਧ ਰਹੇ ਆਵਾਜਾਈ ਸਾਧਨਾਂ ਦੇ ਚੱਲਦਿਆਂ ਸਾਡਾ ਵਾਤਾਵਰਣ ਨਿੱਤ ਦਿਨ ਤੇਜ਼ ਗਤੀ ਨਾਲ ਹੋਰ ਪਲੀਤ ਹੁੰਦਾ ਜਾ ਰਿਹਾ ਹੈ।
ਦੇਸ਼ ਅਤੇ ਸਮਾਜ ਦੇ ਚੰਗੇ ਨਾਗਰਿਕ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਈਏ। ਸਾਨੂੰ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ ਅਤੇ ਉਨ•ਾਂ ਨੂੰ ਬਚਾਉਣ ਦੇ ਯਤਨ ਕਰੀਏ। ਬੇਲੋੜੀਆਂ ਵਸਤਾਂ ਨੂੰ ਇੱਧਰ-ਉਧਰ ਸੁੱਟਣ ਦੀ ਬਿਜਾਏ ਸਾਨੂੰ ਇਨ•ਾਂ ਨੂੰ ਨਸ਼ਟ ਕਰਕੇ ਨਵਿਆਉਣ (ਰੀਸਾਈਕਲ) ਪ੍ਰਕਿਰਿਆ ਰਾਹੀਂ ਮੁੜ ਤੋਂ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਅਸੀਂ ਕੂੜਾ ਪ੍ਰਬੰਧਨ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ, ਜੋ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦਾ ਸਭ ਤੋਂ ਵੱਡਾ ਕਾਰਨ ਹੈ। ਸਾਨੂੰ ਕੂੜਾ ਕੂੜਾਦਾਨ (ਡਸਟਬਿੰਨ) ਵਿੱਚ ਹੀ ਸੁੱਟਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਕੁਦਰਤ ਨੇ ਸਾਨੂੰ ਸਾਫ਼ ਪਾਣੀ ਦੇ ਰੂਪ ਵਿੱਚ ਅਨਮੋਲ ਨਿਆਮਤ ਬਖ਼ਸ਼ੀ ਹੈ, ਜਿਸ ਦੀ ਸਾਨੂੰ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਭੂ-ਜਲ ਵਿਗਿਆਨੀਆਂ ਮੁਤਾਬਿਕ ਸਾਡੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ, ਜੋ ਕਿ ਬਹੁਤ ਹੀ ਗੰਭੀਰ ਅਤੇ ਸੋਚਣ ਵਾਲਾ ਵਿਸ਼ਾ ਹੈ। ਅੱਜ ਪਾਣੀ ਦੀ ਦੁਰਵਰਤੋਂ ਬਹੁਤ ਵਧ ਰਹੀ ਹੈ। ਲੋਕ ਕਾਰਾਂ ਅਤੇ ਘਰਾਂ ਦੀ ਸਫਾਈ ਲਈ ਬੇਹਤਾਸ਼ਾ ਪਾਣੀ ਦੀ ਦੁਰਵਰਤੋਂ ਕਰਦੇ ਹਨ। ਜਿਸ ਨਾਲ ਕੁਦਰਤ ਦਾ ਇਹ ਅਨਮੋਲ ਖ਼ਜ਼ਾਨਾ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਪਲਾਸਟਿਕ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਕਾਰਨ ਹੈ। ਸਾਡੇ ਦੁਆਰਾ ਇਧਰ-ਉਧਰ ਸੁੱਟਿਆ ਗਿਆ ਪਲਾਸਟਿਕ ਧਰਤੀ ਅੰਦਰ ਚਲਿਆ ਜਾਂਦਾ ਹੈ, ਜਿਸ ਨਾਲ ਖ਼ਤਰਨਾਕ ਗੈਸਾਂ ਪੈਦਾ ਹੁੰਦੀਆਂ ਹਨ। ਇਹ ਪਲਾਸਟਿਕ ਨੂੰ ਕੁਦਰਤੀ ਤੌਰ 'ਤੇ ਗਲ•ਣ ਨੂੰ 500 ਤੋਂ ਵਧੇਰੇ ਸਾਲ ਲੱਗ ਜਾਂਦੇ ਹਨ। ਸਾਨੂੰ ਘਰਾਂ ਦੇ ਅੰਦਰ ਅਤੇ ਬਾਹਰ ਛੋਟੇ-ਛੋਟੇ ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ।
ਸਾਨੂੰ ਸਵੇਰੇ ਜਲਦੀ ਉਠਣ ਅਤੇ ਰਾਤ ਨੂੰ ਜਲਦੀ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਤਰ•ਾਂ ਕਰਨ ਨਾਲ ਇੱਕ ਵਿਅਕਤੀ ਆਪਣੇ ਨਿੱਤ ਦਿਨ ਦੇ ਕੰਮ ਦਿਨ ਦੀ ਰੌਸ਼ਨੀ ਵਿੱਚ ਮੁਕਾ ਸਕਦਾ ਹੈ। ਇੱਕ ਸਰਵੇ ਮੁਤਾਬਿਕ ਸਾਡੇ ਘਰਾਂ ਵਿੱਚ 35 ਫੀਸਦੀ ਬਿਜਲੀ ਦੀ ਵਰਤੋਂ ਲਾਈਟਾਂ ਲਈ ਕੀਤੀ ਜਾਂਦੀ ਹੈ। ਸਵੇਰੇ ਉੱਠਣ ਅਤੇ ਜਲਦੀ ਸੌਣ ਨਾਲ ਬਿਜਲੀ ਦੀ ਬੱਚਤ ਤਾਂ ਹੁੰਦੀ ਹੀ ਹੈ, ਸਗੋਂ ਅਸੀਂ ਸਿਹਤਮੰਦ ਅਤੇ ਨਿੱਤ ਦਿਨ ਦੇ ਕਾਰ ਵਿਹਾਰ ਲਈ ਅਨੁਸਾਸ਼ਿਤ ਵੀ ਰਹਿ ਸਕਦੇ ਹਨ। ਹੋ ਸਕੇ ਤਾਂ ਸਾਨੂੰ ਊਰਜਾ ਬਚਾਉਣ ਵਿੱਚ ਸਹਾਈ ਬਿਜਲਈ ਉਪਕਰਨਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।
ਰਸੋਈ ਵਿੱਚ ਬਚਣ ਵਾਲੇ ਖਾਧ ਪਦਾਰਥਾਂ ਦੀ ਰਹਿੰਦ-ਖੂੰਹਦ ਨੂੰ ਖਾਦ ਵਜੋਂ ਵਰਤਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਇਸ ਲਈ ਬਾਜ਼ਾਰ ਵਿੱਚ ਕਈ ਬਿਜਲਈ ਉਪਕਰਨ ਉਪਲੱਬਧ ਹਨ। ਸਾਡੇ ਦੂਰ-ਨੇੜੇ ਜਾਣ ਲਈ ਜਨਤਕ ਆਵਾਜਾਈ ਸਾਧਨਾਂ (ਬੱਸ, ਰੇਲਗੱਡੀ ਜਾਂ ਸਾਂਝਾ ਸਾਧਨ) ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਵਾਹਨਾਂ ਵਿੱਚੋਂ ਨਿਕਲਣ ਵਾਲੇ ਧੂੰਏਂ ਵਿੱਚ ਕਾਰਬਨ ਡਾਈਆਕਸਾਈਡ ਹੁੰਦੀ ਹੈ, ਜੋ ਕਿ ਵਾਤਾਵਰਣ ਨੂੰ ਵੱਡੇ ਪੱਧਰ 'ਤੇ ਨੁਕਸਾਨ ਪਹੁੰਚਾਉਂਦਾ ਹੈ। ਸਾਨੂੰ ਕਾਗਜ਼ (ਪੇਪਰ) ਅਤੇ ਟਿਸ਼ੂਜ਼ (ਨੈਪਕਿਨ ਪੇਪਰ) ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਕਿਉਂਕਿ ਇੱਕ ਕਾਗਜ਼ ਅਤੇ ਟਿਸ਼ੂ ਨੂੰ ਤਿਆਰ ਕਰਨ ਲਈ ਕਈ ਦਰੱਖ਼ਤਾਂ ਨੂੰ ਕੱਟਣਾ ਪੈਂਦਾ ਹੈ। ਜੋ ਲੋਕ ਸਿਗਰਟਨੋਸ਼ੀ ਕਰਦੇ ਹਨ, ਉਨ•ਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਕੇ ਇਸ ਦੀ ਵਰਤੋਂ ਬੰਦ ਕਰਨ ਬਾਰੇ ਪ੍ਰੇਰਨਾ ਚਾਹੀਦਾ ਹੈ।
ਬੱਚਿਓ! ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਹੁਣ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਵਾਤਾਵਰਣ ਨੂੰ ਬਚਾਉਣ ਲਈ ਯਤਨ ਕਰੋ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੋ।
-
ਬਲਪ੍ਰੀਤ ਕੌਰ ਕੌਲਧਰ, ਲੇਖਕ
balpreet1982@yahoo.com
9988292401
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.