ਅੱਜਕਲ ਭਾਰਤ ਵਿੱਚ ਰਾਜਨੀਤਕ ਪਾਰਟੀਆਂ ਵੱਲੋਂ ਇੱਕ ਦੂਸਰੇ ਦੇ ਸਤਿਕਾਰਿਤ ਨੇਤਾਵਾਂ ਦੀਆਂ ਮੂਰਤੀਆਂ ਦੀ ਬੇਹੁਰਮਤੀ ਕਰਨ ਦੀ ਭੇਡਚਾਲ ਚੱਲ ਰਹੀ ਹੈ। ਉਹ ਤਾਂ ਦੇਸ਼ ਦੀ ਜਨਤਾ ਸਮਝਦਾਰੀ ਕਰ ਗਈ ਨਹੀਂ ਇਹਨਾਂ ਲੋਕਾਂ ਨੇ ਤਾਂ ਦੰਗੇ ਭੜਕਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ। ਭਾਰਤ ਵਿੱਚ ਭੇਡਚਾਲ ਦਾ ਪ੍ਰਚਲਣ ਬਹੁਤ ਪੁਰਾਣਾ ਹੈ। ਇੱਕ ਬੰਦਾ ਅੱਗੇ ਲੱਗ ਕੇ ਨਾਅਰੇ ਮਾਰਦਾ ਤੁਰ ਪਵੇ ਤਾਂ 20 ਪਿੱਛਲੱਗ ਐਵੇਂ ਹੀ ਲਾ-ਲਾ, ਲਾ-ਲਾ ਕਰਦੇ ਉਸ ਦੇ ਮਗਰ ਤੁਰ ਪੈਣਗੇ। ਪਰ ਸਿਰਫ ਪੁੱਠੇ ਕੰਮ ਕਰਨ ਲਈ। ਸਾਡੇ ਲੋਕ ਭਲੇ ਕੰਮ ਕਰਨ ਲਈ ਕਦੇ ਭੇਡਚਾਲ ਨਹੀਂ ਕਰਦੇ। ਪੰਜਾਬ ਵਿੱਚ ਭਗਤ ਪੂਰਨ ਸਿੰਘ ਦੀ ਵੇਖਾ ਵੇਖੀ ਕਿੰਨੇ ਕੁ ਪਿੰਗਲਵਾੜੇ ਅਤੇ ਯਤੀਮਖਾਨੇ ਬਣੇ ਹਨ ਤੇ ਕਿੰਨੇ ਕੁ ਲੋਕ ਬਾਬਾ ਸੀਚੇਵਾਲ ਦੇ ਮਗਰ ਲੱਗ ਕੇ ਪ੍ਰਦੂਸ਼ਣ ਦੇ ਖਿਲਾਫ ਕੰਮ ਕਰ ਰਹੇ ਹਨ? ਅਸੀਂ ਤਾਂ ਤਿੱਥ ਤਿਉਹਾਰਾਂ 'ਤੇ ਪਹਿਲਾਂ ਹੀ ਰੱਜੇ ਪੁੱਜੇ ਲੋਕਾਂ ਨੂੰ ਹੋਰ ਠੂਸ ਠੂਸ ਕੇ ਲੰਗਰ ਛਕਾਉਣਾ ਦੀ ਭੇਡਚਾਲ ਕਰਨੀ ਹੈ ਜਾਂ ਪਿੰਡਾਂ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਧਾਰਮਿਕ ਸਥਾਨ ਉਸਾਰ ਕੇ ਸਵੇਰੇ ਸ਼ਾਮ ਪੂਰੀ ਅਵਾਜ਼ ਵਿੱਚ ਸਪੀਕਰ ਚਲਾ ਕੇ ਲੋਕਾਂ ਦੀ ਸਿਰ ਪੀੜ ਲਗਾਉਣੀ ਹੈ ਜਾਂ ਧਾਰਮਿਕ ਅਤੇ ਰਾਜਨੀਤਕ ਜਲਸੇ ਜਲੂਸ ਕੱਢ ਕੇ ਟਰੈਫਿਕ ਵਿੱਚ ਵਿਘਣ ਪਾਉਣਾ ਹੈ। ਕਈ ਵਾਰ ਟਰੈਫਿਕ ਲਾਈਟਾਂ ਦੀ ਲਾਲ ਬੱਤੀ 'ਤੇ ਗੱਡੀਆਂ ਦੀ ਲਾਈਨ ਲੱਗੀ ਹੁੰਦੀ ਹੈ। ਲੋਕ ਅਰਾਮ ਨਾਲ ਹਰੀ ਬੱਤੀ ਦੀ ਉਡੀਕ ਕਰ ਰਹੇ ਹੁੰਦੇ ਹਨ ਕਿ ਪਿੱਛੋਂ ਇੱਕ ਮਹਾਂਮੂਰਖ ਆ ਕੇ ਲਾਲ ਬੱਤੀ ਤੋਂ ਗੱਡੀ ਕੱਢ ਕੇ ਲੈ ਜਾਂਦਾ ਹੈ। ਬੱਸ ਹੋ ਗਈ ਭੇਡਚਾਲ ਸ਼ੁਰੂ। ਉਸ ਦੀ ਵੇਖਾ ਵੇਖੀ ਬਾਕੀ ਭੇਡਾਂ ਵੀ ਚੱਲ ਪੈਂਦੀਆਂ ਹਨ। ਜਿਹੜੇ ਚੰਗੇ ਭਲੇ ਬੰਦੇ ਲਾਈਨ ਵਿੱਚ ਲੱਗੇ ਹੁੰਦੇ ਹਨ, ਉਹਨਾਂ ਵੱਲ ਕੋਈ ਨਹੀਂ ਵੇਖਦਾ, ਬੱਸ ਮਾੜੇ ਬੰਦੇ ਦੀ ਰੀਸ ਕਰਨੀ ਹੁੰਦੀ ਹੈ।
ਸ਼ਹਿਰਾਂ ਵਿੱਚ ਕੋਠੀਆਂ ਦੇ ਵਿਹੜੇ ਅਤੇ ਗੱਡੀਆਂ ਧੋ ਕੇ ਸੜਕਾਂ ਤੋੜਨ ਦੀ ਭੇਡਚਾਲ ਹੈ। ਜੇ ਰੋਕੋ ਤਾਂ ਕਹਿਣਗੇ ਕਿ ਫਲਾਣਾ ਵੀ ਧੋਂਦਾ ਹੈ, ਪਹਿਲਾਂ ਉਸ ਨੂੰ ਰੋਕੋ। ਪਰ ਜਿਹੜਾ ਗੁਆਂਢੀ ਵਿਹੜਾ ਨਹੀਂ ਧੋਂਦਾ, ਉਸ ਦੀ ਰੀਸ ਕੋਈ ਨਹੀਂ ਕਰਦਾ। ਸ਼ਹਿਰਾਂ ਦੇ ਫਲੈਟਾਂ ਵਿੱਚ ਬੰਦਿਆਂ ਦੇ ਰਹਿਣ ਲਈ ਥਾਂ ਨਹੀਂ, ਪਰ ਲੋਕਾਂ ਨੇ ਦੋ-ਦੋ ਕੁੱਤੇ ਰੱਖੇ ਹੋਏ ਹਨ। ਉਹ ਸਾਰਾ ਦਿਨ ਭੌਂਕ ਭੌਂਕ ਕੇ ਆਂਢ ਗਵਾਂਢ ਦਾ ਸਿਰ ਖਾਂਦੇ ਰਹਿੰਦੇ ਹਨ ਤੇ ਉਹਨਾਂ ਦੇ ਬੂਹੇ ਅੱਗੇ ਗੰਦ ਪਾਉਂਦੇ ਹਨ। ਇੱਕ ਹੋਰ ਭੇਡਚਾਲ ਚੱਲੀ ਹੈ ਅਵਾਰਾ ਕੁੱਤਿਆਂ ਅਤੇ ਗਾਵਾਂ ਨੂੰ ਬੇਹੀਆਂ ਰੋਟੀਆਂ ਪਾਉਣ ਦੀ। ਲੋਕ ਨਾਲੇ ਤਾਂ ਅਵਾਰਾ ਪਸ਼ੂਆਂ ਦੀ ਭਰਮਾਰ ਲਈ ਮਿਊਂਸਪਲ ਕਮੇਟੀਆਂ ਨੂੰ ਗਾਲ•ਾਂ ਕੱਢੀ ਜਾਂਦੇ ਹਨ ਤੇ ਨਾਲੇ ਅਵਾਰਾ ਕੁੱਤਿਆਂ ਦੇ ਝੁੰਡ ਨੂੰ ਰੋਟੀਆਂ ਪਾ ਕੇ ਹੋਰ ਵਧਾਈ ਜਾਂਦੇ ਹਨ। ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਹਰ ਬਣੇ ਸ਼ਾਨਦਾਰ ਪਲਾਜ਼ਾ ਵਿੱਚ ਲੋਕਾਂ ਨੇ ਵੇਖਾ ਵੇਖੀ ਅਵਾਰਾ ਕੁੱਤਿਆਂ ਨੂੰ ਰੋਟੀਆਂ ਪਾ ਕੇ ਸੈਂਕੜੇ ਕੁੱਤੇ ਇਕੱਠੇ ਕਰ ਦਿੱਤੇ ਹਨ। ਯਾਤਰੂਆਂ ਦਾ ਗੁਜ਼ਰਨਾ ਔਖਾ ਹੋਇਆ ਪਿਆ ਹੈ।
ਪੰਜਾਬ ਵਿੱਚ ਵੀ ਕੋਈ ਨਾ ਕੋਈ ਭੇਡਚਾਲ ਚੱਲਦੀ ਹੀ ਰਹਿੰਦੀ ਹੈ। ਕਦੀ ਪਿੰਡਾਂ ਵਿੱਚ ਚੀਤਾ ਪੈਣ ਲੱਗ ਜਾਂਦਾ ਹੈ, ਕਦੀ ਕਾਲੇ ਕੱਛਿਆਂ ਵਾਲੇ ਤੇ ਕਦੀ ਪਾਕਿਸਤਾਨੀ ਜਾਸੂਸ। ਸਾਰੀ ਸਾਰੀ ਰਾਤ ਲੋਕ ਹੱਥਾਂ ਵਿੱਚ ਟਕੂਏ ਗੰਡਾਸੀਆਂ ਲੈ ਕੇ ਰੌਲਾ ਪਾਉਂਦੇ ਫਿਰਦੇ ਸਨ। ਇਸ ਭੇਡਚਾਲ ਦੀ ਪਕੜ ਵਿੱਚ ਜਿਆਦਾਤਰ ਭੂੰਡ ਆਸ਼ਕ, ਪਿੰਡ ਵਿੱਚ ਰਾਤ ਬਰਾਤੇ ਆਏ ਪ੍ਰਾਹੁਣੇ, ਮੰਗਤੇ ਅਤੇ ਮੰਦ ਬੁੱਧੀ ਲੋਕ ਆਉਂਦੇ ਹਨ। ਵਿਚਾਰਿਆਂ ਦੀ ਕੁੱਟ ਕੁੱਟ ਕੇ ਬੁਰੀ ਹਾਲਤ ਕਰ ਦਿੱਤੀ ਜਾਂਦੀ ਹੈ। ਪਿੱਛੇ ਜਿਹੇ ਸਾਰੇ ਪੰਜਾਬ ਵਿੱਚ ਰੌਲਾ ਪੈ ਗਿਆ ਨੀਗਰੋ ਪਿੰਡਾਂ ਵਿੱਚ ਫਿਰਦੇ ਹਨ ਤੇ ਦਾਤਰ ਮਾਰ ਕੇ ਲੋਕਾਂ ਦੇ ਅੰਗ ਵੱਢ ਦਿੰਦੇ ਹਨ। ਕੋਈ ਕਹੇ ਮੈਨੂੰ ਪੈ ਗਏ ਦੂਸਰਾ ਕਹੇ ਮੈਨੂੰ ਪੈ ਗਏ। ਕਈ ਵਿਚਾਰੇ ਕਾਲੇ ਰੰਗ ਵਾਲੇ, ਬੇਘਰੇ ਤੇ ਮੰਗਤੇ ਬਿਨਾਂ ਮਤਲਬ ਤੋਂ ਕੁੱਟ ਦਿੱਤੇ ਗਏ। ਲੋਕਾਂ ਨੇ ਦੁਕਾਨਾਂ ਤੋਂ ਕਿਰਪਾਨਾਂ ਗੰਡਾਸੀਆਂ ਮੁਕਾ ਦਿੱਤੀਆਂ। ਇਸ ਤੋਂ ਬਾਅਦ ਹਰਿਆਣੇ ਰਾਜਸਥਾਨ ਤੋਂ ਲੈ ਕੇ ਪੰਜਾਬ-ਕਸ਼ਮੀਰ ਤੱਕ ਵਾਲ ਕੱਟਣ ਵਾਲੀ ਚੁੜੇਲ ਪਹੁੰਚ ਗਈ। ਜਿਹੜੇ ਮਰਦ-ਔਰਤਾਂ ਆਪਣੇ ਵਾਲ ਪਰਿਵਾਰ ਤੋਂ ਡਰਦੇ ਨਹੀਂ ਕਟਵਾ ਸਕਦੇ ਸਨ, ਸਭ ਨੇ ਚੜੇਲ ਦਾ ਨਾਮ ਲੈ ਕੇ ਆਪਣੇ ਵਾਲ ਕੱਟ ਸੁੱਟੇ। ਕਿਸੇ ਨੇ ਇਹ ਨਹੀਂ ਸੋਚਿਆ ਕਿ ਬੰਦ ਕਮਰੇ ਵਿੱਚ ਕੋਈ ਕਿਸੇ ਦੇ ਵਾਲ ਕਿਵੇਂ ਕਿਵੇਂ ਕੱਟ ਸਕਦਾ ਹੈ? ਕਸ਼ਮੀਰ ਵਿੱਚ ਤਾਂ ਇਸ ਇਲਜ਼ਾਮ ਹੇਠ ਕੁਝ ਵਿਦੇਸ਼ੀ ਯਾਤਰੀ ਹੀ ਮਾਰ ਦਿੱਤੇ ਜਾਣ ਲੱਗੇ ਸਨ। ਭਾਰਤ ਵਿੱਚ ਤੁਸੀਂ ਕਿਸੇ ਨੂੰ ਵੀ ਆਪਣੇ ਪਿੱਛੇ ਲਗਾ ਸਕਦੇ ਹੋ। ਬਾਬੇ, ਜੋਤਸ਼ੀ, ਤਾਂਤਰਿਕ, ਮਾਂਤਰਿਕ ਵੀ ਤਾਂ ਭੇਡਚਾਲ ਦੇ ਸਿਰ 'ਤੇ ਹੀ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਕਦੇ ਕੋਈ ਬਾਬਾ ਮਸ਼ਹੂਰ ਹੋ ਜਾਂਦਾ ਹੈ ਤੇ ਕਦੇ ਕੋਈ। ਲੋਕ ਭੇਡਾਂ ਵਾਂਗ ਗੱਡੀਆਂ ਬੱਸਾਂ ਭਰ ਕੇ ਡੇਰਿਆਂ ਵੱਲ ਤੁਰੇ ਰਹਿੰਦੇ ਹਨ। ਕੁਝ ਦਿਨਾਂ ਬਾਅਦ ਪੰਜਾਬ ਵਿੱਚ ਪਹਾੜਾਂ ਦੇ ਤੀਰਥ ਸਥਾਨਾਂ ਵੱਲ ਯਾਤਰਾ ਦੀ ਭੇਡਚਾਲ ਸ਼ੁਰੂ ਹੋਣ ਵਾਲੀ ਹੈ। ਲੋਕਾਂ ਨੇ ਸਾਇਕਲਾਂ, ਮੋਟਰ ਸਾਇਕਲਾਂ ਤੇ ਗੱਡੀਆਂ ਅੱਗੇ ਪੀਲੀਆਂ ਝੰਡੀਆਂ ਬੰਨ• ਕੇ ਤੁਰ ਪੈਣਾ ਹੈ। ਰੋਜ਼ਾਨਾ ਕਿਸੇ ਨਾ ਕਿਸੇ ਗੱਡੀ ਦੇ ਖੱਡ ਵਿੱਚ ਡਿੱਗਣ ਦੀ ਖਬਰ ਆਏਗੀ। ਪਰ ਲੋਕ ਨਹੀਂ ਹੱਟਦੇ। ਘਰ ਦੇ ਕੰਮ ਕਰਨ ਦੀ ਬਜਾਏ ਤੀਰਥਾਂ 'ਤੇ ਵਿਹਲੜ ਬਾਬਿਆਂ ਦੇ ਗੋਡੇ ਘੁੱਟਣੇ ਜਿਆਦਾ ਜਰੂਰੀ ਸਮਝੇ ਜਾਂਦੇ ਹਨ।
ਕੁਝ ਮਹੀਨੇ ਪਹਿਲਾਂ ਫਤਿਹਗੜ• ਸਾਹਿਬ ਜਿਲ•ੇ ਦੇ ਇੱਕ ਪਿੰਡ ਵਿੱਚ ਲੱਗੇ ਨਲਕੇ ਬਾਰੇ ਅਫਵਾਹ ਫੈਲ ਗਈ ਕਿ ਇਸ ਵਿੱਚ ਦਵਾਈ ਦੇ ਗੁਣ ਹਨ। ਮੀਲਾਂ ਲੰਬੀਆਂ ਲਾਇਨਾਂ ਲੱਗ ਗਈਆਂ। ਅਖੀਰ ਇਹ ਗੱਲ ਉਦੋਂ ਖਤਮ ਹੋਈ ਜਦੋਂ ਫਸਲਾਂ ਦੀ ਬਰਬਾਦੀ ਤੋਂ ਅੱਕੇ ਹੋਏ ਕਿਸਾਨਾਂ ਨੇ ਉਹ ਨਲਕਾ ਹੀ ਪੁੱਟ ਦਿੱਤਾ। 1984-85 ਵਿੱਚ ਪੰਜਾਬ ਵਿੱਚ ਧਾਰਮਿਕ ਸਥਾਨਾਂ ਵਿੱਚ ਬਾਜ਼ ਆਉਣ ਦੀ ਭੇਡਚਾਲ ਚੱਲੀ ਸੀ। ਲੋਕਾਂ ਨੇ ਧਾਰਮਿਕ ਸਥਾਨਾਂ ਦਾ ਚੜ•ਾਵਾ ਵਧਾਉਣ ਲਈ ਪਤਾ ਨਹੀਂ ਕਿੱਥੋਂ ਕਿਥੋਂ ਬਾਜ਼ ਨਾਲ ਰਲਦੇ ਮਿਲਦੇ ਇੱਲਾਂ, ਸ਼ਿਕਰੇ ਤੇ ਚਿੜੀਮਾਰ ਆਦਿ ਪੰਛੀ ਧਾਰਮਿਕ ਸਥਾਨਾਂ ਵਿੱਚ ਲਿਆਣ ਬਿਠਾਏ। ਉਹਨਾਂ ਦੇ ਦਰਸ਼ਨ ਕਰਨ ਲਈ ਝੁੰਡਾਂ ਦੇ ਝੁੰਡ ਸ਼ਰਧਾਲੂਆਂ ਦੇ ਇਕੱਠੇ ਹੋ ਗਏ। ਲੱਖਾਂ ਦਾ ਚੜ•ਾਵਾ ਚੜਿ•ਆ। ਇੱਕ ਪ੍ਰਬੰਧਕ ਨੂੰ ਕੁਝ ਹੋਰ ਨਾ ਲੱਭਾ ਤਾਂ ਉਸ ਨੇ ਬਿੱਲ ਬਤੌਰੀ ਹੀ ਲੈ ਆਂਦੀ। ਇਸ ਤੋਂ ਬਾਅਦ 1995-96 ਵਿੱਚ ਮੂਰਤੀਆਂ ਦੁੱਧ ਪੀਣ ਲੱਗ ਪਈਆਂ। ਲੱਖਾਂ ਲੀਟਰ ਦੁੱਧ ਕਿਸੇ ਗਰੀਬ ਦੇ ਮੂੰਹ ਵਿੱਚ ਜਾਣ ਦੀ ਬਜਾਏ ਗੰਦੀਆਂ ਨਾਲੀਆਂ ਵਿੱਚ ਰੁੜ• ਗਿਆ। ਮੀਡੀਆ ਵੀ ਅਜਿਹੀਆਂ ਅਫਵਾਹਾਂ ਤੇ ਘਟਨਾਵਾਂ ਨੂੰ ਨਿਰਤੁਸ਼ਾਹਿਤ ਕਰਨ ਦੀ ਬਜਾਏ ਵੱਧ ਤੋਂ ਵੱਧ ਸਨਸਨੀਖੇਜ਼ ਬਣਾ ਕੇ ਪੇਸ਼ ਕਰਦਾ ਹੈ। ਇਸ ਨਾਲ ਸਮਾਜ ਵਿਰੋਧੀ ਅਨਸਰਾਂ ਨੂੰ ਸਗੋਂ ਹੋਰ ਉਤਸ਼ਾਹ ਮਿਲਦਾ ਹੈ।
ਇਹ ਮੂਰਤੀਆਂ ਤੋੜਨ ਦੀ ਭੇਡਚਾਲ ਇੱਕ ਬਹੁਤ ਹੀ ਸੋਚੀ ਸਮਝੀ ਅਤੇ ਘਾਤਕ ਚਾਲ ਹੈ। ਇਸ ਨਾਲ ਸਮਾਜ ਵਿੱਚ ਪੱਕੇ ਤੌਰ 'ਤੇ ਵੰਡੀਆਂ ਪੈ ਜਾਣੀਆਂ ਹਨ ਤੇ ਦੰਗੇ ਵੀ ਭੜਕ ਸਕਦੇ ਹਨ। ਇਹ ਵਰਤਾਰਾ ਚੋਰਾਂ, ਲੁਟੇਰਿਆਂ ਅਤੇ ਸਮੱਗਲਰਾਂ ਦੇ ਬਹੁਤ ਮਾਫਕ ਬੈਠਦਾ ਹੈ। ਪੁਲਿਸ ਉਹਨਾਂ ਮਗਰ ਪੈਣ ਦੀ ਬਜਾਏ ਮੂਰਤੀਆਂ ਦੀ ਰਾਖੀ ਲਈ ਤਾਇਨਾਤ ਕਰ ਦਿੱਤੀ ਜਾਂਦੀ ਹੈ। ਇਸ ਵੇਲੇ ਪ੍ਰਸਿੱਧ ਮੂਰਤੀਆਂ ਦੀ ਰਾਖੀ ਲਈ ਹਜ਼ਾਰਾਂ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਕਿਸੇ ਮਹਾਨ ਵਿਅਕਤੀ ਦੀ ਮੂਰਤੀ ਤੋੜਨ ਜਾਂ ਕਾਲਾ ਰੰਗ ਪੋਤ ਦੇਣ ਨਾਲ ਉਸ ਵਿਅਕਤੀ ਦੀ ਵਿਚਾਰਧਾਰਾ ਨੂੰ ਕੋਈ ਫਰਕ ਨਹੀਂ ਪੈਂਦਾ। ਭਗਤ ਸਿੰਘ ਵਰਗੇ ਸ਼ਹੀਦਾਂ ਨੂੰ ਸਰੀਰਕ ਤੌਰ 'ਤੇ ਤਾਂ ਮਾਰਿਆ ਜਾ ਸਕਦਾ ਹੈ ਪਰ ਉਹਨਾਂ ਦੀ ਸੋਚ ਨੂੰ ਨਹੀਂ ਮਾਰਿਆ ਜਾ ਸਕਦਾ। ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਮੂਰਤੀਆਂ ਤੋੜਨ ਗਈ ਭੀੜ ਵਿੱਚੋਂ 60% ਲੋਕ ਜਾਣਦੇ ਹੀ ਨਹੀਂ ਹੁੰਦੇ ਕਿ ਇਹ ਵਿਅਕਤੀ ਹੈ ਕੌਣ? ਉਹ ਸਿਰਫ ਕਿਸੇ ਦੇ ਪਿੱਛੇ ਲੱਗ ਕੇ ਭੇਡਚਾਲ ਦਾ ਹਿੱਸਾ ਬਣੇ ਹੁੰਦੇ ਹਨ।
ਰੱਬ ਦਾ ਸ਼ੁਕਰ ਹੈ ਕਿ ਐਨੀਆਂ ਮੂਰਤੀਆਂ ਤੋੜਨ ਅਤੇ ਖਰਾਬ ਕਰਨ ਤੋਂ ਬਾਅਦ ਵੀ ਦੇਸ਼ ਵਿੱਚ ਸ਼ਾਂਤੀ ਹੈ। ਸਮਾਜ ਵਿਰੋਧੀ ਲੋਕਾਂ ਦੀ ਮੰਸ਼ਾਂ ਪੂਰੀ ਨਹੀਂ ਹੋਈ। ਮੂਰਤੀਆਂ ਤੋੜਨ ਦੀ ਭੇਡਚਾਲ ਨੂੰ ਰੋਕਣ ਲਈ ਪੁਲਿਸ ਨੂੰ ਸਖਤੀ ਕਰਨੀ ਪਵੇਗੀ। ਪਰ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਸੱਤਾਧਾਰੀ ਲੋਕ ਹੀ ਇਹ ਕੰਮ ਕਰਦੇ ਹਨ। ਇਸ ਭੇਡਚਾਲ ਵਿੱਚ ਉਹਨਾਂ ਲੋਕਾਂ ਦੀਆਂ ਮੂਰਤੀਆਂ ਵੀ ਨਸ਼ਟ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਦਾ ਸਿਆਸਤ ਜਾਂ ਕਿਸੇ ਰਾਜਨੀਤਕ ਪਾਰਟੀ ਦੀ ਵਿਚਾਰਧਾਰਾ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀਂ ਹੈ। ਇਹ ਕੰਮ ਬਹੁਤ ਹੀ ਘਟੀਆ ਹੈ। ਸਿਆਸੀ ਲੜਾਈ ਹਮੇਸ਼ਾਂ ਲੋਕਰਾਜੀ ਤਰੀਕਿਆਂ ਨਾਲ ਹੀ ਲੜਨੀ ਚਾਹੀਦੀ ਹੈ। ਕਿਸੇ ਵੀ ਰਾਜਨੀਤਕ, ਸਮਾਜਕ, ਧਾਰਮਿਕ ਵਖਰੇਵੇਂ ਨੂੰ ਹੱਲ ਕਰਨ ਲਈ ਹਿੰਸਾਂ ਦਾ ਸਹਾਰਾ ਲੈਣਾ ਕਿਸੇ ਤਰਾਂ ਵੀ ਯੋਗ ਨਹੀਂ ਹੈ। ਅਸੀਂ ਆਪਣੇ ਆਪ ਨੂੰ ਆਪਣੇ ਵਿਰੋਧੀ ਨਾਲੋਂ ਚੰਗਾ ਸਾਬਤ ਕਰੀਏ ਤਾਂ ਲੋਕ ਆਪਣੇ ਹੀ ਪਿੱਛੇ ਲੱਗ ਜਾਣਗੇ। ਇਹੋ ਜਿਹੀਆਂ ਹਰਕਤਾਂ ਕਰਨ ਨਾਲ ਕੋਈ ਫਾਇਦਾ ਨਹੀਂ ਹੋਣਾ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
ssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.