ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਕੋਈ ਚੰਗੀ ਪਹਿਲਕਦਮੀ ਨਹੀਂ ਸੀ ਅਤੇ ਜੇਕਰ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਇਹ ਤਜਵੀਜ਼ ਕੂੜੇਦਾਨ ਵਿੱਚ ਸੁੱਟ ਦਿੰਦੇ। ਯਾਦ ਰਹੇ ਕਾਂਗਰਸ ਪਾਰਟੀ ਨੋਟਬੰਦੀ ਦੀ ਇਹ ਕਹਿਕੇ ਅਲੋਚਨਾ ਕਰਦੀ ਰਹੀ ਹੈ ਕਿ ਇਸ ਨਾਲ ਵਿਕਾਸ ਦਰ ਮੱਠੀ ਪੈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ ਨੋਟਬੰਦੀ ਲਾਗੂ ਕੀਤੀ ਸੀ ਜਿਸ ਤਹਿਤ 500 ਤੇ 1000 ਰੁਪਏ ਦੇ ਕਰੰਸੀ ਨੋਟ ਬੰਦ ਕਰ ਦਿੱਤੇ ਗਏ ਸਨ।
ਦੇਸ਼ ਬੇਰੁਜ਼ਗਾਰੀ ਨਾਲ ਤੁੰਬਿਆ ਪਿਆ, ਤੁਰਿਆ ਫਿਰੇ। ਦੇਸ਼ ਬਲੈਕ ਮਾਰਕੀਟਿੰਗ, ਮਾਨਸਿਕ ਗੁਲਾਮੀ ਨਾਲ ਜਕੜਿਆ ਪਿਆ। ਤੁਰਿਆ ਫਿਰੇ। ਦੇਸ਼ ਸਭਿਆਚਾਰਕ ਗਿਰਾਵਟ ਅਤੇ ਬਹੁ-ਕੰਪਨੀ ਆਰਥਿਕ ਲੁੱਟ ਨਾਲ ਪਿੰਜਿਆ ਪਿਆ, ਤੁਰਿਆ ਫਿਰੇ। ਨੋਟਬੰਦੀ ਆਈ। ਨੋਟਬੰਦੀ ਗਈ! ਵੱਡਿਆਂ ਦੇ ਖਜ਼ਾਨੇ ਫਿਰ ਤੂਸੋ-ਤੂਸ! ਛੋਟੇ ਵਿਚਾਰੇ ਹੱਥੋਂ ਮਾਇਆ ਗੁਆ ਬੈਠੇ ਤੇ ਨੌਕਰੀ ਵੀ! "ਪੈਸਾ ਤਾਂ ਹੱਥ ਦੀ ਮੈਲ ਆ" ਇਹ ਕਹਿਕੇ ਸਬਰ ਕਰ ਬੈਠੇ ਅਤੇ ਸਾਡੇ ਨੇਤਾਵਾਂ ਨੂੰ "ਧੁੱਪ ਨਾਲ ਸੜਦੇ ਕਿਸੇ ਕਿਸਾਨ ਦੀ, ਰੋਟੀ ਲਈ ਤੜਫ ਰਹੀ ਕਿਸੇ ਜਾਨ ਦੀ" ਭਾਈ ਨਹੀਂਓ ਪਰਵਾਹ। ਮੋਦੀ ਨੇ ਆਪਣੀ ਡੁੱਗਡੁੱਗੀ ਵਜਾਈ! ਜਨਤਾ ਭਰਮਾਈ। ਰਾਹੁਲ ਆਪਣਾ ਵਾਜਾ ਵਜਾ ਰਿਹਾ। ਲੋਕਾਂ ਨੂੰ ਭਰਮਾ ਰਿਹਾ! ਪਰ ਬਾਈਬੰਦੋ "ਦੱਸੋ ਦੱਸੋ ਬਈ ਦੇਸ਼ ਦੇ ਮਾੜੇ ਹਾਲ ਦਾ ਕੌਣ ਜ਼ਿੰਮੇਵਾਰ ਹੈ"? ਲੋਕਾਂ ਨੋਟਬੰਦੀ ਕੀ ਕਰਨੀ ਆ?ਲੋਕਾਂ ਦਾ ਜੀ ਐਸ ਟੀ ਨਾਲ ਕੀ ਭਾਅ–ਭਾੜਾ। ਲੋਕਾਂ ਮੇਕ ਇਨ ਇੰਡੀਆਂ ਕੀ ਕਰਨਾ? "ਢਿੱਡ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ।" ਤੇ ਇਹ ਨੇਤਾ ਤਾਂ ਦੇਸ਼ ਦਾ ਗੁੜ ਗੋਬਰ ਕਰੀ ਜਾ ਰਹੇ ਆ।
ਇਹ ਹੈ ਯਾਦਾਂ ਦੀ ਪਟਾਰੀ, ਚੁੱਪ ਚਾਪ ਪਈ ਹੈ ਵਿਚਾਰੀ
ਖ਼ਬਰ ਹੈ ਕਿ ਸੂਬੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਮਸਾਂ ਦਸ ਫੀਸਦੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਕੈਪਟਨ ਤੋਂ ਵੱਧ ਤਾਂ ਸੂਬੇ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ। ਆਪਣੇ ਚੋਣ ਮੈਨੀਫੈਸਟੋ ਵਿੱਚ ਕੈਪਟਨ ਨੇ ਵੀ ਆਈ ਪੀ ਸਭਿਆਚਾਰ ਖਤਮ ਕਰਨ ਦੀ ਗੱਲ ਆਖੀ ਸੀ ਤੇ ਇਹ ਸਰਕਾਰ ਆਪਣੇ ਪਹਿਲੇ ਸਾਲ ਤਾਂ ਉਸ ਵਾਅਦੇ ਉਤੇ ਖਰੀ ਉਤਰਦੀ ਜਾਪ ਰਹੀ ਹੈ। ਬਾਦਲ ਨੇ 10 ਸਾਲਾਂ 'ਚ 100 ਕਰੋੜ ਰੁਪਏ ਹੈਲੀਕਾਪਟਰ ਦੇ ਕਿਰਾਏ ਤੇ ਖਰਚੇ ਸਨ।
ਝੂਟੇ-ਮਾਟੇ ਕੀਹਨੂੰ ਚੰਗੇ ਨਹੀਂ ਲੱਗਦੇ। ਜਦੋਂ ਬੰਦਾ ਬੁਢਾਪੇ 'ਚ ਆਉਂਦਾ, ਉਹਨੂੰ ਬਚਪਨ ਦੀਆਂ ਖੇਡਾਂ ਚੰਗੀਆਂ ਲੱਗਦੀਆਂ। "ਬਾਦਲ ਬਾਬਾ" ਜੀ ਨੂੰ ਬਚਪਨ ਯਾਦ ਆਇਆ ਹੋਊ, ਤੇ ਉਸ ਜਹਾਜ਼ ਦਾ "ਸਟੇਰਿੰਗ" ਫੜਕੇ ਜਹਾਜ਼ ਦਿਨ-ਰਾਤ ਘੁਮਾਇਆ ਹੋਊ, ਕਦੇ ਬਠਿੰਡੇ, ਕਦੇ ਅੰਬਰਸਰ, ਕਦੇ ਚੰਡੀਗੜ੍ਹ, ਕਦੇ ਦਿਲੀ! ਤੇ ਪੈਸੇ ਸਰਕਾਰ ਦੇ, ਜਨਤਾ ਦੇ ਉਵੇਂ ਹੀ ਉਡਾਏ ਹੋਣਗੇ, ਜਿਵੇਂ ਬਚਪਨ 'ਚ ਬੱਚਾ ਬਾਪੂ ਦੇ ਪੈਸੇ ਉਡਾਉਂਦਾ, ਖਰਮਸਤੀਆਂ ਕਰਦਾ, ਬੁਲ੍ਹੇ ਲੁੱਟਦਾ। ਸਾਡੇ ਨੇਤਾ ਵੀ ਖਰਮਸਤੀਆਂ ਕਰਦੇ ਆ, ਕੋਈ ਘੱਟ ਕੋਈ ਵੱਧ। ਬੱਸ ਜਨਤਾ ਦੇ ਪੈਸੇ ਦੇ ਆਹੂ ਲਾਹੀ ਦੇ ਜਾਂਦੇ ਆ। ਜਨਤਾ ਦੇ ਪੈਸੇ ਤੇ ਆਪਣੀਆਂ ਯਾਦਾਂ ਬਣਾਈ ਜਾਂਦੇ ਆ। ਅਤੇ ਜਦੋਂ ਕੁਰਸੀ ਥੱਲੇ ਨਹੀਂ ਰਹਿੰਦੀ ਤਾਂ ਬੱਸ ਇੰਜ ਕਿਸੇ ਕਵੀ ਦੇ ਬੋਲ ਗਾਈ ਜਾਂਦਾ, " ਇਹ ਹੈ ਯਾਦਾਂ ਦੀ ਪਟਾਰੀ, ਚੁੱਪ ਚਾਪ ਪਈ ਹੈ ਵਿਚਾਰੀ, ਇਹ ਹੈ "ਸਾਗਰ" ਨਿਆਰੀ, ਇਕੱਲੀ ਇਹ ਰਹਿ ਗਈ ਵਿਚਾਰੀ।"
ਜ਼ਰਬਾਂ ਦੇ ਕੇ ਵੱਡੇ ਮੁਨਾਫਿਆਂ ਨੂੰ,
ਲੁੱਟ-ਪੁੱਟਕੇ ਦੇਸ਼ ਨੂੰ ਖਾਈ ਜਾਂਦੇ।
ਖ਼ਬਰ ਹੈ ਕਿ ਬੈਂਕਾਂ ਨੂੰ ਚੂਨਾ ਲਗਾਉਣ ਵਾਲੇ ਹੁਣ ਵਿਦੇਸ਼ ਨਹੀਂ ਭੱਜ ਸਕਣਗੇ। ਸਰਕਾਰ ਨੇ 50 ਕਰੋੜ ਤੇ ਉਸ ਤੋਂ ਜਿਆਦਾ ਕਰਜ਼ਾ ਲੈ ਚੁੱਕੇ ਜਾਂ ਲੈਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਸਬੰਧਤ ਬੈਂਕ 'ਚ ਪਾਸਪੋਰਟ ਜਮ੍ਹਾਂ ਕਰਾਉਣਾ ਲਾਜ਼ਮੀ ਕਰ ਦਿੱਤਾ ਹੈ। ਨਵੇਂ ਅਰਜੀਕਾਰਾਂ ਨੂੰ ਹੋਰ ਜ਼ਰੂਰੀ ਦਸਤਾਵੇਜਾਂ ਦੇ ਨਾਲ ਹੀ ਪਾਸਪੋਰਟ ਵੇਰਵਾ ਜਮ੍ਹਾਂ ਕਰਾਉਣਾ ਪਵੇਗਾ ਜਦਕਿ ਮੌਜੂਦਾ ਕਰਜ਼ਦਾਰਾਂ ਨੂੰ ਪਾਸਪੋਰਟ ਵੇਰਵਾ ਜਮ੍ਹਾਂ ਕਰਵਾਉਣ ਲਈ 45 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ। ਇਹ ਕਦਮ ਆਰਥਿਕ ਅਪਰਾਧੀਆਂ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਚੁੱਕਿਆ ਗਿਆ ਹੈ।
ਬੈਂਕਾਂ ਤਾਂ ਭਾਈ ਹਨ, ਕਿਸੇ ਕਵੀ ਦੇ ਕਹਿਣ ਵਾਂਗਰ, " ਇਹ ਧੁੱਪ ਤਾਂ ਨਿੱਘ ਦਾ ਦਾਅਵਾ ਹੈ, ਇਹ ਕਿੱਕਰ ਕੋਸਾ ਹਾਵਾ ਹੈ। ਕਿਉਂ ਤੇਰੇ ਵਾਰਿਸ ਇਹ ਪੁੱਛਦੇ ਨੇ ਮੈਨੂੰ ਕਿ ਚੋਲੀ ਦੇ ਪਿਛੇ ਕੀ ਹੈ"? ਪੈਸੇ ਲੋਕਾਂ ਦੇ, ਲੁੱਟਦੇ ਨੇ ਬੈਂਕਾਂ ਵਾਲੇ। ਪੈਸੇ ਲੋਕਾਂ ਦੇ, ਲੁੱਟਦੇ ਨੇ ਚੌਧਰੀ। ਪੈਸੇ ਲੋਕਾਂ ਦੇ, ਕਾਗਜ਼ੀ ਪੱਤਰੀ ਹਜ਼ਮ ਕਰਦੇ ਨੇ ਮਾਲਿਆ, ਮੋਦੀ। ਸੋਹਣੀਆਂ ਇਮਾਰਤਾਂ, ਸੋਹਣੇ ਬੰਦੇ, ਮਨੁੱਖ ਬੈਂਕਾਂ ਦੇ ਰਾਖੇ ਬਣ ਲੱਕੜ ਨੂੰ ਘੁਣ ਵਾਂਗਰ ਨਹੀਂ, ਸਟੀਲ ਨੂੰ ਵੀ "ਘੁਣ" ਵਾਂਗਰ ਖਾਈ ਜਾਂਦੇ ਆ। ਮੌਜ ਉਡਾਈ ਜਾਂਦੇ ਆ। ਤਦੇ ਤਾਂ ਕਵੀ ਕਹਿੰਦਾ," ਜ਼ਰਬਾਂ ਦੇ ਕੇ ਵੱਡੇ ਮੁਨਾਫਿਆਂ ਨੂੰ, ਲੁੱਟ ਪੁੱਟਕੇ ਦੇਸ਼ ਨੂੰ ਖਾਈ ਜਾਂਦੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
· ਦੇਸ਼ ਭਰ 'ਚ 1765 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖਿਲਾਫ਼ 3045 ਅਪਰਾਧਿਕ ਮਾਮਲੇ ਪੈਂਡਿੰਗ ਹਨ। ਇਸ ਮਾਮਲੇ ਵਿੱਚ ਯੂ.ਪੀ. ਅੱਵਲ ਹੈ, 248 ਦਾਗੀਆਂ ਵਿਰੁੱਧ 539 ਮਾਮਲੇ ਪੈਂਡਿੰਗ ਹਨ ਜਦਕਿ ਪੰਜਾਬ ਦੇ 19 ਦਾਗੀਆਂ ਵਿਰੁੱਧ 27 ਮਾਮਲੇ ਪੈਂਡਿੰਗ ਹਨ।
ਇੱਕ ਵਿਚਾਰ
ਉਦੇਸ਼ ਅਤੇ ਸਾਧਨਾਂ ਵਿੱਚ ਤਾਲਮੇਲ ਬਿਠਾਉਣਾ ਹੀ ਸਫਲ ਕੂਟਨੀਤੀ ਹੈ..................ਡੈਨਿਸ ਰਾਸ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.