ਮੂਲ : ਜਯੰਤੀ ਲਾਲ ਭੰਡਾਰੀ
ਪੰਜਾਬੀ ਰੂਪ : ਗੁਰਮੀਤ ਪਲਾਹੀ
ਇੱਕ ਪਾਸੇ ਜਿੱਥੇ ਦੇਸ਼ ਦੀ ਵਿਕਾਸ ਦਰ ’ਚ ਵਾਧੇ ਅਤੇ ਆਰਥਿਕ ਵਿਕਾਸ ਦੀ ਤੇਜ਼ ਰਫਤਾਰੀ ਦੀਆਂ ਖ਼ਬਰਾਂ ਛਪ ਰਹੀਆਂ ਹਨ, ਉਥੇ ਦੂਜੇ ਪਾਸੇ ਦੇਸ਼ ’ਚ ਅਮੀਰੀ-ਗ਼ਰੀਬੀ ’ਚ ਵਧ ਰਹੇ ਪਾੜੇ ਦੀਆਂ ਫ਼ਿਕਰਮੰਦੀ ਵਾਲੀਆਂ ਖ਼ਬਰਾਂ ਵੀ ਸੁਰਖੀਆਂ ਵਿੱਚ ਹਨ। ਹੁਣੇ ਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਸੰਗਠਨ ਹਰੂਨ ਨੇ ਰਿਪੋਰਟ-2018 ਛਾਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਅਮੀਰ ਲੋਕਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2017 ਵਿੱਚ ਇੱਕ ਅਰਬ ਡਾਲਰ ਤੋਂ ਜ਼ਿਆਦਾ ਦੀ ਦੌਲਤ ਰੱਖਣ ਵਾਲੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਖਿਆ 170 ਹੋ ਗਈ ਹੈ। ਰਿਪੋਰਟ ਅਨੁਸਾਰ ਚੀਨ ਵਿੱਚ 819 ਅਰਬਪਤੀ ਹਨ, ਅਮਰੀਕਾ ਵਿੱਚ 571 ਅਤੇ ਭਾਰਤ ਅਰਬਪਤੀ ਦੌਲਤਮੰਦਾਂ ਦੀ ਗਿਣਤੀ ਪੱਖੋਂ ਦੁਨੀਆ ’ਚ ਤੀਜੇ ਥਾਂ ਉੱਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ਤੱਕ ਭਾਰਤ ਦੀ ਜੀ ਡੀ ਪੀ (ਕੁੱਲ ਘਰੇਲੂ ਉਤਪਾਦਨ) ਛੇ ਲੱਖ ਕਰੋੜ ਡਾਲਰ ਤੱਕ ਪਹੁੰਚ ਜਾਵੇਗੀ। ਤਦ ਉਮੀਦ ਹੈ ਕਿ ਭਾਰਤ ਵਿੱਚ ਅਰਬਪਤੀਆਂ ਦੀ ਗਿਣਤੀ ਹੁਣ ਦੇ ਸਮੇਂ ਦੀ ਤੁਲਨਾ ’ਚ ਦੋ ਗੁਣਾਂ ਹੋ ਜਾਏਗੀ।
ਭਾਰਤੀ ਅਰਬਪਤੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਦਵਾਈਆਂ ਬਣਾਉਣ ਵਾਲੇ ਉਦਯੋਗਪਤੀਆਂ ਦੀ ਹੈ। ਉਸ ਤੋਂ ਬਾਅਦ ਟੈਕਨਾਲੋਜੀ, ਮੀਡੀਆ, ਦੂਰ-ਸੰਚਾਰ ਅਤੇ ਆਟੋ ਅਤੇ ਆਟੋ ਮਸ਼ੀਨਰੀ ਖੇਤਰ ਦੇ ਉਦਯੋਗਪਤੀਆਂ ਦੀ ਹੈ। ਵਿਸ਼ਵ ਪ੍ਰਸਿੱਧੀ ਪ੍ਰਾਪਤ ਸੰਗਠਨ ਔਕਸਫੈਮ ਦੀ ਨਾ-ਬਰਾਬਰੀ ਰਿਪੋਰਟ-2018 ’ਚ ਕਿਹਾ ਗਿਆ ਹੈ ਕਿ ਭਾਰਤ ਵਿੱਚ 1991 ਤੋਂ ਪਿੱਛੋਂ ਖੁੱਲੇਪਣ ਦੇ ਦੌਰ ਤੋਂ ਬਾਅਦ ਆਰਥਿਕ ਨਾ-ਬਰਾਬਰੀ ਜ਼ਿਆਦਾ ਹੁੰਦੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਸਾਲ 2017 ਵਿੱਚ ਭਾਰਤ ਦੇ ਅਰਬਪਤੀਆਂ ਦੀ ਕੁੱਲ ਜਾਇਦਾਦ ਦੇਸ਼ ਦੀ ਜੀ ਡੀ ਪੀ ਦੇ 15 ਫ਼ੀਸਦੀ ਦੇ ਬਰਾਬਰ ਹੋ ਗਈ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਇਹ 10 ਫ਼ੀਸਦੀ ਸੀ।
ਇਸ ਤਰਾਂ ਦੁਨੀਆ ਭਰ ਦੇ ਵੱਖੋ-ਵੱਖਰੇ ਦੇਸ਼ਾਂ ਵਿੱਚ ਵਧਦੀ ਨਾ-ਬਰਾਬਰੀ ਦੀ ਚਿੰਤਾ ਨਾਲ ਸੰਬੰਧਤ ਖੋਜ ਕਰਨ ਵਾਲੇ ਸੰਗਠਨ ਕੋਟਕ ਵੈਲਥ ਮੈਨੇਜਮੈਂਟ ਨੇ ਪਿਛਲੇ ਦਿਨੀਂ ਪ੍ਰਕਾਸ਼ਤ ਆਪਣੇ ਇੱਕ ਖੋਜ ਪੱਤਰ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਵਧਦੀ ਨਾ-ਬਰਾਬਰੀ ਦੀਆਂ ਚਿੰਤਾਵਾਂ ਦੌਰਾਨ ਸਾਲ 2017 ਵਿੱਚ ਦੇਸ਼ ਦੇ ਅਮੀਰਾਂ ਦੀ ਗਿਣਤੀ ਵਿੱਚ ਉਸ ਦੀ ਸਮੂਹਿਕ ਹੈਸੀਅਤ ਦੇ ਮੁਕਾਬਲੇ ਬੇਹੱਦ ਵਾਧਾ ਹੋਇਆ ਹੈ। ਦੁਨੀਆ ਦੇ ਪ੍ਰਸਿੱਧ ਅਰਥ-ਵਿਗਿਆਨੀ ਥਾਮਸ ਪਿਕੇਟੀ ਅਤੇ ਲੁਕਾਸ ਚਾਂਸੇਲ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਵੀ ਭਾਰਤ ਵਿੱਚ ਨਾ-ਬਰਾਬਰੀ ਵਧਣ ’ਤੇ ਚਿੰਤਾ ਪ੍ਰਗਟਾਈ ਗਈ ਹੈ।
ਧਿਆਨ ਦੇਣ ਯੋਗ ਹੈ ਕਿ ਦੁਨੀਆ ਦੇ ਦੇਸ਼ਾਂ ਵਿੱਚ ਆਰਥਿਕ-ਸਮਾਜਿਕ ਵਿਕਾਸ ਦਾ ਤੁਲਨਾਤਮਕ ਅਧਿਐਨ ਕਰਨ ਵਾਲੇ ਸੰਗਠਨ ਵਰਲਡ ਇਕਨਾਮਿਕ ਫ਼ੋਰਮ (ਡਬਲਯੂ ਈ ਐੱਫ਼) ਵੱਲੋਂ ਤਿਆਰ ਸੰਮਲਿਤ ਵਿਕਾਸ ਸੂਚਕ ਅੰਕ 2017 ਵਿੱਚ ਭਾਰਤ ਉੱਭਰਦੀਆਂ ਅਰਥ-ਵਿਵਸਥਾਵਾਂ ਵਾਲੇ 103 ਦੇਸ਼ਾਂ ਦੀ ਸੂਚੀ ਵਿੱਚ 62 ਵੇਂ ਥਾਂ ਉੱਤੇ ਹੈ। ਸੰਮਲਿਤ ਵਿਕਾਸ ਵਿੱਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਡਬਲਯੂ ਈ ਐੱਫ਼ ਵੱਲੋਂ ਜਾਰੀ ਸੰਮਲਿਤ ਵਿਕਾਸ ਸੂਚਕ ਅੰਕ ਵਿੱਚ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਨੂੰ ਆਪਣੀ ਜਨਤਾ ਨੂੰ ਰੋਜ਼ਗਾਰ, ਰਹਿਣ-ਸਹਿਣ ਦੇ ਪੱਧਰ, ਵਾਤਾਵਰਣ ਸੁਧਾਰ, ਨਵੀਂ ਪੀੜੀ ਦੇ ਭਵਿੱਖ, ਸਿਹਤ, ਸਿੱਖਿਆ, ਕਿੱਤਾ ਸਿਖਲਾਈ ਅਤੇ ਹੋਰ ਨਾਗਰਿਕ ਸਹੂਲਤਾਂ ਵਿੱਚ ਸੁਧਾਰ ਦੇ ਨਾਲ ਉਹਨਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਣ ਦੀ ਦਿਸ਼ਾ ਵਿੱਚ ਲੰਮਾ ਸਫ਼ਰ ਤੈਅ ਕਰਨਾ ਪਵੇਗਾ।
ਦੇਸ਼ ਵਿੱਚ ਭਿ੍ਰਸ਼ਟਾਚਾਰ ਰੋਕਣ ਲਈ ਕਈ ਕਦਮਾਂ ਦੇ ਬਾਅਦ ਵੀ ਭਿ੍ਰਸ਼ਟਾਚਾਰ ਦੀ ਸਥਿਤੀ ਕਾਬੂ ’ਚ ਨਹੀਂ ਆਈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ 2017 ਲਈ ਦੁਨੀਆ ਭਰ ਦੇ ਦੇਸ਼ਾਂ ਦਾ ਜੋ ਭਿ੍ਰਸ਼ਟਾਚਾਰ ਇੰਡੈਕਸ ਜਾਰੀ ਕੀਤਾ ਹੈ, ਉਸ ਵਿੱਚ ਭਾਰਤ 183 ਦੇਸ਼ਾਂ ਦੀ ਸੂਚੀ ਵਿੱਚ ਦੋ ਦਰਜੇ ਹੋਰ ਥੱਲੇ ਆ ਕੇ 81 ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਰਤ ਵਿੱਚ ਭਿ੍ਰਸ਼ਟਾਚਾਰ ਵਧਿਆ ਹੈ। ਇਸ ਸਮੇਂ ਸਪੱਸ਼ਟ ਰੂਪ ਵਿੱਚ ਇਹ ਵੇਖਿਆ ਜਾ ਰਿਹਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਦੇ ਵਿਕਾਸ ਦੀ ਪੌੜੀ ’ਤੇ ਅੱਗੇ ਵਧਣ ਦੇ ਨਾਲ-ਨਾਲ ਵਿਕਾਸ ਦੇ ਲਾਭ ਆਮ ਆਦਮੀ ਤੱਕ ਪਹੁੰਚਣ ਦੀਆਂ ਰਾਹਾਂ ਸੌਖੀਆਂ ਕਰਨ ਲਈ ਹੋਰ ਤੇਜ਼ੀ ਨਾਲ ਯਤਨ ਕਰਨੇ ਪੈਣਗੇ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.