ਸਿਰਫ਼ ਚਾਰ ਸਾਲਾਂ ਦੇ ਛੋਟੇ ਜਿਹੇ ਕਾਰਜਕਾਲ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਜਪਾ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਵੱਲੋਂ ਭਾਰਤ ਦੇ ਕੁੱਲ 31 ਰਾਜਾਂ ਅਤੇ ਕੇਂਦਰੀ ਸਾਸ਼ਤ ਪ੍ਰਦੇਸ਼ਾਂ ਵਿਚੋਂ 21 ਰਾਜਾਂ ਵਿਚ ਭਾਜਪਾ ਅਤੇ ਸਹਿਯੋਗੀ ਐਨ. ਡੀ. ਏ. ਦਾ ਪ੍ਰਚਮ ਲਹਿਰਾਉਣਾ ਕਿਸੇ ਵੀ ਸਮਰੱਥ ਰਾਜਨੀਤਕ ਲੀਡਰਸ਼ਿਪ ਲਈ ਸਚਮੁੱਚ ਬਹੁਤ ਵੱਡੀ ਰਾਜਨੀਤਕ ਪ੍ਰਾਪਤੀ ਹੈ। ਜਦੋਂ ਸ਼੍ਰੀ ਮੋਦੀ ਨੇ ਮਈ, 2014 ਵਿਚ ਪ੍ਰਧਾਨ ਮੰਤਰੀ ਵਜੋਂ ਸੱਤਾ ਸੰਭਾਲੀ ਸੀ, ਭਾਜਪਾ ਅਤੇ ਹਮਜੋਲੀ ਐੱਨ. ਡੀ. ਏ. ਗਠਜੋੜ ਸਿਰਫ 6 ਰਾਜਾਂ ਵਿਚ ਸੱਤਾ ਵਿਚ ਸੀ।
ਧੁਰ ਉੱਤਰ–ਪੂਰਬ ਤਿੰਨ ਰਾਜਾਂ ਤਿਰੀਪੁਰਾ, ਮੇਘਾਲਿਆ ਅਤੇ ਨਾਗਾਲੈਂਡ ਅੰਦਰ ਭਾਜਪਾ ਅਤੇ ਸਹਿਯੋਗੀ ਦਲਾਂ ਵਲੋਂ ਜਿੱਤ ਪ੍ਰਾਪਤ ਕਰਨਾ, ਭਾਰਤ ਨੂੰ ਕਾਂਗਰਸ ਅਤੇ ਖੱਬੇ ਪੱਖੀ ਸਾਸ਼ਨ ਤੋਂ ਮੁਕਤ ਕਰਨ ਵੱਲ ਦਿਉ ਕੱਦ ਪੁਲਾਂਘ ਪੁੱਟਣ ਦੇ ਸੁਨਹਿਰੇ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਨਵੇਂ ਭਾਜਪਾ ਦਫ਼ਤਰ, ਨਵੀਂ ਦਿੱਲੀ ਵਿਖੇ ਭਾਜਪਾ ਕਾਰਕੁੰਨਾਂ ਨੂੰ ਸੰਬੋਧਿਤ ਕਰਦੇ ਬਹੁਤ ਹੀ ਨੱਪੇ–ਤੁਲੇ ਭਾਵਪੂਰਵਕ ਸ਼ਬਦਾਂ ਵਿਚ ਕਿਹਾ ਕਿ ਕਈ ਰਾਜਨੀਤਕ ਨੇਤਾਵਾਂ ਦਾ ਰਾਜਨੀਤਕ ਪਦ ਤਾਂ ਵੱਡਾ ਹੁੰਦਾ ਜਾਂਦਾ ਪਰ ਕਾਰਜਕੁਸ਼ਲਤਾ ਕੱਦ ਘਟਦਾ ਜਾਂਦਾ ਹੈ। ਇਹ ਤਨਜ਼ ਉਨ•ਾਂ ਨਵੇਂ ਬਣੇ ਦੂਰ–ਦ੍ਰਿਸ਼ਟੀਹੀਨ ਅਤੇ ਰਾਜਨੀਤਕ ਅਗਵਾਈ ਅਸਮੱਰਥ ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਬਾਰੇ ਕੀਤੀ ਸੀ ਜੋ ਨੈਤਿਕ ਅਤੇ ਰਣਨੀਤਕ ਤੌਰ ਇਨ•ਾਂ ਰਾਜਾਂ ਵਿਚ ਕਾਂਗਰਸ ਦੀਆਂ ਸ਼ਰਮਨਾਕ ਹਾਰਾਂ ਸਬੰਧੀ ਤੁਰੰਤ ਪਾਰਟੀ ਪਾਰਲੀਮਾਨੀ ਬੋਰਡ ਦੀ ਮੀਟਿੰਗ ਬੁਲਾ ਕੇ ਇਨ•ਾਂ ਹਾਰਾਂ ਬਾਰੇ ਮੰਥਨ ਕਰਨ ਦੀ ਬਜਾਏ ਆਪਣੇ ਨਾਨਕੇ ਇਟਲੀ ਦੌੜ ਗਿਆ ਸੈਰ–ਸਪਾਟੇ ਲਈ।
ਸ਼੍ਰੀ ਮੋਦੀ ਨੇ ਨੋ ਵੰਨ (No One) ਤੋਂ ਵੰਨ (Won) ਸਬੰਧੀ ਤ੍ਰਿਰੀਪੁਰਾ ਵਿਚ ਭਾਜਪਾ ਦੀ ਹੂੰਝਾ ਫੇਰੂ ਜਿੱਤ ਲਈ ਸਹਿਯੋਗੀ ਇੰਡੈਜ਼ੀਨਸ ਪੀਪਲਜ਼ ਫਰੰਟ ਤਿਰੀਪੁਰਾ ਸਮੇਤ ਰਾਜ ਅੰਦਰ ਪਾਰਟੀ ਵਰਕਰਾਂ ਤੇ 500 ਹਮਲੇ ਖੱਬੇ ਪੱਖੀ ਸਾਬਕਾ ਸੱਤਾਧਾਰੀਆਂ ਵੱਲੋਂ ਕਰਨ ਦੇ ਬਾਵਜੂਦ, ਖੂਬ ਸਰਾਹਨਾ ਕੀਤੀ। ਉਨ•ਾਂ ਸਖ਼ਤ ਮਿਹਨਤ, ਸਿਰੜ ਅਤੇ ਦਲੇਰੀ ਦਾ ਅਭੂਤਪੂਰਵ ਰਾਜਨੀਤਕ ਮੁਜ਼ਾਹਿਰਾ ਕੀਤਾ। 25 ਸਾਲਾਂ ਖੱਬੇ ਪੱਖੀ ਫਰੰਟ ਦੇ ਸ਼ਾਸਨ ਦਾ ਸਫਾਇਆ ਕਰ ਦਿੱਤਾ।
ਚਾਹੀਦਾ ਇਹ ਸੀ ਕਿ ਤਿਰੀਪੁਰਾ ਵਿਚ ਭਾਜਪਾ ਦੀ ਕ੍ਰਿਸ਼ਮਾਈ ਲੀਡਰਸ਼ਿਪ ਦੀ ਅਗਵਾਈ ਵਿਚ ਪ੍ਰਾਪਤ ਕ੍ਰਿਸ਼ਮਾਈ ਜਿੱਤ ਅਤੇ ਖੱਬੇ ਪੱਖੀ ਸ਼੍ਰੀ ਮਾਣਿਕ ਸਰਕਾਰ ਦੀ ਹਾਰ ਦੀ ਗੱਲ ਕੀਤੀ ਜਾਂਦੀ ਪਰ ਜਿਵੇਂ ਉਤਸ਼ਾਹਿਤ ਭਾਜਪਾ ਕਾਰਕੁੰਨਾਂ ਵੱਲੋਂ ਬੇਲੋਨੀਆਂ ਵਿਚ ਜੇ. ਸੀ. ਬੀ. ਅਤੇ ਇਕ ਹੋਰ ਥਾਂ 'ਤੇ ਮਹਾਨ ਲੈਨਿਨ ਦੇ ਬੁੱਤ ਤੋੜ ਦਿੱਤੇ, ਰਾਜ ਅੰਦਰ ਖੱਬੇ ਪੱਖੀ ਕਾਰਕੁਨਾਂ ਦੇ ਘਰ–ਸਾੜੇ, ਮਾਰ ਕੁਟਾਈ ਕੀਤੀ, ਦਫ਼ਤਰ ਅਗਨ ਭੇਂਟ ਕੀਤਾ, ਤੋੜ–ਫੋੜ ਕੀਤੀ ਇਸ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਨੇ ਭਾਜਪਾ, ਆਰ. ਐੱਸ. ਐੱਸ. ਭਗਵਾਬ੍ਰਿਗੇਡ ਅਤੇ ਖਾਸ ਕਰਕੇ ਸ਼੍ਰੀ ਮੋਦੀ ਅਮਿਤ ਸ਼ਾਹ ਜੋੜੀ ਦੇ ਕੱਦ ਨੂੰ ਨੁਕਸਾਨ ਪਹੁੰਚਾਇਆ ਹੈ।
ਐਸਾ ਕੋਝ ਹਿੰਸਕ ਅਤੇ ਨਫ਼ਰਤੀ ਕਾਰਨਾਮਾ ਪਾਰਟੀ ਲੀਡਰਸ਼ਿਪ ਦੀ ਸ਼ਹਿ ਬਗੈਰ ਨਹੀਂ ਕੀਤਾ ਜਾ ਸਕਦਾ। ਤਿੰਨਾਂ ਰਾਜਾਂ ਵਿਚ ਭਾਜਪਾ ਚੋਣ ਮੁਹਿੰਮ ਦਾ ਸੰਚਾਲਨ ਪਿਛਲੇ ਕੁਝ ਮਹੀਨੇ ਤੋਂ ਕਰ ਰਹੇ ਆਰ. ਐੱਸ. ਐੱਸ. ਵਿਚਾਰਧਾਰਾ ਦੇ ਪ੍ਰਪੱਕ ਸਪੋਕਸਮੈਨ ਰਹੇ, ਉੱਚ ਕੋਟੀ ਦੇ ਭਾਜਪਾ ਆਗੂ ਰਾਮ ਮਾਧਣ ਐਸੇ ਹਿੰਸਕ, ਬਦਲਾਖੋਰੀ ਅਤੇ ਨਫ਼ਰਤ ਭਰੀਆਂ ਕਾਰਵਾਈਆਂ ਨੂੰ ਉਕਸਾਉਣ ਵਿਚ ਸ਼ਾਮਿਲ ਉਦੋਂ ਵਿਖਾਈ ਦਿੰਦੇ ਹਨ ਜਦੋਂ ਉਹ ਮਹਾਨ ਲੈਨਿਨ ਦੇ ਬੁੱਤ ਨੂੰ ਜੇ. ਬੀ. ਸੀ. ਨਾਲ ਪਲਟਾਉਣ ਅਤੇ ਤੋੜਨ ਬਾਰੇ ਟਵੀਟ ਕਰਦੇ ਹਨ, 'ਲੋਕਾਂ ਨੇ ਲੈਨਿਨ ਦਾ ਬੁੱਤ ਉਖਾੜ ਦਿੱਤਾ ਹੈ। ਰੂਸ ਵਿਚ ਨਹੀਂ ਤਿਰੀਪੁਰਾ 'ਚ। ਚਲੋ ਪਲਟਾਈ।'' ਸੁਬਰਾਮਨੀਅਮ ਸਵਾਮੀ ਸਮੇਤ ਹੋਰ ਭਾਜਪਾ ਆਗੂ ਬਦੇਸ਼ੀ ਲੋਕਾਂ ਦੀ ਵਿਚਾਰਧਾਰਾ ਦੀ ਭਾਰਤ ਵਿਚ ਕੋਈ ਥਾਂ ਨਹੀਂ ਸਮਝਦੇ। ਗ੍ਰਹਿ ਰਾਜ ਮੰਤਰੀ ਨੇ ਲੈਨਿਨ ਦੇ ਬੁੱਤ ਦੀ ਤੋੜ ਫੋੜ ਅਤੇ ਮਾਰਕਸਵਾਦੀ ਦੀ ਕਾਰਕੁੰਨਾਂ ਵਿਰੁੱਧ ਹਿੰਸਕ ਅਤੇ ਅਗਜ਼ਨੀ ਕਾਰਵਾਈਆਂ ਨੂੰ ਉਲਟਾ ਜਾਇਜ਼ ਠਹਿਰਾਉਂਦੇ ਨਜ਼ਰ ਆਏ।
ਸਭ ਤੋਂ ਵੱਧ ਗੈਰ–ਸੰਵਿਧਾਨਿਕ ਕਾਰਜ ਰਾਜਪਾਲ ਤਥਾਗਤ ਰਾਏ ਵਲੋਂ ਕੀਤਾ ਨਜ਼ਰ ਆਉਂਦਾ ਜੋ ਲੈਨਿਨ ਦੇ ਬੁੱਤ ਨੂੰ ਉਖਾੜ ਦੇਣਾ ਸਹੀ ਠਹਿਰਾਉਂਦੇ ਹਨ।
ਬਹੁਤ ਸਾਰੇ ਭਾਜਪਾ, ਆਰ. ਐੱਸ. ਐੱਸ. ਅਤੇ ਭਗਵਾ ਬ੍ਰਿਗੇਡ ਚਿੰਤਕਾਂ ਨੇ ਲੈਨਿਨ ਨੂੰ ਆਤੰਕਵਾਦੀ, ਹਿੰਸਕਵਾਦੀ ਅਤੇ ਕਰੋੜਾਂ ਰੂਸੀ ਬੇਗੁਨਾਹ ਲੋਕਾਂ ਦੇ ਕਾਤਲ ਵਜੋਂ ਪੇਸ਼ ਕੀਤਾ ਜਿਸ ਦਾ ਅਜੋਕੇ ਭਾਰਤ ਵਿਚ ਕੋਈ ਥਾਂ ਨਹੀਂ। ਐਸਾ ਵਿਅਕਤੀ ਕਦੇ ਵੀ ਭਾਰਤੀਆਂ ਦਾ ਨਾਇਕ ਨਹੀਂ ਹੋ ਸਕਦਾ। ਇਸ ਦੂਸ਼ਣਬਾਜ਼ੀ ਵਿਚ ਸਟਾਲਿਨ ਨੂੰ ਵੀ ਘਸੀਟਿਆ। ਇਨ•ਾਂ ਨੇ ਲੋਕ ਮਾਨੀਆ ਤਿਲਕ, ਮਹਾਤਮਾ ਗਾਂਧੀ, ਪੰਡਤ ਜਵਾਹਰ ਲਾਲ ਨਹਿਰੂ, ਸ਼ਹੀਦ–ਏ–ਆਜ਼ਮ ਸਰਦਾਰ ਭਗਤ ਸਿੰਘ ਵਰਗੇ ਰਾਸ਼ਟਰੀ ਨਾਇਕਾਵਾਂ ਦੇ ਮਹਾਨ ਲੈਨਿਨ ਬਾਰੇ ਵਿਚਾਰ, ਉਨ•ਾਂ ਦਾ ਪ੍ਰਭਾਵ, ਭਾਰਤੀ ਰਾਜਨੀਤੀ ਨੂੰ ਉਸ ਦੇ ਯੋਗਦਾਨ ਨੂੰ ਵਿਚਾਰਗੋਚਰੇ ਨਹੀਂ ਰੱਖਿਆ।
ਭਾਰਤ ਦੇ ਪੂਜਨੀਕ ਨਾਇਕਾਵਾਂ, ਮਹਾਂਪੁਰਸ਼ਾਂ, ਰਾਜਿਆਂ ਅਤੇ ਰਾਜਨੀਤੀਵਾਨਾਂ ਦੇ ਜੀਵਨ ਤੇ ਝਾਤ ਨਹੀਂ ਮਾਰੀ ਗਈ ਲੈਨਿਨ 'ਤੇ ਅਤਿ ਨਿੰਦਣਯੋਗ ਅਤੇ ਤਰਕਹੀਣ ਹਮਲਿਆਂ ਤੋਂ ਪਹਿਲੋਂ। ਦੇਸ਼ ਦੇ ਮਹਾਂਨਾਇਕ ਅਤੇ ਭਗਵਾਨ ਵਜੋਂ ਜਾਣੇ ਜਾਂਦੇ ਸ਼੍ਰੀ ਰਾਮ ਚੰਦਰ ਨੇ ਜਿਵੇਂ ਰਾਵਣ ਦੇ ਇੱਕ ਲੱਖ ਪੂਤ, ਸਵਾ ਲੱਖ ਨਾਤੀ ਅਤੇ ਹੋਰ ਲੱਖਾਂ ਫੌਜੀਆਂ ਅਤੇ ਜਰਨੈਲਾਂ ਨੂੰ ਆਪਣੀ ਵਾਨਰ ਫੌਜ ਅਤੇ ਜਰਨੈਲਾਂ ਨਾਲ ਲੰਕਾ ਸਮੇਤ ਤਬਾਹ ਕੀਤਾ। ਉਹ ਸਭ ਨੂੰ ਪਤਾ ਹੈ। ਹਰ ਸਾਲ ਰਾਮਲੀਲ•ਾ ਰਾਹੀਂ ਦੇਸ਼ ਦੇ ਕੋਨੇ–ਕੋਨੇ ਵਿਚ ਇਸ ਨੂੰ ਦਰਸਾਇਆ ਅਤੇ ਪ੍ਰਚਾਰਿਆ ਜਾਂਦਾ ਹੈ। ਮਹਾਂਨਾਇਕ ਵਜੋਂ ਅਸੁਰਾਂ ਦਾ ਨਾਸ਼ ਕਰਨ ਕਰਕੇ ਯਾਦ ਕੀਤਾ ਜਾਂਦਾ ਹੈ।
ਇਵੇਂ ਭਗਵਾਨ ਕ੍ਰਿਸ਼ਨ ਭਾਰਤ ਦੇ ਮਹਾਂਨਾਇਕ ਹਨ ਜਿਨ•ਾਂ ਨੇ ਪਾਂਡੂਆਂ ਨਾਲ ਮਿਲ ਕੇ ਕੌਰਵਾਂ ਦੇ ਕਰੋੜਾਂ ਹਮਾਇਤੀਆਂ ਅਤੇ ਫੌਜੀਆਂ ਨੂੰ 18 ਦਿਨ ਚਲੇ ਕੁਰੂਕਸ਼ੇਤਰ ਵਿਚ ਤਬਾਹ ਕਰਕੇ ਰਖ ਦਿੱਤਾ। ਇਸ ਜੰਗ ਵਿਚ ਵੱਡੀ ਗਿਣਤੀ ਵਿਚ ਪਾਂਡੂਆਂ ਦੇ ਹਮਾਇਤੀ ਅਤੇ ਫੌਜੀ ਸਿਪਾਹੀ ਵੀ ਮਾਰੇ ਗਏ ਸਨ।
ਮੋਰੀਆ ਖਾਨਦਾਨ ਦੇ ਮਹਾਨ ਰਾਜਾ ਅਸ਼ੋਕ ਨੇ ਕਲਿੰਗਾ (ਉੜੀਸਾ) ਦੀ ਭਿਆਨਕ ਜੰਗ ਵਿਚ ਲੱਖਾਂ ਫੌਜੀਆਂ ਅਤੇ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ। ਇਸ ਕਤਲੋਂ–ਗਾਰਤ ਤੋਂ ਦੁਖੀ ਮਹਾਨ ਅਸ਼ੋਕ ਨੇ ਹਿੰਦੂ ਧਰਮ ਤਿਆਗ ਕੇ ਬੁੱਤ ਮੱਤ ਧਾਰਨ ਕਰ ਲਿਆ ਅਤੇ ਇਸ ਕਤਲੋਂ ਗਾਰਡ ਤੋਂ ਦੁਖੀ ਮਹਾਨ ਅਸ਼ੋਕ ਨੇ ਹਿੰਦੂ ਧਰਮ ਤਿਆਗ ਕੇ ਬੁੱਧ ਮੱਤ ਧਾਰਨ ਕਰ ਲਿਆ ਅਤੇ ਇਸ ਧਰਮ ਦੇ ਪ੍ਰਚਾਰ ਲਈ ਆਪਣੇ ਸਾਸ਼ਨ ਦਾ ਪੂਰਾ ਪ੍ਰਯੋਗ ਕੀਤਾ। ਉਹ ਭਾਰਤੀਆਂ ਦੇ ਮਹਾਂਨਾਇਕ ਜਾਣੇ ਜਾਂਦੇ ਹਨ।
ਦੇਸ਼ ਆਜ਼ਾਦੀ ਸਮੇਂ ਭਾਰਤ ਨੂੰ ਫਿਰਕੂ ਆਧਾਰਿਤ ਦੋ ਕੌਮਾਂ ਦੇ ਸਿਧਾਂਤ ਅਧੀਨ ਬਗੈਰ ਇਸ ਦੇ ਸਦੀਆਂ ਬੱਧੀ ਮਾੜੇ ਅਤੇ ਮਾਰੂ ਪ੍ਰਭਾਵਾਂ ਨੂੰ ਸੋਚੇ ਸਮਝੇ ਦੋ ਹਿੱਸਿਆਂ, ਭਾਰਤ ਅਤੇ ਪਾਕਿਸਤਾਨ ਵਜੋਂ ਵੰਡਣ ਅਤੇ ਜਿਸ ਕਰਕੇ ਕਰੀਬ 10 ਲੱਖ ਬੇਦੋਸ਼ੇ ਹਿੰਦੂ ਸਿੱਖ ਮੁਸਲਮਾਨ ਲੋਕ ਮਾਰੇ ਜਾਣ ਦੇ ਬਾਵਜੂਦ ਭਾਰਤ ਅੰਦਰ ਮਹਾਤਮਾ ਗਾਂਧੀ ਰਾਸ਼ਟਰ ਪਿਤਾ, ਪੰਡਤ ਨਹਿਰੂ, ਪਟੇਲ, ਮੌਲਾਨਾ ਆਜ਼ਾਦ ਅਤੇ ਪਾਕਿਸਤਾਨ ਅੰਦਰ ਕਾਇਦ–ਏ–ਆਜ਼ਮ ਮੁਹੰਮਦ ਅਲੀ ਜਿਨਾਹ ਆਦਿ ਮਹਾਂਨਾਇਕ ਜਾਣੇ ਜਾਂਦੇ ਹਨ। ਅੱਜ ਭਾਰਤ ਪਾਕਿ ਦੀ ਹਾਲਤ ਇਹ ਹੈ 'ਲਮਹੋਂ ਨੇ ਖਤਾ ਕੀ ਥੀ, ਸਦੀਉਂ ਨੇ ਸਜ਼ਾ ਪਾਈ।'
ਦੇਸ਼ ਨੂੰ ਸੰਨ 1975 ਵਿਚ 19 ਮਹੀਨੇ ਐਮਰਜੈਂਸੀ ਹਵਾਲੇ ਕਰਕੇ ਲੱਖਾਂ ਬੇਗੁਨਾਹ ਇਸ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਜੈ ਪ੍ਰਕਾਸ਼ ਨਰਾਇਣ, ਜਨ ਸੰਘ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂ ਅਤੇ ਕਾਰਕੁੰਨ ਜੇਲਾਂ ਵਿਚ ਸੁੱਟਣ, ਜੂਨ 1984 ਨੂੰ ਨੀਲਾ ਅਪਰੇਸ਼ਨ ਅਧੀਨ ਸਿੱਖਾਂ ਦੇ ਮੁਕੱਦਸ ਅਸਥਾਨ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਮੇਤ ਅਨੇਕ ਗੁਰਦਵਾਰਿਆਂ ਅਤੇ ਪੰਜਾਬ ਅੰਦਰ ਫੌਜੀ ਕਾਰਵਾਈ ਕਰਨ ਵਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ 'ਦੁਰਗਾ ਮਾਤਾ' ਵਰਗੀ ਮਹਾਂਨਾਇਕ ਪੁਕਾਇਆ ਗਿਆ।
ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿਚ ਸ਼੍ਰੀ ਇੰਦਰਾ ਗਾਂਧੀ ਦਾ ਕਤਲ ਉਸ ਦੇ ਦੋ ਅੰਗ ਰਖਿਅਕਾਂ ਵੱਲੋਂ ਕਰਨ ਕਰਕੇ ਜੋ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ, ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ, ਉਸ ਦੀ ਰਾਜਨੀਤਕ ਜੁੰਡਲੀ ਅਤੇ ਕੁਝ ਕਾਂਗਰਸ ਮੁੱਖ ਮੰਤਰੀਆਂ ਅਤੇ ਅਫਸਰਸ਼ਾਹਾਂ ਦੀ ਮਿਲੀਭੁਗਤ ਨਾਲ ਕਰੀਬ 7 ਹਜ਼ਾਰ ਸਿੱਖ ਭਾਈਚਾਰੇ ਦੇ ਬੱਚੇ, ਬੁੱਢੇ, ਨੌਜਵਾਨ ਗਿਣੀ ਮਿੱਥੀ ਸਾਜਿਸ਼ ਰਾਹੀਂ ਮਾਰੇ ਗਏ। ਘਰ, ਕਾਰੋਬਾਰ ਅਗਨਭੇਂਟ ਕਰ ਦਿੱਤੇ। ਔਰਤਾਂ, ਬੱਚੀਆਂ ਅਤੇ ਲੜਕੀਆਂ ਨੂੰ ਬਲਾਤਕਾਰਾਂ ਦੀਆਂ ਸ਼ਿਕਾਰ ਬਣਾਇਆ। ਪ੍ਰਧਾਨ ਮੰਤਰੀ ਨੇ ਰਾਜ ਧਰਮ ਦੀ ਪਾਲਣਾ ਤਾਂ ਕੀ ਕਰਨੀ ਸੀ ਉਲਟਾ ਕਿਹਾ ਕਿ ਜਦੋਂ ਇਕ ਵੱਡਾ ਦਰੱਖ਼ਤ ਡਿਗਦਾ ਹੈ ਨਾਲ ਲਗਦੀ ਧਰਤੀ ਕੰਬ ਉੱਠਦੀ ਹੈ। ਇਸ ਵਿਅਕਤੀ ਦੀ ਅਗਵਾਈ ਵਿਚ ਦਸੰਬਰ 1984 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਲੋਕਾਂ ਨੇ ਮਹਾਂਨਾਇਕ ਵਜੋਂ ਇਤਿਹਾਸਕ 414 ਸੀਟਾਂ 'ਤੇ ਜਿੱਤ ਪ੍ਰਦਾਨ ਕੀਤੀ। ਅਜੋਕੀ ਭਾਰਤੀ ਸੱਤਾ ਤੇ ਕਾਬਜ਼ ਭਾਜਪਾ ਸਿਰਫ ਦੋ ਸੀਟਾਂ 'ਤੇ ਸਿਮਟ ਕੇ ਰਹਿ ਗਈ ਸੀ। ਸ਼੍ਰੀ ਰਾਜੀਵ ਗਾਂਧੀ ਨੂੰ 'ਭਾਰਤ ਰਤਨ' ਦੀ ਉਪਾਧੀ ਨਾਲ ਰਾਸ਼ਟਰ ਨਾਇਕ ਵਜੋਂ ਨਿਵਾਜਿਆ ਗਿਆ।
ਗੋਧਰਾ ਕਾਂਡ (ਗੁਜਰਾਤ) ਬਾਅਦ ਰਾਜ ਵਿਚ ਹੋਏ ਹਿੰਸਕ ਅਤੇ ਨਫਰਤ ਭਰੇ ਤਾਂਡਵ ਨਾਚ ਵਿਚ ਕਰੀਬ 2000 ਮੁਸਲਮਾਨ ਅਤੇ ਕੁਝ ਹਿੰਦੂ ਮਾਰੇ ਗਏ। ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ ਤਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 'ਰਾਜ ਧਰਮ' ਨਾ ਨਿਭਾ ਸਕਣ ਕਰਕੇ ਤਾੜਿਆ। ਉਹ ਅੱਜ ਦੇਸ਼ ਦੇ ਤਾਕਤਵਰ ਪ੍ਰਧਾਨ ਮੰਤਰੀ ਵਜੋਂ ਸਥਾਪਿਤ ਹਨ।
ਮਹਾਨ ਲੈਨਿਨ ਦੇ ਬੁੱਤ ਸੋਵੀਅਤ ਯੂਨੀਅਨ ਦੇ ਖੇਰੂੰ ਖੇਰੂੰ ਹੋਣ ਬਾਅਦ ਬਹੁਤ ਸਾਰੇ ਵੱਖ ਹੋਏ ਰਾਜਾਂ, ਪੱਛਮੀ ਰਾਜਾਂ ਅਤੇ ਅਫਰੀਕਾ ਵਿਚ ਵੀ ਤੋੜੇ ਗਏ ਜਾਂ ਹਟਾਏ ਗਏ। ਪਰ ਅੱਜ ਯੂਰਪ ਫਿਰ ਮਾਰਕਸਵਾਦ ਲੈਨਿਨਵਾਦ ਵੱਲ ਝੁਕ ਰਿਹਾ ਹੈ। ਭਾਰਤ ਵਿਚ ਵੀ ਉਹ ਖੱਬੇ ਪੱਖੀਆਂ ਤੋਂ ਇਲਾਵਾ ਧਰਮ ਨਿਰਪੱਖ ਅਤੇ ਗਰੀਬ, ਦੱਬੇ–ਕੁਚੱਲੇ ਲੋਕਾਂ ਦਾ ਨਾਇਕ ਹੈ।
ਤਿਰੀਪੁਰਾ ਵਿਚ ਦੋ ਥਾਵਾਂ ਤੇ ਲੈਨਿਨ ਦੇ ਬੁੱਤ ਤੋੜਨ ਬਾਅਦ ਵੱਖ–ਵੱਖ ਰਾਜਾਂ ਵਿਚ ਬੁੱਤ ਤੋੜਨ ਦੀਆਂ ਘਿਨਾਉਣੀਆਂ ਹਰਕਤਾਂ ਵੇਖਣ ਨੂੰ ਮਿਲ ਰਹੀਆਂ ਹਨ। ਦੱਖਣੀ ਕੋਲਕਤਾ ਵਿਚ ਸ਼ਰਾਰਤੀ ਅਨਸਰਾਂ ਨੇ ਭਾਜਪਾ (ਜਨਸੰਘ) ਦੇ ਆਗੂ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੁੱਤ ਦੀ ਤੋੜ ਫੋੜ ਅਤੇ ਬੇਅਦਬੀ ਕੀਤੀ। ਮੇਰਠ ਅਤੇ ਚੇਨਈ ਵਿਖੇ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ। ਤਾਮਿਲਨਾਡੂ ਅੰਦਰ ਵੈਲੂਰ ਜ਼ਿਲ•ੇ ਉੱਘੇ ਸਮਾਜ ਸੁਧਾਰਕ ਅਤੇ ਦੜਾਵੜ ਲਹਿਰ ਦੇ ਬਾਨੀ ਈ. ਵੀ. ਰਾਮਾਸਵਾਮੀ, ਪੇਰੀਆਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ। ਕੇਰਲ ਦੇ ਕਾਨੂੰਰ ਜ਼ਿਲ•ੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਕੋਲਕੱਤਾ ਅੰਦਰ ਭਾਜਪਾ ਅਤੇ ਟੀ. ਐੱਮ ਸੀ, ਭਾਜਪਾ ਅਤੇ ਖੱਬੀ ਪੱਖੀ ਵਿਦਿਆਰਥੀਆਂ ਦਰਮਿਆਨ ਹਿੰਸਕ ਝੜਪਾ ਹੁੰਦੀਆਂ ਵੇਖੀਆਂ ਗਈਆਂ।
ਐਸੇ ਮਾਹੌਲ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਪ੍ਰਧਾਨ ਅਮਿਤ ਸ਼ਾਹ ਨੇ ਐਸੇ ਸ਼ਰਾਰਤੀ, ਨਫਰਤੀ, ਕੱਟੜਵਾਦੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਰਾਜ ਸਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਰਾਜ ਵਿਚ ਜੇ ਮੂਰਤੀ ਤੋੜੀ ਜਾਂਦੀ ਹੈ ਉਸ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ ਨੂੰ ਜੁੰਮੇਵਾਰ ਠਹਿਰਾਇਆ ਜਾਵੇ।
ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਨੂੰ ਦੇਸ਼ ਅੰਦਰ ਸਦਭਾਵਨਾ, ਅਹਿੰਸਾ, ਵਿਕਾਸ ਅਤੇ ਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰਨਾ ਚਾਹੀਦਾ ਹੈ। ਨਫਰਤ, ਕੱਟੜਵਾਦ, ਹਿੰਸਾ ਫੈਲਾਉਣ ਵਾਲੇ ਪਾਰਟੀ ਆਗੂਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਤਿਰੀਪੁਰਾ ਦੇ ਰਾਜਪਾਲ ਨੂੰ ਸੰਵਿਧਾਨਿਕ ਪਦ ਦੀ ਮਾਣ–ਮਰਿਯਾਦਾ ਤੋੜਨ ਲਈ ਚਲਦਾ ਕੀਤਾ ਜਾਵੇ। ਭਾਰਤ ਵਰਗੇ ਵੱਖ–ਵੱਖ ਧਰਮਾਂ, ਜਾਤਾਂ, ਇਲਾਕਿਆਂ, ਭਾਸ਼ਾਵਾਂ, ਵਿਚਾਰ ਧਾਰਾਵਾਂ ਨਾਲ ਸਬੰਧਿਤ ਦੇਸ਼ ਅੰਦਰ ਨਫਰਤ, ਹਿੰਸਾ, ਕੱਟੜਵਾਦ ਦੀ ਕੋਈ ਥਾਂ ਨਹੀਂ। 25 ਸਾਲਾ ਖੱਬੇ ਪੱਖੀ ਸਾਸ਼ਨ ਦੇ ਅੰਤ ਬਾਰੇ ਬੈਲਟ ਦੀ ਜਿੱਤ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਬੁਲਡੋਜ਼ਰ ਅਤੇ ਬਦਲਾਖੋਰੀ ਦੀ। ਜੇਕਰ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਜੋੜੀ ਨੇ ਭਾਰਤੀ ਲੋਕਤੰਤਰ ਦੇ ਵਡੇਰੇ ਹਿਤਾਂ ਲਈ ਦੇਸ਼ ਅੰਦਰ ਵੱਖ–ਵੱਖ ਹਿੱਸਿਆਂ ਵਿਚ ਫੈਲ ਰਹੀ ਰਾਜਨੀਤਕ ਨਫਰਤ, ਹਿੰਸਾ ਅਤੇ ਕੱਟੜਵਾਦ ਨੂੰ ਤੁਰੰਤ ਨਾ ਰੋਕਿਆ ਤਾਂ ਇਸ ਦੇ ਨਤੀਜੇ ਖਤਰਨਾਕ ਨਿਕਲਣਗੇ ਜੋ ਉਨ•ਾਂ ਦੇ ਜੇਤੂ ਰੱਥ ਲਈ ਵੀ ਘਾਤਿਕ ਸਿੱਧ ਹੋਣਗੇ। ਭਾਜਪਾ ਦੀਆਂ ਜਿੱਤਾਂ ਕਰਕੇ ਇਸ ਦੇ ਹੰਕਾਰ ਭਰੇ ਰਵੱਈਏ ਨੇ ਪਹਿਲਾਂ ਹੀ ਸ਼ਿਵਸੈਨਾ ਨੂੰ ਮਹਾਂਰਾਸ਼ਟਰ, ਹਣ ਆਂਧਰਾ ਪ੍ਰਦੇਸ਼ 'ਚ ਟੀ. ਡੀ. ਪੀ ਨਾਲ ਰਿਸ਼ਤੇ ਤਿੜਕਾ ਦਿੱਤੇ ਹਨ। ਅਕਾਲੀ ਦਲ ਅਤੇ ਕੁਝ ਹੋਰ ਸਹਿਯੋਗੀ ਦਲ ਵੀ ਅੰਦਰ ਖਾਤੇ ਨਾਰਾਜ਼ ਚਲ ਰਹੇ ਹਨ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170–94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.