31 ਅਕਤੂਬਰ, 1984 ਬੁੱਧਵਾਰ ਭਾਰਤੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੋ ਕਾਂਗਰਸ ਪਾਰਟੀ ਦੀ ਸਭ ਤੋਂ ਤਾਕਤਵਰ ਆਗੂ ਰਹੀ ਹੈ, ਨੂੰ ਉਸ ਦੇ ਦੋ ਸਿੱਖ ਅੰਗ-ਰੱਖਿਅਕਾਂ ਨੇ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਮਾਰ ਦਿਤਾ। ਉਸਦਾ ਪੁੱਤਰ ਜਨਰਲ ਸਕੱਤਰ ਕਾਂਗਰਸ ਪਾਰਟੀ, ਤਤਕਾਲੀ ਵਿੱਤ ਮੰਤਰੀ ਪ੍ਰਣਬ ਮੁੱਖਰਜੀ ਅਤੇ ਕੈਬਨਿਟ ਪਾਰਟੀ ਅਬਦੁਲ ਗਨੀ ਖਾਨ ਵੀ ਉਸ ਨਾਲ ਸਨ। ਸ਼੍ਰੀ ਪ੍ਰਣਬ ਮੁਖਰਜੀ ਅਨੁਸਾਰ ਉਹ ਸਾਰੇ ਪੱਛਮੀ ਬੰਗਾਲ ਦੇ ਰਾਜਪਾਲ ਉਮਾ ਸ਼ੰਕਰ ਦਿਕਸ਼ਤ ਅਤੇ ਉਨ•ਾਂ ਦੀ ਨੂੰਹ ਸ਼ੀਲਾ ਦਿਕਸ਼ਤ ਸਮੇਤ ਏਅਰ ਇੰਡੀਆ ਦੇ ਜਹਾਜ਼ ਰਾਹੀਂ 3 ਵਜੇ ਬਾਅਦ ਦੁਪਹਿਰ ਸ਼੍ਰੀਮਤੀ ਇੰਦਰਾ ਗਾਂਧੀ ਤੇ ਕਾਤਲਾਨਾ ਹਮਲੇ ਦਾ ਪਤਾ ਲਗਣ 'ਤੇ ਦਿੱਲੀ ਪੁੱਜ ਗਏ। ਸਵਾ ਤਿੰਨ ਵਜੇ ਸ਼੍ਰੀ ਰਾਜੀਵ ਗਾਂਧੀ ਏਮਜ਼ ਵਿਖੇ ਪਹੁੰਚ ਗਿਆ ਸੀ। ਦਿੱਲੀ ਵਿਚ ਸਿੱਖਾਂ ਦੇ ਹਮਲੇ ਅਤੇ ਕਤਲ-ਏ-ਆਮ ਦਾ ਸਿਲਸਿਲਾ ਇਸ ਤੋਂ ਬਾਅਦ ਸ਼ੁਰੂ ਹੋਇਆ।
ਇਹ ਕਤਲ-ਏ-ਆਮ 4 ਨਵੰਬਰ, 1984 ਤਕ ਬਾਦਸਤੂਰ ਬੜੀ ਬੇਰਹਿਮੀ ਅਤੇ ਸੰਗਠਿਤ ਢੰਗ ਨਾਲ ਚਲਦਾ ਰਿਹਾ। ਰਾਜਧਾਨੀ ਵਿਚ ਸਰਕਾਰੀ ਅੰਕੜਿਆਂ ਅਨੁਸਾਰ 2733 ਸਿਖ ਮਾਰੇ ਗਏ। ਉਨ•ਾਂ ਦੇ ਘਰ-ਬਾਹਰ, ਕਾਰੋਬਾਰੀ ਸਥਾਨ ਭੰਨ-ਤੋੜ ਅਤੇ ਅਗਨਭੇਂਟ ਕਰ ਦਿਤੇ ਗਏ। ਪੁਲਿਸ ਕਾਂਗਰਸ ਆਗੂਆਂ ਅਤੇ ਭਾੜੇ ਦੇ ਟੱਟੂਆਂ ਦੀ ਅਗਵਾਨੀ ਕਰਦੀ ਰਹੀ। ਇਨ•ਾਂ ਕਤਲਾਂ ਨੂੰ ਰੋਕਣ ਲਈ ਫੌਜ ਜਾਂ ਅਰਧ ਫੌਜੀ ਦਲ ਤਾਇਨਾਤ ਨਾ ਕੀਤੇ ਗਏ। ਜੇ ਅਜਿਹਾ ਕੀਤਾ ਹੁੰਦਾ ਤਾਂ ਸਿੱਖ ਘੱਟ-ਗਿਣਤੀ ਦਾ ਏਨਾ ਨੁਕਸਾਨ ਨਾ ਹੁੰਦਾ ਰੰਗਾ ਨਾਥ ਮਿਸ਼ਰਾ ਅਤੇ ਨਾਨਾਵਤੀ ਕਮਿਸ਼ਨਾਂ ਅਨੁਸਾਰ। ਇਸ ਤੋਂ ਇਲਾਵਾ ਕਾਨਪੁਰ, ਬਕਾਰੋ, ਜਬਲਪੁਰ, ਰੋੜਕਿਲਾ, ਚਿੱਲੜ ਆਦਿ ਸਥਾਨਾਂ 'ਤੇ ਸਿੱਖ ਕਤਲ-ਏ-ਆਮ ਅੰਜ਼ਾਮ ਦਿਤਾ ਗਿਆ।
ਅਜ਼ਾਦ ਭਾਰਤ ਦੇ ਮੂੰਹ 'ਤੇ ਇਹ ਸ਼ਰਮਨਾਕ ਕਾਲਖ਼ ਹੈ ਜੋ 33 ਸਾਲ ਬਾਅਦ ਵੀ ਅਜੇ ਤਕ ਧੋਤੀ ਨਹੀਂ ਜਾ ਸਕੀ। ਇਸ ਕਤਲ-ਏ-ਆਮ ਦੀ ਜਾਂਚ ਲਈ ਨੌ ਕਮਿਸ਼ਨ ਅਤੇ ਕਮੇਟੀਆਂ ਬੈਠਾਈਆਂ ਗਈਆਂ ਪਰ ਸਭ ਨਿਸਫਲ। ਭਾਰਤੀ ਰਾਜ, ਸੰਵਿਧਾਨ ਅਤੇ ਸਰਕਾਰਾਂ ਅਜੇ ਤਕ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕੀਆਂ।
ਹੁਣ ਜਗਦੀਸ਼ ਟਾਈਟਲਰ ਸਬੰਧੀ ਇਕ ਵੀਡੀਓ ਵਾਇਰਲ ਹੋਣ ਨਾਲ ਨਵੰਬਰ '84 ਸਿੱਖ ਕਤਲ-ਏ-ਆਮ ਦਾ ਜਿੰਨ ਮੁੜ ਕਾਂਗਰਸ ਦੇ ਆਗੂਆਂ ਦੁਆਲੇ ਪੂਰੀ ਸ਼ਿਦਤ ਨਾਲ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਇਸ ਵਿਚ ਇਹ ਆਗੂ 100 ਸਰਦਾਰ ਮਾਰਨ ਦਾ ਦਮਗ਼ਜਾ ਮਾਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਸਿੱਖ ਕੌਮ ਦੇ ਅਤਿ ਭਰੋਸੇਯੋਗ ਸੱਚੇ ਸੁੱਚੇ ਬੇਦਾਗ਼ ਆਗੂ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਵਲੋਂ ਜਨਤਕ ਕੀਤਾ ਗਿਆ ਹੈ। ਇਸੇ ਦੌਰਾਨ ਟਾਈਟਲਰ ਦਾ ਇਹ ਬਿਆਨ ਵੀ ਆਇਆ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਉਨ•ਾਂ ਨਾਲ ਕਾਰ ਵਿਚ ਬੈਠ ਕੇ ਸਿੱਖ ਕਤਲ-ਏ-ਆਮ ਦੇ ਵੱਖ-ਵੱਖ ਥਾਵਾਂ ਦਾ ਜਾਇਜ਼ਾ ਲੈਣ ਲਈ ਦੌਰਿਆਂ 'ਤੇ ਗਏ ਸਨ।
ਅਜੋਕੀ ਸਿੱਖ ਲੀਡਰਸ਼ਿਪ ਇਹ ਗੱਲ ਮੰਨਦੀ ਹੈ ਕਿ ਨਵੰਬਰ '84 ਦੇ ਸਿੱਖ ਕਤਲ-ਏ-ਆਮ ਪਿੱਛੇ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ, ਅਰੁਣ ਨਹਿਰੂ, ਐੱਚ.ਕੇ.ਐੱਲ.ਭਗਤ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ, ਲਲਿਤ ਮਾਕਨ ਬ੍ਰਿਗੇਡ ਦਾ ਸਿੱਧਾ ਹੱਥ ਰਿਹਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਰਾਜੀਵ ਗਾਂਧੀ ਦੀ ਭੂਮਿਕਾ ਨੂੰ ਜਾਂਚ ਦੇ ਘੇਰੇ ਵਿਚ ਲਿਆਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ। ਜਗਦੀਸ਼ ਟਾਈਟਲਰ ਦਾ ਪੋਲੋਗ੍ਰਾਫੀ ਅਤੇ ਨਾਰਕੋ ਟੈਸਟ ਕਰਾਉਣ ਦੀ ਮੰਗ ਕੀਤੀ ਹੈ।
ਜਗਦੀਸ਼ ਟਾਈਟਲਰ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਸਾਂਸਦਾਂ ਸ. ਸੁਖਦੇਵ ਸਿੰਘ ਢੀਂਡਸਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸੰਸਦ ਵਿਚ ਉਠਾਇਆ। ਉਨ•ਾਂ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਕੇ ਉਸਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਭਾਜਪਾ ਦੇ ਰਾਸ਼ਟਰੀ ਸਕੱਤਰ ਆਰ.ਪੀ.ਸਿੰਘ ਨੇ ਦਿੱਲੀ ਦੇ ਵਧੀਕ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਾਈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਵਿਚ ਬੋਲਦਿਆਂ ਨਵੰਬਰ '84 ਵਿਚ ਦਿੱਲੀ ਅਤੇ ਹੋਰ ਥਾਵਾਂ 'ਤੇ ਸਿੱਖਾਂ ਦੇ ਕਤਲ-ਏ-ਆਮ ਲਈ ਕਾਂਗਰਸ ਪਾਰਟੀ ਨੂੰ ਦੋਸ਼ੀ ਠਹਿਰਾਇਆ।
ਨਵੰਬਰ '84 ਕਤਲ-ਏ-ਆਮ ਲਈ ਕਾਂਗਰਸ ਪਾਰਟੀ 'ਤੇ ਲਗਾਤਾਰ ਵਧਦੇ ਦਬਾਅ, ਇਸ ਸਬੰਧੀ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਕ੍ਰਿਆਤਮਿਕ ਭੂਮਿਕਾ ਦਾ ਮੁੱਦਾ ਉੱਛਲਣ ਕਰਕੇ, ਪ੍ਰਤੀਕਰਮ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਆਏ। ਇਹ ਉਹ ਆਗੂ ਹਨ ਜਿਨ•ਾਂ ਪੰਜਾਬ ਅੰਦਰ ਸੱਤਾ ਪ੍ਰਾਪਤੀ ਲਈ ਮਾਅਰਕੇਬਾਜ਼ ਰੰਗ ਬਦਲੇ। ਮਿਸਾਲ ਵਜੋਂ ਜੂਨ, 1984 ਵਿਚ ਨੀਲਾ ਤਾਰਾ ਫ਼ੌਜੀ ਅਪਰੇਸ਼ਨ ਵਿਰੁਧ ਕਾਂਗਰਸ ਦੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿਤਾ। ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਬਰਨਾਲਾ ਅਕਾਲੀ ਸਰਕਾਰ ਵਿਚ ਖੇਤੀ ਮੰਤਰੀ ਬਣੇ। ਸੰਨ 1997 ਵਿਚ ਅਕਾਲੀ ਟਿਕਟ ਨਾ ਮਿਲਣ ਕਰਕੇ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ। ਸ. ਪ੍ਰਤਾਪ ਸਿੰਘ ਬਾਜਵਾ ਦਿਤੇ। ਸ਼੍ਰੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਲੀਡਰਸ਼ਿਪ ਸਮਰਥਾ ਤੇ ਪ੍ਰਸ਼ਨ ਚਿੰਨ• ਖੜ•ੇ ਕੀਤੇ।
ਹੁਣ ਉਨ•ਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਨਵੰਬਰ '84 ਸਿੱਖ ਕਤਲ-ਏ-ਆਮ ਸਬੰਧੀ ਮਰਹੂਮ ਸ਼੍ਰੀ ਰਾਜੀਵ ਗਾਂਧੀ ਦੀ ਭੂਮਿਕਾ ਸਬੰਧੀ ਜਾਂਚ ਨੂੰ ਭੰਡੀ ਪ੍ਰਚਾਰ ਗਰਦਾਨਦੇ ਸਪਸ਼ਟੀਕਰਨ ਦੇਣ ਦਾ ਯਤਨ ਕੀਤਾ ਹੈ ਕਿ ਰਾਜੀਵ ਗਾਂਧੀ ਕਲਕੱਤਾ ਤੋਂ 150 ਕਿਲੋਮੀਟਰ ਦੂਰ ਕੰਟਾਈ ਵਿਚ ਸਨ ਜਦੋਂ ਸ਼੍ਰੀਮਤੀ ਇੰਦਰਾ ਗਾਂਧੀ 'ਤੇ ਹਮਲਾ ਹੋਇਆ। ਦਿੱਲੀ ਵਿਚ 'ਦੰਗੇ' ਉਸਦੀ ਆਂਵਦ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ।
ਟਾਈਟਲਰ ਸਬੰਧੀ ਵਾਇਰਲ ਵੀਡੀਓ ਖ਼ੁਦ ਟਾਈਟਲਰ ਜਾਅਲੀ ਕਰਾਰ ਦੇ ਕੇ ਰੱਦ ਕਰ ਚੁੱਕੇ ਹਨ। ਕੈਪਟਨ ਉਸ ਨੂੰ ਕਲੀਨ ਚਿੱਟ ਦਿੰਦੇ ਕਹਿੰਦੇ ਹਨ ਕਿ ਜੇ ਉਹ 'ਦੰਗਿਆਂ' ਵਿਚ ਕਿਸੇ ਵੀ ਤਰੀਕੇ ਨਾਲ ਸ਼ਾਮਲ ਹੁੰਦਾ ਤਾਂ ਬਹੁਤ ਸਮਾਂ ਪਹਿਲਾਂ ਹੀ ਬੇਪਰਦ ਹੋ ਜਾਂਦਾ।
ਇਕ ਤਾਂ ਕੈਪਟਨ ਸਾਹਿਬ ਨੂੰ ਭਵਿੱਖ ਵਿਚ ਨਵੰਬਰ '84 ਵਿਚ ਘਟ ਗਿਣਤੀ ਸਿੱਖ ਕੌਮ ਦੇ ਕਾਂਗਰਸ ਪਾਰਟੀ, ਕਾਂਗਰਸ ਦੇ ਉੱਚਕੋਟੀ ਦੇ ਆਗੂਆਂ ਅਤੇ ਪਿੱਠੂ ਲਾਮ-ਲਸ਼ਕਰ ਵਲੋਂ ਕਤਲ-ਏ-ਆਮ ਨੂੰ 'ਦੰਗੇ' ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਦੂਸਰੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਆਪਣੀ ਆਤਮਕਥਾ ਵਿਚ ਸਪਸ਼ਟ ਲਿਖਦੇ ਹਨ ਕਿ ਰਾਜੀਵ ਗਾਂਧੀ 3 ਵਜੇ ਬਾਅਦ ਦੁਪਹਿਰ ਦਿੱਲੀ ਹਵਾਈ ਅੱਡੇ ਤੇ ਅਤੇ ਏਮਜ਼ ਵਿਖੇ 3.15 ਬਾਅਦ ਦੁਪਹਿਰ ਪਹੁੰਚ ਗਏ ਸਨ। 6.45 ਸ਼ਾਮ ਨੂੰ ਉਨ•ਾਂ ਨੂੰ ਕਾਂਗਰਸ ਪਾਰਲੀਮਾਨੀ ਬੋਰਡ ਵਲੋਂ ਲੋਕ ਸਭਾ ਅੰਦਰ ਪਾਰਟੀ ਗਰੁੱਪ ਦਾ ਲੀਡਰ ਚੁਣਨ ਕਰਕੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵਲੋਂ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁਕਾ ਦਿਤੀ ਗਈ ਸੀ। ਰਾਜਧਾਨੀ ਅੰਦਰ ਸਿੰਖ ਕਤਲ-ਏ-ਆਮ ਰਾਜੀਵ ਗਾਂਧੀ ਦੀ ਆਂਵਦ ਬਾਅਦ ਸ਼ੁਰੂ ਹੋਏ ਸਨ।
ਰਾਜੀਵ ਗਾਂਧੀ ਜੁੰਡਲੀ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵਿਚ ਵਿਸ਼ਵਾਸ ਵੀ ਨਹੀਂ ਸੀ। ਉਹ ਚਾਹੁੰਦੇ ਸਨ ਕਿ ਉਨ•ਾਂ ਦੇ ਉੱਤਰੀ ਯਮਨ ਦੌਰੇ ਤੋਂ ਵਾਪਸ ਪਰਤਣ ਤੋਂ ਪਹਿਲਾਂ ਹੀ ਉਨ•ਾਂ ਨੂੰ ਉੱਪ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਾ ਦਿਤੀ ਜਾਏ। ਲੇਕਿਨ ਉਪ ਰਾਸ਼ਟਰਪਤੀ ਨੂੰ ਅਜਿਹਾ ਅਧਿਕਾਰਤ ਨਾ ਕੀਤੇ ਜਾਣ ਦੀ ਸੂਰਤ ਵਿਚ ਇਹ ਗੈਰ-ਸੰਵਿਧਾਨਿਕ ਅਮਲ ਹੋਵੇਗਾ। ਇਹ ਸਲਾਹ ਵੀ ਸ਼੍ਰੀ ਪ੍ਰਣਬ ਮੁਖਰਜੀ ਨੇ ਰਾਜੀਵ ਗਾਂਧੀ ਨੂੰ ਦਿਤੀ ਸੀ। 4.30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ ਇੰਦਰਾ ਗਾਂਧੀ ਹਵਾਈ ਅੱਡਾ ਦਿੱਲੀ ਪਹੁੰਚ ਗਏ ਅਤੇ ਉਹ ਵੀ ਸਿੱਧੇ ਏਮਜ਼ ਪਹੁੰਚੇ। ਉਪਰੰਤ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ। ਇਹ ਪ੍ਰਣਬ ਮੁਖਰਜੀ ਹੀ ਸਨ ਜਿਨ•ਾਂ ਸੀਨੀਅਰ ਮੰਤਰੀ ਹੋਣ ਦੇ ਬਾਵਜੂਦ ਪੰਡਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦੁਰ ਸ਼ਾਸਤਰੀ ਦੇ ਅਕਾਲ ਚਲਾਣੇ ਬਾਅਦ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਸੀਨੀਅਰ ਮੰਤਰੀ ਵਾਂਗ ਅੰਤ੍ਰਿਮ ਸਰਕਾਰ ਗਠਤ ਕਰਨ ਤੋਂ ਨਾਂਹ ਕਰ ਦਿਤੀ ਅਤੇ ਸਿੱਧੇ ਪਾਰਲੀਮਾਨੀ ਬੋਰਡ ਰਾਹੀਂ ਸੰਸਦ ਅੰਦਰ ਕਾਂਗਰਸ ਗਰੁੱਪ ਦਾ ਆਗੂ ਚੁਣ ਕੇ ਸੰਵਿਧਾਨਿਕ ਤੌਰ 'ਤੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਉਣ ਦਾ ਰਾਹ ਪੱਧਰਾ ਕਰ ਦਿਤਾ ਸੀ।
ਸਿੱਖ ਕਤਲ-ਏ-ਆਮ ਨੂੰ ਸਹੀ ਸਾਬਤ ਕਰਨ ਲਈ ਰਾਜੀਵ ਗਾਂਧੀ ਨੇ ਇਹ ਸ਼ਬਦ ਬੋਲੇ ਸਨ ਕਿ ਜਦੋਂ ਕੋਈ ਵੱਡਾ ਦਰਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲ ਜਾਂਦੀ ਹੈ। ਪਰ ਹਕੀਕਤ ਇਹ ਹੈ ਕਿ ਨਾ ਤਾਂ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੌਡਸੇ ਵੱਲੋਂ ਮਾਰਨ 'ਤੇ ਧਰਤ ਹਿਲੀ ਨਾ ਹੀ ਰਾਜੀਵ ਗਾਂਧੀ ਨੂੰ ਲਿਟੇ ਸੰਗਠਨ ਵਲੋਂ ਮਾਰੇ ਜਾਣ 'ਤੇ ਧਰਤੀ ਹਿੱਲੀ ਸੀ। ਦਰਅਸਲ ਧਰਤੀ ਤਾਂ ਸਿੱਖ ਕਤਲ-ਏ-ਆਮ ਨਾਲ ਹਿਲਾਈ ਗਈ ਸੀ।
ਭਾਰਤੀ ਕਮਿਊਨਿਸਟ ਪਾਰਟੀ ਦੇ ਮਰਹੂਮ ਜਨਰਲ ਸਕੱਤਰ ਸੀ.ਰਾਜੇਸ਼ਵਰ ਰਾਉ ਜਦੋਂ ਦਿੱਲੀ ਕਤਲ-ਏ-ਆਮ ਰੋਕਣ ਸਬੰਧੀ ਗ੍ਰਹਿ ਮੰਤਰੀ ਪੀ.ਵੀ. ਨਰਸਿਮ•ਾ ਰਾਓ ਨੂੰ ਮਿਲਣ ਲਈ ਗਏ ਤਾਂ ਉਨ•ਾਂ ਨਿਰਦੇਸ਼ ਦਿਤੇ, ''ਅਬ ਤੋਂ 72 ਘੰਟੇ ਹੋ ਗਏ', ਅਬ ਕਾਫੀ ਹੋ ਗਿਆ ਹੈ, ਅਬ ਬੰਦ ਕਰੋ'' ਸਪਸ਼ਟ ਹੈ ਕੇਂਦਰ ਸਰਕਾਰ ਵਲੋਂ ਕਤਲ-ਏ-ਆਮ ਦੀ ਖੁੱਲ• ਦਿਤੀ ਗਈ ਸੀ।
ਮਰਹੂਮ ਰਾਸ਼ਟਰਪਤੀ, ਗਿਆਨੀ ਜ਼ੈਲ ਸਿੰਘ ਆਪਣੀ ਆਤਮ ਕਥਾ ਵਿਚ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਲੀ ਅੰਦਰ ਹਿੰਸਾ ਰੋਕਣ ਲਈ ਦਿਲਚਸਪੀ ਨਹੀਂ ਵਿਖਾਈ ਗਈ ਸੀ।
ਸਾਬਕਾ ਡੀ.ਜੀ.ਪੀ. ਪੰਜਾਬ ਜੂਲੀਅਸ ਰਿਬੈਰੋ ਨੇ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਨੂੰ ਸਲਾਹ ਦਿਤੀ ਕਿ ਜਿਨ•ਾਂ ਪ੍ਰਮੁੱਖ ਕਾਂਗਰਸ ਆਗੂਆਂ ਸਿੱਖ ਕਤਲ-ਏ-ਆਮ ਵਿਚ ਹਿੱਸਾ ਲਿਆ ਉਨ•ਾਂ ਵਿਰੁੱਧ ਕਾਰਵਾਈ ਕੀਤੀ ਜਾਏ। ਇਕ ਸੁਝਾਅ ਦੇਣ 'ਤੇ ਰਾਜੀਵ ਗਾਂਧੀ ਤੈਸ਼ ਵਿਚ ਆ ਗਏ ਅਤੇ ਉਨ•ਾਂ ਨੂੰ ਬੁਰਾ ਭਲਾ ਕਿਹਾ। ਇਹ ਰਿਬੈਰੋ ਨੇ ਆਪਣੀ ਕਿਤਾਬ ਵਿਚ ਦਰਜ ਕੀਤਾ।
ਚੀਨ ਅੰਦਰ ਕਮਿਊਨਿਸਟ ਇਨਕਲਾਬ ਲਿਆਉਣ ਵਾਲੇ ਆਗੂ ਮਾਉਜ਼ੇ ਤੁੰਗ ਦਾ ਕਹਿਣਾ ਹੈ, ''ਸ਼ਕਤੀ ਬੰਦੂਕ ਦੀ ਨਾਲੀ ਵਿਚੋਂ ਨਿਕਲਦੀ ਹੈ।'' ਇਹੀ ਸੱਚਾਈ ਦਿੱਲੀ ; ਅੰਦਰ ਸਿੱਖ ਕਤਲ-ਏ-ਆਮ ਸਬੰਧੀ ਹੈ ਕਿ ਇਹ ਦਰਦਨਾਕ ਘਲੂਘਾਰਾ ਕਾਂਗਰਸ ਦੀ ਸਰਵਉੱਚ ਲੀਡਰਸ਼ਿਪ ਬਗੈਰ ਹੋਂਦ ਵਿਚ ਨਹੀਂ ਸੀ ਆ ਸਕਦਾ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਗਾਂਧੀ ਪਰਿਵਾਰ ਅਤੇ ਰਾਜੀਵ ਗਾਂਧੀ ਨੂੰ ਕਲੀਨ ਚਿੱਟ ਦੇਣ ਤੋਂ ਪਹਿਲਾਂ ਤੱਥਾਂ ਨੂੰ ਜਾਣ ਲੈਣਾ ਚਾਹੀਦਾ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.