ਕੋਈ ਚਮਕੀਲੇ ਨੂੰ ਚੰਗਾ ਕਹੇ ਜਾਂ ਮਾੜਾ, ਪਰ ਇਹ ਗੱਲ ਮੰਨਣੀ ਪਵੇਗੀ ਕਿ ਉਸ ਵਰਗਾ ਸਟੇਜ ਦਾ ਧਨੀ ਪੰਜਾਬ ਵਿੱਚ ਅੱਜ ਤੱਕ ਪੈਦਾ ਨਹੀਂ ਹੋਇਆ। 27 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਐਨੀ ਪ੍ਰਸਿੱਧੀ ਹਾਸਲ ਕਰਨਾ ਸਿਰਫ ਉਸੇ ਦੇ ਹਿੱਸੇ ਆਇਆ ਹੈ। ਉਸ ਨੂੰ ਦੋਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਸ ਦੇ ਕਈ ਕਾਰਨਾਮੇ ਪੰਜਾਬੀ ਗਾਇਕੀ ਦੇ ਮੀਲ ਪੱਥਰ ਬਣ ਗਏ ਹਨ। ਸਾਰੇਗਾਮਾ ਕੰਪਨੀ ਅਨੁਸਾਰ ਦੋ ਕਲਾਕਾਰਾਂ ਦੀਆਂ ਟੇਪਾਂ ਸਭ ਤੋਂ ਵੱਧ ਵਿਕੀਆਂ ਹਨ, ਮੁਹੰਮਦ ਰਫੀ ਅਤੇ ਅਮਰ ਸਿੰਘ ਚਮਕੀਲਾ। ਪੰਜਾਬੀ ਗਾਇਕੀ ਵਿੱਚ ਸਭ ਤੋਂ ਵੱਧ ਗਾਣੇ ਚਮਕੀਲੇ ਦੇ ਰੀਮਿਕਸ ਹੋਏ ਹਨ। ਕਈ ਗਾਣੇ ਤਾਂ 5-6 ਵਾਰ ਰੀਮਿਕਸ ਹੋਏ ਹਨ। ਗਾਣਿਆਂ ਵਿੱਚ ਸਭ ਤੋਂ ਵੱਧ ਪੰਜਾਬੀ ਮੁਹਾਵਰੇ ਉਸ ਨੇ ਵਰਤੇ ਹਨ। ਇੱਕ ਦਿਨ ਵਿੱਚ ਤਿੰਨ ਤਿੰਨ ਅਖਾੜੇ ਵੀ ਉਸ ਨੇ ਲਾਏ ਸਨ। 1986 ਵਿੱਚ ਉਸ ਨੇ 365 ਦਿਨਾਂ ਵਿੱਚ 366 ਅਖਾੜੇ ਲਗਾਏ ਸਨ। ਅੱਜ ਦੇ ਗਾਇਕ ਤਾਂ ਤੀਸਰੀ ਐਲਬਮ ਤੋਂ ਬਾਅਦ ਲੱਭਦੇ ਨਹੀਂ, ਪਰ ਉਸ ਨੇ ਲਗਾਤਾਰ ਸੈਂਕੜੇ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ।
ਚਮਕੀਲੇ ਦਾ ਜਨਮ 21 ਜੁਲਾਈ 1960 ਨੂੰ ਦੁਗਰੀ (ਲੁਧਿਆਣਾ) ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਸ ਦੇ ਬਾਪ ਦਾ ਨਾਮ ਹਰੀ ਸਿੰਘ ਅਤੇ ਮਾਤਾ ਦਾ ਨਾਮ ਕਰਤਾਰ ਕੌਰ ਸੀ। ਉਸ ਦੇ ਬਚਪਨ ਦਾ ਨਾਮ ਧਨੀ ਰਾਮ ਸੀ। ਦੋ ਭਰਾਵਾਂ ਅਤੇ ਦੋ ਭੈਣਾਂ ਦਾ ਭਰਾ ਚਮਕੀਲਾ ਸਭ ਤੋਂ ਛੋਟਾ ਸੀ। ਭਰਾਵਾਂ ਦੇ ਨਾਮ ਲਸ਼ਕਰ ਸਿੰਘ ਅਤੇ ਅਵਤਾਰ ਸਿੰਘ ਅਤੇ ਭੈਣਾਂ ਦੇ ਨਾਮ ਸਵਰਨ ਕੌਰ ਅਤੇ ਚਰਨ ਕੌਰ ਸੀ। ਉਸ ਨੇ ਦੁਗਰੀ ਦੇ ਪ੍ਰਇਮਰੀ ਸਕੂਲ ਤੋਂ 6 ਜ਼ਮਾਤਾਂ ਪਾਸ ਕੀਤੀਆਂ ਤੇ ਫਿਰ ਘਰ ਦੀ ਗਰੀਬੀ ਕਾਰਨ ਪੜ•ਨੋ ਹਟ ਗਿਆ। ਕੁਝ ਦੇਰ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਉਹ ਲੁਧਿਆਣੇ ਦੀ ਇੱਕ ਫੈਕਟਰੀ ਵਿੱਚ ਮਜ਼ਦੂਰੀ ਕਰਨ ਲੱਗ ਪਿਆ। ਜਵਾਨੀ ਵਿੱਚ ਪੈਰ ਧਰਦੇ ਸਾਰ ਉਸ ਦਾ ਪਹਿਲਾ ਵਿਆਹ ਪਿੰਡ ਨੰਗਲ ਦੀ ਗੁਰਮੇਲ ਕੌਰ ਨਾਲ ਕਰ ਦਿੱਤਾ ਗਿਆ। ਇਸ ਵਿਆਹ ਤੋਂ ਉਸ ਦੀਆਂ ਦੋ ਬੇਟੀਆਂ, ਕਮਲਜੋਤ ਅਤੇ ਅਮਨਜੋਤ ਪੈਦਾ ਹੋਈਆਂ। ਕਮਲਜੋਤ ਹੁਣ ਕੈਨੇਡਾ ਹੈ ਅਤੇ ਅਮਨਜੋਤ ਦੁਗਰੀ ਵਿਆਹੀ ਹੋਈ ਹੈ। ਉਸ ਦਾ ਦੂਸਰਾ ਵਿਆਹ ਪ੍ਰਸਿੱਧ ਗਾਇਕਾ ਅਮਰਜੋਤ ਨਾਲ ਹੋਇਆ ਸੀ ਜਿਸ ਤੋਂ ਇੱਕ ਲੜਕਾ ਜੈਮਨਦੀਪ ਹੈ ਜੋ ਥੋੜ•ਾ ਬਹੁਤਾ ਗਾਉਂਦਾ ਹੈ।
ਸੰਗੀਤ ਦਾ ਉਸ ਨੂੰ ਬਚਪਨ ਤੋਂ ਹੀ ਅਤਿ ਦਾ ਸ਼ੌਂਕ ਸੀ। ਉਸ ਨੇ ਬਿਨਾਂ ਕਿਸੇ ਉਸਤਾਦ ਦੇ ਹਰਮੋਨੀਅਮ ਅਤੇ ਢੋਲਕੀ ਵਿੱਚ ਮਾਸਟਰੀ ਹਾਸਲ ਕੀਤੀ। 1979 ਵਿੱਚ ਉਹ ਆਪਣੇ ਮਿੱਤਰ ਕੁਲਦੀਪ ਪਾਰਸ ਨੂੰ ਨਾਲ ਲੈ ਕੇ ਸਾਇਕਲ 'ਤੇ ਪ੍ਰਸਿੱਧ ਗਾਇਕ ਸੁਰਿਦਰ ਛਿੰਦੇ ਕੋਲ ਪਹੁੰਚ ਗਿਆ। ਜਦੋਂ ਛਿੰਦੇ ਨੇ ਉਸ 18 ਸਾਲਾ ਨੌਜਵਾਨ ਦਾ ਗਾਣਾ ਸੁਣਿਆ ਤਾਂ ਬਹੁਤ ਪ੍ਰਭਾਵਿਤ ਹੋਇਆ, ਉਸ ਨੇ ਚਮਕੀਲੇ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਉਸ ਨੇ ਛਿੰਦੇ ਲਈ ਕਈ ਗਾਣੇ ਲਿਖੇ ਤੇ ਉਸ ਦੇ ਗਰੱਪ ਵਿੱਚ ਹਰਮੋਨੀਅਮ ਵਜਾਉਣ ਲਈ ਭਰਤੀ ਹੋ ਗਿਆ। ਛਿੰਦੇ ਨੇ ਹੀ ਉਸ ਦਾ ਲਿਖਿਆ ਪਹਿਲਾ ਗਾਣਾ “ਮੈਂ ਡਿੱਗੀ ਤਿਲਕ ਕੇ, ਛੜੇ ਜੇਠ ਨੇ ਚੁੱਕੀ” ਆਪਣੀ ਅਵਾਜ਼ ਵਿੱਚ ਰਿਕਾਰਡ ਕਰਵਾਇਆ। ਹੌਲੀ ਹੌਲੀ ਚਮਕੀਲਾ ਅਜ਼ਾਦਾਨਾ ਤੌਰ 'ਤੇ ਗਾਉਣ ਲੱਗ ਪਿਆ।
ਅਮਰ ਸਿੰਘ ਚਮਕੀਲੇ ਦੇ ਗੀਤ ਠੇਠ ਪੇਂਡੂ ਸੱਭਿਆਚਾਰ ਅਤੇ ਆਸ ਪਾਸ ਦੇ ਮਾਹੌਲ ਤੋਂ ਪ੍ਰਭਾਵਿਤ ਸਨ। ਉਸ ਨੇ ਜਿਆਦਾਤਰ ਚੜ•ਦੀ ਜਵਾਨੀ ਦੇ ਇਸ਼ਕ, ਸ਼ਰਾਬ, ਨਸ਼ਿਆਂ, ਨਜਾਇਜ਼ ਸਬੰਧਾਂ ਅਤੇ ਪੰਜਾਬੀਆਂ ਦੀ ਗੁੱਸੇਖੋਰੀ-ਬਦਲੇਖੋਰੀ ਬਾਰੇ ਗਾਇਆ ਹੈ। ਉਸ ਦੀ ਗਾਇਕੀ ਬਾਰੇ ਅੰਤਹੀਣ ਬਹਿਸ ਚੱਲਦੀ ਰਹਿੰਦੀ ਹੈ। ਵਿਰੋਧੀ ਉਸ ਦੀ ਗਾਇਕੀ ਨੂੰ ਅਸ਼ਲੀਲ ਮੰਨਦੇ ਹਨ ਤੇ ਪ੍ਰਸੰਸਕ ਸੱਚਾਈ ਦੇ ਨਜ਼ਦੀਕ ਦੱਸਦੇ ਹਨ। ਉਸ ਦਾ ਦੋਗਾਣਿਆ ਦਾ ਪਹਿਲਾ ਰਿਕਾਰਡ 1979 ਵਿੱਚ ਗਾਇਕਾ ਸੁਰਿੰਦਰ ਸੋਨੀਆਂ ਨਾਲ ਮਾਰਕੀਟ ਵਿੱਚ ਆਇਆ। ਉਸ ਦੇ ਪਹਿਲੇ ਹੀ ਗਾਣੇ “ਟਕੂਏ 'ਤੇ ਟਕੂਆ ਖੜਕੇ” ਨੇ ਪੰਜਾਬ ਵਿੱਚ ਤਰਥੱਲੀ ਮਚਾ ਦਿੱਤੀ। ਇਸ ਤੋਂ ਬਾਅਦ ਚਮਕੀਲੇ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਸ ਤੋਂ ਬਾਅਦ ਕੁਝ ਦੇਰ ਲਈ ਉਸ ਦੀ ਜੋੜੀ ਮਿਸ ਊਸ਼ਾ ਨਾਲ ਬਣੀ। ਪਰ ਜਿਸ ਗਾਇਕਾ ਨੇ ਚਮੀਕਲੇ ਨੂੰ ਅਮਰ ਕਰ ਦਿੱਤਾ, ਉਸ ਸੀ ਅਮਰਜੋਤ। ਉਹ ਦੋਵੇਂ ਮਰਦੇ ਦਮ ਤੱਕ ਇਕੱਠੇ ਰਹੇ। ਅਮਰਜੋਤ ਪਹਿਲਾਂ ਕੁਲਦੀਪ ਮਾਣਕ ਅਤੇ ਹੋਰ ਕਈ ਗਾਇਕਾਂ ਨਾਲ ਗਾ ਚੁੱਕੀ ਸੀ। ਦਿਨਾਂ ਵਿੱਚ ਹੀ ਚਮਕੀਲਾ ਆਪਣੀ ਮਰਦਾਨਾ ਖਰਜ਼ਦਾਰ ਅਤੇ ਅਮਰਜੋਤ ਟੱਲੀ ਵਾਂਗ ਟੁਣਕਦੀ ਹੋਈ ਅਵਾਜ਼ ਕਾਰਨ ਪੰਜਾਬ ਦੀ ਹੱਦਾਂ ਟੱਪ ਕੇ ਸਾਰੇ ਸੰਸਾਰ ਦੇ ਪੰਜਾਬੀਆਂ ਵਿੱਚ ਪ੍ਰਸਿੱਧ ਹੋ ਗਏ। ਕੁਲਦੀਪ ਮਾਣਕ, ਗੁਰਦਾਸ ਮਾਨ ਅਤੇ ਸੁਰਿੰਦਰ ਛਿੰਦੇ ਆਦਿ ਵਰਗੇ ਗਾਇਕ ਇੱਕ ਵਾਰ ਤਾਂ ਜਿਵੇਂ ਬੇਕਾਰ ਹੋ ਕੇ ਘਰ ਹੀ ਬੈਠ ਗਏ। ਜਿਸ ਸ਼ਹਿਰ ਵਿੱਚ ਚਮਕੀਲੇ ਦਾ ਅਖਾੜਾ ਲੱਗਣਾ ਹੁੰਦਾ ਸੀ, ਉਥੇ ਸਕੂਲ ਕਾਲਜ ਖਾਲੀ ਹੋ ਜਾਂਦੇ ਸਨ। ਸਾਰੀ ਮੁੰਡ•ੀਰ ਚਮਕੀਲਾ ਸੁਣਨ ਭੱਜ ਜਾਂਦੀ ਸੀ। ਜਿਸ ਵਿਆਹ ਵਿੱਚ ਚਮਕੀਲਾ ਲੱਗਦਾ ਸੀ, ਉਸ ਵਿਆਹ ਦੀਆਂ ਗੱਲਾਂ ਇਲਾਕੇ ਵਿੱਚ ਹੁੰਦੀਆਂ ਸਨ। ਬਾਰਡਰ ਦੇ ਨਜ਼ਦੀਕੀ ਪਿੰਡਾਂ ਵਿੱਚ ਲੱਗਣ ਵਾਲੇ ਅਖਾੜਿਆਂ ਵਿੱਚ ਸੈਂਕੜੇ ਪਾਕਿਸਤਾਨੀ ਸਮੱਗਲਰਾਂ ਉਸ ਨੂੰ ਸੁਣਨ ਲਈ ਆਉਂਦੇ ਸਨ। ਉਹ ਐਨਾ ਪੈਸਾ ਵਰ•ਾਉਂਦੇ ਕਿ ਚਮਕੀਲੇ ਨੂੰ ਸਟੇਜ ਤੋਂ ਐਲਾਨ ਕਰਨੇ ਪੈਂਦੇ ਸਨ ਕਿ ਸਿਰਫ ਡਾਲਰ ਜਾਂ ਭਾਰਤੀ ਕਰੰਸੀ ਦਿੱਤੀ ਜਾਵੇ, ਪਾਕਿਸਤਾਨੀ ਪੈਸਾ ਉਸ ਦੇ ਕੰਮ ਨਹੀਂ ਆਉਣਾ।
1980 ਖਤਮ ਹੁੰਦੇ ਹੁੰਦੇ ਚਮਕੀਲਾ ਅਮਰਜੋਤ ਦੀ ਗੁੱਡੀ ਧੁਰ ਅਸਮਾਨ ਚੜ• ਗਈ। ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਐਲ.ਪੀ. ਰਿਕਾਰਡ ਸਰੋਤਿਆਂ ਦੀ ਝੋਲੀ ਪਾਏ। ਸਾਰੇਗਾਮਾ ਅਤੇ ਐਚ.ਐਮ.ਵੀ. ਵਰਗੀਆਂ ਕੰਪਨੀਆਂ ਉਸ ਦੇ ਤਰਲੇ ਕੱਢਦੀਆਂ ਫਿਰਦੀਆਂ ਸਨ। ਉਹ ਇੱਕ ਦਿਨ ਵਿੱਚ ਕਈ ਕਈ ਅਖਾੜੇ ਲਗਾ ਰਿਹਾ ਸੀ। ਇੱਕ ਗਰੀਬ ਘਰ ਦਾ ਜੰਮਿਆਂ ਅਨਪੜ• ਵਿਅਕਤੀ, ਜਿਸ ਨੇ ਕਦੇ ਦਿੱਲੀ ਜਾਣ ਬਾਰੇ ਨਹੀਂ ਸੋਚਿਆ ਹੋਣਾ, ਆਪਣੀ ਕਲਾ ਦੇ ਸਿਰ 'ਤੇ ਅਮਰੀਕਾ, ਕੈਨੇਡਾ, ਦੁਬਈ ਅਤੇ ਬਹਿਰੀਨ ਦੇ ਟੂਰ ਲਗਾ ਆਇਆ। ਉਹ ਇੱਕ ਪ੍ਰੋਗਰਾਮ ਦਾ 5000 ਤੋਂ 6000 ਰੁ. ਤੱਕ ਵਸੂਲ ਕਰਦਾ ਸੀ ਜੋ ਉਸ ਸਮੇਂ ਇੱਕ ਬਹੁਤ ਵੱਡੀ ਰਕਮ ਮੰਨੀ ਜਾਂਦੀ ਸੀ। ਲੋਕ ਆਪਣੇ ਬੱਚਿਆਂ ਦੇ ਵਿਆਹਾਂ ਦੇ ਮਹੂਰਤ ਪੰਡਤਾਂ ਕੋਲੋਂ ਕਢਵਾਉਣ ਦੀ ਬਜਾਏ, ਚਮਕੀਲੇ ਤੋਂ ਟਾਈਮ ਮਿਲਣ ਦੇ ਹਿਸਾਬ ਨਾਲ ਰੱਖਦੇ ਸਨ। ਅੱਜ ਕਲ• ਦੇ ਸਾਜ਼ਾਂ ਦੇ ਜੋਰ ਨਾਲ ਗਾਉਣ ਵਾਲੇ ਗਾਇਕਾਂ ਦੇ ਉਲਟ ਉਹ ਹਿੱਕ ਦੇ ਜ਼ੋਰ ਨਾਲ ਗਾਉਂਦਾ ਸੀ। ਉਸ ਦੀ ਪਾਰਟੀ ਕੋਲ ਸਿਰਫ ਇੱਕ ਢੋਲਕੀ ਤੇ ਹਾਰਮੋਨੀਅਮ ਹੁੰਦਾ ਸੀ ਤੇ ਚਮਕੀਲਾ ਤੂੰਬੀ ਵਜਾਉਂਦਾ ਸੀ। ਤੂੰਬੀ ਯੁੱਗ ਵੀ ਉਸ ਦੇ ਨਾਲ ਹੀ ਖਤਮ ਹੋ ਗਿਆ ਹੈ। ਉਹ ਪੰਜਾਬ ਦੇ ਉਹਨਾਂ ਚੰਦ ਗਾਇਕਾਂ ਵਿੱਚ ਆਉਂਦਾ ਹੈ ਜੋ ਆਪਣੇ ਗੀਤ ਆਪ ਲਿਖਦੇ ਹਨ। ਦੂਸਰੇ ਗਾਇਕਾਂ ਤੋਂ ਉਲਟ ਉਹ ਰਿਕਾਰਡ ਕਰਾਉਣ ਤੋਂ ਪਹਿਲਾਂ ਗਾਣੇ ਅਖਾੜਿਆਂ ਵਿੱਚ ਬੋਲਦਾ ਸੀ। ਜੇ ਲੋਕ ਪਸੰਦ ਕਰਨ ਤਾਂ ਹੀ ਗੀਤ ਰਿਕਾਰਡ ਕਰਵਾਏ ਜਾਂਦੇ ਸਨ। ਉਸ ਨੇ ਜਿਆਦਾਤਰ ਕੰਮ ਸੰਗੀਤਕਾਰ ਚਰਨਜੀਤ ਅਹੂਜਾ ਨਾਲ ਕੀਤਾ ਪਰ ਕਈ ਗੀਤ ਐਸ.ਐਨ. ਗੁਲਾਟੀ (ਦਿਉਰਾ ਵੇ ਤਵੀਤਾਂ ਵਾਲਿਆ) ਅਤੇ ਕੇ.ਐਸ. ਨਰੂਲਾ (ਮੇਰਾ ਜੀਅ ਕਰਦਾ) ਨਾਲ ਵੀ ਕੀਤੇ।
ਉਹਨਾਂ ਦਿਨਾਂ ਵਿੱਚ ਹੀ ਪੰਜਾਬ ਵਿੱਚ ਮਾਰ ਧਾੜ ਸ਼ੁਰੂ ਹੋ ਗਈ। ਕੁਝ ਗਰੁਪਾਂ ਵੱਲੋਂ ਚਮਕੀਲੇ ਨੂੰ ਮਾਰ ਦੇਣ ਦੀਆਂ ਸ਼ਰੇਆਮ ਧਮਕੀਆਂ ਮਿਲਣ ਲੱਗ ਪਈਆਂ। ਇਸ 'ਤੇ ਕਾਫੀ ਦੇਰ ਚਮਕੀਲੇ ਦੇ ਅਖਾੜੇ ਬੰਦ ਰਹੇ। 1985 ਵਿੱਚ ਉਸ ਨੇ ਧਾਰਮਿਕ ਗਾਣਿਆਂ ਦੇ ਤਿੰਨ ਐਲ.ਪੀ. ਰਿਕਾਰਡ, ਬਾਬਾ ਤੇਰਾ ਨਨਕਾਣਾ, ਤਲਵਾਰ ਮੈਂ ਕਲਗੀਧਰ ਦੀ ਹਾਂ ਅਤੇ ਨਾਮ ਜਪ ਲੈ, ਸਰੋਤਿਆਂ ਦੀ ਝੋਲੀ ਪਾਏ। ਹਮੇਸ਼ਾਂ ਵਾਂਗ ਇਹਨਾਂ ਦੇ ਕੈਸਟਾਂ-ਤਵਿਆਂ ਦੀ ਵੀ ਰਿਕਾਰਡ ਤੋੜ ਵਿਕਰੀ ਹੋਈ। ਉਹ ਪਹਿਲਾ ਰੋਮਾਂਟਿਕ ਗਾਇਕ ਸੀ ਜਿਸ ਦੇ ਗਾਣੇ ਸਵੇਰੇ ਸ਼ਾਮ ਧਾਰਮਿਕ ਸਥਾਨਾਂ ਵਿੱਚ ਵਜਾਏ ਜਾਂਦੇ ਸਨ। ਉਸ ਦੇ ਗੀਤ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਤਲਵਾਰ ਮੈਂ ਕਲਗੀਧਰ ਦੀ ਹਾਂ ਅਤੇ ਕੰਧੇ ਸਰਹੰਦ ਦੀਏ ਨੀ ਹਤਿਆਰੀਏ, ਬੱਚੇ ਬੱਚੇ ਦੀ ਜ਼ਬਾਨ 'ਤੇ ਚੜ• ਗਏ। ਕੁਝ ਦੇਰ ਬਾਅਦ ਧਮਕੀਆਂ ਦੀ ਪ੍ਰਵਾਹ ਕੀਤੇ ਬਗੈਰ ਚਮਕੀਲੇ ਨੇ ਦੁਬਾਰਾ ਅਖਾੜੇ ਲਗਾਉਣੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਹਾਲਾਤ ਵੇਖ ਕੇ ਉਸ ਦੇ ਕਈ ਸ਼ੁਭਚਿੰਤਕਾਂ ਨੇ ਉਸ ਨੂੰ ਵਰਜਿਆ ਵੀ, ਪਰ ਐਨੇ ਮਹਾਨ ਕਲਾਕਾਰ ਲਈ ਵਿਹਲੇ ਬੈਠਣਾ ਬਹੁਤ ਮੁਸ਼ਕਲ ਹੁੰਦਾ ਹੈ। ਅਖੀਰ ਰੱਬ ਵੱਲੋਂ ਉਸ ਦਾ ਨਿਸ਼ਚਿਤ ਕੀਤਾ ਹੋਇਆ ਸਮਾਂ ਆ ਗਿਆ। ਹੋਣੀ ਉਸ ਨੂੰ ਘੇਰ ਕੇ ਜਿਲ•ਾ ਜਲੰਧਰ ਦੇ ਥਾਣੇ ਨੂਰਮਹਿਲ ਦੇ ਪਿੰਡ ਮਹਿਸਮਪੁਰ ਲੈ ਆਈ। ਉਥੇ ਉਸ ਦਾ ਅਖਾੜਾ ਲੱਗਿਆ ਹੋਇਆ ਸੀ ਕਿ 8 ਮਾਰਚ 1988 ਨੂੰ 2 ਵਜੇ ਦੁਪਹਿਰ, ਕੁਝ ਮੋਟਰ ਸਾਇਕਲ ਸਵਾਰ ਕਥਿੱਤ ਖਾੜਕੂਆਂ ਨੇ ਉਸ ਨੂੰ ਅਮਰਜੋਤ ਸਮੇਤ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਕਤਲ ਦਾ ਸ਼ੱਕ ਗੁਰਦੀਪ ਸਿੰਘ ਹੇਰਾਂ ਗੈਂਗ 'ਤੇ ਕੀਤਾ ਜਾਂਦਾ ਹੈ। ਉਸ ਦੇ ਕਤਲ ਬਾਰੇ ਕਈ ਅਫਵਾਹਾਂ ਚੱਲਦੀਆਂ ਰਹਿੰਦੀਆਂ ਹਨ। ਕੋਈ ਕਹਿੰਦਾ ਹੈ ਕਿ ਉਸ ਨੂੰ ਖਾੜਕੂਆਂ ਨੇ ਮਾਰਿਆ ਤੇ ਕੋਈ ਕਹਿੰਦਾ ਹੈ ਕਿ ਉਸ ਕਾਰਨ ਬੇਕਾਰ ਬੈਠੇ ਕਲਾਕਾਰਾਂ ਨੇ ਹੀ ਮਰਵਾ ਦਿੱਤਾ।
ਉਸ ਦੇ ਕਈ ਗਾਣੇ ਪੰਜਾਬੀ ਫਿਲਮਾਂ ਲਈ ਫਿਲਮਾਏ ਗਏ। ਉਸ ਨੇ ਦੂਰਦਰਸ਼ਨ ਲਈ ਵੀ ਇੱਕ ਮਿਊਜ਼ਿਕ ਵੀਡੀਉ ਤਿਆਰ ਕੀਤੀ ਸੀ। 1988 ਵਿੱਚ ਅਮਰਜੋਤ ਚਮਕੀਲੇ ਨੇ ਰਿਕਾਰਡ ਤੋੜ 90 ਗਾਣੇ ਰਿਕਾਰਡ ਕਰਵਾਏ ਸਨ। ਉਸ ਦੀ ਮੌਤ ਵੇਲੇ ਉਸ ਦੇ 200 ਗਾਣੇ ਬਗੈਰ ਗਾਏ ਜਾਂ ਰਿਕਾਰਡ ਕੀਤੇ ਰਹਿ ਗਏ। ਉਸ ਦੇ ਮਰਨ ਤੋਂ ਬਾਅਦ ਉਸ ਦੇ ਕਈ ਗਾਣੇ ਚਮਕ ਚਮਕੀਲਾ, ਨਿਰਮਲ ਸਿੱਧੂ, ਅਮਰ ਅਰਸ਼ੀ, ਗਿੱਪੀ ਗਰੇਵਾਲ (ਮੇਰੇ ਯਾਰ ਨੇ ਗਲੀ ਦੇ ਵਿੱਚੋਂ ਲੰਘਣਾ) ਅਤੇ ਜੈਜੀ ਬੈਂਸ (ਛੱਡ ਦੇ ਵੈਰਨੇ ਯਾਰੀ) ਸਮੇਤ ਕਈ ਕਲਾਕਾਰਾਂ ਨੇ ਗਾਏ ਹਨ। ਅਨੇਕਾਂ ਗਾਇਕ ਅਤੇ ਸੰਗੀਤਕਾਰ ਉਸ ਦੇ ਗਾਣਿਆ ਦੇ ਬੋਲ ਅਤੇ ਧੁੰਨਾਂ ਚੋਰੀ ਕਰ ਕੇ ਅਤੇ ਰੀਮਿਕਸ ਕਰ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ। ਚਮਕੀਲਾ ਭਾਵੇਂ ਅੱਜ ਸਾਡੇ ਵਿੱਚ ਨਹੀਂ ਹੈ, ਪਰ ਉਹ ਮਰ ਕੇ ਵੀ ਆਪਣੇ ਨਾਮ ਨੂੰ ਸਾਰਥਕ ਕਰ ਗਿਆ ਹੈ। ਉਹ ਅੱਜ ਵੀ ਅਮਰ ਹੈ ਤੇ ਧਰੂ ਤਾਰੇ ਵਾਂਗ ਚਮਕੀਲਾ ਹੈ। ਅੱਜ ਵੀ ਨਵੇਂ ਪੁਰਾਣੇ ਗਾਇਕਾਂ ਵਿੱਚ ਉਸ ਦੀਆਂ ਸੀਡੀਆਂ ਸਭ ਤੋਂ ਵੱਧ ਵਿਕ ਰਹੀਆਂ ਹਨ ਤੇ ਉਸ ਦਾ ਸੰਗੀਤ ਸਭ ਤੋਂ ਵੱਧ ਡਾਊਨਲੋਡ ਹੋ ਰਿਹਾ ਹੈ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.