ਮੁੱਖ ਮੰਤਰੀ ਪੰਜਾਬ ਨੇ 6 ਮਾਰਚ ਵਾਲੇ ਦਿਨ ਹੈਲੀਕਾਪਟਰ ਵਿੱਚੋਂ ਸਰਕਾਰੀ ਰੇਤੇ ਦੀ ਦਿਨ ਦਿਹਾੜੇ ਚੋਰੀ ਹੁੰਦੀ ਵੇਖ ਕੇ ਪੁਲਿਸ ਨੂੰ ਐਕਸ਼ਨ ਲੈਣ ਦੀ ਹਦਾਇਤ ਕੀਤੀ। ਨਵਾਂ ਸ਼ਹਿਰ ਜ਼ਿਲ੍ਹੇ 'ਚ ਪਿੰਡ ਮਲਕਪੁਰ ਦੀ ਜੂਹ 'ਚ ਪੈਂਦੇ ਸਤਲੁਜ ਦਰਿਆ 'ਚੋ ਰੇਤਾ ਚੋਰੀ ਕਰਦੀਆਂ ਮਸ਼ੀਨਾਂ ਤੇ ਟਰੱਕਾਂ ਨੂੰ ਪੁਲਿਸ ਨੇ ਜਬਤ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਹਦਾਇਤ ਤੇ ਹੀ ਪੁਲਿਸ ਫੌਰਨ ਹਰਕਤ ਵਿੱਚ ਆ ਗਈ। ਮੁੱਖ ਮੰਤਰੀ ਰੇਤੇ ਦੀ ਚੋਰੀ ਰੋਕਣ ਲਈ ਕਿੰਨਾ ਕੁ ਗੰਭੀਰ ਹਨ ਇਹ ਦੇਖਣ ਲਈ ਬੀਤੇ ਸਮੇਂ ਦੇ ਟਾਈਮ ਲਾਈਨ ਤੇ ਝਾਤੀ ਮਾਰੇ ਤੇ ਇਹਦਾ ਜਵਾਬ ਕਾਫ਼ੀ ਹੱਦ ਤੱਕ ਮਿਲ ਜਾਂਦਾ ਹੈ।
ਮੁੱਖ ਮੰਤਰੀ ਦੀ ਕੱਲ੍ਹ ਯਾਨੀ 6 ਮਾਰਚ ਤੋਂ ਸਿਰਫ 5 ਦਿਨ ਪਹਿਲਾਂ 28 ਫਰਵਰੀ ਨੂੰ ਇੱਕ ਸਖ਼ਤ ਹਦਾਇਤ ਦਿੰਦਿਆ ਤਾੜਨਾ ਕੀਤੀ ਸੀ ਕਿ ਜੇਹੜੇ ਜ਼ਿਲ੍ਹੇ 'ਚ ਰੇਤਾ ਚੋਰੀ (ਨਜ਼ਾਇਜ ਮਾਈਨਿੰਗ) ਹੋਈ ਉਸ ਜ਼ਿਲ੍ਹੇ ਦਾ ਐਸ.ਐਸ.ਪੀ ਸਿੱਧੇ 'ਤੌਰ ਤੇ ਜ਼ੁੰਮੇਵਾਰ ਮੰਨਿਆ ਜਾਊਗਾ। ਸੋ 28 ਫਰਵਰੀ ਦੇ ਹੁਕਮਾ ਮੁਤਾਬਿਕ ਕਾਰਵਾਈ ਮੁੱਤਲਕਾ ਐਸ.ਐਸ.ਪੀ ਤੇ ਹੋਣੀ ਚਾਹੀਦੀ ਸੀ। ਪਰ ਐਸ.ਐਸ.ਪੀਜ ਤੇ ਕੋਈ ਕਾਰਵਾਈ ਨਹੀਂ ਹੋਈ । ਇਸ ਗੱਲ ਤੋਂ ਇਹ ਸਮਝਿਆ ਜਾ ਸਕਦਾ ਹੈ ਕੇ ਇਹਤੋਂ ਪਹਿਲਾਂ ਅਸਲ ਵਿੱਚ ਰੇਤੇ ਦੀ ਚੋਰੀ ਨੂੰ ਰੋਕਣ ਲਈ ਐਸ.ਐਸ.ਪੀਜ਼ ਨੂੰ ਜੁਮੇਵਾਰ ਕਰਾਰ ਦੇਣ ਵਾਲਾ ਕੋਈ ਹੁਕਮ ਜਾਰੀ ਹੀ ਨਹੀਂ ਹੋਇਆ। ਨਹੀਂ ਤਾਂ ਮੁੱਖ ਮੰਤਰੀ ਨੂੰ ਹੁਕਮ ਅਦੂਲੀ ਦਾ ਗੁੱਸਾ ਚੜਨਾ ਲਾਜ਼ਮੀ ਸੀ। ਸਰਕਾਰ ਬਿਆਨ ਮੁਤਾਬਿਕ ਕੈਪਟਨ ਸਾਹਿਬ ਚੰਡੀਗੜ੍ਹ ਤੋਂ ਕਰਤਾਰਪੁਰ ਨੂੰ ਹੈਲੀਕਾਪਟਰ ਤੇ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਸਤਲੁਜ ਦਰਿਆ ਵਿੱਚੋਂ ਰੇਤੇ ਦੀ ਚੋਰੀ ਨਜ਼ਰੀ ਪਈ ਤਾਂ ਉਨਾਂ ਨੇ ਫੌਰਨ ਪੁਲਿਸ ਨੂੰ ਐਕਸ਼ਨ ਲੈਣ ਦੀ ਹਦਾਇਤ ਕੀਤੀ। ਪਰ ਇੱਥੇ ਇਹ ਗੱਲ ਕਾਬਿਲੇ ਗੌਰ ਹੈ ਕਿ ਕੈਪਟਨ ਸਰਕਾਰ ਦੇ ਪਿਛਲੇ ਇੱਕ ਸਾਲ ਦੇ ਰਾਜ ਦੌਰਾਨ ਰੇਤਾ ਚੋਰੀ ਹੋਣ ਦੀਆਂ ਖ਼ਬਰਾ ਫੋਟੋਆਂ ਸਣੇ ਛਪਦੀਆਂ ਰਹੀਆਂ ਹਨ। ਜੇ ਕੈਪਟਨ ਸਾਹਿਬ ਨੂੰ ਅਖ਼ਬਾਰੀ ਖਬਰਾਂ ਤੇ ਯਕੀਨ ਨਹੀ ਆਇਆ ਤਾਂ ਉਨ੍ਹਾਂ ਨੇ ਇਨ੍ਹਾਂ ਖਬਰਾਂ ਦੀ ਸਚਾਈ ਜਾਨਣ ਦੀ ਕੋਈ ਕੋਸ਼ਿਸ਼ ਕੀਤੀ ? ਰੇਤ ਮਾਫੀਆ ਨੇ ਬਹੁਤੀ ਥਾਈਂ ਮਾਈਨਿੰਗ ਅਫ਼ਸਰ ਅਤੇ ਪੱਤਰਕਾਰ ਵੀ ਕੁੱਟੇ। ਨਾਲੇ ਕੀ ਸਰਕਾਰ ਦਾ ਖੁਫੀਆ ਤੰਤਰ ਏਨੇ ਜੋਗਾ ਵੀ ਨੀ ਕਿ ਉਹ ਮੁੱਖ ਮੰਤਰੀ ਨੂੰ ਦੱਸ ਸਕੇ ਕਿ ਰੇਤ ਮਾਫੀਆ ਓਮੇ ਜਿਮੇ ਦਨਦਨਾਂ ਰਿਹਾ ਹੈ ਜਿਮੇ ਬਾਦਲ ਸਰਕਾਰ ਮੌਕੇ ਸੀ। ਨਾਲੇ ਰੇਤੇ ਦੀ ਚੋਰੀ ਨੂੰ ਆਪਦੀਆ ਅੱਖਾਂ ਨਾਲ ਦੇਖਣ ਲਈ ਹੈਲੀਕਾਪਟਰ ਦੀ ਵੀ ਲੋੜ ਨਹੀਂ ਹੈ ਲੁਧਿਆਣੇ ਪੀ.ਏ.ਯੂ ਕੈਂਪਸ ਵਿੱਚ ਪੰਜਾਬ ਸਰਕਾਰ ਦਾ ਇੱਕ ਅਦਾਰਾ ਰਿਮੋਟ ਸੈਂਸਿੰਗ ਏਜੰਸੀ ਹੈ ਇਹ ਏਜੰਸੀ ਸੈਟੇਲਾਈਟ ਰਹੀਂ ਸਾਰੇ ਪੰਜਾਬ ਦੇ ਨਿਗਾਹ ਰੱਖਦੀ ਹੈ, ਜੋ ਕੁੱਝ ਹੈਲੀਕਾਪਟਰ ਵਿੱਚੋਂ ਦੇਖਿਆ ਜਾ ਸਕਦਾ ਹੈ ਉਹ ਮੁੱਖ ਮੰਤਰੀ ਆਪਦੇ ਦਫਤਰ ਵਿੱਚੋਂ ਵੀ ਏਸ ਏਜੰਸੀ ਰਾਹੀਂ ਦੇਖ ਸਕਦੇ ਨੇ। ਏਸ ਸਭ ਕਾਸੇ ਦੇ ਮੱਦੇ ਨਜ਼ਰ ਇਹ ਗੱਲ ਮਾੜੀ ਮੋਟੀ ਸੂਝ ਰੱਖਣ ਵਾਲਾ ਹਰੇਕ ਬੰਦਾ ਸਮਝ ਸਕਦਾ ਹੈ ਕਿ ਇਹ ਗੱਲ ਨਹੀਂ ਕਿ ਮੁੱਖ ਮੰਤਰੀ ਨੂੰ ਰੇਤ ਚੋਰੀ ਦਾ ਕੱਲ੍ਹ ਹੀ ਪਤਾ ਲੱਗਿਆ। ਚਲੋ ਜੇ ਮੰਨ ਵੀ ਲਿਆ ਜਾਵੇ ਤਾਂ ਕਿ ਮੁੱਖ ਮੰਤਰੀ ਆਪਦੇ ਅੱਖੀਂ ਦੇਖਣ ਤੋਂ ਰੇਤੇ ਦੀ ਚੋਰੀ ਪਤਾ ਲੱਗੀ ਤਾਂ ਫੇਰ 28 ਫਰਵਰੀ ਦੇ ਹੁਕਮਾਂ ਦੀ ਅਦੂਲੀ ਕਰਨ ਵਾਲਿਆਂ ਤੇ ਕਾਰਵਾਈ ਹੁੰਦੀ ਤੇ ਉਹ ਵੱਡੀਆਂ ਹਸਤੀਆਂ ਦੇ ਚੇਹਰੇ ਵੀ ਨੰਗੇ ਹੁੰਦੇ ਜੀਹਨਾਂ ਨੇ ਬੀਤੇ ਇੱਕ ਸਾਲ 'ਚ ਸੈਂਕੜੇ ਕਰੋੜਾਂ ਦਾ ਸਰਕਾਰੀ ਰੇਤਾ ਚੋਰੀ ਕੀਤਾ ਹੈ। ਚੋਰੀ ਮੌਕੇ ਤੇ ਫੜੀ ਗਈ, ਚੋਰਾਂ ਦਾ ਸਮਾਨ ਮੌਕੇ ਤੇ ਜਬਤ ਕੀਤਾ ਗਿਆ ਪਰ ਚੋਰ ਅਤੇ ਚੌਕੀਦਾਰ ਤੇ ਕਿਸੇ ਕਾਰਵਾਈ ਦਾ ਸਰਕਾਰੀ ਬਿਆਨ ਵਿੱਚ ਕੋਈ ਜਿਕਰ ਨਹੀਂ ਹੈ। ਸਿਆਣੇ ਕਹਿੰਦੇ ਆਏ ਹਨ ਕਿ ਚੋਰੀ ਰਾਖੀ ਨਾਲ ਨਹੀਂ ਬਲਕਿ ਭੈਅ ਨਾਲ ਰੁਕਦੀ ਹੈ। ਮੁੱਖ ਮੰਤਰੀ ਦੇ ਕੱਲ੍ਹ ਵਾਲੇ ਐਕਸ਼ਨ ਤੋਂ ਭੈਅ ਵਾਲੀ ਕੋਈ ਝਲਕ ਦਿਖਾਈ ਨਹੀਂ ਦਿੰਦੀ।
-
ਗੁਰਪ੍ਰੀਤ ਸਿੰਘ ਮੰਡਿਆਣੀ,
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.