ਬੇਸ਼ਕ ਹਰ ਵਿਅਕਤੀ ਨੂੰ ਜੀਵਨ ਭਰ ਵਿਭਿੰਨ ਪ੍ਰਕਾਰ ਦੇ ਇਮਤਿਹਾਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ,ਫਿਰ ਵੀ ਸਾਰੇ ਸਾਲ ਦੀ ਮਿਹਨਤ ਤੋਂ ਬਾਦ ਆਉਣ ਵਾਲੀਆਂ ਸਲਾਨਾ ਪ੍ਰੀਖਿਆਵਾਂ ਦਾ ਸਹਿਮ ਅਲੱਗ ਹੀ ਭਾਂਤ ਦਾ ਹੁੰਦਾ ਹੈ।ਇਸ ਸਮੇਂ ਦੌਰਾਨ ਹਰ ਵਿਦਿਆਰਥੀ ਕਈ ਪ੍ਰਕਾਰ ਦੇ ਉਤਰਾਵਾਂ-ਚੜਾਵਾਂ ਵਿੱਚੋਂ ਗੁਜ਼ਰਦਾ ਹੈ।ਘੱਟ ਮਿਹਨਤ ਵਾਲਿਆਂ ਨੂੰ ਫ਼ੇਲ੍ਹ ਹੋਣ ਦਾ ਡਰ ਅਤੇ ਮਿਹਨਤੀਆਂ ਨੂੰ ਆਪਣੀ ਪ੍ਰਤੀਸ਼ਤ ਜਾਂ ਦਰਜ਼ਾ ਘਟਣ ਦਾ ਭੈਅ ਸਤਾਉਣ ਲੱਗਦਾ ਹੈ।ਸ਼ਾਇਦ ਇਸੇ ਡਰ ਕਰਕੇ ਇਹ ਕਿਹਾ ਜਾਂਦਾ ਹੈ ਕਿ…. ਜਾ ਖ਼ੁਦਾ ਮੈਨੂੰ ਕਿਸੇ ਇਮਤਿਹਾਨ ਵਿੱਚ ਨਾ ਪਾਵੀਂ……।
ਪ੍ਰੀਖਿਆਵਾਂ ਬਿਹਤਰ ਭਵਿੱਖ ਦੀ ਬੁਨਿਆਦ ਹੁੰਦੀਆਂ ਹਨ, ਜਿਸਦੇ ਆਧਾਰ ਤੇ ਵਿਦਿਆਰਥੀ ਨੂੰ ਚੰਗੇ ਕੋਰਸਾਂ ਅਤੇ ਚੰਗੀਆਂ ਸੰਸਥਾਵਾਂ ਵਿੱਚ ਦਾਖ਼ਲਾ ਮਿਲਣਾ ਹੁੰਦਾ ਹੈ। ਸਾਇਦ ਪ੍ਰੀਖਿਆ ਤੋਂ ਬਿਨਾਂ ਸਾਡੇ ਕੋਲ ਆਪਣੀਆਂ ਸਫ਼ਲਤਾਵਾਂ ਨਾਪਣ ਦਾ ਠੀਕ ਪੈਮਾਨਾ ਵੀ ਨਹੀਂ ਹੈ ।ਪ੍ਰੀਖਿਆ ਕਿਸੇ ਮੰਜ਼ਿਲ 'ਤੇ ਪਹੁੰਚਣ ਵਾਲੇ ਲਈ ਪੰਧ ਨਾਪਣ ਵਾਲੇ ਮੀਲ ਪੱਥਰ ਵਾਂਗ ਹੁੰਦੀ ਹੈ,ਜਿਸਤੋਂ ਉਸਦੇ ਸਫ਼ਰ ਵਿੱਚ ਆਏ ਪੜਾਵਾਂ ਬਾਰੇ ਪਤਾ ਲੱਗਦਾ ਹੈ।ਭਾਵ ਪ੍ਰੀਖਿਆ ਹੀ ਸਫ਼ਲਤਾ ਦੀ ਕਸਵੱਟੀ ਹੈ।
ਪ੍ਰੀਖਿਆ ਚਾਹੇ ਕੋਈ ਵੀ ਹੋਵੇ ਤਣਾਉ ਉਪਜਾਉਂਦੀ ਹੈ,ਜੋ ਕੁਛ ਹੱਦ ਤੱਕ ਜ਼ਰੂਰੀ ਵੀ ਹੈ ਪਰ ਇਸਦਾ ਉਹਨਾਂ ਦੇ ਨਤੀਜੇ 'ਤੇ ਅਸਰ ਨਾ ਹੋਵੇ ਇਸ ਲਈ ਕੁੱਝ ਸਾਵਧਾਨੀਆਂ ਜਰੂਰੀ ਹਨ।ਅਜਿਹਾ ਹੋਣਾ ਅਸੰਭਵ ਨਹੀਂ ਹੈ,ਬਸ ਲੋੜ ਹੈ ਕੁੱਝ ਸਾਰਥਕ ਕਦਮ ਉਠਾਉਣ ਦੀ…ਆਉ ਝਾਤ ਮਾਰੀਏ।
ਸਭਤੋਂ ਪਹਿਲਾ ਮੂਲਮੰਤ੍ਰ ਹੈ ਸਖ਼ਤ ਮਿਹਨਤ,ਸਭ ਜਾਣਦੇ ਹਨ ਕਿ ਮਿਹਨਤ ਸਫ਼ਲਤਾ ਦੀ ਕੁੰਜੀ ਹੈ।ਸੋ ਜਰੂਰੀ ਹੈ ਕਿ ਸਾਲ ਦੇ ਆਰੰਭ ਤੋਂ ਹੀ ਸਖ਼ਤ ਮਿਹਨਤ ਦਾ ਪੱਲਾ ਫੜ੍ਹਿਆ ਜਾਵੇ।ਜੇਕਰ ਕਿਸੇ ਵਜਾ੍ਹ ਕਰਕੇ ਅਜਿਹਾ ਨਹੀਂ ਵੀ ਹੋਇਆ ਤਾਂ ਇਮਤਿਹਾਨਾਂ ਤੋਂ ੨-੩ ਮਹੀਨੇ ਪਹਿਲਾਂ ਸੁਚੇਤ ਹੋਣ ਨਾਲ ਵੀ ਤਣਾਉ ਦਾ ਮਸਲਾ ਕੁੱਝ ਹੱਦ ਤੱਕ ਸੁਲਝ ਸਕਦਾ ਹੈ।ਪ੍ਰੀਖਿਆ ਸਮੇਂ ਇੱਕ ਨਿਸ਼ਚਤ ਸਮਾਂਸਾਰਨੀ ਅਪਣਾਉਣਾ,ਪ੍ਰਸ਼ਨਾਂ ਨੂੰ ਪੁਆਇੰਟ ਬਣਾ ਕੇ ਯਾਦ ਕਰਨਾ,ਅਤੇ ਯਾਦ ਕੀਤੇ ਨੂੰ ਵਿੱਤਮੂਜਬ ਲਿਖ ਕੇ ਦੇਖ ਲੈਣਾਯਾਦਾਸ਼ਤ ਨੂੰ ਪੱਕਿਆਂ ਕਰਦਾ ਹੈ।ਜਿੱਥੇ ਤਾਜ਼ਾ ਤੇ ਹਲਕੀ ਖ਼ੁਰਾਕ ਸੁਸਤੀ ਤੋਂ ਬਚਾਉਂਦੀ ਹੈ ,ਉੱਥੇ ਰੋਜ਼ਾਨਾ ਕਸਰਤ ਅਤੇ ਥੋੜ੍ਹਾ ਜਿਹਾ ਪ੍ਰਾਣਾਯਾਮ ਪੜ੍ਹਾਈ ਵਿੱਚ ਮਨ ਲੱਗਣ ਲਈ ਮਦਦਗਾਰ ਬਣਦੇ ਹਨ।ਆਤਮ-ਵਿਸ਼ਵਾਸ ਨਾਲ ਮਨ ਨੂੰ ਪਾਜ਼ੇਟਿਵ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।
ਮਾਪੇ ਇਸ ਕਾਰਜ ਵਿੱਚ ਅਹਿਮ ਧਿਰ ਹਨ।ਉਹਨਾਂ ਨੂੰ ਆਪਣੀਆਂ ਇੱਛਾਵਾਂ ਨੂੰ ਬੱਚੇ ਉੱਪਰ ਭਾਰੂ ਨਹੀਂ ਹੋਣ ਦੇਣਾ ਚਾਹੀਦਾ।ਉਹ ਰੋਜ਼ਾਨਾ ਆਪਣਾ ਕੁੱਝ ਸਮਾਂ ਬੱਚੇ ਨਾਲ ਬਿਤਾਉਣ ।ਸਾਮ ਦੀ ਚਾਹ ਸਮੇਂ ਹਲਕੀ ਫੁਲਕੀ ਗੱਲਬਾਤ ਤਣਾਉ ਨੂੰ ਘੱਟ ਕਰ ਸਕਦੀ ਹੈ।ਬੱਚੇ ਨੂੰ ਅਸਫ਼ਲ ਹੋਣ 'ਤੇ ਵੀ ਪਰਿਵਾਰ ਵੱਲੋਂ ਪਿਆਰ ਅਤੇ ਹਮਦਰਦੀ ਭਰਿਆ ਵਾਤਾਵਰਣ ਮਿਲਣ ਦਾ ਵਿਸ਼ਵਾਸ ਦਿਵਾਇਆ ਜਾਵੇ,ਕਿaੁਂਕਿ ਕੋਈ ਵੀ ਪ੍ਰੀਖਿਆ ਬੱਚੇ ਲਈ ਆਖ਼ਰੀ ਨਹੀਂ ਹੁੰਦੀ।
ਤਣਾਉ ਮੁਕਤੀ ਲਈ ਸਭਤੋਂ ਰਾਮਬਾਣ ਦਵਾਈ ਅਧਿਆਪਕ ਹੈ।ਅਧਿਆਪਕ ਨੂੰ ਚਾਹੀਦਾ ਹੈ ਕਿ ਬੱਚੇ ਦੀਆਂ ਵਿਸ਼ੇ ਸੰਬੰਧੀ ਕਮਜੋਰੀਆਂ ਤੋਂ ਉਸਨੂੰ ਜਾਣੂ ਕਰਵਾਏ।ਕੁੱਝ ਮਹੱਤਵਪੂਰਣ ਚੀਜਾਂ ਦੀ ਦੁਹਰਾਈ ਬੱਚੇ ਦਾ ਆਤਮ ਬਲ ਵਧਾaਂਦੀ ਹੈ।ਹਿੰਮਤ ਦੀ ਸਿੱਖਿਆ ਦਿੰਦੀ ਹੋਈ ਉਤਸ਼ਾਹਵਰਧਕ ਪ੍ਰੇਰਣਾ,ਡੋਲਦੇ ਹੋਏ ਵਿਦਿਆਰਥੀ ਦੀ ਬੇੜੀ ਬੰਨੇ ਲਾ ਸਕਣ ਦੀ ਸਮਰੱਥਾ ਰੱਖਦੀ ਹੈ।ਵਿਦਿਆਰਥੀ ਦੀ ਮਦਦ ਲਈ ਹਰ ਸਮੇਂ ਤਿਆਰ ਰਹੇ ਅਧਿਆਪਕ।
ਅੰਤ ਵਿੱਚ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬੱਚੇ ਦੀ ਪ੍ਰਤਿਭਾ ਨੂੰ ਕੇਵਲ ਅੰਕਾਂ ਨਾਲ ਹੀ ਨਹੀਂ ਮਾਪਿਆ ਜਾ ਸਕਦਾ,ਫਿਰ ਵੀ ਪ੍ਰੀਖਿਆ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਮਾਪਿਆਂ ਅਤੇ ਅਧਿਆਪਕਾਂ ਨੂੰ ਹਰ ਹਾਲਤ ਵਿੱਚ ਵਿਦਿਆਰਥੀ ਦੇ ਆਲੇ ਦੁਆਲੇ ਨੂੰ ਸਾਕਾਰਾਤਮਕ ਰੰਗ ਦੇਣ ਦਾ ਯਤਨ ਕਰਨਾ ਚਾਹੀਦਾ ਹੈ।ਅਜਿਹਾ ਸਾਥ ਮਿਲਣ ਤੇ ਵਿਦਿਆਰਥੀ ਸਹਿਜੇ ਹੀ ਪ੍ਰੀਖਿਆ ਦੇ ਭੈਅ ਤੋਂ ਮੁਕਤ ਹੋ ਕੇ ਸਫ਼ਲਤਾ ਦੀ ਪੌੜੀ ਚੜ੍ਹ ਜਾਵੇਗਾ।
-
ਹਰਭਜਨ ਸਿੰਘ, ਲੈਕਚਰਾਰ
barnal67@gmail.com
9915193366
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.