ਖ਼ਬਰ ਹੈ ਕਿ ਪ੍ਰਧਾਨ ਮੰਤਰੀ ਦੀ ਇੱਕ ਯੋਜਨਾ ਤਹਿਤ ਸ਼ੋਲਾਪੁਰ ਜ਼ਿਲੇ 'ਚ 23000 ਲੈਟਰੀਨਾਂ ਬਣਾਈਆਂ ਜਾਣੀਆਂ ਸਨ। ਇਸ ਕੰਮ ਲਈ ਦੋ ਕਰੋੜ ਦੀ ਰਕਮ ਸਰਕਾਰ ਨੇ ਦਿੱਤੀ। ਰਿਪੋਰਟ ਆਈ ਕਿ ਲੈਟਰੀਨਾਂ ਬਣਾ ਦਿੱਤੀਆਂ ਗਈਆਂ ਹਨ। ਪਰ ਬਾਅਦ ਵਿੱਚ ਰਿਪੋਰਟ ਆਈ ਸੀ ਕਿ ਲੈਟਰੀਨਾਂ ਸਿਰਫ 8000 ਹੀ ਬਣੀਆਂ ਹਨ, ਬਾਕੀ ਸਭ ਕਾਗਜ਼ਾਂ ਪੱਤਰਾਂ ਵਿੱਚ ਹੀ ਬਣਾ ਦਿੱਤੀਆਂ ਗਈਆਂ ਤੇ ਗੰਦ ਖਤਮ ਕਰਨ ਲਈ ਦਿੱਤੇ ਪੈਸੇ ਕਲਰਕਾਂ, ਗ੍ਰਾਮ ਸੇਵਕਾਂ, ਸਰਪੰਚਾਂ ਅਤੇ ਅਧਿਕਾਰੀਆਂ ਨੇ ਹੀ ਹਜ਼ਮ ਕਰ ਲਏ।
ਸਭ ਨੂੰ ਪਤਾ ਆ ਕਿ ਦੁਨੀਆਂ ਨੂੰ ਚਲਾਉਣ, ਚੱਟਣ, ਚਬਾਉਣ ਵਾਲੀਆਂ ਚਾਰ ਸ਼ਕਤੀਆਂ ਹਨ, ਨੇਤਾ, ਪੂੰਜੀਪਤੀ, ਧਰਮ ਗੁਰੂ ਅਤੇ ਅਫਸਰਸ਼ਾਹੀ। ਆਹ ਵੇਖੋ ਨਾ ਇੱਕ ਨਵੀਂ ਸ਼ਕਤੀ ਆ ਗਈ "ਬਾਬੂ ਜੀ", ਜਿਹੜਾ ਸਿਊਂਕ ਵਾਂਗਰ ਚੀਜਾਂ ਖਾਂਦਾ ਆ। ਰੇਤਾ ਬਜਰੀ ਲੋਹਾ ਚੱਬਣ, ਚਬਾਉਣ ਦੇ ਨੁਸਖੇ ਸ਼ਕਤੀਆਂ ਨੂੰ ਵੰਡਦਾ ਆ ਅਤੇ ਆਪਣਾ ਹਿੱਸਾ-ਪੱਤੀ ਚੁੱਪ-ਚੁਪੀਤੇ ਰੱਖ ਦਿਨਾਂ- ਮਹੀਨਿਆਂ 'ਚ ਪੰਜਵੀਂ ਸ਼ਕਤੀ ਬਣ ਜਾਂਦਾ ਆ। ਤੇ ਫਿਰ ਬਣ ਜਾਂਦਾ ਆ ਛੋਟੀ ਸਰਕਾਰ। ਜਿਹਦੇ ਬਿਨ੍ਹਾ ਫਿਰ ਚਾਰ ਸ਼ਕਤੀਆਂ ਥੰਮੀਆਂ ਹੀ ਜਾਂਦੀਆਂ ਆ।
ਇਹੋ ਸ਼ਕਤੀ ਫਿਰ ਆਖਦੀ ਆ, ਤੇਜ ਧੁੱਪ ਆ, ਵੱਡੀ ਸਰਕਾਰ ਅਰਾਮ ਕਰ ਲਉ। ਇਹ ਸ਼ਕਤੀ ਫਿਰ ਆਖਦੀ ਹੈ, ਬਾਰਸ਼ ਪੈ ਰਹੀ ਹੈ ਵੱਡੀ ਸਰਕਾਰ ਅਰਾਮ ਕਰ ਲਉ। ਇਹੀ ਸਰਕਾਰ ਫਿਰ ਚਾਰੇ ਸ਼ਕਤੀਆਂ ਦੇ ਰਿਸ਼ਵਤ ਦੇ ਰੇਟ ਤਹਿ ਕਰਦੀ ਆ ਤੇ ਲੋਕ ਬਿਨ੍ਹਾਂ ਬੋਲੇ, ਬਿਨ੍ਹਾਂ ਕੁਸਕੇ, ਬਿਨ੍ਹਾਂ ਤੋਲੇ, ਹਿੱਸਾ ਅਦਾ ਕਰਦੇ ਆ। ਚੰਗਾ ਹੋਵੇ ਜਾਂ ਮੰਦਾ। ਗਲਤ ਹੋਵੇ ਜਾਂ ਸਹੀ। ਕੰਮ ਦਾ ਭਾਅ ਤਹਿ ਕਰਦੇ ਆ ਅਤੇ ਸੁਖ ਚੈਨ ਨਾਲ ਸਤੁੰਸ਼ਟ ਹੋ ਅਲਾਪਦੇ ਆ," ਚੰਗੀ ਲੱਗਦੀ ਉਹੋ ਸਰਕਾਰ ਹੈ ਜੀ, ਬੰਨ੍ਹ ਦੇਵੇ ਜਿਹੜੀ ਰਿਸ਼ਵਤ ਦੇ ਰੇਟ ਮੀਆਂ"।
ਵਾੜ ਖਾਂਦੀ ਰਹੀ ਖੇਤ ਨੂੰ ਖੇਤ ਵੀ ਚੁੱਪ ਰਿਹਾ
ਖ਼ਬਰ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ 11400 ਕਰੋੜ ਰੁਪਏ ਦੇ ਪੀ ਐਨ ਬੀ ਮਹਾਂਧੋਖੇ ਲਈ ਆਪਣੀ ਖਿੱਝ ਰੈਗੂਲੇਟਰਾਂ ਅਤੇ ਆਡੀਟਰਾਂ 'ਤੇ ਕੱਢੀ ਅਤੇ ਕਿਹਾ ਕਿ ਇਹਨਾ ਦੀ ਨਾਕਾਫੀ ਨਿਗਰਾਨੀ ਅਤੇ ਢਿੱਲਾ ਬੈਂਕ ਪ੍ਰਬੰਧਨ ਮਹਾਂਧੋਖੇ ਲਈ ਜ਼ਿੰਮੇਵਾਰ ਹੈ। ਜੇਤਲੀ ਨੇ ਇਹ ਵੀ ਕਿਹਾ ਕਿ ਉਦਮੀ ਵਰਗ 'ਚ ਨੈਤਿਕਤਾ ਦੀ ਕਮੀ ਹੈ। ਉਹਨਾ ਕਿਹਾ ਕਿ ਜਦੋਂ ਘਪਲਾ ਹੋ ਰਿਹਾ ਸੀ ਤਾਂ ਕਿਸੇ ਵਲੋਂ ਵੀ ਕਿਤੇ ਵੀ ਕੋਈ ਇਤਰਾਜ ਨਾ ਜਤਾਉਣਾ ਚਿੰਤਾਜਨਕ ਹੈ। ਬਦਕਿਸਮਤੀ ਵਾਲੀ ਗੱਲ ਹੈ ਕਿ ਦੇਸ਼ 'ਚ ਨੇਤਾ ਤਾਂ ਜਵਾਬਦੇਹ ਹੈ, ਰੈਗੂਲੇਟਰ ਨਹੀਂ।
ਜਿਵੇਂ ਦੀ ਸਰਕਾਰ, ਉਵੇਂ ਦੀ ਬੀਮਾਰੀ, ਤੀਮਾਰਦਾਰੀ ਅਤੇ ਦੁਨੀਆਦਾਰੀ। ਦਰਦ, ਮਰੀਜ਼, ਆਹਾਂ, ਮਸੀਹਾ, ਇਲਾਜ, ਬਿਸਤਰ ਅਤੇ ਕਮਜ਼ੋਰੀ ਦਾ ਨਾਮ ਹੈ ਇਹਨਾ ਦਿਨਾਂ 'ਚ ਸਰਕਾਰ! ਸਰਕਾਰ ਬੀਮਾਰ ਤਾਂ ਬਾਬੂਸ਼ਾਹੀ, ਦੀ ਜਵਾਬਦੇਹੀ ਘੱਟ ਹੀ ਜਾਂਦੀ ਆ ਤੇ ਜਦੋਂ ਜਵਾਬਦੇਹੀ ਹੀ ਕੋਈ ਨਹੀਂ ਤਾਂ ਫਿਰ ਨਿਗਰਾਨੀ ਕਾਹਦੀ? ਫਿਰ ਤਾਂ ਮਿਹਰਬਾਨੀ ਭਾਵ ਤੀਮਾਰਦਾਰੀ ਦਾ ਯੁੱਗ ਸ਼ੁਰੂ!
ਵੇਖੋ ਨਾ ਜੇਤਲੀ ਜੀ ਦੀ ਸਰਕਾਰ ਬੀਮਾਰ ਆ। ਬੀਮਾਰ ਬੰਦੇ ਨੂੰ ਜੇ ਹਰੇਕ ਪਾਸਿਓ ਹਾਰਾਂ ਦੀ, ਧੋਖਿਆਂ ਦੀ, ਘਪਲਿਆਂ ਦੀ, ਰਿਸ਼ਵਤਾਂ ਦੀਆਂ ਖਬਰਾਂ ਆਉਣ ਤਾਂ ਸਰਕਾਰ ਨੂੰ ਖਿੱਝ ਤਾਂ ਆਉਣੀ ਹੀ ਹੋਈ! ਜਦੋਂ ਖਿੱਝ ਆਊ ਜੇਤਲੀ ਨੂੰ, ਤਾਂ ਮੋਦੀ ਜਾਂ ਸ਼ਾਹ ਉਤੇ ਥੋੜਾ ਆਊ? ਉਹਨੂੰ ਆਪਣੇ ਅਫਸਰਾਂ, ਬਾਬੂਆਂ ਤੇ ਖਿੱਝ ਆਊ, ਜਿਹੜੇ ਲੱਤ ਤੇ ਲੱਤ ਧਰਕੇ ਬੈਠੇ ਰਹਿੰਦੇ ਆ, ਮਾਲ ਛਕੀ ਜਾਂਦੇ ਆ, ਅੱਖਾਂ ਮੀਟਕੇ "ਘੁੱਗੀ" ਮਾਰੀ ਜਾਂਦੇ ਆ। ਇਹੋ ਤੀਮਾਰਦਾਰੀ ਦਾ ਤਰੀਕਾ ਖਾਓ, ਮੌਜ ਉਡਾਓ ਤੇ ਕੁਝ ਨਾ ਸੁਣੋ, ਹੇਠਲਿਆਂ ਨੇ ਉਪਰਲਿਆਂ ਤੋਂ ਸਿੱਖਿਆ ਆ, ਜੇਤਲੀ ਜੀ, ਇਸ ਕਹਾਵਤ ਨੂੰ ਸੱਚ ਕਰਨ ਲਈ "ਵਾੜ ਖਾਂਦੀ ਰਹੀ ਖੇਤ ਨੂੰ, ਖੇਤ ਵੀ ਚੁੱਪ ਰਿਹਾ"।
ਪਾਣੀ ਖੇਤ ਨੂੰ ਜੀਹਦੇ ਵਜੋਂ ਲੱਗਣਾ ਨਹੀਂ, ਐਸੇ ਬਾਲਣ ਨੂੰ ਬਾਲਣ ਦਾ ਕੀ ਫਾਇਦਾ?
ਖ਼ਬਰ ਹੈ ਕਿ ਕਾਂਗਰਸ ਵਲੋਂ ਹਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਪੁਗਾਉਣ ਲਈ ਸਥਾਨਕ ਰਿਆਤ ਬਾਹੜਾ ਕੈਂਪਸ ਦੇ ਵਿਹੜੇ ਵਿਚ ਸਰਕਾਰ ਵਲੋਂ ਦੂਜੇ ਪੜਾਅ ਦਾ ਸੂਬਾ ਪੱਧਰੀ ਰੁਜ਼ਗਾਰ ਮੇਲਾ ਲਗਾਇਆ ਗਿਆ, ਜਿਸ ਵਿੱਚ 35 ਵੱਡੀਆਂ ਕੰਪਨੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ, ਜਿਹਨਾ ਵਿਚੋਂ 30 ਕੰਪਨੀਆਂ ਪੁੱਜੀਆਂ, ਜਿਹਨਾ 400 ਨੌਜਵਾਨਾਂ ਦੀ ਇੰਟਰਵੀਊ ਲਈ ਅਤੇ ਨੌਜਵਾਨਾਂ ਕੋਲੋ ਬਾਇਓਡਾਟਾ ਪ੍ਰਾਪਤ ਕੀਤੇ ਤੇ ਕਿਹਾ ਕਿ ਜਲਦੀ ਹੀ ਪਲੇਸਮੈਂਟ ਹੋਣ ਪ੍ਰਤੀ ਉਹਨਾ ਨੂੰ ਸੂਚਿਤ ਕੀਤਾ ਜਾਏਗਾ।
ਫਰਜ਼ ਕਰੋ ਕਿਸੇ ਨੂੰ ਖੁਸ਼ ਕਰਨਾ ਹੈ ਤਾਂ ਬਹਾਨਾ ਲੱਭੋ। ਫਰਜ਼ ਕਰੋ ਕੋਈ ਢੌਂਗ ਰਚਾਉਣਾ ਹੈ ਤਾਂ ਬਹਾਨਾ ਲੱਭੋ। ਫਰਜ਼ ਕਰੋ ਝੂਠ ਨੂੰ ਸੱਚ ਬਣਾਉਣਾ ਹੈ ਤਾਂ ਬਹਾਨਾ ਲੱਭੋ। ਫਰਜ਼ ਕਰੋ, ਨਿਕੰਮਾ ਮਾਲ ਉਚੇ ਭਾਅ ਵੇਚਣਾ ਹੈ ਤਾਂ ਬਹਾਨਾ ਲੱਭੋ!
ਇਹ ਬਹਾਨਾ ਹੀ ਤਾਂ ਹੈ ਜਿਹੜਾ ਸਿਆਸੀ ਲੋਕਾਂ ਦਾ ਗਹਿਣਾ ਹੈ! ਇਹ ਸਿਆਸੀ ਗਹਿਣਾ ਉਦੋਂ ਚਮਕਦਾ ਹੈ, ਜਦੋਂ ਚੋਣਾਂ ਆਉਂਦੀਆਂ ਨੇ। ਫਿਰ ਫਰਜ਼ ਕਰੋ ਸ਼ੁਰੂ ਹੁੰਦਾ ਹੈ ਤੇ ਜ਼ਰਬਾਂ ਲਾਕੇ ਰਕਮਾਂ ਲੱਖਾਂ ਬਣਦੀਆਂ ਹਨ। ਫਿਰ ਨੌਕਰੀਆਂ ਨੂੰ ਜ਼ਰਬਾਂ ਲੱਗਦੀਆਂ ਹਨ! ਜਦੋਂ ਚੋਣਾਂ ਮੁਕਦੀਆਂ ਹਨ ਤਾਂ ਵੱਡੀਆਂ ਰਕਮਾਂ ਨੂੰ ਸਿਫਰ ਨਾਲ ਗੁਣਾ ਦਾ ਮੌਸਮ ਸ਼ੁਰੂ ਹੁੰਦਾ ਹੈ।
ਭਾਰਤ ਦੇ ਮੋਦੀ ਨੇ ਹੱਥ ਤੇ ਸਰੋਂ ਜਮਾਈ ਤੇ ਗਰੀਬਾਂ ਦੇ ਖਾਤਿਆਂ 'ਚ ਪੰਦਰਾਂ ਪੰਦਰਾਂ ਲੱਖ ਪਾਏ, ਜਿਹੜੇ ਚੋਣਾਂ ਬਾਅਦ ਜ਼ੀਰੋ ਨਾਲ ਗੁਣਾ ਕਰਕੇ ਜ਼ੀਰੋ ਬਣ ਗਏ। ਪੰਜਾਬ ਦੇ ਕੈਪਟਨ ਨੇ ਲੱਖਾਂ ਨੌਕਰੀਆਂ ਚੋਣਾਂ 'ਚ ਸਿਰਜੀਆਂ ਹੁਣ ਜ਼ੀਰੋ ਨਾਲ ਗੁਣਾ ਕਰਕੇ ਜ਼ੀਰੋ ਬਣ ਗਈਆਂ। ਬਸ ਇੱਕ ਨੇਤਾ ਦੇ ਪੁੱਤਰ ਲਈ ਨੌਕਰੀ ਪਤਾ ਨਹੀਂ ਕਿਥੋਂ ਬਚ ਗਈ? ਪਤਾ ਨਹੀਂ ਇਹ ਫਰਜ਼ ਕਰੋ ਵਾਲੇ ਨੇਤਾ, ਨੌਜਵਾਨਾਂ ਅਤੇ ਆਮ ਲੋਕਾਂ ਲਈ ਸੁਫਨੇ ਕਿਉਂ ਸਿਰਜਦੇ ਹਨ, ਕਿਉਂ ਨਹੀਂ ਉਹਨਾ ਨੂੰ ਸੱਚ ਦਾ ਸਾਹਮਣਾ ਕਰਨ ਦਿੰਦੇ ਤੇ ਸਮਝਣ ਦਿੰਦੇ,"ਪਾਣੀ ਖੇਤ ਨੂੰ ਜੀਹਦੇ 'ਚੋਂ ਲੱਗਣਾ ਨਹੀਂ, ਐਸੇ ਬਾਲਣ ਨੂੰ ਬਾਲਣ ਦਾ ਕੀ ਫਾਇਦਾ"?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
· ਜਦ ਕਿ ਭ੍ਰਿਸ਼ਟਾਚਾਰ ਮੁਕਤੀ 'ਚ ਨਿਊਜੀਲੈਂਡ ਦਾ ਪਹਿਲਾ ਨੰਬਰ ਹੈ ਜਦ ਕਿ ਭਾਰਤ ਦਾ ਨੰਬਰ 40 ਵਾਂ ਹੈ। ਏਸ਼ੀਆ ਵਿੱਚ ਭਾਰਤ ਭ੍ਰਿਸ਼ਟਾਚਾਰੀ ਦੇਸ਼ ਵਜੋਂ ਪਹਿਲੇ ਸਥਾਨ ਤੇ ਗਿਣਿਆ ਗਿਆ ਹੈ।
ਇਕ ਵਿਚਾਰ
ਆਰਥਿਕ ਅਤੇ ਸਿਆਸੀ ਤਾਕਤ ਲਈ ਸਿੱਖਿਆ ਮਹੱਤਵਪੂਰਨ ਹੈ...............ਬਾਰਬਰਾ ਜਾਰਡਨ
-
ਗੁਰਮੀਤ ਪਲਾਹੀ, Journalist
ਗੁਰਮੀਤ ਪਲਾਹੀ ,
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.