ਤਿੰਨ ਵੇਰ ਕੈਨੇਡਾ ਦੀ ਪਾਰਲੀਮੈਂਟ ਵਿੱਚ ਮੈਂਬਰ ਪਾਰਲੀਮੈਂਟ ਵਜੋਂ ਪੁੱਜਾ ਸੁੱਖ ਧਾਲੀਵਾਲ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਿਲੋਂ ਹਮਾਇਤੀ ਹੈ, ਬਿਲਕੁਲ ਉਵੇਂ ਹੀ ਜਿਵੇਂ ਸੁੱਖ ਧਾਲੀਵਾਲ ਨੂੰ ਕੈਨੇਡਾ ਪਾਰਲੀਮੈਂਟ ਪਹੁੰਚਾਣ ਵਾਲੇ ਪੰਜਾਬੀ ਭਾਈਚਾਰੇ ਦੇ ਲੋਕ ਉਸਦੇ ਦਿਲੋਂ ਹਿਮਾਇਤੀ ਹਨ। ਸੁੱਖ ਧਾਲੀਵਾਲ ਦੇ ਟਰੂਡੋ ਹਿਮਾਇਤੀ ਹੋਣ ਦਾ ਕਾਰਨ ਸਿਰਫ ਸਖਸ਼ੀ ਤੌਰ ਤੇ ਟਰੂਡੋ ਦੀ ਸਖਸ਼ੀਅਤ ਦਾ ਕਾਇਲ ਹੋਣਾ ਨਹੀਂ, ਸਗੋਂ ਪ੍ਰਵਾਸੀਆਂ ਲਈ ਟਰੂਡੋ ਸਰਕਾਰ ਖਾਸ ਕਰਕੇ ਜਸਟਿਨ ਟਰੂਡੋ ਅਤੇ ਉਸਦੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਕੈਨੇਡਾ ਪਰੇਰੇ ਟਰੂਡੋ ਦੀਆਂ ਉਹ ਨੀਤੀਆਂ ਹਨ, ਜਿਹਨਾਂ ਕਾਰਨ ਪ੍ਰਵਾਸੀਆਂ ਨੂੰ ਪ੍ਰਵਾਸ ਦੌਰਾਨ ਸੁਖ ਦਾ ਸਾਹ ਆਇਆ, ਕਈ ਬਰਾਬਰੀ ਦੇ ਅਧਿਕਾਰ ਮਿਲੇ ਅਤੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਵਪਾਰ, ਸਿਆਸਤ, ਕੰਮਕਾਰ 'ਚ ਪਲਰਣ ਦਾ ਪੂਰਾ ਮੌਕਾ ਮਿਲਿਆ। ਬਰੋਬਰ ਦੇ ਅਧਿਕਾਰ ਮਿਲਣ ਦਾ ਹੀ ਸਿੱਟਾ ਹੈ ਕਿ ਪ੍ਰਵਾਸੀਆਂ ਵਿਚੋਂ ਪ੍ਰਵਾਸੀ ਪੰਜਾਬੀਆਂ ਨੇ ਸਿੱਖਿਆ, ਵਪਾਰ, ਉਦਯੋਗ, ਖੇਤੀ, ਖੇਤਰ 'ਚ ਤਾਂ ਨਾਮਣਾ ਖੱਟਿਆ ਹੀ ਹੈ, ਟੈਕਨੋਕਰੇਟ, ਡਾਕਟਰ, ਯੂਨੀਵਰਸਿਟੀ ਪ੍ਰੋਫੈਸਰ, ਆਰਟਿਸਟ, ਲੇਖਕ ਬਣ ਕੇ ਕੈਨੇਡੀਅਨ ਸਮਾਜ ਵਿੱਚ ਹੀ ਨਹੀਂ, ਅੰਤਰਰਾਸ਼ਟਰੀ ਪੱਧਰ ਉਤੇ ਆਪਣੀ ਥਾਂ ਬਣਾਈ ਹੈ। ਸਾਲ 1906 'ਚ ਜਿਹੜੇ ਸਿੱਖ 1500 ਦੀ ਗਿਣਤੀ 'ਚ ਕੈਨੇਡਾ 'ਚ ਕੰਮ ਕਾਰ ਕਰਦੇ ਵੇਖੇ ਗਏ ਸਨ, ਉਹਨਾ ਪੰਜਾਬੀਆਂ ਦੀ ਗਿਣਤੀ ਹੁਣ ਪੰਜ ਛੇ ਲੱਖ ਪੁੱਜ ਚੁੱਕੀ ਹੈ ਅਤੇ ਅਗੋਂ ਉਹ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਕੈਨੇਡਾ ਜਿਹੀ ਉਸ ਧਰਤੀ 'ਤੇ ਲਿਆਉਣ ਲਈ ਤਤਪਰ ਦਿੱਸਦੇ ਹਨ ਜਿਹੜੀ ਮਨੁੱਖੀ ਅਧਿਕਾਰਾਂ ਅਤੇ ਧਰਮ ਨਿਰਪੱਖ ਲੋਕਾਂ ਦੀ ਧਰਤੀ ਵਜੋਂ ਵਿਸ਼ਵ ਭਰ 'ਚ ਜਾਣੀ ਜਾਂਦੀ ਹੈ। ਕੈਨੇਡਾ ਦਾ ਉਹ ਭਾਈਚਾਰਾ ਜਿਹੜਾ ਭਰੋਸੇ (ਫੇਥ), ਫੈਮਿਲੀ(ਪ੍ਰੀਵਾਰ), ਕਮਿਊਨਿਟੀ(ਭਾਈਚਾਰੇ) ਦੇ ਤਿੰਨ ਥੰਮਾਂ ਦੇ ਉਦੇਸ਼ ਨਾਲ ਖੜਾ ਹੈ ਪਿਛਲੀ ਇੱਕ ਸਦੀ ਤੋਂ ਬਹੁ-ਕੌਮੀ ਸਭਿਆਚਾਰ, ਵੱਖੋ-ਵੱਖਰੀਆਂ ਬੋਲੀਆਂ, ਧਰਮਾਂ ਨੂੰ ਆਪਣੇ ਆਪ ਵਿੱਚ ਸਮੋਈ ਬੈਠਾ ਹੈ।
ਸੁੱਖ ਧਾਲੀਵਾਲ ਜਿਹੜਾ ਇਧਰਲੇ ਉਧਰਲੇ ਪੰਜਾਬ ਅਤੇ ਕੈਨੇਡਾ 'ਚ ਬੈਠੇ ਪੰਜਾਬੀਆਂ ਦੀ ਇਕੋ ਵੇਲੇ ਇਕੋ ਜਿਹੀ ਤਰਜ਼ਮਾਨੀ ਕਰਨ ਵਾਲਾ ਸਖਸ਼ ਹੈ, ਜਿਥੇ ਕੈਨੇਡਾ ਬੈਠੇ ਪੰਜਾਬੀ ਭਾਈਚਾਰੇ ਦੇ ਹੱਕਾਂ ਲਈ ਇੱਕ ਸੁਚੇਤ ਚੌਕੀਦਾਰ ਵਜੋਂ ਕੰਮ ਕਰਦਾ ਹੈ, ਉਥੇ ਇਧਰਲੇ ਪੰਜਾਬ ਦੇ ਲੋਕਾਂ ਨਾਲ ਕੈਨੇਡਾ ਸਰਕਾਰ ਦੇ ਵਪਾਰ, ਸਿੱਖਿਆ, ਸਿਹਤ ਸਹੂਲਤਾਂ, ਵਾਤਾਵਰਨ ਮੁੱਦਿਆਂ ਦੀ ਸਾਂਝ ਦਾ ਮੁਦੱਈ ਹੈ। ਉਹ ਦਾ ਮੰਨਣਾ ਹੈ ਕਿ ਜਿੰਨੇ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਕੈਨੇਡਾ ਪੁੱਜਣਗੇ, ਉਥੇ ਦੇ ਪੱਕੇ ਵਸਨੀਕ ਬਣਨਗੇ ਉਤਨਾ ਹੀ ਕੈਨੇਡਾ ਆਰਥਿਕ, ਸਭਿਆਚਾਰਕ ਪੱਖੋਂ ਅਮੀਰ ਹੋਏਗਾ ਅਤੇ ਇਸਦਾ ਪ੍ਰਭਾਵ ਇਧਰਲੇ ਪੰਜਾਬ ਦੀ ਆਰਥਿਕਤਾ ਉਤੇ ਵੀ ਪਵੇਗਾ। ਸੁੱਖ ਧਾਲੀਵਾਲ ਇਸ ਗੱਲ ਦਾ ਮੁਦੱਈ ਹੈ ਕਿ ਵਿਦੇਸ਼ ਬੈਠੇ ਪੰਜਾਬੀਆਂ ਨੂੰ ਆਪਣੀ ਔਲਾਦ ਨੂੰ ਪੰਜਾਬ ਨਾਲ ਜੋੜਨਾ ਅਤਿ ਜ਼ਰੂਰੀ ਹੈ, ਤਾਂ ਕਿ ਉਹ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਨਾਲ ਜੁੜਨ ਅਤੇ ਆਪਣੇ ਵਿਰਸੇ ਨਾਲ ਉਹਨਾ ਦੀ ਸਾਂਝ ਬਣੀ ਰਹੇ। ਜਸਟਿਨ ਟਰੂਡੋ ਦੇ ਹਰਿਮੰਦਰ ਸਾਹਿਬ ਦੇ ਦੌਰੇ ਨੂੰ ਉਹ ਇਤਹਾਸਿਕ ਗਿਣਦਾ ਹੈ ਅਤੇ ਕੈਨੇਡੀਅਨ ਭਾਈਚਾਰੇ ਦੀ ਸਿੱਖ ਕੌਮ ਪ੍ਰਤੀ ਸਤਿਕਾਰ ਨੂੰ ਦਰਸਾਉਣ ਦਾ ਵੱਡਾ ਕਾਰਜ਼ ਮੰਨਦਾ ਹੈ।
17 ਸਤੰਬਰ 1960 ਨੂੰ ਪੰਜਾਬ 'ਚ ਜਨਮਿਆ, 1984 'ਚ ਕੈਨੇਡਾ ਪੁੱਜਾ ਸੁੱਖ ਧਾਲੀਵਾਲ ਪੰਜਾਬੀਆਂ ਦੀ ਬਹੁਤੀ ਆਬਾਦੀ ਵਾਲੇ ਬ੍ਰਿਟਿਸ਼ ਕਲੰਬੀਆ ਦੇ ਸ਼ਹਿਰ ਸਰੀ 'ਚ ਵਸਦਾ ਹੈ ਅਤੇ ਕਿੱਤੇ ਵਜੋਂ ਕਾਰੋਬਾਰੀ ਹੈ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨਾਲ ਜੁੜਿਆ ਸੁਖ ਧਾਲੀਵਾਲ 2019 ਦੀਆਂ ਪਾਰਲੀਮਾਨੀ ਚੋਣਾਂ ਲਈ ਮੁੜ ਉਸੇ ਤਰ੍ਹਾਂ ਤਿਆਰ ਦਿਸਦਾ ਹੈ, ਜਿਸ ਤਰ੍ਹਾਂ ਜਸਟਿਨ ਟਰੂਡੋ, ਜਿਹੜਾ ਕਿ ਕੈਨੇਡਾ 'ਚ ਵਸਦੇ ਬਹੁ-ਗਿਣਤੀ ਸਿੱਖ ਭਾਈਚਾਰੇ ਦੀ ਹਮਾਇਤ ਲੈਣ ਲਈ ਸਿੱਖਾਂ ਦੇ ਵਿਸ਼ਵ ਦੇ ਸਰਵੋਤਮ ਧਰਮ ਸਥਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ 'ਚ ਦਰਸ਼ਨਾ ਲਈ 21 ਫਰਵਰੀ ਨੂੰ ਭਾਰਤ ਫੇਰੀ ਦੌਰਾਨ ਆਪਣੀ ਅਕੀਦਤ ਦੇ ਫੁੱਲ ਭੇਂਟ ਕਰਨ ਲਈ ਪੁੱਜ ਰਿਹਾ ਹੈ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.