ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅੰਮ੍ਰਿਤਸਰ ਫੇਰੀ ਜਿੱਥੇ ਸਿੱਖਾਂ ਅਤੇ ਪ੍ਰਧਾਨ ਮੰਤਰੀ ਟਰੂਡੋ ਲਈ ਬੇਹੱਦ ਭਾਵਪੂਰਤ ਮੰਨੀ ਜਾ ਰਹੀ ਹੈ ਓਥੇ ਹੀ ਇਹ ਫੇਰੀ ਬਹੁਤ ਸਾਰੇ ਅਜਿਹੇ ਸਵਾਲ ਵੀ ਛੱਡ ਗਈ ਹੈ ਜਿਨ੍ਹਾਂ ਦਾ ਸਮੁੱਚਤਾ ਵਿੱਚ ਵਿਸ਼ਲੇਸਨ ਕਰਨਾ ਜ਼ਰੂਰੀ ਹੈ।ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਦਾ ਮੁਸਲਮਾਨਾ ਪ੍ਰਤੀ ਰਵੱਈਆ ਤਾਂ ਚਾਰ ਸਾਲ ਦੀਆਂ ਸਰਕਾਰ ਦੀਆਂ ਨੀਤੀਆਂ ਤੋਂ ਸਾਫ਼ ਹੀ ਹੋ ਚੁੱਕਾ ਹੈ, ਪ੍ਰੰਤੂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਣਾਏ ਗਏ ਅਲਗਰਜ਼ ਰਵੱਈਏ ਭਾਰਤ ਵਿੱਚ ਸਿੱਖਾਂ ਜੇਹੀ ਮਹੱਤਵਪੂਰਨ ਘੱਟ ਗਿਣਤੀ ਲਈ ਵੀ ਨਵੇਂ ਤੇ ਸਪੱਸ਼ਟ ਸੰਕੇਤ ਛੱਡੇ ਹਨ।ਪਹਿਲਾ ਸੰਕੇਤ ਇਹ ਹੈ ਕਿ ਸਿੱਖ ਭਾਈਚਾਰਾ ਭਾਵੇਂ ਟਰੂਡੋ ਦੀ ਦਰਬਾਰ ਸਾਹਿਬ ਯਾਤਰਾ ਨੂੰ ਲੈ ਕੇ, ਖੁਸ਼ ਤੇ ਬਾਗੋ-ਬਾਗ ਹੈ, ਐਪਰ ਭਾਰਤ ਸਰਕਾਰ ਇਸ ਵਿਸ਼ੇਸ਼ ਮਹਿਮਾਨ ਦੀ ਭਾਰਤ ਯਾਤਰਾ ਨੂੰ ਤੁੱਛ ਤੇ ਮਹੱਤਵਹੀਣ ਸਮਝਦੀ ਹੈ। ਸ਼ਾਇਦ ਇਸੇ ਕਾਰਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ, ਸਥਾਪਿਤ ਸ਼ਿਸਟਾਚਾਰ ਤੋਂ ਹੱਟ ਕੇ, ਸਰਕਾਰ ਦੀ ਬੇਰੁਖੀ ਦਾ ਜ਼ਾਹਰਾ ਪ੍ਰਭਾਵ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਮੈਂ ਮਹਿਸੂਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੀ, ਤਫ਼ਸੀਲੀ ਵਿਉਂਤਬੰਦੀ ਤੇ ਸਮਾਂ-ਸਾਰਨੀ ਤਹਿ ਕਰਨ ਵੇਲੇ, ਬਾਹਮੀ ਸਫ਼ਾਰਤੀ ਮਸ਼ਕਾ ਵਿੱਚ ਵੱਡੀਆਂ ਊਣਤਾਈਆਂ ਰਹਿ ਗਈਆਂ ਸਨ, ਜਿਸ ਲਈ ਕਿਸੇ ਹੱਦ ਤੱਕ ਕੈਨੇਡਾ ਦੇ ਸਫ਼ਾਰਤਖਾਨੇ ਅਤੇ ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੇ ਅਨਿਸ਼ਚਿਤ ਵਿਵਹਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ।ਭਾਰਤ ਸਰਕਾਰ ਦੀ ਮਨਸ਼ਾ ਤਾਂ ਆਪਣੇ ਮਹਿਮਾਨ (ਜਸਟਿਨ ਟਰੂਡੋ) ਨੂੰ ਜਾਣਬੁੱਝ ਕੇ ਜਿੱਚ ਕਰਨ ਦੀ ਪਹਿਲਾਂ ਤੋਂ ਹੀ ਬਣੀ ਹੀ ਹੋਈ ਸੀ, ਪਰ ਇਸ ਤੁਰਸ਼ ਰਵੱਈਏ ਤੋਂ ਕੈਨੇਡਾ ਸਰਕਾਰ ਅਤੇ ਕੈਨੇਡੀਅਨ ਦੂਤਾਵਾਸ ਦੇ ਉੱਚ ਅਧਿਕਾਰੀਆਂ ਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਸੀ। ਉਨ੍ਹਾਂ ਨੂੰ ਮੁੱਢਲੇ ਤੌਰ ਤੇ ਇਸ ਗੱਲ ਲਈ ਜ਼ੋਰ ਦੇਣਾ ਚਾਹੀਦਾ ਸੀ ਕਿ ਕੌਂਮਾਂਤਰੀ ਮਰਿਆਦਾ ਅਨੁਸਾਰ ਸਭ ਤੋਂ ਪਹਿਲਾਂ ਸ਼ਿਸਟਾਚਾਰਕ ਮਿਲਣੀ ਅਤੇ ਰਾਸ਼ਟਰਪਤੀ ਭਵਨ ਵਿੱਚ ਪ੍ਰਵੇਸ਼ ਸਮਾਰੋਹ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਪਰ ਅਫ਼ਸੋਸ ਇਹ ਸਭ ਕੁੱਝ ਮਹਿਮਾਨ ਦੇ ਵਾਪਿਸ ਪਰਤਣ ਸਮੇਂ ਹੋਇਆ ਹੈ।
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਤਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਨੂੰ ਲੈ ਕੇ ਵੀ, ਅੜਿੱਕੇ ਡਾਹੁਣ ਵਿੱਚ ਕੋਈ ਕਸਰ ਨਹੀਂ ਛੱਡੀ ।ਜਸਟਿਨ ਟਰੂਡੋ ਦੇ ਇਸ ਅਸਰੀਰੀ ਸਫ਼ਰ ਦੇ ਰੁਹਾਨੀ ਪ੍ਰਭਾਵ ਨੂੰ ਵਿਗਾੜਨ ਲਈ ਅੰਦਰਖਾਤੇ ਬੜਾ ਕੁੱਝ ਹੋਇਆ ਤਾਂ ਕਿ ਇਸ ਯਾਤਰਾ ਦਾ ਸਮੁੱਚਾ ਪ੍ਰਭਾਵ ਘਟਾਇਆ ਜਾ ਸਕੇ, ਪਰ ਭਾਰਤ ਸਰਕਾਰ ਦੀ ਕੂਟਨੀਤਕ ਕਮੀਨਗੀ, ਦਰਬਾਰ ਸਾਹਿਬ ਦੇ ਪੁਰਨੂਰ ਮਹੌਲ ਨੂੰ ਜਾਣਬੁੱਝ ਕੇ ਬੇਨੂਰ ਕਰਨ ਵਿੱਚ ਸਫ਼ਲ ਨਹੀਂ ਹੋ ਸਕੀ। ਦਰਬਾਰ ਸਾਹਿਬ ਦੇ ਅੰਦਰ ਅਤੇ ਬਾਹਰ ਸਿਰਜੀ ਪ੍ਰਬੰਧ ਵਿਵਸਥਾ ਵਿੱਚ ਜਸਟਿਨ ਟਰੂਡੋ ਤੇ ਉਸਦੇ ਪਰਿਵਾਰ ਪ੍ਰਤੀ ਅੰਤਾਂ ਦਾ ਸਨੇਹ, ਸ਼ਰਧਾ ਅਤੇ ਸਨਮਾਨ ਝਲਕ ਰਿਹਾ ਸੀ।
ਇਸ ਵਿੱਚ ਵੀ ਕੋਈ ਸੰਦੇਹ ਨਹੀਂ ਕਿ ਭਾਰਤ ਸਰਕਾਰ ਵੱਲੋਂ ਦਿਖਾਏ ਗਏ ਤਿਰਸਕਾਰਪੂਰਨ ਰਵੱਈਏ ਦੇ ਬਾਵਜੂਦ , ਸਿੱਖ ਸੰਗਤਾਂ ਵੱਲੋਂ ਦਿਖਾਏ ਗਏ ਪਿਆਰ ਅਤੇ ਉਤਸ਼ਾਹ ਵਿੱਚ ਕੋਈ ਕਮੀ ਨਹੀ ਸੀ।ਅਸਲ ਵਿੱਚ ਸਮੁੱਚੀ ਸਿੱਖ ਕੌਮ ਹੀ ਭਾਵਨਾਤਮਕ ਤੌਰ ਤੇ ਜਸਟਿਨ ਟਰੂਡੋ ਅਤੇ ਉਸਦੇ ਪਰਿਵਾਰ ਨੂੰ ਆਪਣਾ ਸਤਿਕਾਰਤ ਅਤਿੱਥੀ ਸਮਝਦੀ ਸੀ। ਅਜਿਹੇ ਜਜ਼ਬਾਤੀ ਅਹਿਸਾਸ ਦਾ ਇੱਕ ਕਾਰਨ ਇਹ ਵੀ ਸੀ ਕਿ ਜਿਸਤਰ੍ਹਾਂ ਦੀ ਇੱਕਜੁੱਟਤਾ ਤੇ ਵਿਸ਼ਵਾਸ਼ ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਉਪਰੰਤ, ਕੈਨੇਡਾ ਵਿੱਚ ਵਸਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਪ੍ਰਤੀ ਦਿਖਾਇਆ ਹੈ, ਉਹ ਆਪਣੀ ਮਿਸਾਲ ਆਪ ਹੈ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਯੋਗ ਆਦਰ-ਸਨਮਾਨ ਕਰਨਾ, ਸਮੁੱਚੀ ਸਿੱਖ ਕੌਮ ਵੱਲੋਂ ਆਭਾਰ ਤੇ ਕ੍ਰਿਤੱਗਤਾ ਦੇ ਪ੍ਰਗਟਾਵੇ ਵੱਜੋਂ ਬੇਹੱਦ ਮੁਨਾਸਬ ਸੀ।ਦਰਬਾਰ ਸਾਹਿਬ ਅੰਦਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਯਾਤਰਾ ਲਈ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਤੇ ਅਨੁਸਾਸ਼ਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਹੀ ਵੱਡੀ ਮੁਬਾਰਕ ਦੀ ਮੁਸਤਹੱਕ ਹੈ। ਇਸ ਯਾਤਰਾ ਸਮੇਂ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਦੇ ਚਿਹਰਿਆਂ ਦੇ ਹਾਵਭਾਵ, ਰੁਹਾਨੀ ਤ੍ਰਿਪਤੀ ਦੇ ਇਜ਼ਹਾਰ ਵੱਜੋਂ ਸਾਫ਼ ਨਜ਼ਰ ਆ ਰਹੇ ਸਨ।ਸਾਰੀ ਯਾਤਰਾ ਵਿੱਚ ਇੱਕ ਬਹੁਮੁੱਲਾ ਸੁੱਚਾ ਅਦਬ ਤੇ ਸੰਤੋਖ ਝਲਕ ਰਿਹਾ ਸੀ।ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵਿੱਚ ਸੰਜਮ ਵੀ ਸਰਾਹਨਾ ਯੋਗ ਸੀ। ਇਸ ਸ਼ਾਨਦਾਰ ਵਰਤਾਰੇ ਨੇ ਪੂਰੀ ਦੁਨੀਆਂ ਨੂੰ ਇਹ ਸਾਬਤ ਕਰ ਵਿਖਾਇਆ ਹੈ ਕਿ ਸਿੱਖ ਕੌਮ ਇੱਕ ਵਿਲੱਖਣ ਰੂਪ ਵਿੱਚ ਆਪਣੇ ਸਰੋਕਾਰਾਂ ਨੂੰ , ਸਿੱਖ ਰਵੱਈਏ ਅਨੁਸਾਰ ਪ੍ਰਗਟ ਕਰਨ ਦੇ ਸਮਰੱਥ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੇ ਇਰਦ-ਗਿਰਦ ਦੀਆਂ ਫਿਰਕਾਪ੍ਰਰੱਸਤ ਤਾਕਤਾ ਨੂੰ ਢਿੱਡੋਂ ਤਾਂ ਇਹ ਤਕਲੀਫ਼ ਸੀ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੈਨੇਡਾ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਵੱਡੇ ਹਮਦਰਦ ਤੇ ਹਮਾਇਤੀ ਵੱਜੋਂ ਵਿੱਚਰ ਰਿਹਾ ਹੈ। ਉੱਤਰੀ ਅਮਰੀਕਾ ਦੇ ਮਹੱਤਵਪੂਰਨ ਭੂਗੋਲਕ ਖਿੱਤੇ ਵਿੱਚ ਸਿੱਖ ਭਾਈਚਾਰੇ ਦਾ ਵੱਡਾ ਬੋਲਬਾਲਾ ਹੈ। ਕੈਨੇਡਾ ਦੇ ਰਾਜਨੀਤਕ ਨਕਸ਼ੇ ਤੇ ਇਸਦਾ ਬੱਝਵਾਂ ਪ੍ਰਭਾਵ, ਹਿੰਦੁਤਵਾ ਤੇ ਅਧਾਰਿਤ, ਭਾਰਤੀ ਜਨਤਾ ਪਾਰਟੀ ਦੀ ਬਹੁਵਾਦੀ ਰਾਜਨੀਤੀ ਅਤੇ ਆਰ. ਐਸ.ਅੇਸ ਦੇ ਕੂਟਨੀਤਕਾਂ ਨੂੰ ਹਜ਼ਮ ਨਹੀਂ ਆ ਰਿਹਾ।ਉਨ੍ਹਾਂ ਨੂੰ ਇਹ ਚਿੰਤਾ ਵੀ ਅੰਦਰੋ-ਅੰਦਰੀਂ ਖਾ ਰਹੀ ਹੈ ਕਿ ਭਾਰਤ ਵਿੱਚ ਸਿੱਖਾਂ ਦੀ ਗਿਣਤੀ, ਕੁੱਲ ਆਬਾਦੀ ਦੀ ੧.੮ ਫ਼ੀਸਦੀ ਹੈ ਜਦ ਕਿ ਕੈਨੇਡਾ ਵਿੱਚ ਸਿੱਖ ਗਿਣਤੀ ੧.੪ ਫ਼ੀਸਦੀ ਹੈ, ਪਰ ਕੈਨੇਡਾ ਦੀ ਰਾਜਨੀਤੀ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਪ੍ਰਤੱਖ ਨਜ਼ਰ ਆਉਂਦਾ ਪ੍ਰਭਾਵ ਕਿਤੇ ਜ਼ਿਆਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪ੍ਰਤੀ, ਕੇਂਦਰ ਸਰਕਾਰ ਵੱਲੋਂ ਅਪਣਾਇਆ ਗਿਆ ਨਾਮੁਨਾਸਬ ਰਵੱਈਆ, ਇਸ ਚਿੰਤਾ ਦਾ ਹੀ ਜ਼ਾਹਰਾ ਜ਼ਹੂਰ ਹੈ, ਪਰ ਸਫਾਰਤੀ ਕੂਟਨੀਤੀ ਨੇ ਬਹਾਨਾ ਇਹ ਬਣਾ ਲਿਆ ਹੈ ਕਿ ਕੈਨੇਡਾ ਖਾਲਿਸਤਾਨ ਪੱਖੀ ਸਿੱਖ ਸੰਗਠਨਾਂ ਦੀ ਪਨਾਹਗਾਹ ਬਣਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ, ਇਸ ਭਰਮ ਨੂੰ ਹਵਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ।ਕੈਪਟਨ ਅਮਰਿੰਦਰ ਸਿੰਘ ਨੇ ਇੱਕ ਨਿੱਜੀ ਸ਼ਿਕਾਇਤ ਕਾਰਨ, ਕੈਨੇਡਾ ਦੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਸਮੇਂ, ਉਸ ਨੂੰ ਮਿਲਣ ਤੋਂ ਇਨਕਾਰ ਕਰਕੇ, ਉਸ ਨੂੰ ਰੱਜ ਕੇ ਜਿੱਚ ਕੀਤਾ ਸੀ।ਉਸ ਵੇਲੇ ਵੀ ਸਰਕਾਰ ਦੇ ਅਨਉਚਿਤ ਵਿਹਾਰ ਦੇ ਬਾਵਜੂਦ ਵੀ, ਪੂਰੀ ਸਿੱਖ ਕੌਮ ਦਾ ਰਵੱਈਆ ਹਰਜੀਤ ਸਿੰਘ ਸੱਜਣ ਦੀ ਦਰਬਾਰ ਸਾਹਿਬ ਯਾਤਰਾ ਸਮੇਂ, ਬੜੇ ਸਤਿਕਾਰ ਭਰਿਆ ਸੀ । ਪੰਜਾਬੀਆਂ ਵੱਲੋਂ ਉਨ੍ਹਾਂ ਦਾ ਸਨਮਾਨ, ਪੂਰੇ ਪੰਜਾਬ ਵਿੱਚ ਬੜੀ ਸ਼ਾਨ ਤੇ ਉਮਾਹ ਨਾਲ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸਮੇਂ, ਭਾਰਤ ਦੇ ਖੁਫ਼ੀਆਤੰਤਰ ਦੀ ਇੱਕ ਉਪੱਦਰੀ ਯੋਜਨਾਂ ਦੇ ਫਲਸਰੂਪ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਹੈ ਕਿ ਜਸਟਿਨ ਟਰੂਡੋ ਦੀ ਸਮੁੱਚੀ ਭਾਰਤ ਫੇਰੀ ਤੇ ਖਾਲਿਸਤਾਨ ਦੇ ਪ੍ਰਛਾਵਿਆ ਦੇ ਬੱਦਲ ਉਸਦੇ ਸਿਰ ਤੇ ਮੰਡਲਾਉਂਦੇ ਰਹਿਣ ਤੇ ਉਸਨੂੰ ਉਲਝਾ ਕੇ ਪ੍ਰੇਸ਼ਾਨ ਕਰੀਂ ਰੱਖਣ।ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਰਤ ਦੇ ਵਿਦੇਸ਼ ਮੰਤਰਾਲੇ, ਖਾਸ ਕਰਕੇ ਭਾਰਤ ਦੇ ਰੱਖਿਆ ਸਲਾਹਕਾਰ ਸ਼੍ਰੀ ਅਜੀਤ ਡੋਵਲ ਦੇ ਆਦੇਸ਼ ਅਨੁਸਾਰ, ਜਸਟਿਨ ਟਰੂਡੋ ਨਾਲ ਆਪਣੀ ਸੰਖੇਪ ਜੇਹੀ ਰਸਮੀ ਮਿਲਣੀ ਦੁਰਾਨ ਕੇਵਲ ਖਾਲਿਸਤਾਨ ਜਾਂ ਸਿੱਖ ਅੱਤਵਾਦੀਆਂ ਦਾ ਮੁੱਦਾ ਹੀ ਉਠਾਇਆ, ਜਿਵੇਂ ਪੰਜਾਬ ਅਤੇ ਪੰਜਾਬ ਦੇ ਕੈਨੇਡਾ ਵਰਗੇ ਮਿੱਤਰ ਦੇਸ਼ ਦੇ ਦੁਵੱਲੇ ਸਬੰਧਾਂ ਤੇ ਆਰਪਾਰ ਦੇ ਰਿਸ਼ਤਿਆਂ ਦੀ ਸੂਖਮਤਾ ਵਿੱਚ, ਹੋਰ ਕੁੱਝ ਵੀ ਸਾਰਥਿਕ ਤੇ ਜ਼ਿਕਰ ਯੋਗ ਨਹੀਂ ਸੀ।
ਇਸ ਸਮੁੱਚੇ ਪ੍ਰਸੰਗ ਵਿੱਚ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਦੀ ਸਮੀਖਿਆ ਕਰਦੇ ਹੋਏ ਮੈਨੂੰ ਨਜ਼ਰ ਆਇਆ ਕਿ ਇਸ ਯਾਤਰਾ ਦੇ ਸਮੁੱਚੇ ਬਿਰਤਾਂਤ ਵਿੱਚ ਕੁੱਝ ਨਿਰਵਿਵਾਦਤ ਤੇ ਕੁੱਝ ਵਿਵਾਦਤ ਲੁਪਤ ਸੰਕੇਤ ਵੀ ਹਨ ਜੋ ਸਿੱਖ ਕੌਮ ਦੇ ਦਰਦ ਅਤੇ ਅਦਰਿਸ਼ਟ ਮਾਨਸਿਕ ਪੀੜਾ ਦੇ ਤਰਕਾਂ ਨੂੰ ਸਮਝਣ ਵਲ ਇਸ਼ਾਰਾ ਕਰਦੇ ਹਨ। ਭਾਰਤ ਦੀ ਆਜ਼ਾਦੀ ਅਤੇ ਦੇਸ਼ ਦੇ ਬਟਵਾਰੇ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ। ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬ ਅਤੇ ਸਿੱਖਾਂ ਦੀ ਮੋਹਰੀ ਭੁਮਿਕਾ ਤੇ ਬੇਮਿਸਾਲ ਕੁਰਬਾਨੀਆਂ, ਇਤਿਹਾਸ ਦੇ ਪੰਨਿਆ ਵਿੱਚ, ਦਸਤਾਵੇਜ਼ੀ ਪ੍ਰਮਾਣਾ ਦੇ ਰੂਪ ਵਿੱਚ ਮੌਜੂਦ ਹਨ। ਮੇਰਾ ਮੰਨਣਾ ਹੈ ਕਿ ਅਜਿਹੇ ਜਗਦੇ ਤੇ ਮਘਦੇ ਸੱਚ, ਅਜੋਕੇ ਸਮਿਆਂ ਦੀ ਕਿਸੇ ਵੀ ਪੁਨਰ ਸਮੀਖਿਆ ਦੇ ਮੁਹਤਾਜ ਨਹੀਂ ਹਨ।ਇਹ ਸਿੱਖ ਕੌਮ ਦੀ ਬਦਕਿਸਮਤੀ ਹੈ ਕਿ ਦੇਸ਼ ਦੇ ਬਟਵਾਰੇ ਦੇ ਨਿਰਨਾਇਕ ਮੋੜ ਸਮੇਂ, ਸਿੱਖ ਆਪਣਾ ਕੌਮੀ ਅਸਤਿਤਵ ਤਹਿ ਕਰਨ ਦੀ ਤਰਕੀਬ ਵਿੱਚ ਖੁੰਝ ਗਏ ਤੇ ਦੇਸ਼ ਦੀਆਂ ਬਦਲੀਆਂ ਪ੍ਰਸਥਿੱਤੀਆਂ ਵਿੱਚ, ਇੱਕ ਵੱਡੇ ਰਾਜਨੀਤਕ ਵਿਸਾਹਘਾਤ ਦਾ ਸ਼ਿਕਾਰ ਹੋ ਗਏ।ਦੇਸ਼ ਦੀ ਵੰਡ ਤੋਂ ਸ਼ੁਰੂ ਹੋ ਕੇ ਅੱਜ ਤੀਕਰ, ਜੋ ਆਜ਼ਾਦ ਭਾਰਤ ਵਿੱਚ ਸਿੱਖ ਘੱਟ ਗਿਣਤੀ ਨਾਲ ਹੋ ਰਿਹਾ ਹੈ, ਉਸ ਵਿਸਾਹਘਾਤ ਦੀ ਪੀੜਾ ਦੇ ਵੇਰਵੇ ਲਿਖਦਿਆਂ ਮੇਰੀ ਕਲਮ ਟੁੱਟ ਜਾਵੇਗੀ ਪਰ ਦਾਸਤਾਂ ਚਲਦੀ ਰਹੇਗੀ। ਮੇਰੇ ਇੱਕ ਮਿੱਤਰ ਸ਼ਾਇਰ ਦੀ ਕਲਮ ਇਸ ਪੀੜਾ ਨੂੰ ਇੰਜ ਬਿਆਨ ਕਰਦੀ ਹੈ;
"ਅਸੀਂ ਮੰਗਤਿਆਂ ਵਾਂਗੂੰ ਰੁਲ ਗਏ ਯਾਰੋ ਬੰਨ੍ਹ ਸ਼ਹੀਦੀ ਗਾਨੇ,
ਦਿੱਲੀ ਦਾ ਹਰ ਚੌਂਕ ਮੇਰੀ ਬਰਬਾਦ ਕਹਾਣੀ ਜਾਣੇ "
ਹਰ ਕੌਮ ਨੂੰ ਹੱਕ ਹੈ ਕਿ ਉਹ ਆਪਣੇ ਬੀਤ ਚੁੱਕੇ ਆਪੇ ਦਾ, ਇਤਿਹਾਸ ਤੇ ਇਨਸਾਫ਼ ਦੀ ਡਗਰ ਤੇ ਖੜ੍ਹੇ ਹੋ ਕੇ, ਵਕਤ ਦੇ ਝਰੋਖਿਆਂ ਵਿੱਚੋਂ ਵੇਖ ਕੇ ਆਣੀ ਹੈਸੀਅਤ ਦਾ ਪੁਨਰ ਨਿਰੀਖਣ ਕਰੇ, ਤੇ ਜੇ ਉਸਨੂੰ ਅਧੁਨਿਕ ਭਾਰਤ ਦੇ ਇਤਿਹਾਸ ਦੀ ਵਿਰਾਸਤ ਵਿੱਚ, ਵਿਸਾਹਘਾਤਾਂ ਦੀ ਲੰਮੀ ਫਹਿਰਿਸ਼ਤ ਤੋ ਬਿਨਾਂ ਹੋਰ ਕੁੱਝ ਲੱਭਦਾ ਹੀ ਨਹੀਂ, ਤਾਂ ਫੇਰ ਉਸਦੀ ਸੋਚ ਨੂੰ ਕੋਈ ਨਵੀਂ ਅੰਗੜਾਈ ਲੈਣ ਤੇ ਕੁੱਝ ਨਿਵੇਕਲੀ ਸਿਰਜਣਾਂ ਦੇ ਅਹਿਸਾਸ ਤੋਂ ਵਾਂਝਿਆ ਨਹੀਂ ਰੱਖਿਆ ਜਾ ਸਕਦਾ?
ਜੇ ਅੱਜ ਭਾਰਤ ਵਿੱਚ, ਆਰ. ਐਸ. ਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ, ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਜ਼ਾਹਰਾ ਪ੍ਰਗਟਾਵੇ ਕਰ ਸਕਦੇ ਹਨ, ਜੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਅਤੇ ਸਾਂਸਦ, ਨਿੱਕੀ ਨਿੱਕੀ ਗੱਲ aੁੱਤੇ ਦੇਸ਼ ਦੀ ਸਭ ਤੋਂ ਵੱਡੀ ਘੱਟ ਗਿਣਤੀ, ਮੁਸਲਿਮ ਭਾਈਚਾਰੇ ਨੂੰ ਭਾਰਤ ਛੱਡ ਕੇ ਪਾਕਿਸਤਾਨ ਜਾਂ ਬੰਗਲਾ ਦੇਸ਼ ਚਲੇ ਜਾਣ ਦੇ ਦਮਗਜੇ ਮਾਰ ਸਕਦੇ ਹਨ। ਜੇ ਭਾਰਤ ਦਾ ਸੰਵਿਧਾਨ ਆਪਣੀ ਆਤਮਾਂ ਦੇ ਨਿਰਾਦਰ ਤੇ ਵੀ ਖ਼ਾਮੋਸ਼ ਹੋਵੇ, ਤੇ ਜੇ ਕਾਨੂੰਨ ਦੇ ਰਖਵਾਲਿਆਂ ਦੀ ਮੁਜ਼ਰਮਾਨਾ ਚੁੱਪ ਵੀ ਹਿੰਦੁਤਵਾ ਦੀ ਦਹਿਸ਼ਤਗਰਦੀ ਦਾ ਦਮ ਭਰਦੀ ਨਜ਼ਰ ਆਉਂਦੀ ਹੋਵੇ।ਅਜਿਹੇ ਮਾਹੌਲ ਵਿੱਚ ਵਿੱਚ ਤਾਂ ਕਿਸੇ ਵੀ ਧਾਰਮਿਕ ਘੱਟ ਗਿਣਤੀ ਦੀ, ਸੰਵੇਦਨਸ਼ੀਲ ਚੇਤਨਾਂ ਹੁੱਸੜ ਮਹਿਸੂਸ ਕਰ ਸਕਦੀ ਹੈ, ਤੇ ਕੌਮਾਂ ਦੀ ਚੇਤਨਾ ਕਦੇ ਵੀ ਗੁੰਗੀ ਨਹੀਂ ਹੁੰਦੀ, ਇਹ ਚੇਤਨਾ ਹੀ ਸਮੇਂ ਦੀ ਆਵਾਜ਼ ਬਣਦੀ ਹੈ ਤੇ ਜੰਜੀਰਾਂ ਨੂੰ ਤੋੜਦੀ ਹੈ।
ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਇੱਕ ਨੇਕ ਮਹਿਮਾਨ ਜਸਟਿਨ ਟਰੂਡੋ ਨੂੰ ਭਾਰਤ ਦੀ ਫੇਰੀ ਸਮੇਂ, ਮਹਿਜ਼ ਇਸ ਵਾਸਤੇ ਜ਼ਲੀਲ ਕੀਤਾ ਹੈ ਕਿ ਉਹ ਸਿੱਖ ਭਾਈਚਾਰੇ ਦੇ ਧਰਮ ਅਤੇ ਸੱਭਿਆਚਾਰ ਦਾ ਕਦਰਦਾਨ ਹੈ, ਤੁਸੀਂ ਉਸਦੀ ਸਾਰੀ ਭਾਰਤ ਯਾਤਰਾ ਨੂੰ ਜਾਣਬੁੱਝ ਕੇ 'ਖਾਲਿਸਤਾਨ' ਦਾ ਕੇਂਦਰ ਬਿੰਦੂ ਬਣਾਈ ਰੱਖਿਆ ਹੈ।ਮੈਨੂੰ ਸ਼ਿਕਾਇਤ ਹੈ ਕਿ ਇਸ ਪੂਰੇ ਛੜਯੰਤਰ ਵਿੱਚ ਬਿਜਲਈ ਮਾਧਿਅਮਾਂ ਨੇ ਵੀ ਕਿਸੇ ਸੰਜਮ ਤੋਂ ਕੰਮ ਨਹੀਂ ਲਿਆ।ਇਸ ਸਮੁੱਚੇ ਵਰਤਾਰੇ ਨੇ ਪੂਰੀ ਸਿੱਖ ਕੌਮ ਦੀ ਸੰਵੇਦਨਸ਼ੀਲਤਾ ਨੂੰ ਵਲੂੰਦਰ ਛੱਡਿਆ ਹੈ।
-
ਬੀਰ ਦਵਿੰਦਰ ਸਿੰਘ, ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ
birdevinders@gmail.com
9814033362
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.