ਇੰਜ ਭਾਸਦਾ ਹੈ ਕਿ ਵਿਸ਼ਵ ਦਾ ਸਭ ਤੋਂ ਤਾਕਤਵਰ ਅਖਵਾਉਂਦਾ ਲੋਕਤੰਤਰ ਅਮਰੀਕਾ ਵਿਸ਼ਵ ਅੰਦਰ ਸਭ ਤੋਂ ਵਧ ਬੀਮਾਰ ਮਾਨਸਿਕਤਾ ਵਾਲੇ ਨਾਗਰਿਕਾਂ ਨਾਲ ਭਰਿਆ ਪਿਆ ਹੈ। ਇਸ ਦੇਸ਼ ਅੰਦਰ ਕੋਈ ਐਸਾ ਦਿਨ ਨਹੀਂ ਲੰਘਦਾ ਜੋ ਬੀਮਾਰ ਮਾਨਸਿਕਤਾ ਵਾਲੇ ਬੰਦੂਕਧਾਰੀ ਵਿਅਕਤੀ ਦੁਆਰਾ ਗੋਲੀਬਾਰੀ ਹਿੰਸਾ ਦਾ ਸ਼ਿਕਾਰ ਨਾ ਹੋ ਜਾਵੇ। ਇਸ ਸਬੰਧੀ ਅਮਰੀਕਾ ਦੇ ਖਜ਼ਾਨਾ ਸਕੱਤਰ ਸਟੀਵਨ ਮਨੂੰਚਨ ਦਾ ਕਹਿਣਾ ਹੈ ਕਿ ਦੇਸ਼ ਅੰਦਰ ਰੋਜ਼ਾਨਾ ਕਰੀਬ 30 ਵਿਅਕਤੀ ਗੋਲੀਬਾਰੀ ਨਾਲ ਮਾਰੇ ਜਾਂਦੇ ਹਨ। ਮੈਂ ਨਿੱਜੀ ਤੌਰ 'ਤੇ ਬੰਦੂਕ ਹਿੰਸਾ ਬਾਰੇ ਅਮਰੀਕੀ ਕਾਂਗਰਸ ਵਿਚ ਵਿਚਾਰ ਕਰਨ ਦੇ ਹੱਕ ਵਿਚ ਹਾਂ। ਹਾਲਤ ਇਹ ਹੈ ਕਿ ਹਰ ਦੂਸਰੇ ਮਹੀਨੇ ਰੋਜ਼ਾਨਾ ਬੰਦੂਕ ਗੋਲੀਬਾਰੀ ਤੋਂ ਇਲਾਵਾ ਦਿਲ ਦਹਿਲਾ ਦੇਣ ਵਾਲੀ 'ਬੰਦੂਕ ਮਨੁੱਖੀ ਘਾਣ' ਜਿਹੀ ਦੁਖਦਾਈ ਘਟਨਾ ਵਾਪਰਦੀ ਹੈ।
14 ਫਰਵਰੀ, 2018 ਨੂੰ 19 ਸਾਲਾ ਨਿਕੋਲਸ ਕਰੂਜ ਨੇ ਫਲੋਰੀਡਾ (ਅਮਰੀਕਾ) ਦੇ ਪਾਰਕਲੈਂਡ ਵਿਚ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਸ਼ਕਤੀਸ਼ਾਲੀ ਏ.ਆਰ.15-ਅਸਾਲਟ ਰਾਈਫਲ ਨਾਲ ਗੋਲੀਬਾਰੀ ਕਰਕੇ 17 ਵਿਅਕਤੀ ਮਾਰ ਦਿਤੇ ਅਤੇ 15 ਜ਼ਖ਼ਮੀ ਕਰ ਦਿਤੇ। ਜ਼ਖ਼ਮੀਆਂ ਵਿਚ ਇਕ ਭਾਰਤੀ ਮੂਲ ਦਾ ਵਿਦਿਆਰਥੀ ਵੀ ਹੈ। ਇਸ ਮਾਨਸਿਕ ਰੋਗੀ ਨੌਜਵਾਨ ਨੂੰ ਕੁਝ ਮਹੀਨੇ ਪਹਿਲਾਂ ਇਸ ਸਕੂਲ ਵਿਚ ਆਪਣੀ ਸਾਬਕਾ ਪ੍ਰੇਮਿਕਾ ਦੇ ਨਵੇਂ ਬੁਆਏ ਫਰੈਂਡ ਨਾਲ ਲੜਾਈ ਝਗੜਾ ਕਰਨ ਦੇ ਦੇਸ਼ ਵਿਚ ਬਾਹਰ ਕੱਢ ਦਿਤਾ ਸੀ।
ਇਹ ਵੀ ਪਤਾ ਚਲਿਆ ਹੈ ਕਿ ਇਹ ਨੌਜਵਾਨ ਵਾਈਟ ਨੈਸ਼ਨਲਿਸਟ ਮਿਲਸ਼ੀਆ ਗਰੁੱਪ ਨਾਲ ਸਬੰਧਿਤ ਹੈ। ਇਸ ਨੇ ਉਨ•ਾਂ ਦੀ ਪਾਰਾ ਮਿਲਟਰੀ ਡਰਿਲ ਵਿਚ ਹਿੱਸਾ ਲਿਆ ਸੀ। ਐੱਫ.ਬੀ.ਆਈ.ਨੇ ਇਸ ਨੌਜਵਾਨ ਬਾਰੇ ਚਿਤਾਵਨੀ ਜਾਰੀ ਕੀਤੀ ਸੀ ਪਰ ਇਸ ਨੂੰ ਸਮੇਂ ਸਿਰ ਕਾਬੂ ਨਹੀਂ ਕੀਤਾ ਜਾ ਸਕਿਆ। ਇਹ ਵਿਅਕਤੀ ਦਿਮਾਗੀ ਰੋਗੀ ਵਜੋਂ ਇਲਾਜ ਵੀ ਕਰਵਾ ਰਿਹਾ ਸੀ। ਮਾਤਾ-ਪਿਤਾ ਦੇ ਮਰਨ ਕਰਕੇ ਪ੍ਰੇਸ਼ਾਨ ਰਹਿੰਦਾ ਇਹ ਨੌਜਵਾਨ ਇਕ ਮਿੱਤਰ ਦੇ ਘਰ ਰਹਿ ਰਿਹਾ ਸੀ।
ਇਹ ਇਸ ਸਾਲ ਦੀ 18ਵੀਂ ਗੋਲੀਬਾਰੀ ਸੀ। ਇਸ ਤੋਂ ਪਹਿਲਾਂ ਪਹਿਲੀ ਫਰਵਰੀ ਨੂੰ ਲਾਸ ਏਂਜਲਸ ਸ਼ਹਿਰ ਦੇ ਸੈਲ ਕਾਸਭਰੋ ਮਿਡਲ ਸਕੂਲ ਵਿਚ 12 ਸਾਲਾ ਵਿਦਿਆਰਥਣ ਬੰਦੂਕ ਸਮੇਤ ਜਮਾਤ ਅੰਦਰ ਦਾਖਲ ਹੋ ਕੇ ਗੋਲੀਬਾਰੀ ਰਾਹੀਂ 5 ਵਿਅਕਤੀਆਂ ਨੂੰ ਜਖ਼ਮੀ ਕਰ ਦਿਤਾ ਸੀ।
ਨਿਕੋਲਸ ਕਰੂਜ਼ ਵਲੋਂ ਗੋਲੀਬਾਰੀ ਦੀ ਭਿਆਨਕ ਘਟਨਾ ਬਾਅਦ 'ਹਰ ਟਾਊਨ ਲਈ ਬੰਦੂਕ ਸੁਰੱਖਿਆ' ਬੰਦੂਕ ਕੰਟਰੋਲ ਗਰੁੱਪ ਨੂੰ ਫਿਰ ਤੇਜ਼ ਕਰ ਦਿਤਾ ਹੈ ਜੋ ਅਮਰੀਕਾ ਦੀ ਦੂਸਰੀ ਸੰਵਿਧਾਨਿਕ ਸੋਧ ਅਨੁਸਾਰ 'ਬੰਦੂਕ ਰਖਣ ਦੇ ਅਧਿਕਾਰ' ਵਿਰੁੱਧ ਉੱਠ ਖਲੋਇਆ ਹੈ। ਪਰ ਪਹਿਲਾਂ ਵਾਂਗ ਵਾਈਟ ਹਾਊਸ ਵਿਚ ਆਪਣੇ ਇਸ ਘਟਨਾ ਬਾਰੇ ਬਿਆਨ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਕੂਲ ਸੁਰੱਖਿਆ ਯਕੀਨੀ ਬਣਾਉਣ ਅਤੇ ਦਿਮਾਗੀ ਹਾਲਤ ਬਾਰੇ ਸਹੀ ਰੋਕਥਾਮ ਤੋਂ ਇਲਾਵਾ 'ਬੰਦੂਕ ਨੀਤੀ' ਬਾਰੇ ਕੋਈ ਸੰਦੇਸ਼ ਨਹੀਂ ਦਿਤਾ। ਅਜਿਹਾ ਹੀ 5 ਨਵੰਬਰ, 2017 ਨੂੰ ਸਾਉਦਰਲੈਂਡ ਸਪਰਿੰਗਜ਼ (ਟੈਕਸਾਸ) ਵਿਖੇ ਫਸਟ ਬਾਪਟਿਸਟ ਚਰਚ ਅੰਦਰ ਸਾਬਕਾ ਏਅਰ ਫੋਰਸ ਕਰਮਚਾਰੀ ਡੀਵਨ ਪ੍ਰੈਟ੍ਰਿਕ ਕੈਲੇ 26 ਸਾਲਾ ਮਾਨਸਿਕ ਰੋਗੀ ਵਲੋਂ ਗੋਲੀਬਾਰੀ ਕਰਕੇ 26 ਲੋਕ ਮਾਰ ਦੇਣ ਅਤੇ 20 ਜ਼ਖ਼ਮੀ ਕਰਨ ਵੇਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ। ਇਵੇਂ ਹੀ ਪਹਿਲੀ ਅਕਤੂਬਰ, 2017 ਨੂੰ ਜਦੋਂ ਐਸੇ ਹੀ ਮਨੋਰੋਗੀ ਵਿਅਕਤੀ ਸਟੀਫਨ ਪੈਡੋਕ ਨੇ ਮਸ਼ੀਨਗੰਨ ਵਰਗੀ ਸਵੈਚਾਲਕ ਬੰਦੂਕ ਨਾਲ ਲਾਸ ਵੇਗਾਸ ਅੰਦਰ ਮਾਂਡਲੇ ਬੇਅ ਕਾਸੀਨੋ ਨੇੜੇ ਇਕ ਸੰਗੀਤਕ ਸਮਾਗਮ ਅੰਦਰ ਅੰਧਾਧੁੰਦ ਗੋਲੀਬਾਰੀ ਰਾਹੀਂ 59 ਲੋਕ ਮੌਤ ਦੇ ਘਾਟ ਉਤਾਰੇ ਅਤੇ ਕਰੀਬ 524 ਜ਼ਖਮੀ ਕੀਤੇ ਤਾਂ ਉਦੋਂ ਵੀ ਅਮਰੀਕੀ ਰਾਸ਼ਟਰਪਤੀ ਨੇ ਬਹੁਤ ਹੀ ਗੈਰਜੁਮੇਂਵਾਰਾਨਾ ਬਿਆਨ ਦਾਗਿਆ ਸੀ। ਜਦੋਂ ਇਸ ਅਤਿ ਵਹਿਸ਼ੀਆਨਾ ਕਤਲਾਂ ਬਾਰੇ ਉਨ•ਾਂ ਤੋਂ ਪੁੱਛਿਆ ਕਿ ਕੀ ਉਹ ਭਵਿੱਖ ਵਿਚ ਬੰਦੂਕ ਕੰਟਰੋਲ ਲਈ ਕੋਈ ਮੀਟਿੰਗ ਸੱਦ ਰਹੇ ਹਨ ਤਾਂ ਉਨ•ਾਂ ਦਾ ਜਵਾਬ ਸੀ ਕਿ ਉਹ ਅਜਿਹੇ ਮੁੱਦੇ 'ਤੇ ਕੋਈ ਮੀਟਿੰਗ ਨਹੀਂ ਸੱਦ ਰਹੇ ਹਨ।
ਅਮਰੀਕੀ ਲੋਕ ਤਾਂ ਅਜਿਹਾ ਗੈਰ ਜੁਮੇਂਵਾਰਾਨਾ ਰਾਸ਼ਟਰਪਤੀ ਚੁਣ ਕੇ ਪਛਤਾ ਰਹੇ ਹਨ ਜਿਸਦਾ ਕੋਈ ਇਤਬਾਰ ਨਹੀਂ ਕਿ ਉਹ ਅਗਲੇ ਪਲ ਕੀ ਕਰ ਸੁੱਟੇ। ਉਨ•ਾਂ ਨੂੰ ਵੱਡਾ ਡਰ ਅਤੇ ਇਹੀ ਚਿੰਤਾ ਖਾਈ ਜਾ ਰਹੀ ਹੈ ਕਿਤੇ ਉਹ ਉਨ•ਾਂ ਨੂੰ ਤੀਸਰੀ ਵਿਸ਼ਵ ਜੰਗ ਵਿਚ ਨਾ ਝੋਕ ਸੁੱਟੇ।
ਟਰੰਪ ਪ੍ਰਸਾਸ਼ਨ ਨੇ ਪੂਰੇ ਅਮਰੀਕਾ ਅੰਦਰ ਸਕੂਲਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ ਤਾਂ ਕਿ ਭਵਿੱਖ ਵਿਚ ਮੁੜ ਅਜਿਹੀ ਘਟਨਾ ਨਾ ਵਾਪਰੇ। ਲੋਕ ਚਾਹੁੰਦੇ ਹਨ ਕਿ ਸਕੂਲਾਂ ਅਤੇ ਹੋਰ ਵਿਦਿਆਲਿਆਂ ਵਿਚ ਕਿਸੇ ਨੂੰ ਵੀ ਕਿਸੇ ਵੀ ਹਾਲਤ ਵਿਚ ਬੰਦੂਕ-ਪਿਸਤੌਲ ਜਾਂ ਹੋਰ ਕੋਈ ਹਥਿਆਰ ਲੈ ਕੇ ਜਾਣ ਤੇ ਪੂਰਨ ਤੌਰ 'ਤੇ ਰੋਕ ਲਗਾਈ ਜਾਵੇ।
ਅਮਰੀਕੀ ਨਾਗਰਿਕ 21ਵੀਂ ਸਦੀ ਦੇ ਇਸ ਦੌਰ ਵਿਚ ਬੁਰੀ ਤਰ•ਾਂ ਤ੍ਰਸਤ ਹਨ। ਇਕ ਪੜ•ੀ-ਲਿਖੀ, ਆਧੁਨਿਕ, ਵਿਕਸਤ ਕੌਮ ਦਾ ਐਸਾ ਵਤੀਰਾ ਉਨ•ਾਂ ਨੂੰ ਖੁਦ ਸਮਝ ਨਹੀਂ ਆ ਰਿਹਾ ਹੈ। ਵਾਰ-ਵਾਰ ਬੰਦੂਕ ਹਿੰਸਾ ਦਾ ਕਹਿਰ ਢਹਿ ਰਿਹਾ ਹੈ। ਕੀ ਲਾਸ ਵੇਗਾਸ, ਡੱਲਸ, ਓਰਲੈਂਡੋ, ਸਾਨ ਬਰਨਾਰਡੀਨੋ, ਕਲੋਰਾਡੋ ਸਪਰਿੰਗਜ਼, ਰੋਜ਼ਬਰਗ, ਚਟਨੂੰਗਾ, ਚਾਰਲੈਸਟਰਨ, ਮੇਰੀ ਸਵਿਲ, ਇਜ਼ਲਾਵਿਸਟਾ, ਫੋਰਟਹੁੱਡ, ਸ਼ਾਂਤਾ ਮੋਨੀਕਾ, ਸ਼ੈਂਡੀ ਹੁੱਕ ਐਲੀਮੈਂਟਰੀ ਸਕੂਲ ਆਦਿ ਵਿਖੇ ਨੰਨੇ• ਬੱਚਿਆਂ, ਬੁੱਢਿਆਂ ਅਤੇ ਨੌਜਵਾਨ ਅਮਰੀਕੀਆਂ ਦੀਆਂ ਲਾਸ਼ਾਂ ਦੇ ਸੱਥਰ ਵਿਛਾ ਕੇ ਐਸੇ ਲੋਕਾਂ ਨੂੰ ਸਬਰ ਨਹੀਂ ਆਉਂਦਾ।
ਅਮਰੀਕਾ ਦੇ 32.50 ਕਰੋੜ ਲੋਕਾਂ ਵਿਚੋਂ ਬਹੁਮੱਤ ਇਸ ਬੰਦੂਕ ਹਿੰਸਾ ਤੋਂ ਨਿਜਾਤ ਪਾਉਣ ਦੇ ਹੱਕ ਵਿਚ ਹਨ। ਪਰ ਐਸੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਭਾਵੇਂ ਬੰਦੂਕ-ਬੰਦੂਕ ਹਿੰਸਾ ਨਾਲ ਅਮਰੀਕੀਆਂ ਦੀ ਮੌਤਾਂ ਦੀ ਗਿਣਤੀ ਵਧ ਰਹੀ ਹੈ। ਇੱਥੇ ਹੀ ਬਸ ਨਹੀਂ ਇਸ ਨਾਲ ਅਮਰੀਕੀਆਂ ਵਿਚ ਬੰਦੂਕਾਂ ਖਰੀਦਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।
ਸੰਨ 2015 ਵਿਚ ਬੰਦੂਕ ਗੋਲੀਬਾਰੀ 36,000, 2016 ਵਿਚ 38000 ਅਮਰੀਕੀ ਮਾਰੇ ਗਏ ਸਨ। ਐੱਫ.ਬੀ.ਆਈ. ਵੱਲੋਂ ਸੰਨ 1998 ਤੋਂ 2017 ਤਕ 270 ਮਿਲੀਅਨ ਬੰਦੂਕਾਂ ਚੈੱਕ ਕੀਤੀਆਂ ਗਈਆਂ। ਇਨ•ਾਂ ਦੀ ਅਸਲ ਗਿਣਤੀ 330 ਮਿਲੀਅਨ ਤੋਂ ਵਖ ਸੀ। 'ਨਿਊਯਾਰਕ ਟਾਈਮਜ਼' ਅਨੁਸਾਰ ਬੰਦੂਕ 'ਤੇ ਰੋਕ ਲਾਉਣ ਦੇ ਵਾਦ-ਵਿਵਾਦ ਨੂੰ ਲੈ ਕੇ ਲੋਕ ਹੋਰ ਵਧ ਬੰਦੂਕਾਂ ਖਰੀਦ ਰਹੇ ਹਨ।
178 ਦੇਸ਼ਾਂ ਅੰਦਰ ਬੰਦੂਕਾਂ ਸਬੰਧੀ ਸਰਵੇ ਵਿਚ ਅਮਰੀਕਾ ਸਭ ਤੋਂ ਉਪਰ ਹੈ। ਸਰਬੀਆ ਵਿਚ ਪ੍ਰਤੀ 100 ਵਿਅਕਤੀਆਂ ਪਿੱਛੇ 59 ਬੰਦੂਕਾਂ ਹਨ। ਯਮਨ ਵਿਚ 55, ਸਵਿਟਜ਼ਰਲੈਂਡ ਵਿਚ 45.7, ਫਿਨਲੈਂਡ ਵਿਚ 45.3 ਹਨ। ਅਮਰੀਕਾ ਵਿਚ 100 ਵਿਅਕਤੀਆਂ ਪਿੱਛੇ 101 ਹਨ। ਵਾਸ਼ਿੰਗਟਨ ਪੋਸਟ ਅਨੁਸਾਰ ਅਮਰੀਕਾ ਅੰਦਰ ਬੰਦੂਕਾਂ ਦੀ ਗਿਣਤੀ 113 ਹੋਣ ਜਾ ਰਹੀ ਹੈ। ਹੈਰਾਨਗੀ ਦੀ ਗੱਲ ਇਹ ਹੈ ਕਿ ਭਿਆਨਕ ਤੋਂ ਭਿਆਨਕ ਬੰਦੂਕ ਘਾਣ ਦੇ ਬਾਵਜੂਦ ਲੋਕ ਬੰਦੂਕਾਂ ਖਰੀਦਣ ਤੋਂ ਬਾਜ਼ ਨਹੀਂ ਆਉਂਦੇ।
ਅਮਰੀਕਾ ਅੰਦਰ ਪ੍ਰਤੀ ਲੱਖ ਵਿਅਕਤੀਆਂ ਪਿਛੇ 3.85 ਮੌਤਾਂ ਬੰਦੂਕ ਹਿੰਸਾ ਨਾਲ ਹੁੰਦੀਆਂ ਹਨ ਜਦਕਿ ਕੈਨੇਡਾ ਅੰਦਰ 0.48, ਡੈਨਮਾਰਕ ਅੰਦਰ 0.14, ਬੰਗਲਾ ਦੇਸ਼ ਅੰਦਰ 0.16, ਲਾਉਸ ਅੰਦਰ 0.13, ਜਰਮਨੀ ਵਿਚ 0.12, ਇੰਡੋਨੇਸ਼ੀਆ ਵਿਚ 0.10, ਚੀਨ ਵਿਚ 0.06, ਜਪਾਨ ਵਿਚ 0.04 ਅਤੇ ਸਿੰਗਾਪੁਰ ਵਿਚ 0.03 ਹੈ।
ਜਦੋਂ ਵੀ ਅਮਰੀਕਾ ਅੰਦਰ ਬੰਦੂਕ ਗੋਲੀਬਾਰੀ ਦੀ ਵਹਿਸ਼ੀਆਨਾ, ਅਮਾਨਵੀ, ਪਾਗਲਾਨਾ ਅਤੇ ਦਰਿੰਦਗੀ ਭਰੀ ਘਟਨਾ ਵਾਪਰਦੀ ਹੈ ਤਾਂ ਕੁਝ ਦਿਨ ਮੀਡੀਆ, ਸਮਾਜ, ਰਾਜਨੀਤੀ ਅੰਦਰ 'ਬੰਦੂਕ ਪਾਬੰਦੀ' ਸਬੰਧੀ ਚਰਚਾ ਚਲਦੀ ਹੈ। ਇਸ ਸਬੰਧੀ ਵਿਰੋਧ, ਜਲੂਸ ਨਿਕਲਦੇ ਹਨ, ਮਾਨਵਵਾਦੀ ਐੱਨ.ਜੀ.ਓਜ਼ ਅਤੇ ਦਬਾਅ ਗਰੁੱਪ ਚਰਚਾ ਕਰਦੇ ਹਨ, ਅਖ਼ਬਾਰਾਂ ਵਿਚ ਲੇਖ ਲਿਖੇ ਜਾਂਦੇ ਹਨ, ਟੈਲੀਵਿਜ਼ਨ ਤੇ ਵਾਦ-ਵਿਵਾਦ ਚਲਦਾ ਹੈ। ਪਰ ਫਿਰ ਇਹ ਪੂਰੇ ਦਾ ਪੂਰਾ ਸਿਲਸਿਲਾ 'ਬੰਦੂਕ ਲਾਬੀ' ਅੱਗੇ ਗੋਡੇ ਟੇਕਦਾ ਵਿਖਾਈ ਦਿੰਦਾ ਹੈ। ਅਮਰੀਕਾ ਅੰਦਰ ਮਾਨਵ ਮੁੱਲਾਂ ਅਤੇ ਕਦਰਾਂ-ਕੀਮਤਾਂ ਵਿਰੋਧੀ 'ਬੰਦੂਕ ਲਾਬੀ' ਆਪਣੇ ਵਪਾਰਕ, ਸਰਮਾਏਦਾਰਾਨਾ ਵਿਖਾਵੇ, ਸਮਾਜਿਕ ਦੱਬਦਬੇ ਕਰਕੇ ਇਸ ਘਿਨਾਉਣੀ ਬੁਰਾਈ ਹੈ ਪਾਬੰਦੀ ਆਇਦ ਨਹੀਂ ਕਰਨ ਦਿੰਦੀ। ਮਾਣਯੋਗ ਸੁਪਰੀਮ ਕੋਰਟ ਨੇ ਇਸ ਸਬੰਧੀ ਆਪਣੇ ਨਿਰਣੇ ਵਿਚ ਸਾਫ ਕਿਹਾ ਕਿ ਸੰਵਿਧਾਨ ਦੀ ਦੂਸਰੀ ਸੋਧ ਬੰਦੂਕ ਕੰਟਰੋਲ ਦੀ ਇਜਾਜ਼ਤ ਦਿੰਦੀ ਹੈ। ਪਰ ਰਾਜਨੀਤੀਵਾਨ ਇਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੇ ਜੋ 'ਬੰਦੂਕ ਲਾਬੀ' ਦੇ ਪ੍ਰਭਾਵ ਹੇਠ ਹਨ। ਕਾਰੋਬਾਰ ਸਾਮਰਾਜ ਦਾ ਮਾਲਕ ਪ੍ਰਧਾਨ ਡੋਨਾਲਡ ਟਰੰਪ ਇਸ ਲਾਬੀ ਦੇ ਪ੍ਰਭਾਵ ਹੇਠ ਹੈ।
ਅਮਰੀਕੀ ਲੋਕਾਂ ਨੂੰ ਸਮਝਣਾ ਪਵੇਗਾ ਕਿ ਜਦੋਂ ਬੰਦੂਕਾਂ ਅਮਰੀਕੀ ਮਿਲਟਰੀ ਕੋਲ ਹਨ, ਅਮਰੀਕੀ ਪੁਲਸ ਕੋਲ ਹਨ ਫਿਰ ਸ਼ਰੀਫ ਅਤੇ ਆਮ ਨਾਗਰਿਕਾਂ ਨੂੰ ਇਨ•ਾਂ ਦੀ ਕੀ ਲੋੜ ਹੈ? ਅਮਰੀਕਾ ਜੇਕਰ ਇਕ ਆਧੁਨਿਕ ਸਫਲ ਲੋਕਤੰਤਰ ਹੈ, ਨਿਪੁੰਨ ਪ੍ਰਸਾਸ਼ਨ ਰਖਦਾ ਹੈ, ਚੌਕਸ ਨਿਆਂਪਾਲਕਾ ਦਾ ਮਾਲਿਕ ਹੈ, ਲੋਕ ਸਮਝਦਾਰ ਹਨ, ਫਿਰ ਬੰਦੂਕ ਦੀ ਸਮਾਜ ਵਿਚ ਕੀ ਲੋੜ ਹੈ?
ਲਗਦਾ ਹੈ ਕਿ ਅਮਰੀਕਾ ਦਾ ਸਿਖਿਆ ਸਿਲੇਬਸ ਵਿਦਿਆਰਥੀਆਂ ਨੂੰ ਅਹਿੰਸਾ, ਸ਼ਾਂਤੀ, ਮਾਨਵ ਜੀਵਨ ਦੀ ਕਦਰ ਅਤੇ ਸਹਿਨਸ਼ੀਲਤਾ ਦਾ ਪਾਠ ਨਹੀਂ ਪੜ•ਾਉਂਦਾ। ਉਨ•ਾਂ ਦੇ ਜੇਹਨ ਵਿਚੋਂ ਹਿੰਸਾ, ਨਸਲਵਾਦੀ, ਗੁਲਾਮ ਪ੍ਰਥਾ, ਸਰਮਾਏਦਾਰਾਨਾ ਹੰਕਾਰ ਦੇ ਜੀਨ ਖ਼ਤਮ ਨਹੀਂ ਕਰਦਾ ਹੈ।
ਸੰਨ 1999 ਵਿਚ ਪਿਊ ਖੋਜ ਕੇਂਦਰ ਦੀ ਰਿਪੋਰਟ ਅਨੁਸਾਰ ਜਿਥੇ 65 ਪ੍ਰਤੀਸ਼ਤ ਅਮਰੀਕੀ ਬੰਦੂਕ ਕੰਟਰੋਲ ਦੇ ਹੱਕ ਵਿਚ ਸਨ ਉਥੇ 'ਗੰਨ ਲਾਬੀ' ਕਾਰਪੋਰੇਟ ਘਰਾਣਿਆਂ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਦਬਦਬੇ ਕਾਰਨ 20 ਅਪ੍ਰੈਲ, 2017 ਤਕ ਕੀਤੇ ਸਰਵੇ ਦਰਸਾਉਂਦੇ ਹਨ ਕਿ ਬੰਦੂਕ ਕੰਟਰੋਲ ਦੇ ਹੱਕ ਵਿਚ 51 ਪ੍ਰਤੀਸ਼ਤ ਲੋਕ ਰਹਿ ਗਏ ਹਨ ਜਦਕਿ ਬੰਦੂਕ ਅਧਿਕਾਰ ਪੱਖੀ 47 ਪ੍ਰਤੀਸ਼ਤ ਲੋਕ ਹੋ ਗਏ ਹਨ।
ਅਜੇ ਵੀ ਮੌਕਾ ਹੈ ਕਿ ਬੰਦੂਕ ਕੰਟਰੋਲ ਪੱਖੀ ਲੋਕ ਉੱਠ ਖੜੇ ਹੋਦ। ਜਨਤਕ ਪ੍ਰਤੀਨਿਧਾਂ ਨੂੰ ਬੰਦੂਕ ਹਿੰਸਾ ਨਾ ਰੋਕਣ ਲਈ ਜੁਮੇਂਵਾਰ ਠਹਿਰਾਉਣ। ਕਾਨੂੰਨ ਵਿਚ ਤਬਦੀਲੀ ਲਈ ਦਬਾਅ ਬਣਾਉਣ ਤਾਂ ਕਿ ਸੰਨ 2025 ਤਕ ਬੰਦੂਕ ਹਿੰਸਾ ਨਾਲ ਮਾਰੇ ਜਾਣ 'ਤੇ ਕਾਬੂ ਪਾਇਆ ਜਾ ਸਕੇ। ਸਾਬਕਾ ਪ੍ਰਧਾਨ ਬਰਾਕ ਓਬਾਮਾ ਨੇ ਇਸ ਸਬੰਧੀ ਸੰਜੀਦਾ ਕਦਮ ਚੁੱਕਣ ਦਾ ਭਰੋਸਾ ਦਿਤਾ ਸੀ। ਅਮਰੀਕੀ ਪ੍ਰਸਾਸ਼ਨ ਨੂੰ ਉਸ ਦੀ ਪੂਰਤੀ ਲਈ ਅੱਗੇ ਵਧਣਾ ਚਾਹੀਦਾ ਹੈ।
ਅਮਰੀਕਾ ਰਾਜ (1merican State) ਦੇ ਮੱਥੇ 'ਤੇ ਜੋ ਕਾਲਾ ਧੱਬਾ ਉੱਕਰਿਆ ਹੋਇਆ ਹੈ ਕਿ ਉਹ ਬੰਦੂਕ ਖਰੀਦਣ ਅਤੇ ਰਖਣ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਸ਼ਾਂਤੀ ਪਸੰਦ ਵਧੀਆ ਨਾਗਰਿਕਾਂ ਦੀ ਉਸ ਅੱਗੇ ਪੇਸ਼ ਨਹੀਂ ਚਲਦੀ, ਨੂੰ ਖੁਦ ਅੱਗੇ ਆ ਕੇ ਆਪਣੇ ਨਾਗਰਿਕਾਂ ਦੀ ਰਾਖੀ ਦੀ ਜੁਮੇਂਵਾਰੀ ਲੈਂਦਿਆਂ, ਇਹ ਕਾਲਾ ਧੱਬਾ ਮਿਟਾ ਦੇਣਾ ਚਾਹੀਦਾ ਹੈ। ਕੀ ਰਾਜਨੀਤਕ ਇੱਛਾ ਸ਼ਕਤੀ ਇਸ ਸ਼ੁਭ ਕਾਰਜ ਲਈ ਅੱਗੇ ਆਵੇਗੀ? ਇਹ ਜਵਾਬ ਭਵਿੱਖ ਦੀ ਆਗੋਸ਼ ਵਿਚ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.