ਖ਼ਬਰ ਹੈ ਕਿ ਸੁਪਰੀਮ ਕੋਰਟ ਨੇ ਸਿਆਸਤ ਨੂੰ ਪਾਕ ਸਾਫ ਬਣਾਉਣ ਅਤੇ ਭਿ੍ਰਸ਼ਟਾਚਾਰ ਤੋਂ ਮੁਕਤ ਰੱਖਣ ਲਈ ਚੋਣ ਸੁਧਾਰਾਂ ‘ਤੇ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਰਟ ਨੇ ਕਿਹਾ ਹੈ ਕਿ ਚੋਣ ਲੜਨ ਵਾਲੇ ਉਮੀਦਵਾਰ ਨੂੰ ਨਾਮਜ਼ਦਗੀ ਭਰਦੇ ਸਮੇਂ ਹਲਫ਼ਨਾਮੇ ‘ਚ ਖੁਦ ਦੀ ਹੀ ਨਹੀਂ ਜੀਵਨ ਸਾਥੀ ਅਤੇ ਸਹਿਯੋਗੀਆਂ ਦੀ ਜਾਇਦਾਦ ਦਾ ਵੀ ਵਸੀਲਾ ਦੱਸਣਾ ਪਵੇਗਾ। ਜਾਇਦਾਦ ਦਾ ਵਸੀਲਾ ਨਾ ਦੱਸਣਾ ਕਾਨੂੰਨ ਤਹਿਤ ਭਿ੍ਰਸ਼ਟ ਆਚਰਣ ਮੰਨਿਆ ਜਾਵੇਗਾ।
ਬਥੇਰੀਆਂ ਹੋਰ ਚੋਰ ਮੋਰੀਆਂ ਨੇ। ਜੇ ਭਾਈ ਜਾਇਦਾਦ ਕੱਟੜੂਆਂ, ਵੱਛੜੂਆਂ, ਭੇਡੂਆਂ ਦੇ ਨਾਮ ਕੀਤੀ ਜਾ ਸਕਦੀ ਆ ਤਾਂ ਪੈਸੇ ਉਹਨਾ ਦੇ ਨਾਮ ਕਿਹੜੇ ਨਹੀਂ ਕੀਤੇ ਜਾ ਸਕਦੇ? ਵੇਖੋ ਨਾ ਡਰੈਵਰ, ਰਸੋਈਏ, ਪੀ ਏ, ਨੌਕਰ-ਚਾਕਰ ਜਿਹੜੇ ਨੇਤਾਵਾਂ ਦੀ ਨਜ਼ਰ ਚੜ ਜਾਂਦੇ ਆ, ਉਹਨਾ ਦੇ ਵਾਰੇ ਨਿਆਰੇ ਹੋ ਜਾਂਦੇ ਆ। ਵਿਚਾਰੇ ਉਹ ਵੀ ਨੇਤਾ ਦੇ ਧੰਨ ‘ਚ ਡੁਬਕੀਆਂ ਲਾ ਲੈਂਦੇ ਆ।
ਰਹੀ ਗੱਲ ਚੋਣਾਂ ‘ਚ ਪੈਸੇ ਖਰਚਣ ਦੀ। ਉਹ ਨੇਤਾ ਨੇ ਆਪ ਥੋਹੜਾ ਖਰਚਣੇ ਨੇ। ਉਹਦੇ ਲਈ ਪੈਸੇ ਖਰਚਣ ਵਾਲੇ ਉਹਦੇ ਯਾਰ-ਬੇਲੀ ਬਥੇਰੇ ਆ ਜਿਹਨਾ ਕੋਲ ਅਪਣਾ ਮਣਾਂ-ਮੂੰਹੀਂ ਧਨ ਦੌਲਤ ਦੇ ਅੰਬਰ ਹੁੰਦੇ ਆ। ਜਿਵੇਂ ਕਹਿੰਦੇ ਆ ਨਾ ਕਿ ਇਸ ਦੁਨੀਆਂ ਨੂੰ ਉਪਰਲਾ ਚਲਾਉਂਦਾ ਆ, ਇਹਨਾ ਨੇਤਾਵਾਂ ਨੂੰ ਵੀ ਇਹਨਾ ਦਾ ‘ਉਪਰਲਾ‘ ਚਲਾਉਂਦਾ ਆ, ਜਿਹੜਾ ਇਹਨਾ ਦੀ ਕੀਲੀ ਵੀ ਨੱਪਦਾ ਆ, ਇਹਨਾ ਨੂੰ ਵਰਤਦਾ ਵੀ ਆ ਤੇ ਜਦੋਂ ਇਹ “ਪੁਰਜਾ“ ਕੰਮ ਦਾ ਨਹੀਂ ਰਹਿੰਦਾ, ਵਗਾਹਕੇ ਔਹ ਮਾਰਦਾ ਆ। ਉਂਜ ਇਥੇ ਤਾਂ ਨੇਤਾਵਾਂ ਦੇ ਹੀ ਵਾਰੇ-ਨਿਆਰੇ ਆ, ਹਮਾਤੜਾ ਨੂੰ ਕੋਈ ਨਹੀਂ ਪੁੱਛਦਾ ਕਿਸੇ ਕਵੀ ਦੇ ਕਹਿਣ ਵਾਂਗਰ, “ਤੇਰੀ ਮੇਰੀ ਕੀ ਪੁੱਛ ਪ੍ਰਤੀਤ ਇਥੇ, ਇਹ ਦੌਰ ਨੇ ਪੁੱਰਜਿਆਂ ਚਾਲੂਆਂ ਦਾ“ ਤੇ ਇਹਨਾ ਪੁਰਜ਼ਿਆਂ ਤੇ ਕਾਨੂੰਨ ਵੀ ਕਿਹੜਾ ਲਾਗੂ ਹੁੰਦਾ ਆ ਭਾਈ?
ਸਾਰੀ ਜ਼ਿੰਦਗੀ ਆਦਮੀ ਰਹੇ ਰੋਂਦਾ, ਕਿਤੇ ਭੁਲ ਭੁਲੇਖੇ ਹੀ ਹੱਸਦਾ ਏ
ਖ਼ਬਰ ਹੈ ਕਿ ਪਹਿਲੀ ਵਾਰੀ ਪ੍ਰੀਖਿਆ ਬਾਰੇ ਚਰਚਾ ਪ੍ਰੋਗਰਾਮ ਰਾਹੀਂ ਵਿਦਿਅਰਥੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੱਚਿਆਂ ਦੇ ਮਾਪਿਆਂ ਦੀ ਜੰਮਕੇ ਕਲਾਸ ਲਾਈ। ਮੋਦੀ ਨੇ ਕਿਹਾ ਕਿ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਉਹਨਾ ਕਿਹਾ ਕਿ ਮਾਪਿਆਂ ਨੂੰ ਅਧੂਰੇ ਸੁਪਨੇ ਨਹੀਂ ਲੈਣੇ ਚਾਹੀਦੇ। ਮੋਦੀ ਨੇ ਵੱਡੀਆਂ ਆਸਾਂ ਅਤੇ ਉਮੰਗਾਂ ਨੂੰ ਭੂਤ ਕਰਾਰ ਦਿੱਤਾ। ਮੋਦੀ ਜੀ, ਵੀਡੀਓ ਕਾਨਫਰੰਸਿੰਗ ਰਾਹੀਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਕ ਵਿਦਿਆਰਥੀ ਨੇ ਜਦੋਂ ਇਹ ਸਵਾਲ ਕੀਤਾ ਕਿ ਹਰ ਮਾਤਾ-ਪਿਤਾ ਆਪਣੇ ਬੱਚੇ ਨੂੰ ਡਾਕਟਰ ਜਾਂ ਇੰਜੀਨੀਅਰ ਬਣਾਉਣਾ ਚਾਹੁੰਦਾ ਹੈ ਤਾਂ ਮੋਦੀ ਨੇ ਕਿਹਾ ਕਿ ਖਾਹਿਸ਼ਾਂ ਦੇ ਭੂਤ ਨਹੀਂ ਪਾਲਣੇ ਚਾਹੀਦੇ।
ਮੋਦੀ ਨੇ ਖਾਹਿਸ਼ਾਂ ਦਾ ਇਕ ਭੂਤ ਹਵਾ ‘ਚ ਛੱਡਿਆ ਕਿ ਦੇਸ਼ “ਕਾਂਗਰਸ” ਮੁਕਤ ਕਰ ਦਿਆਂਗ, ਕਾਂਗਰਸ ਮੁੜ ਹਵਾ ‘ਚ ਮੰਡਰਾਉਣ ਲੱਗੀ। ਮੋਦੀ ਨੇ ਖਾਹਿਸ਼ਾਂ ਦਾ ਇਕ ਭੂਤ ਹਵਾ ‘ਚ ਛੱਡਿਆ ਕਿ ਗਰੀਬ ਮਾਲਾ ਮਾਲ ਹੋ ਜਾਏਗਾ, ਉਹਦੇ ਬੈਂਕ ਖਾਤਿਆਂ ‘ਚ ਰੁੱਗਾਂ ਦੇ ਰੁੱਗ ਪੈਸੇ ਆ ਜਾਣਗੇ। ਗਰੀਬ ਦੀ ਜੇਬ ‘ਚ ਜੋ ਵੀ ਸੀ ਉਹ ਵੀ ਲੁਟਿਆ ਗਿਆ। ਮੋਦੀ ਨੇ ਖਾਹਿਸ਼ਾਂ ਦਾ ਇਕ ਭੂਤ ਹਵਾ ‘ਚ ਛੱਡਿਆ, ਦੇਸ਼ ਭਿ੍ਰਸ਼ਟਾਚਾਰ, ਘੁਟਾਲੇ, ਘਪਲਿਆਂ ਤੋਂ ਮੁਕਤ ਹੋ ਜਾਏਗਾ ਤਾਂ ਹੁਣ ਮੋਦੀ ਨਿੱਤ ਜਦੋਂ ਸਵੇਰੇ ਭਗਤੀ ਕਰਕੇ ਉਠਦਾ ਤਾਂ ਪਹਿਲੀ ਖ਼ਬਰ ਘੁਟਾਲੇ ਦੀ ਸੁਣਦਾ ਆ। ਤਦੇ ਤਾਂ ਭਾਈ ਮੋਦੀ ਆਖਣ ਲੱਗ ਪਿਆ ਮਾਪਿਆਂ ਨੂੰ ਖਾਹਿਸ਼ਾਂ ਦੇ ਭੂਤ ਨਾ ਪਾਲੋ, ਇਹ ਬੱਸ ਨਹੀਓ ਆਉਂਦੇ, ਬਥੇਰੇ ਮੈਂ ਪਾਲਕੇ ਵੇਖ ਲਏ ਆ। ਉਂਜ ਬੰਦਾ ਕਰੇ ਤਾਂ ਕਰੇ ਕੀ! ਰੋਵੇ ਜਾਂ ਹੱਸੇ! ਉਹਦੀ ਨਾ ਕੁਦਰਤ ਸੁਣਦੀ ਆ, ਨਾ ਨੇਤਾ। ਉਹਦੀ ਨਾ ਸਮਾਜ ਸੁਣਦਾ ਆ, ਨਾ ਉਹਦਾ ਪੁੱਤ-ਧੀ।ਆਦਮੀ ਸਵੇਰੇ ਉਠਦਾ ਆ, ਰੋਟੀ ਦਾ ਆਹਰ ਕਰਦਾ ਆ।ਇਸੇ ਆਹਰ ‘ਚ ਗਰੱਸਿਆ ਉਹ ਦੁੱਖ ਭੋਗਦਾ ਆ, ਤੜਪਦਾ ਆ, ਵਿਰਲਾਪ ਕਰਦਾ ਆ ਅਤੇ ਮੋਦੀ ਵਰਗਿਆਂ ਦਾ ਸਤਾਇਆ ਬਸ ਇਹੋ ਗੱਲ ਕਹਿਣ ਜੋਗਾ ਰਹਿ ਜਾਂਦਾ ਆ, “ਸਾਰੀ ਜ਼ਿੰਦਗੀ ਆਦਮੀ ਰਹੇ ਰੋਂਦਾ, ਕਿਤੇ ਭੁਲ ਭੁਲੇਖੇ ਹੀ ਹੱਸਦਾ ਏ”। ਉਦੋਂ ਜਦੋਂ ਕੋਈ ਆਖ ਦਿੰਦਾ ਹੈ ਕਿ ਭਾਰਤ ਵੇਖੋ ਕਿੰਨਾ ਸਵੱਛ ਹੋ ਗਿਆ ਹੈ।
ਸੁਫਨੇ ਵਿਚ ਸੀ ਦੇਖਿਆ ਰਾਤੀਂ ਇਕ ਤੂਫਾਨ
ਦਿਨ ਚੜਦੇ ਨੂੰ ਹੋ ਗਿਆ ਵਸਦਾ ਸ਼ਹਿਰ ਤਬਾਹ
ਖ਼ਬਰ ਹੈ ਕਿ ਪੰਜਾਬ ਨੈਸ਼ਨਲ ਬੈਂਕ ਨੂੰ 14400 ਕਰੋੜ ਰੁਪਏ ਦਾ ਚੂਨਾ ਲਾਉਣ ‘ਚ ਨੀਰਵ ਮੋਦੀ ਦੀ ਮਦਦ ਕਰਨ ਵਾਲੇ ਉਸ ਵੇਲੇ ਦੇ ਡਿਪਟੀ ਜਨਰਲ ਮੈਨੇਜਰ ਗੋਕਲਨਾਥ ਸ਼ੈਟੀ ਨੂੰ ਸੀ ਬੀ ਆਈ ਨੇ ਗਿ੍ਰਫਤਾਰ ਕਰ ਲਿਆ ਹੈ। ਈ ਡੀ ਵਲੋਂ ਹੁਣ ਤੱਕ 5674 ਕਰੋੜ ਦੀ ਜਾੲਦਿਾਦ ਜਬਤ ਕੀਤੀ ਗਈ ਹੈ। ਈ ਡੀ ਨੀਰਵ ਮੋਦੀ ਦੇ ਸ਼ੋਅ ਰੂਮਾਂ ਤੋਂ ਜਬਤ ਗਹਿਣਿਆਂ ਦਾ ਮੁਲਾਂਕਣ ਵੀ ਕਰਵਾ ਰਹੀ ਹੈ। ਉਧਰ ਰੇਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਜੋ ਕਿ ਪੈਨ ਬਣਾਉਣ ਲਈ ਕੰਪਨੀ ਹੈ, ਦੇ ਮਾਲਕ ਵਿਕਰਮ ਕੋਠਾਰੀ ਵਲੋਂ ਪੰਜ ਸਰਕਾਰੀ ਬੈਂਕਾਂ ਨਾਲ 500 ਕਰੋੜ ਦਾ ਘੁਟਾਲਾ ਕਰਕੇ ਫਰਾਰ ਹੋਣ ਦੀ ਖ਼ਬਰ ਚਰਚਾ ‘ਚ ਆਈ ਹੈ।
ਇਹ ਘਪਲੇ, ਇਹ ਘੁਟਾਲੇ, ਇਹ ਭਿ੍ਰਸ਼ਟਾਚਾਰ, ਇਹ ਬੇਰੁਜ਼ਗਾਰੀ, ਇਹ ਭੁੱਖਮਰੀ, ਇਹ ਗੁੰਡਾਗਰਦੀ, ਭਾਈ ਮੇਰੇ ਪਿਆਰੇ ਦੇਸ਼ ਦੀ ਜ਼ਿੰਦ ਜਾਨ ਆ। ਜੀਹਦੇ ਤੋਂ ਕੁਰਬਾਨ ਹੋਣ ਨੂੰ ਜੀਅ ਕਰਦਾ!
ਇਹ ਧੋਖਾਧੜੀ, ਇਹ ਬੇਈਮਾਨੀ, ਇਹ ਹੇਰਾ-ਫੇਰੀ, ਇਹ ਇੱਕ ਦੂਜੇ ਦੇ ਅੱਖੀਂ-ਘੱਟਾ ਪਾਉਣ ਦੀ ਪ੍ਰਵਿਰਤੀ ਮੇਰੇ ਦੁਲਾਰੇ ਦੇਸ਼ ਦੀ ਜ਼ਿੰਦਜਾਨ ਆ। ਜੀਹਦੇ ਤੋਂ ਕੁਰਬਾਨ ਹੋਣ ਨੂੰ ਜੀਅ ਕਰਦਾ।
ਇਹ ਡਕੈਤ, ਲੁੱਟਾਂ ਖੋਹਾਂ ਕਰਨ ਵਾਲਿਆਂ, ਰਿਸ਼ਤੇਦਾਰਾਂ, ਬੇਈਮਾਨ ਰਹਿਬਰਾਂ, ਭੂ-ਮਾਫੀਏ ਧਰਮ ਦੇ ਨਾਂ ਤੇ ਲੁੱਟਣ ਵਾਲੇ, ਮੇਰੇ ਸਤਿਕਾਰੇ ਦੇਸ਼ ਦੀ ਜ਼ਿੰਦਜਾਨ ਆ। ਜੀਹਦੇ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ।ਤਦੇ ਤਾਂ ਬੰਦਾ ਅੱਜ ਕੱਲ ਸੁਫਨੇ ਲੈਣੇ ਵੀ ਭੁੱਲ ਗਿਆ ਆ। ਕਦੇ ਜੇ ਉਹ ਸੁਫਨੇ ਲੈ ਵੀ ਲੈਂਦਾ ਆ, ਚੈਨ ਦੀ ਨੀਂਦ ਸੌਣ ਦੇ ਤਾਂ ਵਾਵਰੋਲੇ ਉਹਦਾ ਪਿੱਛਾ ਹੀ ਨਹੀਂ ਛੱਡਦੇ। ਲੁੱਟ ਦੇ ਵਾਵਰੋਲੇ! ਆਹ ਲੁੱਟ ਦਾ ਵਾਵਰੋਲਾ ਆਇਆ ਤੇ ਲੋਕਾਂ ਦੀ ਧੰਨ ਦੌਲਤ ਇੱਕੋ ਬੁਲੇ ਉਡਾਕੇ ਤਿੱਤਰ ਹੋਇਆ ਤੇ ਬੰਦਾ ਹੱਥ ਮਲਦਾ ਹੀ ਰਹਿ ਗਿਆ।ਤੇ ਉਹਦਾ ਮਨ ਕੁਰਲਾ ਉਠਿਆ, “ਸੁਪਨੇ ਵਿੱਚ ਸੀ ਦੇਖਿਆ ਰਾਤੀਂ ਇਕ ਤੂਫਾਨ, ਦਿਨ ਚੜਦੇ ਨੂੰ ਹੋ ਗਿਆ ਵੱਸਦਾ ਸ਼ਹਿਰ ਤਬਾਹ”।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਸਾਲ 2017 ਦੇ ਪ੍ਰਕਾਸ਼ਿਤ ਹੋਏ ਅੰਕੜਿਆਂ ਅਨੁਸਾਰ ਦੁਨੀਆਂ ਭਰ ‘ਚ ਯਾਤਰਾ ਤੇ ਪੁੱਜਣ ਵਾਲੇ ਵਿਦੇਸ਼ੀ ਸੈਲਾਨੀਆਂ ‘ਚ ਭਾਰਤ 40 ਵੇਂ ਸਥਾਨ ਉਤੇ ਹੈ ਜਦਕਿ ਸਪੇਨ ਪਹਿਲੇ, ਫਰਾਂਸ ਦੂਜੇ, ਜਰਮਨੀ ਜਪਾਨ ਤੀਜੇ, ਬਰਤਾਨੀਆ ਚੌਥੇ ਅਤੇ ਅਮਰੀਕਾ ਪੰਜਵੇਂ ਸਥਾਨ ਤੇ ਹਨ।
ਇਕ ਵਿਚਾਰ
ਕਿਸੇ ਵੀ ਵਿਵਾਦ ਵਿੱਚ ਹਰ ਧਿਰ ਇਹੋ ਸੋਚਦੀ ਹੈ ਕਿ ਦੂਜੀ ਧਿਰ ਰਾਖਸ਼ਸ ਹੈਸਟੀਵਨ ਪਿੰਕਰ
ਫੋਨ ਨੰ:- 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.