ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੀ ਫੇਰੀ ਦੌਰਾਨ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਸਮੂਹ ਵਿਖੇ ਦਰਸ਼ਨਾਂ ਲਈ ਪੁੱਜਣ ਦੀਆਂ ਖ਼ਬਰਾਂ ਕਾਰਨ ਸੰਸਾਰ ਭਰ ‘ਚ ਵਸਦੇ ਪੰਜਾਬੀਆਂ ਦੀਆਂ ਟਰੂਡੋ ਦੀ ਇਸ ਇਤਿਹਾਸਕ ਯਾਤਰਾ ਵੱਲ ਨਜ਼ਰਾਂ ਸਨ ਕਿਉਂਕਿ ਪੰਜਾਬੀਆਂ ਲਈ ਕੈਨੇਡਾ ਉਹਨਾ ਦੇ ਪ੍ਰਵਾਸ ਟਿਕਾਣੇ ਦੀ ਪਹਿਲ ਹੈ। ਲੱਖਾਂ ਦੀ ਗਿਣਤੀ ‘ਚ ਪੰਜਾਬੀ ਇਸ ਸੁੰਦਰ, ਸੁਹਾਣੇ ਦੇਸ਼ ਵਿੱਚ ਦਹਾਕਿਆਂ ਤੋਂ ਵਸੇ ਹੋਏ ਹਨ। ਇਹ ਪ੍ਰਵਾਸੀ ਮਿਹਨਤ ਕਰਕੇ ਉਥੇ ਚੰਗੀ ਜ਼ਿੰਦਗੀ ਵਸਰ ਕਰਨ ਦੇ ਆਹਰ ਵਿੱਚ ਹਨ ਅਤੇ ਉਹਨਾ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਵੀ ਮਿਲੇ ਹੋਏ ਹਨ, ਜਿਸ ਸਦਕਾ ਉਹਨਾ ਕੈਨੇਡਾ ਦੇ ਚੰਗੇ ਸ਼ਹਿਰੀ ਬਣਕੇ ਹਰ ਖੇਤਰ ਵਿੱਚ ਨਾਮਣਾ ਵੀ ਖੱਟਿਆ ਹੈ। ਆਪਣੀ ਜਨਮ ਭੂਮੀ ਉਤੇ ਆਪਣੇ ਕਰਮਭੂਮੀ ਦੇ ਪ੍ਰਧਾਨ ਮੰਤਰੀ ਦੀ ਫੇਰੀ ਭਾਵੁਕ ਤੌਰ ‘ਤੇ ਉਹਨਾ ਲਈ ਵਡੇਰੇ ਅਰਥ ਰੱਖਦੀ ਹੈ। ਦੋਹਾਂ ਖਿੱਤਿਆ ਦੇ ਲੋਕਾਂ ਦੇ ਆਪਸੀ ਸਬੰਧਾਂ, ਸਹਿਯੋਗ ‘ਚ ਪਹਿਲਕਦਮੀ ਨੇੜਲੇ ਭਵਿੱਖ ‘ਚ ਪੰਜਾਬੀਆਂ ਲਈ ਨਵੇਂ ਦਰ ਵੀ ਖੋਹਲ ਸਕਦੀ ਹੈ। ਪਰ ਟਰੂਡੋ ਦੀ ਇਸ ਭਾਰਤ ਫੇਰੀ ਦੌਰਾਨ ਪੰਜਾਬ ਦੀ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਉਹਨਾ ਪ੍ਰਤੀ ਵਿਖਾਈ ਬੇਰੁਖੀ, ਪ੍ਰਵਾਸੀ ਪੰਜਾਬੀਆਂ ਦੀ ਸਰਕਾਰ ਪ੍ਰਤੀ ਦੂਰੀ ਵਧਾਉਣ ਦਾ ਕਾਰਨ ਬਣ ਸਕਦੀ ਹੈ ਹਾਲਾਂਕਿ ਪ੍ਰਵਾਸੀ ਪੰਜਾਬੀ ਪੰਜਾਬ ਨੰ¿; ਕੈਨੇਡਾ ਵਰਗਾ ਬਣਿਆ ਵੇਖਣਾ ਚਾਹੁੰਦੇ ਹਨ, ਅਤੇ ਪੰਜਾਬ ਨੂੰ ਕੈਨੇਡਾ ਦੇ ਵਪਾਰਕ, ਸਿੱਖਿਆ, ਸਭਿਆਚਾਰਕ, ਉਦਯੋਗਿਕ ਖੇਤਰ ‘ਚ ਸਾਂਝ- ਭਿਆਲੀ ਨਾਲ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਚਾਹਵਾਨ ਵੀ ਹਨ।
ਕੈਨੇਡਾ ਵਿੱਚ ਪੰਜਾਬੀ ਸਥਾਪਤੀ
ਕੈਨੇਡਾ ਦੀਆਂ ਪਿਛਲੀਆਂ ਚੋਣਾਂ ‘ਚ ਪ੍ਰਵਾਸੀਆਂ ਨੇ ਵੱਡੀਆਂ ਮੱਲਾਂ ਮਾਰੀਆਂ। ਚਾਰ ਪ੍ਰਵਾਸੀ ਇਸ ਵੇਲੇ ਕੈਨੇਡੀਅਨ ਵਜਾਰਤ ਵਿੱਚ ਮੰਤਰੀ ਹਨ ਅਤੇ ਕੈਨੇਡੀਅਨ ਪਾਰਲੀਮੈਂਟ ਵਿੱਚ ਭਾਰਤੀ ਮੂਲ ਦੇ 19 ਮੈਂਬਰ ਪਾਰਲੀਮੈਂਟ ਹਨ, ਜਿਹਨਾ ‘ਚ ਬਹੁ-ਗਿਣਤੀ ਪ੍ਰਵਾਸੀ ਪੰਜਾਬੀ ਹਨ। ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰਵਾਸੀਆਂ ਪ੍ਰਤੀ ਵਿਸ਼ੇਸ਼ ਲਗਾਅ ਹੈ ਅਤੇ ਸਮੇਂ ਸਮੇਂ ਉਸ ਵਲੋਂ ਪ੍ਰਵਾਸ ਹੰਢਾ ਰਹੇ ਇਹਨਾ ਕੈਨੇਡੀਅਨ ਭਾਰਤੀਆਂ ਖਾਸਕਰ ਪੰਜਾਬੀਆਂ ਉਹਨਾ ਦੇ ਹਿੱਤ ਦੀਆਂ ਨੀਤੀਆਂ ਘੜਨ ਅਤੇ ਲਾਗੂ ਕਰਨ ਦੀਆਂ ਖ਼ਬਰਾਂ ਮਿਲਦੀਆਂ ਹੀ ਰਹਿੰਦੀਆਂ ਹਨ।
ਕੈਨੇਡਾ ਪੁੱਜੇ ਪੰਜਾਬੀਆਂ ਨੂੰ ਆਪਣੇ ਮੁਢਲੇ ਪ੍ਰਵਾਸ ਦੌਰਾਨ ਬਹੁਤ ਕਸ਼ਟ ਝੱਲਣੇ ਪਏ। ਉਥੋਂ ਦੀ ਬੋਲੀ ਪ੍ਰਤੀ ਅਗਿਆਨਤਾ, ਅਤੇ ਉਥੋਂ ਦੇ ਕੱਟੜ ਕਿਸਮ ਦੇ ਲੋਕਾਂ ਵਲੋਂ ਇਹਨਾ ਪ੍ਰਵਾਸੀਆਂ ਪ੍ਰਤੀ ਵਿਰੋਧ ਨੇ ਸਥਾਨਕ ਲੋਕਾਂ ਤੋਂ ਦੂਰੀ ਬਣਾਈ ਰੱਖੀ, ਪਰ ਆਪਣੀ ਸਖਤ ਮਿਹਨਤ ਅਤੇ ਮਿਲਾਪੜੇ ਸੁਭਾਅ ਕਾਰਨ ਉਹਨਾ ਹਰ ਖੇਤਰ ‘ਚ ਆਪਣੀ ਥਾਂ ਬਣਾਈ। ਇੱਕ ਰਿਪੋਰਟ ਅਨੁਸਾਰ 1906 ‘ਚ ਕੈਨੇਡਾ ਪੁੱਜੇ ਸਿੱਖ ਵਰਕਰਾਂ ਦੀ ਗਿਣਤੀ 1500 ਸੀ, ਜਿਹੜੇ ਕਿ ਟੋਲਿਆਂ ਵਿੱਚ ਰਹਿਕੇ ਜਾਨ-ਹੂਲਵੀ ਮਿਹਨਤ ਕਰਕੇ ਔਖੇ ਔਖੇ ਮਿਹਨਤੀ ਕੰਮ ਕਰਦੇ ਸਨ। ਇਸ ਮਿਹਨਤ ਸਦਕਾ, ਸਥਾਨਕ ਲੋਕਾਂ ਦੀ ਮਿਲਵਰਤਨ ਅਤੇ ਇੱਕਠਿਆਂ ਹੋਕੇ ਹੰਭਲਾ ਮਾਰਨ ਦੀ ਪ੍ਰਵਿਰਤੀ ਸਦਕਾ ਉਹਨਾ ਉਨੀ ਸੌ ਸਤਰਵਿਆਂ ਤੱਕ ਕੈਨੇਡਾ ‘ਚ ਆਪਣੀ ਵਰਨਣ ਯੋਗ ਹਾਜ਼ਰੀ ਸਥਾਪਤ ਕਰ ਲਈ ਅਤੇ ਕੈਨੇਡਾ ਦੇ ਬਿ੍ਰਟਿਸ਼ ਕਲੰਬੀਆਂ ਸੂਬੇ ਦੇ ਸ਼ਹਿਰਾਂ ਵੈਨਕੋਵਰ, ਡੈਲਟਾ, ਰੈਚਮੈਂਡ, ਸਰੀ ‘ਚ ਆਪਣੀਆਂ ਰਿਹਾਇਸ਼ਾਂ ਅਤੇ ਗੁਰੂ ਘਰਾਂ ਦਾ ਨਿਰਮਾਣ ਕਰਨ ‘ਚ ਸਫਲਤਾ ਪ੍ਰਾਪਤ ਕੀਤੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਅੱਜ ਕੈਨੇਡਾ ਵਿੱਚ ਪੰਜਾਬੀ ਕੈਨੇਡੀਅਨਾਂ ਦੀ ਗਿਣਤੀ 5,45,730 ਹੈ, ਜਿਹੜੇ ਕਿ ਖਾਸ ਤੌਰ ਤੇ ਸੂਬੇ ਬਿ੍ਰਟਿਸ਼ ਕਲੰਬੀਆ, ਉਨਟੋਰਿਓ, ਐਡਮੈਨਟਨ, ਆਦਿ ਥਾਵਾਂ ਤੇ ਬਹੁਤਾਤ ‘ਚ ਰਹਿੰਦੇ ਹਨ ਅਤੇ ਉਹ ਅੰਗਰੇਜ਼ੀ, ਫਰੈਂਚ, ਪੰਜਾਬੀ, ਉਰਦੂ, ਹਿੰਦੀ, ਬੋਲਦੇ ਹਨ। ਇਹ ਪ੍ਰਵਾਸੀ ਪੰਜਾਬੀ ਸਿੱਖ, ਹਿੰਦੂ, ਮੁਸਲਿਮ ਅਤੇ ਈਸਾਈ ਧਰਮ ਨਾਲ ਮੁੱਖ ਤੌਰ ਤੇ ਸਬੰਧਤ ਹਨ। ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਬੋਲੀ ਤੀਸਰੀ¿; ਵੱਡੀ ਭਾਸ਼ਾ ਹੈ, ਜੋ ਪਾਰਲੀਮੈਂਟ ਵਿੱਚ ਬੋਲੀ ਸੁਣੀ ਜਾਂਦੀ ਹੈ। ਵੈਨਕੋਵਰ ‘ਚ 5.5 ਫੀਸਦੀ ਲੋਕ ਜਦਕਿ ਸਰੀ ‘ਚ 21.3 ਫੀਸਦੀ ਲੋਕ ਘਰਾਂ ‘ਚ ਪੰਜਾਬੀ ਬੋਲਦੇ ਹਨ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਵਰ੍ਹੇ ਹਜ਼ਾਰਾਂ ਵਿਦਿਆਰਥੀ ਪੜ੍ਹਨ ਲਈ ਕੈਨੇਡਾ ਪੁੱਜਦੇ ਹਨ। ਯੋਗਤਾ ਅਧਾਰਤ ਉਥੋਂ ਦੀ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਯਤਨ ਕਰਦੇ ਹਨ। ਸਾਲ 2016-17ਵਿੱਚ ਲਗਭਗ ਸਵਾ ਲੱਖ ਭਾਰਤੀ ਵਿਦਿਆਰਥੀ, ਮੁੱਖ ਤੌਰ ਤੇ ਪੰਜਾਬੀ ਨੌਜਵਾਨ ਵਿਦਿਆਰਥੀ ਵੀਜ਼ਾ ਲੈਕੇ ਕੈਨੇਡਾ ਪੁੱਜੇ ਹਨ।
ਕੈਨੇਡਾ ਪੁੱਜੇ ਮੁਢਲੇ ਪੰਜਾਬੀਆਂ ਨੇ ਵੱਡੀਆਂ ਘਾਲਣਾਵਾਂ ਘਾਲੀਆਂ। ਦਿਨ ਰਾਤ ਮਿਹਨਤ ਕੀਤੀ। ਕੋਈ ਸਮਾਂ ਸੀ ਜਦੋਂ ਇਹਨਾਂ ਪ੍ਰਵਾਸੀਆਂ ਨੂੰ ਕੈਨੇਡਾ ‘ਚ ਵੋਟ ਪਾਉਣ ਦਾ ਵੀ ਹੱਕ ਨਹੀਂ ਸੀ। ਪੰਜਾਬੀਆਂ ਇਸ ਵਿਤਕਰੇ ਵਿਰੁੱਧ ਲੜਾਈ ਲੜੀ। ਦੇਸ਼ ਦੀ ਅਜ਼ਾਦੀ ਲਈ ਵੀ ਵੱਡਾ ਯੋਗਦਾਨ ਪਾਇਆ। ਅੱਜ ਸਥਿਤੀ ਇਹ ਹੈ ਕਿ ਤਿੰਨ ਦਰਜਨ ਦੇ ਕਰੀਬ ਇਹ ਪ੍ਰਵਾਸੀ ਪੰਜਾਬੀ ਕੈਨੇਡੀਅਨ ਪਾਰਲੀਮੈਂਟ ਅਤੇ ਸੂਬਿਆਂ ਦੀ ਵਿਧਾਨ ਸਭਾਵਾਂ ਵਿੱਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ। ਦੇਸ਼ ਦਾ ਰੱਖਿਆ ਮੰਤਰੀ ਪੰਜਾਬੀ ਹੈ।
ਪੰਜਾਬੀਆਂ ਨੇ ਇਸ ਵੇਲੇ ਕੈਨੇਡਾ ‘ਚ ਆਪਣੇ ਕਾਰੋਬਾਰ ਖੋਲ੍ਹੇ ਹੋਏ ਹਨ। ਉਹ ਪਰਵਾਸੀ ਜਿਹੜੇ 20ਵੀਂ ਸਦੀ ਦੇ ਆਰੰਭ ‘ਚ ਕੈਨੇਡਾ ਦੇ ਵੱਡੇ-ਵੱਡੇ ਲੱਕੜ ਦੇ ਆਰਿਆਂ ‘ਤੇ ਮਜ਼ਦੂਰੀ ਕਰਦੇ ਸਨ, ਖੇਤਾਂ ‘ਚ ਖੇਤ ਮਜ਼ਦੂਰ ਵਜੋਂ ਕਾਮੇ ਸਨ, ਅੱਜ ਉਹ ਖੇਤਾਂ ਦੇ, ਸਾਅ ਮਿੱਲਾਂ ਦੇ ਮਾਲਕ ਹਨ। ਲੱਕੜ ਦੇ ਆਰਿਆਂ ਦੇ ਮਾਲਕ ਤਾਂ ਉਹ ੳਦੋਂ ਹੀ ਬਣ ਗਏ ਸਨ, ਜਦੋਂ ਉਨੀਵੀਂ ਸੱਦੀ ਦੇ ਪਹਿਲੇ-ਦੂਜੇ ਦਹਾਕੇ ‘ਚ ਉਹ ਸਿਰੜੀ ਕਾਮਿਆਂ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਸਨ। ਪੰਜਾਬ ਦੇ ਦੁਆਬੇ ਖਿੱਤੇ ਦੇ ਪਿੰਡ ਪਾਲਦੀ ਅਤੇ ਇਸੇ ਖਿੱਤੇ ਦੇ ਪਿੰਡ ਪਲਾਹੀ(ਫਗਵਾੜਾ) ਦੇ ਪੰਜਾਬੀਆਂ ਦਾ ਨਾਂ( ਜਿਹਨਾ ‘ਚ ਸ. ਨੰਦ ਸਿੰਘ ਪਲਾਹੀ, ਸੇਵਾ ਸਿੰਘ ਪਾਲਦੀ, ਆਸਾ ਸਿੰਘ ਜੋਹਲ, ਜੈਕ ਓਪਲ ਦਾ ਨਾਂ ਵਿਸ਼ੇਸ਼ ਹੈ), ਉਹਨਾ ਲੋਕਾਂ ‘ਚ ਬੋਲਦਾ ਹੈ, ਜਿਹਨਾ ਨੇ ਭਰ ਜੁਆਨੀ ‘ਚ ਹੀ ਆਪਣੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਅਤੇ ਇਹਨਾ ਕਾਰੋਬਾਰਾਂ ‘ਚ ਪੰਜਾਬੋਂ ਆਉਂਦੇ ਪੰਜਾਬੀਆਂ ਨੂੰ ਰੁਜ਼ਗਾਰ ਹੀ ਨਹੀਂ ਦਿੱਤੇ, ਸਗੋਂ ਉਹਨਾ ਦੀ ਰਿਹਾਇਸ਼ ਖਾਣ-ਪੀਣ ਦੇ ਪ੍ਰਬੰਧ ‘ਚ ਖੁਲ੍ਹ-ਦਿਲੀ ਨਾਲ ਮਦਦ ਕੀਤੀ।
ਅੱਜ ਕੈਨੇਡਾ ‘ਚ ਮਾਹਰ ਇੰਜੀਨੀਅਰ ਪੰਜਾਬੀ ਹਨ, ਡਾਕਟਰ ਹਨ, ਪ੍ਰੋਫੈਸ਼ਨਲ ਹਨ, ਵੱਡੇ ਆਈ ਟੀ ਕਾਰੋਬਾਰਾਂ ਦੇ ਮਾਲਕ ਹਨ ਅਤੇ ਪੰਜਾਬੀ ਦੇ ਵੱਡੇ-ਵੱਡੇ ਸਪਤਾਹਿਕ ਪਿ੍ਰੰਟ ਅਤੇ ਆਨ-ਲਾਈਨ ਅਖ਼ਬਾਰ ਹਨ, ਰੇਡੀਉ ਹਨ, ਪੰਜਾਬੀ ਚੈਂਨਲ ਹਨ, ਜਿਹੜੇ ਪਲ ਪਲ ਦੀ ਦੇਸੀ ਵਿਦੇਸ਼ੀ ਖ਼ਬਰ ਪੰਜਾਬੀਆਂ ਤੱਕ ਪੁੱਜਦੀ ਕਰਦੇ ਹਨ, ਜਿਹਨਾ ਦੀ ਤਾਂਘ ਪ੍ਰਵਾਸ ਹੰਢਾ ਰਹੇ ਪੰਜਾਬੀਆਂ ਨੂੰ ਹਰ ਪਲ ਰਹਿੰਦੀ ਹੈ। ਵੱਡੇ ਗਿਣਤੀ ਪੰਜਾਬੀ ਲੇਖਕ ਕੈਨੇਡਾ ਦੀ ਧਰਤੀ ‘ਤੇ ਬੈਠੇ ਹਨ। ਕੈਨੇਡਾ ਵਸਦੇ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ, ਉਹਨਾ ਦੀਆਂ ਵੱਖੋ-ਵੱਖਰੇ ਖੇਤਰਾਂ ‘ਚ ਕੀਤੀਆਂ ਪ੍ਰਾਪਤੀਆਂ ਸਬੰਧੀ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਨੇ ਇੰਡੀਅਨ ਐਬਰੋਡ ਐਂਡ ਪੰਜਾਬ ਇੰਮਪੈਕਟ (ਸਮੁੰਦਰੋਂ ਪਾਰ ਦਾ ਪੰਜਾਬੀ ਸੰਸਾਰ- ਸਪੈਸ਼ਲ ਕੈਨੇਡਾ ਅੰਕ-2018) ਪੁਸਤਕ ਛਾਪੀ, ਜਿਸਨੂੰ ਪੰਜਾਬੀ ਵਿਰਸਾ ਟਰੱਸਟ (ਰਜਿ.) ਵਲੋਂ ਫਗਵਾੜਾ ਵਿਖੇ ਰਲੀਜ਼ ਕੀਤਾ ਗਿਆ, ਜੋ ਕਿ ਇਸੇ ਕੜੀ ਦੌਰਾਨ ਕੈਨੇਡਾ ਵਸਦੇ ਪੰਜਾਬੀ ਪਰਵਾਸੀਆਂ ਦੀਆਂ ਕੋਸ਼ਿਸ਼ਾਂ ਦੀ ਤਸਵੀਰ ਪੇਸ਼ ਕਰਦੀ ਹੈ।
ਕੈਨੇਡਾ ਵਸਦੇ ਪੰਜਾਬੀਆਂ ਦੀ ਕੈਨੇਡਾ ਦੇ ਅਰਥਚਾਰੇ ਨੂੰ ਹੁਲਾਰਾ ਦੇਣ ‘ਚ ਵੱਡੀ ਭੂਮਿਕਾ ਹੈ। ਉਹ ਇਸ ਵੇਲੇ ਕੈਨੇਡਾ ਦੇ ਵਿਕਾਸ ਵਿੱਚ ਹੀ ਨਹੀਂ, ਸਗੋਂ ਕੈਨੇਡਾ ਦੀ ਸਿਆਸਤ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਹੇ ਹਨ। ਕੈਨੇਡਾ ਨੇ ਪੰਜਾਬੀਆਂ ਨੂੰ ਅਜ਼ਾਦ ਫਿਜ਼ਾਵਾਂ¿; ਦਿੱਤੀਆਂ ਹਨ, ਬਰਾਬਰਤਾ ਦਾ ਅਹਿਸਾਸ ਦਿੱਤਾ ਹੈ, ਚੰਗਾ ਵਧੀਆ ਜੀਵਨ ਜੀਊਣ ਲਈ ਸਾਧਨ ਪ੍ਰਾਪਤੀ ਦੇ ਮੌਕੇ ਦਿੱਤੇ ਹਨ ਅਤੇ ਪੰਜਾਬੀ ਪ੍ਰਵਾਸੀ ਇਹਨਾ ਮੌਕਿਆਂ ਦੀ ਸਹੀ ਵਰਤੋਂ ਕਰਦਿਆਂ ਜਿਥੇ ਕੈਨੇਡਾ ਦੀ ਧਰਤੀ ਨਾਲ ਮੋਹ ਪਿਆਰ ਕਰਦੇ ਹਨ, ਉਥੇ ਉਹ ਆਪਣੇ ਪਿਆਰੇ ਪੰਜਾਬ ਲਈ ਵੀ ਕੁਝ ਕਰਨ ਦੇ ਚਾਹਵਾਨ ਰਹਿੰਦੇ ਹਨ। ਟਰੂਡੋ ਫੇਰੀ ਇਧਰਲੇ ਪੰਜਾਬੀਆਂ ਦੇ ਨਾਲ ਉਧਰਲੇ ਕੈਨੇਡੀਅਨ ਪੰਜਾਬੀਆਂ ਦੀ ਸਾਂਝ ਪਾਉਣ ਦੇ ਨਾਲ, ਵਪਾਰਕ ਸਭਿਆਚਾਰਕ,ਸਾਂਝ ਪਾਉਣ ਲਈ ਪਹਿਲਕਦਮੀ ਸਾਬਤ ਹੋ ਸਕਦੀ ਹੈ, ਅਤੇ ਦੋਹਾਂ ਮੁਲਕਾਂ ਦਰਮਿਆਨ ਖਾਸ ਕਰਕੇ ਪੰਜਾਬ ਨਾਲ ਵਧੇਰੇ ਪੀਡੀ ਸਾਂਝ ਬਨਾਉਣ ‘ਚ ਸਹਾਈ ਹੋ ਸਕਦੀ ਹੈ।
ਗੁਰਮੀਤ ਪਲਾਹੀ
ਮੋਬ. ਨੰ: 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.