ਖ਼ਬਰ ਹੈ ਕਿ ਕਾਂਗਰਸ ਯੂ.ਪੀ.ਏ. ਸ਼ਾਸਨਕਾਲ 'ਚ ਸੋਲਾਂ ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ ਆਖਰੀ ਪੜ੍ਹਾਅ 'ਚ ਪੁੱਜਣ ਪਿੱਛੋ ਵੀ ਪ੍ਰਵਾਨ ਨਹੀਂ ਸੀ ਚੜ੍ਹ ਸਕਿਆ ਕਿਉਂਕਿ ਮੌਕੇ ਦੇ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਪੂਰੀ ਪਰਕਿਰਿਆ 'ਚ ਕੁਝ ਗੜਬੜ ਦਾ ਅਹਿਸਾਸ ਹੋਣ 'ਤੇ ਸੌਦੇ ਦੀ ਸਮੀਖਿਆ ਦਾ ਆਦੇਸ਼ ਦਿੱਤਾ ਸੀ। ਕਾਂਗਰਸ ਦਾ ਕਹਿਣਾ ਹੈ ਕਿ ਨਵੰਬਰ 2017 'ਚ ਕਤਰ ਨੇ 12 ਰਾਫੇਲ ਜਹਾਜ਼ ਖਰੀਦੇ ਸਨ ਤੇ ਹਰੇਕ ਜਹਾਜ਼ ਦੀ ਕੀਮਤ ਕਰੀਬ 695 ਕਰੋੜ ਰੁਪਏ ਪ੍ਰਤੀ ਜਹਾਜ਼ ਆਈ ਸੀ ਜਦਕਿ ਭਾਜਪਾ ਸਰਕਾਰ ਨੇ ਕਰੀਬ 1570 ਕਰੋੜ ਰੁਪਏ ਜਹਾਜ਼ ਦੀ ਕੀਮਤ ਤੇ ਸੌਦਾ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਪਹਿਲਾਂ ਰਾਫੇਲ ਦਾ ਠੇਕਾ ਰੱਖਿਆ ਖੇਤਰ ਦੀ ਜਨਤਕ ਕੰਪਨੀ ਬੈਂਗਲੁਰੂ ਵਿਖੇ ਹਿੰਦੁਸਤਾਨ ਏਅਰੋਨਾਟਿਕਸ ਮਿਲਟਿਡ ਨੂੰ ਦਿੱਤਾ ਗਿਆ ਸੀ। ਇਹ ਕੰਪਨੀ 70 ਸਾਲ ਤੋਂ ਭਾਰਤੀ ਹਵਾਈ ਫੌਜ ਲਈ ਜਹਾਜ਼ ਬਣਾਉਂਦੀ ਆ ਰਹੀ ਹੈ। ਉਧਰ ਸਰਕਾਰੀ ਤਰਜਮਾਨ ਨੇ ਕਿਹਾ ਹੈ ਕਿ ਕੀਮਤਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਲੜਾਕੂ ਜਹਾਜ਼ਾਂ ਦੀਆਂ ਕੀਮਤਾਂ ਜਹਾਜ਼ਾਂ ਦੇ ਨਾਲ ਆਉਣ ਵਾਲੀ ਹਥਿਆਰ ਪ੍ਰਣਾਲੀਆਂ ਤੇ ਨਿਰਭਰ ਹੁੰਦੀ ਹੈ।
ਕਿਸੇ ਨੂੰ ਵੀ ਪੁੱਛ ਲਓ ਮੇਰਾ ਪਤਾ? ਇਹ ਸਿੱਧਾ ਅਮਰੀਕਾ ਨੂੰ ਜਾਂਦਾ ਆ ਜਾਂ ਫਰਾਂਸ ਨੂੰ। ਇਹ ਰੂਸ ਨੂੰ ਜਾਂਦਾ ਆ ਬਰਤਾਨੀਆਂ ਨੂੰ। ਜਿਥੇ ਮੌਤ ਦੇ ਸੌਦਾਗਰ ਬਹਿੰਦੇ ਹਨ। ਜਿਥੇ ਲੁੱਟਣ ਵਾਲਿਆਂ ਨੂੰ ਵੀ ਲੁੱਟਣ ਵਾਲੇ ਰਹਿੰਦੇ ਹਨ। ਜਿਥੇ ਦਲਾਲਾਂ ਦੇ ਦਲਾਲਾਂ ਦੀ ਰਿਹਾਇਸ਼ਗਾਹ ਹੈ! ਜਿਥੇ ਬੰਦੇ ਦੀ ਨਹੀਂ, ਚਮਕਦੇ ਦਮਕਦੇ ਸੋਨੇ ਦੀ ਪ੍ਰਵਾਹ ਹੈ। ਜਿਥੇ ਲੁੱਟ-ਲੁੱਟ ਖਾਈ ਜਾਂਦੇ ਰਲਕੇ ਸਾਰੀ ਦੁਨੀਆਂ ਦੇ ਸੇਠ! ਜਿਥੇ ਕੁਬੇਰ ਫਿਰਦਾ ਧਰਤੀ ਮੁਕਾਣ ਨੂੰ। ਜਿਥੇ ਲੋਥ ਹੈ ਜਾਂ ਲਾਸ਼ ਹੈ ਜਾਂ ਬੇਦੋਸ਼ੇ ਸੰਭੂਕ ਦਾ ਕੱਟਿਆ ਸਿਰ ਹੈ, ਜੋ ਬੰਦਾ ਨਹੀਂ, ਗੁਲਾਮ ਹੈ। ਤੇ ਭਾਈ ਆਪਣੇ ਦੇਸੀ ਛੋਟੇ ਸੌਦਾਗਰ ਸੌਦੇ ਕਰਦੇ ਹਨ। ਲੋਕਾਂ ਦੇ ਲਹੂ ਦੇ ਪੈਸੇ, ਆਪਣੇ ਤਾਜ ਖਰੀਦਣ ਲਈ ਵਰਤਦੇ ਹਨ।
ਰਹੀ ਗੱਲ ਰਾਫੇਲ ਦੀ! ਇਸ ਦੇ ਅੰਗਿਆਰਾਂ ਦਾ ਸੇਕ ਕੋਈ ਸੇਜ ਨਹੀਂ ਵਿਛਾ ਸਕਦਾ। ਦਲਾਲ ਆਉਂਦਾ ਹੈ, ਬੋਫਰਸ ਤੋਪ ਰਾਹੀਂ ਰਜੀਵ ਨੂੰ ਫਸਾਉਂਦਾ ਹੈ। ਰਫੇਲ ਜਹਾਜ਼ ਦਾ ਦਲਾਲ ਆਉਂਦਾ ਹੈ, ਮੋਦੀ ਦਾ ਮੁੱਲ ਪਾਉਂਦਾ ਹੈ ਤੇ ਸੌਦਾ ਮੁਕਿਆ ਸਮਝੋ! ਮੁੱਲ ਭਾਈ ਚੀਜ਼ ਦਾ ਥੋਹੜਾ ਪੈਂਦਾ ਹੈ। ਇਹ ਤਾਂ ਕਵੀ ਦੇ ਕਹਿਣ ਵਾਂਗਰ, "ਮੁੱਲ ਪੈਕਿੰਗ ਦਾ ਪੈਂਦਾ ਹੈ ਬਹੁਤ ਵਾਰੀ ਭਾਵੇਂ ਵਿੱਚ ਉਹਦੇ ਰੱਦੀ ਮਾਲ ਹੋਵੇ"।
ਆਓ, ਬੈਠ ਕੇ ਅਸੀਂ ਵੀਚਾਰ ਕਰੀਏ, ਕੀ ਪੜ੍ਹ ਰਹੇ ਹਾਂ? ਕੀ ਗਾਂ ਰਹੇ ਹਾਂ?
ਖ਼ਬਰ ਹੈ ਕਿ 'ਚੱਕ ਲੋ ਰਿਵਾਲਵਰ ਰਫਲਾਂ ਬਈ', 'ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ', 'ਬੰਦਾ ਬੁੰਦਾ ਮਾਰਨਾਂ ਤਾਂ ਦੱਸ', 'ਸਾਰੇ ਕੰਮ ਜਾਇਜ਼ ਇੱਕ ਅਸਲਾ ਨਜ਼ਾਇਜ਼' ਜਿਹੇ ਭੜਕਾਉ ਅਤੇ ਉਕਸਾਊ ਗੀਤ ਗਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ। ਖਾਸ ਕਰਕੇ ਵਿਆਹ ਸ਼ਾਦੀਆਂ ਅਤੇ ਖੁਸ਼ੀ ਦੇ ਸਮਾਗਮਾਂ 'ਚ ਅਹਿਜੇ ਗੀਤ ਨਾ ਗਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਵਲੋਂ ਆਪੋ-ਆਪਣੇ ਇਲਾਕਿਆਂ 'ਚ ਰਹਿੰਦੇ ਗਾਇਕਾਂ ਅਤੇ ਡੀ ਜੇ ਵਾਲਿਆਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਕਿੰਨੇ ਚੰਗੇ ਸੀ ਪੰਜਾਬੀ, ਪੀਂਦੇ ਸੀ ਸ਼ਕਰ ਦਾ ਸ਼ਰਬਤ, ਲੱਸੀ ਅਤੇ ਖਾਂਦੇ ਸੀ ਹਦਵਾਣਾ ਤੇ ਖਰਬੂਜਾ ਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ। ਮੇਲੇ ਜਾਂਦੇ ਗਾਉਂਦੇ ਸੀ, "ਮਾਰਦਾ ਦਮਾਗੇ ਜੱਟ ਮੇਲੇ ਆ ਗਿਆ"। ਹੁੰਦਾ ਸੀ ਮੋਢੇ ਪਰਨਾ, ਤੇੜ ਤੰਬਾ, ਪਿੰਡੇ ਕੁੜਤਾ। ਪਾਉਂਦੇ ਸੀ ਭੰਗੜਾ ਅਤੇ ਬੋਲੀਆਂ ਆਪ ਮੁਹਾਰੇ ਮੂੰਹੋ ਨਿਕਲਦੀਆਂ। ਉਂਜ ਭਾਈ ਕਦੇ ਕਦੇ ਕਾਲੀ ਨਾਗਨੀ ਡੱਸ ਲੈਂਦੇ ਜਾਂ ਪਹਿਲੇ ਤੋੜ ਦੀ ਸੱਜਰੀ-ਤਾਜ਼ੀ ਖੁਸ਼ੀ-ਗਮੀ ਵੇਲੇ ਡਕਾਰ ਲੈਂਦੇ!
ਆਹ ਵੇਖੋ ਨਾ ਕਾਰੀਗਰ ਗਾਇਕਾਂ ਦੀ ਕਮਾਲ! ਚੰਗੇ ਭਲੇ ਹੱਥ ਟਕੂਆ ਫੜਾ ਤਾ ਅਤੇ ਫੜਾ ਤੀ ਹੱਥ ਰਫਲ। ਚੰਗੇ ਭਲੇ ਨੂੰ ਬਣਾ ਤਾਂ ਵੈਲੀ, ਦਿਨੇ ਲਲਕਾਰੇ ਮਾਰਨ ਵਾਲਾ ਫੰਨੇ-ਖਾਨ! ਵੱਢ-ਦਊਂ, ਟੁੱਕ ਦਊਂ, ਲੰਮਾ ਪਾ ਦਊਂ, ਫੱਟੇ ਚੱਕ ਦਊਂ। ਇੱਕ ਹੱਥ ਤੂੰਬੀ, ਦੂਜੇ ਹੱਥ ਕਟਾਰ! ਇੱਕ ਹੱਥ ਸਾਜ,ਦੂਜੇ ਹੱਥ ਹਥਿਆਰ! ਅਲਗੋਜੇ ਗਾਇਬ, ਤੂਤਨੀਆ ਉਡੰਤਰ। ਮਿੱਠੀ ਆਵਾਜ਼ ਦੀ ਥਾਂ ਲਾਊਡ-ਲਾਊਡ ਤੇ ਹੋਰ ਲਾਊਡ-ਕੰਨ ਪਾੜਵੀਂ ਆਵਾਜ਼। ਦੋ ਅਰਥੀ ਅਵਾਜ਼ਾਂ, ਅੱਧ ਨੰਗੇ ਸਰੀਰ ਤੇ ਉਪਰੋਂ ਮੁੜਕੋ-ਮੁੜਕੀ ਹੋਇਆ, "ਡਿਸਕੋ ਡਾਂਸ" ਤੇ ਇਸ ਸਭ ਕੁਝ ਦਰਮਿਆਨ ਗਾਇਕਾਂ ਦੀਆਂ ਜੇਬਾਂ ਨੱਕ-ਨੱਕ! ਲੋਕਾਂ ਦੇ ਜੁਆਨ ਮੁੰਡੇ ਬਣੇ ਗੈਂਗਸਟਾਰ ਤੇ ਪੰਜਾਬੀਆਂ ਦੇ ਘਰ, ਨਸ਼ਿਆਂ ਦੀ ਮਾਰ ਨਾਲ ਹੋ ਗਏ ਤਾਰੋ-ਤਾਰ! ਨੌਜਵਾਨਾਂ ਦੀਆਂ ਮਾਵਾਂ ਰੋਵਣ ਜਾਰੋ ਜਾਰ। ਇਹੋ ਜਿਹੇ ਹਾਲਤ ਆ ਭਾਈ ਬੰਦਾ ਪੰਜਾਬ ਦੇ। ਸਿਰ ਜੋੜੀਏ ਪੰਜਾਬੀਓ ਤੇ "ਆਉ ਬੈਠਕੇ ਅਸੀਂ ਵੀਚਾਰ ਕਰੀਏ, ਕੀ ਪੜ੍ਹ ਰਹੇ ਹਾਂ? ਕੀ ਗਾ ਰਹੇ ਹਾਂ?"
ਆਪਣੇ ਅਸਲੀ ਮੂੰਹ ਤੇ ਲਾਕੇ ਚਿਹਰਾ ਹੋਰ
ਸਾਧੂ ਦਿਸਦਾ ਬਾਹਰੋਂ ਅੰਦਰ ਬੈਠਾ ਚੋਰ
ਖ਼ਬਰ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਰਹਿ ਗਏ ਜਾਣ ਵਾਲਿਆਂ ਨੂੰ ਸਿਆਸੀ ਦਲ ਬਨਾਉਣ ਜਾਂ ਦਲ ਦਾ ਅਹੁਦੇਦਾਰ ਬਨਾਉਣ ਤੇ ਰੋਕ ਲਗਾਉਣ ਵਾਲੀ ਜਾਚਿਕਾ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਸ ਕੋਲ ਸਿਆਸੀ ਦਲਾਂ ਦਾ ਪੰਜੀਕਰਨ ਰੱਦ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਸ ਕੋਲ ਪੰਜੀਕਰਨ ਕਰਨ ਦਾ ਅਧਿਕਾਰ ਤਾਂ ਹੈ ਰੱਦ ਕਰਨ ਦਾ ਨਹੀਂ। ਉਹਨਾ ਕਿਹਾ ਕਿ ਸਿਆਸੀ ਦਲ ਪੰਜੀਕਰਨ ਕਰਵਾ ਲੈਂਦੇ ਹਨ ਲੇਕਿਨ ਸਿਆਸੀ ਦਲ ਦੀਆਂ ਚੋਣਾਂ ਨਹੀਂ ਕਰਵਾਉਂਦੇ। ਇਸ ਤਰ੍ਹਾਂ ਇਹ ਪ੍ਰਾਪਰਟੀਆਂ ਸਿਰਫ ਕਾਗਜ਼ਾਂ ਵਿੱਚ ਰਹਿ ਜਾਂਦੀਆਂ ਹਨ। ਉਹਨਾ ਦਾ ਮੰਤਵ ਆਮਦਨ ਕਰ ਵਿੱਚ ਛੋਟ ਪ੍ਰਾਪਤ ਕਰਨ ਤੱਕ ਰਹਿ ਜਾਂਦਾ ਹੈ।
ਢੁੱਠਾਂ ਵਾਲੇ ਦੋ ਰੁੱਸ ਜਾਉ ਅਤੇ ਬਣਾ ਲਵੋ ਨਵੀਂ ਸਿਆਸੀ ਪਾਰਟੀ! ਜਗਾੜੂ ਚਾਰ ਇੱਕਠੇ ਹੋ ਜਾਉ ਅਤੇ ਬਣਾ ਲਵੋ ਨਵੀਂ ਸਿਆਸੀ ਪਾਰਟੀ! ਫਿਰ ਆਹ ਜੁਗਾੜੂ-ਪਛਾੜੂ ਪ੍ਰਾਪਰਟੀ ਡੀਲਰਾਂ ਵਾਂਗਰ ਲਾ ਕੇ ਫੱਟਾ ਬਹਿ ਜਾਉ ਕਿਧਰੇ ਵੀ ਸੜਕ ਦੇ ਕੰਢੇ। ਵੇਚ ਜ਼ਮੀਨ ਲੋਕਾਂ ਦੀ ਤੇ ਕਮਿਸ਼ਨ ਨਾਲ ਭਰੋ ਜੇਬਾਂ। ਲੋਕਾਂ ਨੂੰ ਦਿਉ ਨਵੀਆਂ ਸਹੂਲਤਾਂ ਜਿਵੇਂ ਕਿਸੇ ਧੀ ਵਿਆਹੁਣੀ ਆ ਤਾਂ ਵਿਦੇਸ਼ੀ ਲਾੜਾ ਹਾਜ਼ਰ ਕਰ ਦਿਉ। ਕਿਸੇ ਜਵਾਨ, ਨਸ਼ਈ, ਵਿਹਲੜ ਲੜਕਾ ਵਿਆਹੁਣਾ ਤਾਂ ਚੰਗੇ ਘਰ ਦੀ ਕੁੜੀ ਬੰਨ-ਛੁਬ ਕਰਕੇ ਉਹਦੇ ਘਰੇ ਪਹੁੰਚਾਣ ਦਾ ਪ੍ਰਬੰਧ ਕਰ ਦਿਉ। ਇਹ ਸਿਆਸੀ ਪਾਰਟੀਆਂ ਵਾਲੇ, ਇਹ ਪ੍ਰਾਪਰਟੀਆਂ ਵੇਚਣ ਖਰੀਦਣ ਵਾਲੇ ਅਤੇ ਅੱਜ ਕੱਲ ਦੇ ਅੱਧ-ਪੜ੍ਹੇ, ਕੱਚ-ਘਰੜ, ਕਮਿਸ਼ਨ ਵਟੋਰੂ ਥਾਂ-ਥਾਂ ਖੁਲ੍ਹੀਆਂ ਨਵੀਆਂ ਪ੍ਰਿੰਟ, ਆਨ-ਲਾਈਨ ਅਖਬਾਰਾਂ ਦੇ ਕਥਿਤ ਪੱਤਰਕਾਰ ਵੀ ਤਾਂ ਇਸੇ ਕੰਮ ਲੱਗੇ ਹੋਏ ਆ। ਦੱਸਣ ਨੂੰ ਲੋਕ ਸੇਵਕ, ਅੰਦਰੋਂ ਚੋਰ! ਦੱਸਣ ਨੂੰ ਲੋਕ ਹਿਤੈਸ਼ੀ ਪਰ ਅੰਦਰੋਂ ਲੋਕ ਵਿਰੋਧੀ। ਤਦੇ ਤਾਂ ਕਵੀ ਲਿਖਦਾ, "ਆਪਣੇ ਅਸਲੀ ਮੂੰਹ ਤੇ ਲਾਕੇ ਚਿਹਰਾ ਹੋਰ, ਸਾਧੂ ਦਿਸਦਾ ਬਾਹਰੋਂ ਅੰਦਰ ਬੈਠਾ ਚੋਰ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇ ਸਰਕਾਰੀ ਅੰਕੜਿਆਂ ਅਨੁਸਾਰ 39 ਫੀਸਦੀ ਭਾਰਤੀ ਹਾਲੇ ਵੀ ਖੁਲ੍ਹੇ ਵਿੱਚ ਪਖਾਨਾ ਕਰਦੇ ਹਨ। ਦੇਸ਼ ਦੇ ਕੁਲ 48.4 ਫੀਸਦੀ ਕੋਲ ਨਿੱਜੀ ਪਖਾਨੇ ਹਨ, 9.1 ਫੀਸਦੀ ਸਾਂਝੇ ਪਖਾਨੇ ਵਰਤਦੇ ਹਨ, 3.3 ਫੀਸਦੀ ਕੰਮ ਚਲਾਊ ਪਖਾਨਿਆਂ ਦੀ ਵਰਤੋਂ ਕਰਦੇ ਹਨ ਅਤੇ 0.3 ਫੀਸਦੀ ਲੋਕ ਪਖਾਨਾ ਦੇਣ ਦੇ ਹੋਰ ਸਾਧਨ ਵਰਤਦੇ ਹਨ।
ਇੱਕ ਵਿਚਾਰ
ਕਲਾ, ਆਜ਼ਾਦੀ ਅਤੇ ਰਚਨਾਤਮਕਤਾ ਸਮਾਜ ਨੂੰ ਸਿਆਸਤ ਦੇ ਮੁਕਾਬਲੇ ਤੇਜ਼ੀ ਨਾਲ ਬਦਲਦੀ ਹੈ.......... ਵਿਕਟਰ ਪਿੰਨਚੁਕ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.